ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਅਤੇ ਨਿੱਕੀ ਕਹਾਣੀ ਦੀ ਲੇਖਿਕਾ ਦਲੀਪ ਕੌਰ ਟਿਵਾਣਾ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਦਲੀਪ ਕੌਰ ਟਿਵਾਣਾ ਨੇ ਛੇ ਕਹਾਣੀ ਸੰਗਿ੍ਰਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।

Dalip Kaur Tiwana

ਦਲੀਪ ਕੌਰ ਟਿਵਾਣਾ (4 ਮਈ 1935 -31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁੱਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਕ ਤੌਰ ’ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿਚ ਬਰਾਬਰੀ ਦਾ ਇਜ਼ਹਾਰ ਨਾ ਕਰ ਸਕੀਆਂ, ਨਾ ਹੀ ਉਹ ਇਕ ਡਰ ਥੱਲੇ ਰਹਿ ਕੇ ਪ੍ਰਵਾਰ ਤੇ ਸਮਾਜ ਵਿਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।

ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿਚ 1935 ਵਿਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ। ਅਪਣੇ ਨਾਵਲ ‘ਏਹੁ ਹਮਾਰਾ ਜੀਵਣਾ’ (ਅੰਗਰੇਜ਼ੀ: 1969) ਲਈ ਉਸ ਨੇ 1971 ਵਿਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ।

ਦਲੀਪ ਕੌਰ ਟਿਵਾਣਾ ਨੇ ਪਹਿਲਾ ਨਾਵਲ ‘ਅਗਨੀ ਪ੍ਰੀਖਿਆ’ ਲਿਖਿਆ ਜਿਸ ਤੋਂ ਬਾਅਦ ਉਸ ਨੇ ਨਾਵਲਾਂ ਦੀ ਇਕ ਲੜੀ ਹੀ: ‘ਵਾਟ ਹਮਾਰੀ’ (ਅੰਗਰੇਜ਼ੀ:  1970), ‘ਤੀਲੀ ਦਾ ਨਿਸਾਨ’ (ਅੰਗਰੇਜ਼ੀ: 1971), ‘ਸੂਰਜ ਤੇ ਸਮੁੰਦਰ’ (ਅੰਗਰੇਜ਼ੀ: 1972), ‘ਦੂਸਰੀ ਸੀਤਾ’ (ਅੰਗਰੇਜ਼ੀ: 1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। 

ਦਲੀਪ ਕੌਰ ਟਿਵਾਣਾ ਨੇ ਛੇ ਕਹਾਣੀ ਸੰਗਿ੍ਰਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ। ਉਸ ਦੇ ਕਹਾਣੀ ਸੰਗਿ੍ਰਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪੱਤਰਕਾਵਾਂ ਵਿਚ ਪ੍ਰਕਾਸ਼ਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਨ੍ਹਾਂ ਦੀਆਂ ਹਸਰਤਾਂ ਕੁਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਬਿਧਾ ਉਸ ਦਾ ਮੁੱਖ ਵਿਸ਼ਾ ਹੈ।

ਗਲਪ ਸਾਹਿਤ ਵਿਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾ ਤੇ ਵੀ ਲਿਖੀਆਂ ਹਨ। ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮਿ੍ਰਤਸਰ ਤੋਂ ਡੀ ਲਿਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ੍ਰੀ ਦੀਆਂ ਉਪਾਧੀਆਂ ਉਨ੍ਹਾਂ ਨੂੰ ਮਿਲੀਆਂ।

ਨਾਵਲ

ਅਗਨੀ-ਪ੍ਰੀਖਿਆ 1967, ਏਹੁ ਹਮਾਰਾ ਜੀਵਣਾ 1968, ਵਾਟ ਹਮਾਰੀ 1970, ਤੀਲੀ ਦਾ ਨਿਸਾਨ 1970, ਸੂਰਜ ਤੇ ਸਮੁੰਦਰ 1971, ਦੂਸਰੀ ਸੀਤਾ 1975, ਵਿਦ-ਇਨ ਵਿਦ-ਆਊਟ 1975, ਸਰਕੰਡਿਆਂ ਦੇ ਦੇਸ 1976, ਧੁੱਪ ਛਾਂ ਤੇ ਰੁੱਖ 1976, ਸਭੁ ਦੇਸੁ ਪਰਾਇਆ 1976, ਹੇ ਰਾਮ 1977, ਲੰਮੀ ਉਡਾਰੀ 1978, ਪੀਲੇ ਪੱਤਿਆਂ ਦੀ ਦਾਸਤਾਨ 1980, ਹਸਤਾਖਰ 1982, ਪੈੜ-ਚਾਲ 1984, ਰਿਣ ਪਿਤਰਾਂ ਦਾ 1985, ਐਰ-ਵੈਰ ਮਿਲਦਿਆਂ 1986।

ਲੰਘ ਗਏ ਦਰਿਆ 1990, ਜਿਮੀ ਪੁਛੈ ਅਸਮਾਨ 1991, ਕਥਾ ਕੁਕਨੁਸ ਦੀ 1993, ਦੁਨੀ ਸੁਹਾਵਾ ਬਾਗੁ 1995, ਕਥਾ ਕਹੋ ਉਰਵਸੀ 1999, ਭਉਜਲ 2001, ਮੋਹ ਮਾਇਆ 2003, ਉਹ ਤਾਂ ਪਰੀ ਸੀ 2002, ਜਨਮੁ ਜੂਐ ਹਾਰਿਆ 2005, ਖੜ੍ਹਾ ਪੁਕਾਰੇ ਪਾਤਣੀ 2006, ਪੌਣਾਂ ਦੀ ਜਿੰਦ ਮੇਰੀ 2006, ਖਿਤਿਜ ਤੋਂ ਪਾਰ 2007, ਤੀਨ ਲੋਕ ਸੇ ਨਿਆਰੀ 2008, ਤੁਮਰੀ ਕਥਾ ਕਹੀ ਨਾ ਜਾਏ 2008, ਵਿਛੜੇ ਸਭੋ ਵਾਰੀ ਵਾਰੀ 2011, ਤਖਤ ਹਜਾਰਾ ਦੂਰ ਕੁੜੇ 2011, ਜੇ ਕਿਧਰੇ ਰੱਬ ਟੱਕਰਜੇ, ਲੰਘ ਗਏ ਦਰਿਆ।