ਜਮਾਤੀ ਕਾਣੀ ਵੰਡ ਲਿਖਣ ਵਾਲੇ ਓਮ ਪ੍ਰਕਾਸ਼ ਗਾਸੋ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਓਮ ਪ੍ਰਕਾਸ਼ ਗਾਸੋ ਮਸ਼ਹੂਰ ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ।

Om Prakash Gaso

ਓਮ ਪ੍ਰਕਾਸ਼ ਗਾਸੋ ਮਸ਼ਹੂਰ ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ। ਗਾਸੋ ਦਾ ਜਨਮ 9 ਅਪ੍ਰੈਲ 1933 ਨੂੰ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਪਿਤਾ ਪੰਡਤ ਗੋਪਾਲ ਦਾਸ ਦੇ ਘਰ ਬਰਨਾਲਾ ਵਿਖੇ ਹੋਇਆ। ਅਧਿਆਪਨ ਦੇ ਕਿੱਤੇ ਨਾਲ ਉਚੇਰੀ ਪੜ੍ਹਾਈ ਐਮ.ਏ-ਪੰਜਾਬੀ, ਐਮ.ਏ-ਹਿੰਦੀ, ਐਮ.ਫਿਲ ਕਰ ਕੇ ਪ੍ਰੋਫ਼ੈਸਰ ਦਾ ਅਹੁਦਾ ਪ੍ਰਾਪਤ ਕੀਤਾ।

ਕਈ ਕਾਲਜਾਂ ਵਿਚ ਸਾਹਿਤ ਅਤੇ ਪੰਜਾਬੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਨ੍ਹਾਂ ਦੇ ਅਨੇਕਾਂ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤ ਕਰ ਕੇ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ। ਓਮ ਪ੍ਰਕਾਸ਼ ਗਾਸੋ ਨੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਸਰੀਰਕ ਸਿਖਿਆ ਅਧਿਆਪਕ ਵਜੋਂ ਕੀਤੀ ਸੀ। ਸ੍ਰੀ ਗਾਸੋ ਸਕੂਲ ਵਿਚ ਬੱਚਿਆਂ ਅੰਦਰ ਕੋਮਲ ਕਲਾਵਾਂ ਪੈਦਾ ਕਰਨ ਲਈ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਸੁਣਾਉਂਦੇ। ਉਹ ਹਮੇਸ਼ਾ ਸਾਹਿਤ ਸਿਰਜਣਾ ਦੀਆਂ ਗੱਲਾਂ ਹੀ ਕਰਦੇ। ਉਨ੍ਹਾਂ ਨੇ ਅਪਣੇ ਸਾਦੇ ਜੀਵਨ, ਸਾਦੇ ਸੁਭਾਅ ਅਤੇ ਸਾਦੇ ਲਿਬਾਸ ਨਾਲ ਬਹੁਤ ਹੀ ਸੂਖਮ, ਸੰਵੇਦਨਸ਼ੀਲ, ਵਿਦਵਤਾ ਨਾਲ ਲਬਰੇਜ਼ ਰਚਨਾਵਾਂ ਦੀ ਸਿਰਜਣਾ ਕੀਤੀ।

ਜਿਹੜਾ ਮਾਣ ਉਨ੍ਹਾਂ ਦੀਆਂ ਸਾਹਿਤ ਪ੍ਰਾਪਤੀਆਂ ਨੂੰ ਹੋਇਆ ਹੈ, ਉਸ ਤੋਂ ਵੱਧ ਮਾਣ ਬਰਨਾਲੇ ਦੀ ਮਿੱਟੀ ਨੂੰ ਹੋਇਆ ਹੈ। ਜਿਸ ਤਰ੍ਹਾਂ ਦੀ ਸਾਹਿਤ ਦੀ ਵੰਨਗੀ ਉਨ੍ਹਾਂ ਦੀਆਂ ਰਚਨਾਵਾਂ 'ਚ ਨਜ਼ਰ ਆਉਂਦੀ ਹੈ, ਉਹੋ ਜਿਹੇ ਝਲਕਾਰੇ ਹੀ ਉਨ੍ਹਾਂ ਦੇ ਜੀਵਨ 'ਚ ਨਜ਼ਰੀਂ ਪੈਂਦੇ ਹਨ। ਉਨ੍ਹਾਂ ਦੇ ਦਿਲ ਅੰਦਰ ਪੰਜਾਬ, ਪੰਜਾਬੀਅਤ, ਸਭਿਆਚਾਰ, ਗੁਆਚ ਰਹੇ ਵਿਰਸੇ ਅਤੇ ਟੁੱਟ ਰਹੇ ਮੋਹ ਪ੍ਰਤੀ ਫ਼ਿਕਰ ਹੈ। ਉਨ੍ਹਾਂ ਨੇ ਇਸ ਸਬੰਧੀ ਅਨੇਕਾਂ ਲੇਖ ਲਿਖ ਕੇ, ਸਮੇਂ-ਸਮੇਂ ਸਾਹਿਤ ਦਾ ਰਖਵਾਲਾ ਬਣ ਕੇ ਹੋਕਾ ਦਿਤਾ ਹੈ।

ਓਮ ਪ੍ਰਕਾਸ਼ ਗਾਸੋ ਲੇਖਕ ਹੀ ਨਹੀਂ ਸਗੋਂ ਇਕ ਸੰਸਥਾ ਹਨ, ਚਲਦੀ ਫਿਰਦੀ ਲਾਇਬ੍ਰੇਰੀ ਹਨ। ਸਾਹਿਤ ਪ੍ਰਤੀ ਏਨਾ ਮਿਸ਼ਨਰੀ ਹੋਣਾ ਬਹੁਤ ਔਖਾ ਕਾਰਜ ਹੈ। ਉਨ੍ਹਾਂ ਨੇ ਹਰ ਗਲੀ-ਮੁਹੱਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਅਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾਈ ਹੈ। ਗਾਸੋ ਦੀਆਂ ਗੱਲਾਂ ਬਹੁਤ ਹੀ ਬੇਬਾਕ ਹੁੰਦੀਆਂ ਹਨ। ਇਕ ਵਾਰ ਹਾਦਸੇ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਸਾਹਿਤ ਸਿਰਜਣਾ 'ਚ ਲੱਗੇ ਰਹੇ ਜਿਵੇਂ ਉਨ੍ਹਾਂ ਨੂੰ ਅਪਣੀ ਸਿਹਤ ਨਾਲੋਂ ਸਾਹਿਤ ਦੀ ਸਿਹਤ ਦਾ ਵੱਧ ਫ਼ਿਕਰ ਹੋਵੇ। ਗਾਸੋ ਨੇ ਪੰਜਾਬੀ ਦੀ ਝੋਲੀ ਵਿਚ ਦਰਜਨਾਂ ਕਿਤਾਬਾਂ ਪਾਈਆਂ ਹਨ।

ਉਨ੍ਹਾਂ ਦਾ ਸਮੁੱਚਾ ਸਾਹਿਤ ਜਮਾਤੀ ਕਾਣੀ ਵੰਡ ਵਿਰੁਧ ਹੈ। ਲੁਟੇਰੀਆਂ ਜਮਾਤਾਂ ਦੇ ਲੁਟੇਰੇ ਨਿਜ਼ਾਮ ਦਾ ਭਾਂਡਾ ਭੰਨਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦੇ ਸਾਰੇ ਪਾਤਰ ਸੰਘਰਸ਼ਸ਼ੀਲ ਹਨ। ਜ਼ਿੰਦਗੀ ਜਿਉਣ ਦੀ ਲਲਕ ਰਖਦੇ ਹੋਏ, ਨਵੇਂ ਦਿਸਹੱਦਿਆਂ ਦੀ ਤਲਾਸ਼ 'ਚ ਲੱਗੇ ਰਹਿੰਦੇ ਹਨ। ਇਸੇ ਕਰ ਕੇ ਹੀ ਉਨ੍ਹਾਂ ਦਾ ਰਚਨਾ ਸੰਸਾਰ ਲੋਕਾਂ ਵਿਚ ਮਕਬੂਲ ਹੈ। ਇਹੀ ਦੁਆ ਹੈ ਕਿ ਪੰਜਾਬੀ ਸਾਹਿਤ ਦਾ ਇਹ ਅਲਮਸਤ ਫ਼ਕੀਰ ਹੱਥ 'ਚ ਕਲਮ ਫੜ ਕੇ ਅਪਣੀਆਂ ਅਣਮੁੱਲੀਆਂ ਲਿਖਤਾਂ ਰਾਹੀਂ ਸਮਾਜ ਦਾ ਮੂੰਹ ਮੱਥਾ ਸੰਵਾਰਦਾ ਰਹੇ।

ਨਾਵਲ- ਸੁਪਨੇ ਤੇ ਸੰਸਕਾਰ, ਕਪੜਵਾਸ, ਆਸ ਪੱਥਰ, ਪੰਚਨਾਦ,ਮਿਟੀ ਦਾ ਮੁੱਲ, ਲੋਹੇ ਲਾਖੇ, ਇਨਾਮ, ਬੁਝ ਰਹੀ ਬੱਤੀ ਦਾ ਚਾਨਣ, ਮੌਤ ਦਰ ਮੌਤ, ਅਧੂਰੇ ਖਤ ਦੀ ਇਬਾਰਤ, ਜਵਾਬਦੇਹ ਕੌਣ, ਬੰਦ ਗਲੀ ਦੇ ਬਾਸ਼ਿੰਦੇ, ਰਤਾ ਥੇਹ, ਇਤਫਾਕ, ਤੂੰ ਕੌਣ ਸੀ, ਦਰਕਿਨਾਰ, ਇਤਿਹਾਸ ਦੀ ਆਵਾਜ, ਤੁਰਦਿਆਂ ਤੁਰਦਿਆਂ, ਚਿਤਰਾ ਬਚਿਤਰਾ, ਘਰਕੀਣ, ਤਾਂਬੇ ਦਾ ਰੰਗ, ਕਵਿਤਾ, ਕਿਥੇ ਹੈ ਆਦਮੀਂ

ਬਾਲ ਸਾਹਿਤ- ਸਿਖਿਆ ਤੇ ਸਬਕ, ਫਲੋਰੰਜਨੀ ਦੇ ਫੁੱਲ, ਹਿੰਦੀ ਕਵਿਤਾ, ਨੀਮ ਕੀ ਛਾਇਆ ਤਲੇ, ਰਾਜ ਮਾਰਗ, ਪੂਰਵਿਕਾ, ਭੀਗੀ ਗਲੀਆਂ ਬਿਖਰਾ ਕਾਂਚ, ਆਲੋਚਨਾ, ਪਵਿਤਰ ਪਾਪੀ ਆਲੋਚਨਾਤਮਕ ਅਧਿਯਨ, ਸੂਫੀ ਖਾਨਾ ਆਲੋਚਨਾਤਮਕ ਅਧਿਯਨ, ਸੱਭਿਆਚਾਰ, ਪੰਜਾਬੀ ਸੱਭਿਆਚਾਰ, ਮਲਵਈ, ਸੱਭਿਆਚਾਰ, ਪੁਸਤਕ ਸੱਭਿਆਚਾਰ, ਅਰਥਾਤ, ਪੰਜਾਬੀ ਦਿਖ ਤੇ ਦਰਸ਼ਨ, ਜ਼ਿੰਦਗੀ ਦੀ ਸੁਗਾਤ, ਜ਼ਿੰਦਗੀ ਦੇ ਹਰਫ਼, ਤਲਖੀਆਂ ਦੇ ਰੂ-ਬ-ਰੂ, ਲੋਕਯਾਨਕ ਸੰਵਾਦ, ਪੰਜਾਬੀ ਸੱਭਿਆਚਾਰ,ਸੋਂਦ੍ਰਯ ਸ਼ਾਸਤਰ, ਦਿਸਹਦਿਆਂ ਦੀ ਦਾਸਤਾਂ