ਪੰਜਾਬ ਪਾਣੀ ਸੰਕਟ : ਸਰਕਾਰ, ਖੇਤੀ ਵਿਗਿਆਨ ਤੇ ਕਿਸਾਨ 

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪੰਜਾਬ ਵਿਚ ਅੱਜ ਪਾਣੀ ਦਾ ਸੰਕਟ ਉਸ ਪੱਧਰ ਉਤੇ ਪਹੁੰਚ ਚੁੱਕਾ ਹੈ, ਜਿਥੇ ਹੁਣ ਲਗਦਾ ਹੈ ਕਿ ਅੱਗੇ ਦੀ ਕਹਾਣੀ ਲਗਭਗ ਖ਼ਤਮ ਹੋ ਗਈ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ...

Punjab water crisis

ਪੰਜਾਬ ਵਿਚ ਅੱਜ ਪਾਣੀ ਦਾ ਸੰਕਟ ਉਸ ਪੱਧਰ ਉਤੇ ਪਹੁੰਚ ਚੁੱਕਾ ਹੈ, ਜਿਥੇ ਹੁਣ ਲਗਦਾ ਹੈ ਕਿ ਅੱਗੇ ਦੀ ਕਹਾਣੀ ਲਗਭਗ ਖ਼ਤਮ ਹੋ ਗਈ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਹੇਠ ਜਾ ਚੁਕਾ ਹੈ ਤੇ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਇਹ ਵਰਤਾਰਾ ਲਗਾਤਾਰ ਜਾਰੀ ਰਿਹਾ ਤਾਂ ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਪਾਣੀ ਬਿਲਕੁਲ ਖ਼ਤਮ ਹੀ ਹੋ ਜਾਵੇਗਾ ਜਾਂ ਸਾਡੀ ਪਾਣੀ ਕੱਢਣ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਉਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਖ਼ਤਰਨਾਕ ਹੋ ਜਾਵੇਗੀ ਤੇ ਪੰਜਾਬ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ। ਇਥੇ ਇਹ ਵੀ ਬਹੁਤ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਧਰਤੀ ਹੇਠ ਘੱਟ ਰਹੇ ਪਾਣੀ ਦਾ ਵਿਸ਼ਾ ਏਨਾ ਗੰਭੀਰ ਤੇ ਚਿੰਤਾਜਨਕ ਹੈ ਪਰ ਇਸ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤੇ ਨਾ ਹੀ ਇਸ ਸਮੱਸਿਆ ਦਾ ਕੋਈ ਵਧੀਆ ਪਾਏਦਾਰ ਹੱਲ ਕਢਿਆ ਜਾ ਰਿਹਾ ਹੈ। ਇਥੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾ ਰਹੀ ਹੈ। 

ਅਸੀ ਆਮ ਹੀ ਵੇਖਦੇ ਹਾਂ ਕਿ ਪਾਣੀ ਦੇ ਸੰਕਟ ਲਈ ਇਕੱਲੇ ਕਿਸਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹੈ। ਸਾਡੀ ਇਹ ਗੱਲ ਉਦੋਂ ਸਹੀ ਸਾਬਤ ਹੁੰਦੀ ਹੈ, ਜਦੋਂ ਅਖ਼ਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਸਰਕਾਰ ਵਲੋਂ ਕਿਸਾਨਾਂ ਨੂੰ ਪਾਣੀ ਬਚਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ। ਅਸੀ ਇਹ ਭਲੀ ਭਾਂਤ ਸਮਝਦੇ ਹਾਂ ਕਿ ਇਸ ਸੰਕਟ ਵਿਚ ਕਿਸਾਨਾਂ ਦੀ ਭੂਮਿਕਾ ਅਹਿਮ ਹੈ। ਪਰ ਕਿਸਾਨਾਂ ਦੀ ਇਹ ਭੂਮਿਕਾ ਉਨ੍ਹਾਂ ਦੇ ਕੇਵਲ ਨਿੱਜ ਦੀ ਨਹੀਂ ਸਗੋਂ ਉਨ੍ਹਾਂ ਨੂੰ ਇਸ ਪਾਸੇ ਤੋਰਿਆ ਗਿਆ ਹੈ। ਇਕੱਲੇ ਕਿਸਾਨ ਨੂੰ ਜਾਂ ਖੇਤੀ ਨੂੰ ਮੁੱਖ ਪਾਤਰ ਬਣਾ ਕੇ ਪੇਸ਼ ਕਰਨਾ ਕਿਸਾਨਾਂ ਨਾਲ ਨਾ ਕੇਵਲ ਜ਼ਿਆਦਤੀ ਹੈ, ਸਗੋਂ ਦੂਜੀਆਂ ਧਿਰਾਂ ਵਲੋਂ ਵੀ ਇਸ ਸੰਕਟ ਵਿਚ ਪਾਏ ਯੋਗਦਾਨ ਪ੍ਰਤੀ ਅੱਖਾਂ ਬੰਦ ਕਰਨ ਵਾਲੀ ਕਾਰਵਾਈ ਹੈ। 

ਇਸ ਸੰਕਟ ਲਈ ਜਿਥੇ ਸਰਕਾਰ, ਕਿਸਾਨ, ਖੇਤੀ ਵਿਗਿਆਨੀ ਜ਼ਿੰਮੇਵਾਰ ਹੈ, ਉਥੇ ਸਾਡੀ ਆਧੁਨਕ ਜੀਵਨ ਸ਼ੈਲੀ ਵੀ ਘੱਟ ਜ਼ਿੰਮੇਵਾਰ ਨਹੀਂ। ਦੇਸ਼ ਜਦੋਂ ਅੰਨ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਤਾਂ ਸਰਕਾਰ ਸਾਹਮਣੇ ਦੇਸ਼ ਦੇ ਲੋਕਾਂ ਨੂੰ ਭੁੱਖੇ ਮਰਨ ਤੋਂ ਬਚਾਉਣ ਲਈ ਅੰਨ ਦੇ ਘਾਟ ਦੀ ਸਮੱਸਿਆ ਆ ਖੜੀ ਹੋਈ। ਇਹ ਗੱਲ ਸਰਕਾਰੀ ਰਿਕਾਰਡਾਂ ਵਿਚ ਮੌਜੂਦ ਹੈ ਕਿ ਸਰਕਾਰ ਨੂੰ ਕਿਹੜੇ-ਕਿਹੜੇ ਸਾਲਾਂ ਦੌਰਾਨ ਕਿੰਨਾ-ਕਿੰਨਾ ਆਨਾਜ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਪਿਆ। ਸੋ ਸਰਕਾਰ ਦੀ ਇਹ ਪਹਿਲੀ ਇੱਛਾ ਸ਼ਕਤੀ ਸੀ ਕਿ ਦੇਸ਼ ਵਿਚ ਵੱਧ ਤੋਂ ਵੱਧ ਅਨਾਜ ਪੈਦਾ ਕੀਤਾ ਜਾਵੇ। ਇਸ ਅਨਾਜ ਦੀ ਪੂਰਤੀ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਸੀ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀ ਵਿਗਿਆਨੀਆਂ ਦਾ ਹੋਣਾ ਬਹੁਤ ਜ਼ਰੂਰੀ ਸੀ। 

ਸੋ ਸਰਕਾਰ, ਕਿਸਾਨ ਤੇ ਵਿਗਿਆਨੀਆਂ ਦੀ ਬਣਾਈ ਇਕ ਚੇਨ ਮੁਢਲੇ ਰੂਪ ਵਿਚ ਸਾਹਮਣੇ ਆਈ। ਸ਼ੁਰੂਆਤੀ ਦੌਰ ਵਿਚ ਸਰਕਾਰ ਨੇ ਖੇਤੀ ਵਿਗਿਆਨੀਆਂ ਨੂੰ ਕਿਹਾ ਕਿ ਦੇਸ਼ ਦੀ ਭੁੱਖਮਰੀ ਨੂੰ ਦੂਰ ਕਰਨ ਲਈ ਫ਼ਸਲਾਂ ਦੇ ਵੱਧ ਝਾੜ ਪ੍ਰਾਪਤ ਕੀਤੇ ਜਾਣ। ਖੇਤੀ ਵਿਗਿਆਨੀਆਂ ਨੇ ਇਸ ਵਿਸ਼ੇ ਉਤੇ ਕੰਮ ਕਰਦਿਆਂ ਸੱਭ ਤੋਂ ਪਹਿਲਾਂ ਵੱਧ ਝਾੜ ਪ੍ਰਾਪਤ ਕਰਨ ਵਾਲੇ ਬੀਜ ਦਿਤੇ, ਇਨ੍ਹਾਂ ਬੀਜਾਂ ਲਈ ਰਸਾਇਣਕ ਖਾਦਾਂ ਦੀ ਜ਼ਰੂਰਤ ਸੀ, ਉਹ ਦਿਤੀਆਂ ਗਈਆਂ। ਜਿਥੇ ਰਸਾਇਣਕ ਖਾਦਾਂ ਦਿਤੀਆਂ ਉਥੇ ਪਾਣੀ ਦੀ ਲੋੜ ਪੈਣੀ ਹੀ ਸੀ, ਜਦੋਂ ਪਾਣੀ ਦੀ ਜ਼ਰੂਰਤ ਵਧੀ ਤਾਂ ਪਾਣੀ ਦੀ ਪੂਰਤੀ ਲਈ ਟਿਊਬਵੈੱਲ ਲਗਾਉਣੇ ਸ਼ੁਰੂ ਕੀਤੇ ਗਏ। ਟਿਊਬਵੈੱਲ ਪਹਿਲਾਂ ਇੰਜਣ ਪੰਪਾਂ ਰਾਹੀਂ ਚਲਦੇ ਸਨ ਤੇ ਬਹੁਤੇ ਡੂੰਘੇ ਵੀ ਨਹੀਂ ਸਨ। ਵਿਗਿਆਨ ਨੇ ਹੋਰ ਤਰੱਕੀ ਕੀਤੀ। ਖੇਤਾਂ ਤਕ ਬਿਜਲੀ ਪਹੁੰਚਦੀ ਕਰ ਦਿਤੀ ਜਿਸ ਤੋਂ ਬਾਅਦ ਮੱਛੀ ਮੋਟਰਾਂ ਆ ਗਈਆਂ।

ਜਿਉਂ ਹੀ ਇਹ ਟਿਊਬਵੈੱਲ ਹੋਂਦ ਵਿਚ ਆਏ ਇਨ੍ਹਾਂ ਨਾਲ ਹੌਲੀ-ਹੌਲੀ ਪਾਣੀ ਸੰਕਟ ਵੀ ਆ ਗਿਆ। ਭਾਵੇਂ ਸ਼ੁਰੂਆਤੀ ਦੌਰ ਵਿਚ ਪਾਣੀ ਸੰਕਟ ਬਹੁਤਾ ਗੰਭੀਰ ਨਹੀਂ ਸੀ। ਪ੍ਰੰਤੂ ਇਹ ਇਕ ਖੇਤੀ ਦਾ ਗ਼ੈਰ ਕੁਦਰਤੀ ਵਰਤਾਰਾ ਸੀ ਤੇ ਇਸ ਨੇ ਕੁਦਰਤ ਨਾਲ ਛੇੜ-ਛਾੜ ਦਾ ਨਤੀਜਾ ਇਕ ਦਿਨ ਦੇਣਾ ਹੀ ਦੇਣਾ ਸੀ। ਸ਼ੁਰੂਆਤੀ ਦੌਰ ਵਿਚ ਇਸ ਦੇ ਨਤੀਜੇ ਵੀ ਬਹੁਤ ਵਧੀਆ ਰਹੇ। ਖੇਤੀ ਉਤਪਾਦਨ ਨੇ ਲੋਹੜੇ ਦੀ ਤਰੱਕੀ ਕੀਤੀ। ਚਾਰੇ ਪਾਸੇ ਹਰਿਆਲੀ ਲਿਆ ਦਿਤੀ ਗਈ ਜਿਸ ਨੂੰ ਹਰੀ ਕ੍ਰਾਂਤੀ ਦਾ ਨਾਂ ਦਿਤਾ ਗਿਆ। ਕਿਸਾਨਾਂ ਨੇ ਮਿਹਨਤ ਕਰ ਕੇ ਸਰਕਾਰ ਦੇ ਅਨਾਜ ਭੰਡਾਰ ਨਾ ਕੇਵਲ ਨੱਕੋ-ਨੱਕ ਭਰ ਦਿਤੇ, ਸਗੋਂ ਸਰਕਾਰਾਂ ਨੂੰ ਅਨਾਜ ਸਾਂਭਣ ਦੀ ਸਮੱਸਿਆ ਪੈਦਾ ਹੋ ਗਈ। ਖੇਤੀ ਵਿਗਿਆਨ ਵੀ ਦੇਸ਼ ਦਾ ਸਰਵੋਤਮ ਵਿਗਿਆਨ ਬਣ ਗਿਆ। ਕਿਸਾਨ ਜੋ ਕੱਚੇ ਘਰਾਂ ਦੇ ਮਾਲਕ ਸਨ, ਛੇਤੀ ਵਧੀਆ ਘਰਾਂ ਵਾਲੇ, ਬਲਦਾਂ ਦੀ ਥਾਂ ਖੇਤੀ ਲਈ ਟਰੈਕਟਰਾਂ, ਕੰਬਾਈਨਾਂ ਹੋਰ ਭਾਂਤ-ਭਾਂਤ ਦੀ ਮਸ਼ੀਨਰੀ ਆ ਗਈ।

ਜਿਵੇਂ ਹੀ ਇਹ ਸੋਹਣੀ ਚਮਕਦੀ ਰੋਸ਼ਨੀ ਥੋੜੀ ਜਹੀ ਹੀ ਮੱਧਮ ਪੈਣੀ ਸ਼ੁਰੂ ਹੋਈ ਤਾਂ ਇਸ ਚੇਨ ਦੀਆਂ ਤਿੰਨਾਂ ਧਿਰਾਂ ਵਿਚੋਂ ਦੋ ਧਿਰਾਂ, ਜੋ ਬਹੁਤ ਚਲਾਕ ਸਨ, ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ ਤੇ ਇਕੱਲੀ ਧਿਰ ਜਿਹੜੀ ਭੋਲੇਭਾਲੇ ਕਿਸਾਨ ਸਨ, ਨੂੰ ਪਾਣੀ ਦੇ ਸੰਕਟ ਲਈ ਜ਼ਿੰਮੇਵਾਰ ਠਹਿਰਾਉਣ ਲਈ  ਉਂਗਲਾਂ ਉਠਾਉਣੀਆਂ ਸ਼ੁਰੂ ਕਰ ਦਿਤੀਆਂ। ਜਦਕਿ ਇਸ ਸੱਭ ਦੀ ਮੁੱਖ ਦੋਸ਼ੀ ਤਾਂ ਸਰਕਾਰ ਤੇ ਖੇਤੀ ਵਿਗਿਆਨੀ ਹੀ ਹੈ, ਜਿਨ੍ਹਾਂ ਨੇ ਜਦੋਂ ਟਿਊੁਬਵੈੱਲ ਫ਼ਾਰਮੂਲਾ ਲਾਗੂ ਕੀਤਾ ਤਾਂ ਇਸ ਦੇ ਭਵਿੱਖੀ ਨਤੀਜਿਆਂ ਬਾਰੇ ਸੋਚਿਆ ਤਕ ਨਹੀਂ ਸੀ ਜਾਂ ਫਿਰ ਇਨ੍ਹਾਂ ਦੋਵੇਂ ਧਿਰਾਂ ਨੂੰ ਸੱਭ ਕੁੱਝ ਪਤਾ ਹੋਣ ਦੇ ਬਾਵਜੂਦ ਅੱਖਾਂ ਮੀਟ ਲਈਆਂ ਹੋਣਗੀਆਂ। ਅੱਜ ਜਦੋਂ ਪਾਣੀ ਦਾ ਸੰਕਟ ਮਹਾਂ ਸੰਕਟ ਬਣ ਗਿਆ ਹੈ ਤਾਂ ਇਕੱਲੇ ਭੋਲੇਭਾਲੇ ਕਿਸਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜੋ ਕਿਸਾਨੀ ਪ੍ਰਤੀ ਇਨ੍ਹਾਂ ਦੋਵੇਂ ਧਿਰਾਂ ਦੀ ਸਰਾਸਰ ਬੇਇਨਸਾਫ਼ੀ ਹੈ। 

ਵੇਖਿਆ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਸੰਕਟ ਲਈ ਸਾਡੀ ਆਧੁਨਿਕ ਜੀਵਨ ਸ਼ੈਲੀ ਵੀ ਘੱਟ ਜ਼ਿੰਮੇਵਾਰ ਨਹੀਂ। ਸਾਡੇ ਘਰਾਂ ਵਿਚ ਹਰ ਰੋਜ਼ ਹਜ਼ਾਰਾਂ ਲੀਟਰ ਪਾਣੀ ਅਸੀ ਅਪਣੀ ਫੋਕੀ ਸ਼ਾਨੋ ਸ਼ੌਕਤ ਲਈ ਅਜਾਈਂ ਵਹਾਅ ਰਹੇ ਹਾਂ। ਕਾਰਾਂ ਵਾਲੇ ਹਰ ਰੋਜ਼ ਕਾਰਾਂ ਧੋਂਦੇ ਹਨ। ਕੋਠੀਆਂ ਵਾਲੇ ਕੋਠੀਆਂ ਦੇ ਸੰਗਮਰਮਰ ਦੇ ਫ਼ਰਸ਼, ਇਥੋਂ ਤਕ ਕਿ ਅਸੀ ਅਪਣੀ ਨਿਜੀ ਜ਼ਿੰਦਗੀ ਵਿਚ ਵੀ ਜਿਥੇ ਅਸੀ ਘੱਟ ਪਾਣੀ ਨਾਲ ਅਰਾਮ ਨਾਲ ਸਾਰ ਸਕਦੇ ਹਾਂ, ਉਥੇ ਅਸੀ ਪਾਣੀ ਨੂੰ ਅਜਾਈਂ ਗਵਾਉਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਾਂ। ਅਸੀ ਉਪਰ ਸਮੱਸਿਆ ਦੇ ਕਾਰਨਾਂ ਬਾਰੇ ਤਾਂ ਜ਼ਿਕਰ ਕਰ ਦਿਤਾ ਹੈ, ਹੁਣ ਅਗਲਾ ਸਵਾਲ ਤਾਂ ਇਹ ਉਠਦਾ ਹੈ ਕਿ ਆਖ਼ਰ ਇਸ ਸਮੱਸਿਆ ਦਾ ਹੱਲ ਕੀ ਹੋ ਸਕਦਾ ਹੈ?

ਸਾਡੀ ਸਮਝ ਅਨੁਸਾਰ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰੀ ਧਿਰ ਨੂੰ ਕੇਵਲ ਇਸ਼ਤਿਹਾਰਾਂ ਤਕ ਸੀਮਤ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਕੇਵਲ ਫ਼ਸਲਾਂ ਦੀ ਤਰੀਕਾਂ ਤੈਅ ਕਰਨੀਆਂ ਚਾਹੀਦੀਆਂ ਹਨ ਕਿ ਇੰਨੀ ਤਰੀਖ ਨੂੰ ਝੋਨਾ ਲਗੇਗਾ ਤੇ ਏਨੀ ਤਰੀਖ ਨੂੰ ਖ਼ਰੀਦ ਸ਼ੁਰੂ ਹੋਵੇਗੀ। ਇਹ ਢੰਗ ਭਾਵੇਂ ਜਿਨ੍ਹਾਂ ਚਿਰ ਮਰਜ਼ੀ ਅਪਣਾ ਲਉ ਇਹ ਬਹੁਤਾ ਕਾਰਗਰ ਸਾਬਤ ਨਹੀਂ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਫ਼ਸਲ ਦਾ ਬਦਲ ਨੂੰ ਸਖ਼ਤੀ ਨਾਲ ਲਾਗੂ ਕਰੇ। ਫ਼ਸਲੀ ਵਿਭਿੰਨਤਾ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨ ਕੋਈ ਵੀ ਫ਼ਸਲ ਬੀਜੇ ਉਸ ਨੂੰ ਆਮਦਨ ਬਰਾਬਰ ਹੀ ਮਿਲੇਗੀ। ਇਸ ਫ਼ਸਲੀ ਵਿਭਿੰਨਤਾ ਵਿਚੋਂ ਇਕ ਦੋ ਜਾਂ ਤਿੰਨ ਏਕੜ ਵਾਲੇ ਕਿਸਾਨਾਂ ਨੂੰ ਕੁੱਝ ਰਾਹਤ ਦਿਤੀ ਜਾਵੇ। ਵੱਧ ਜ਼ਮੀਨਾਂ ਵਾਲੇ ਕਿਸਾਨ ਨੂੰ ਇਹ ਜ਼ਰੂਰੀ ਹੋਵੇ ਕਿ ਸਾਉਣੀ ਦੀਆਂ ਫ਼ਸਲਾਂ ਵਿਚ ਉਹ ਸਿਰਫ਼ ਝੋਨਾ ਨਾ ਲਗਾਵੇ ਇਸ ਦੇ ਬਦਲ ਵਜੋਂ ਮੱਕੀ, ਦਾਲਾਂ, ਸਬਜ਼ੀਆਂ ਵਗੈਰਾ ਦੀ ਕਾਸ਼ਤ ਜ਼ਰੂਰ ਕਰੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਫ਼ਸਲਾਂ ਦਾ ਚੰਗਾ ਭਾਅ ਤੇ ਮੰਡੀ ਕਰਨ ਉਪਲੱਬਧ ਕਰਵਾਵੇ। 

ਇਹ ਸੰਭਵ ਤਾਂ ਹੀ ਹੋਵੇਗਾ ਜੇਕਰ ਸਰਕਾਰ ਫ਼ਸਲਾਂ ਦੇ ਪੂਰੇ ਮੁੱਲ ਦੇਵੇਗੀ। ਖੇਤੀ ਵਿਗਿਆਨੀਆਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਵੱਧ ਝਾੜ ਦੇਣ ਤੇ ਵੱਧ ਸਮਾਂ ਲੈਣ ਵਾਲੀਆਂ ਫ਼ਸਲਾਂ ਦੀ ਈਜਾਦ ਦੀ ਥਾਂ ਵਧੀਆ ਕਿਸਮ ਵਾਲਾ ਅਨਾਜ ਪੈਦਾ ਕਰਨ ਵਲੀਆਂ ਫ਼ਸਲਾਂ ਦੀ ਖੋਜ ਕਰੇ ਤਾਕਿ ਅਜਿਹਾ ਅਨਾਜ ਪੈਦਾ ਕੀਤਾ ਜਾਵੇ ਜੋ ਮਨੁੱਖੀ ਸਿਹਤ ਲਈ ਵਰਦਾਨ ਸਾਬਤ ਹੋਵੇ। ਜੋ ਵਿਦੇਸ਼ੀ ਬਾਜ਼ਾਰ ਵਿਚ ਨਾ ਕੇਵਲ ਖਰਾ ਉਤਰੇ ਸਗੋਂ ਦੁਨੀਆਂ ਦੇ ਵਧੀਆ ਅਨਾਜਾਂ ਵਿਚੋਂ ਉਤਮ ਹੋਵੇ। ਅਜਿਹਾ ਕਰਨ ਨਾਲ ਸਰਕਾਰ ਦੀ ਤੇ ਕਿਸਾਨਾਂ ਦੀ ਆਮਦਨੀ ਅਪਣੇ ਆਪ ਹੀ ਦੁਗਣੀ-ਚੌਗੁਣੀ ਹੋ ਜਾਵੇਗੀ। ਇਹ ਖਿਆਲ ਰਖਿਆ ਜਾਵੇ ਕਿ ਫ਼ਸਲਾਂ ਉਹੀ ਪੈਦਾ ਕੀਤੀਆਂ ਜਾਣ, ਜਿਹੜੀਆਂ ਪਾਣੀ ਘਟ ਤੋਂ ਘੱਟ ਲੈਣ। 

ਖੇਤੀ ਵਿਗਿਆਨੀ ਦੂਜੇ ਦੇਸ਼ਾਂ ਦੇ ਖੇਤੀ ਫ਼ਾਰਮ ਵੇਖ ਕੇ ਉਨ੍ਹਾਂ ਨੂੰ ਭਾਰਤ ਵਰਗੇ ਦੇਸ਼ ਵਿਚ ਲਾਗੂ ਕਰਨ ਦੇ ਸੁਪਨੇ ਲੈਣੇ ਕੋਈ ਬਹੁਤੀ ਸਿਆਣਪ ਦੀ ਗੱਲ ਨਹੀਂ। ਪਾਣੀ ਸੰਕਟ ਸਰਬ ਵਿਆਪਕ ਹੈ। ਕੋਈ ਇਕ ਧਿਰ ਨਾ ਤਾਂ ਇਸ ਲਈ ਜ਼ਿੰਮੇਵਾਰ ਹੈ ਤੇ ਨਾ ਹੀ ਇਕ ਧਿਰ ਇਸ ਸੰਕਟ ਵਿਚੋਂ ਦੇਸ਼ ਨੂੰ, ਸਮਾਜ ਨੂੰ ਤੇ ਕਿਸਾਨ ਨੂੰ ਕੱਢ ਸਕੇਗੀ। ਸਾਨੂੰ ਸਾਰਿਆਂ ਨੂੰ ਅਪਣੀ ਸਮੂਹਕ ਜ਼ਿੰਮੇਵਾਰੀ ਸਮਝ ਕੇ ਇਸ ਦੇ ਹੱਲ ਵਿਚ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵਿਚੋਂ ਹੀ ਸਰਬੱਤ ਦਾ ਭਲਾ ਹੋਵੇਗਾ।
- ਚਰਨਜੀਤ ਸਿੰਘ ਪੁੰਨੀ,  ਸੰਪਰਕ : 94179-65900