ਧਰਤੀ ਦੇ ਚੁਪ-ਚੁਪੀਤੇ ਲੋਕ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਵਾਨ ਮੁੰਡੇ-ਕੁੜੀਆਂ ਮਨੋਰੰਜਨ ਵਲ ਧਿਆਨ ਨਾ ਦੇਣ। ਉਨ੍ਹਾਂ ਲਈ ਟੀ.ਵੀ. ਸਿਨੇਮਾ ਵੇਖਣਾ ਮਨ੍ਹਾ ਹੈ.........

Earth's Silent People

ਜਵਾਨ ਮੁੰਡੇ-ਕੁੜੀਆਂ ਮਨੋਰੰਜਨ ਵਲ ਧਿਆਨ ਨਾ ਦੇਣ। ਉਨ੍ਹਾਂ ਲਈ ਟੀ.ਵੀ. ਸਿਨੇਮਾ ਵੇਖਣਾ ਮਨ੍ਹਾ ਹੈ। ਹੱਥ ਤੇ ਘੜੀ ਲਾਉਣੀ, ਸਾਈਕਲ ਚਲਾਉਣਾ, ਤਮਾਕੂ, ਸ਼ਰਾਬ ਅਤੇ ਹੋਰ ਨਸ਼ੇ ਕਰਨ ਦੀ ਮਨਾਹੀ ਹੈ। ਐਤਵਾਰ ਵਾਲੇ ਦਿਨ ਗੇਂਦ ਨਾਲ ਕੋਈ ਵੀ ਖੇਡ ਖੇਡਣ ਦੀ ਮਨਾਹੀ ਹੈ। ਜਵਾਨ ਮੁੰਡੇ-ਕੁੜੀਆਂ ਨੂੰ ਇਕੋ ਹੀ ਮੰਜੇ ਤੇ ਬਹਿ ਕੇ ਗੱਲਾਂ ਕਰਨ ਦੀ ਮਨਾਹੀ ਹੈ ਅਤੇ ਨਾ ਕੋਈ ਸ਼ਰਮਨਾਕ ਗੱਲ ਜਾਂ ਵਤੀਰਾ ਉਹ ਕਰ ਸਕਦੇ ਹਨ। ਗਾਲਾਂ ਕਢਣੀਆਂ, ਸਖ਼ਤ ਸ਼ਬਦ ਬੋਲਣੇ, ਫ਼ਾਲਤੂ ਗੱਲਾਂ ਕਰਨੀਆਂ ਜਾਂ ਦੂਹਰੇ ਅਰਥਾਂ ਵਾਲੇ ਸ਼ਬਦ ਵਰਤਣੇ ਸਮਾਜ ਵਿਚ ਬੁਰੇ ਸਮਝੇ ਜਾਂਦੇ ਹਨ। ਐਤਵਾਰ ਵਾਲੇ ਦਿਨ ਕੋਈ ਦੁੱਧ ਨਹੀਂ ਵੇਚੇਗਾ।

ਘਰ ਸਿੱਧੇ-ਸਾਦੇ ਹੋਣੇ ਜ਼ਰੂਰੀ ਹਨ। ਵੱਡੀਆਂ ਜਾਂ ਧੱਕਾ ਮਾਰ ਕੇ ਖੋਲ੍ਹਣ ਵਾਲੀਆਂ ਖਿੜਕੀਆਂ ਘਰ ਵਿਚ ਨਹੀਂ ਲਾਉਣੀਆਂ। ਰਸੋਈ ਘਰ ਵਿਚ ਮੇਜ਼ ਲਕੜੀ ਦੇ ਹੋ ਸਕਦੇ ਹਨ ਪਰ ਉਹ ਰੰਦੇ ਹੋਏ ਨਾ ਹੋਣ ਅਤੇ ਨਾ ਹੀ ਉਨ੍ਹਾਂ ਤੇ ਪਾਲਿਸ਼ ਕੀਤੀ ਹੋਵੇ। ਗੁਸਲਖ਼ਾਨੇ ਵਿਚ ਕੋਈ ਸਿੰਕ, ਰੰਗਦਾਰ ਸਟੂਲ ਜਾਂ ਰੰਗਦਾਰ ਟੱਬ ਨਹੀਂ ਹੋਣਾ ਚਾਹੀਦਾ। ਗੁਸਲਖ਼ਾਨੇ ਦਾ ਫ਼ਰਸ਼ ਵੀ ਰੰਗਦਾਰ ਨਾ ਹੋਵੇ। ਘਰ ਦੇ ਸਾਰੇ ਕਪੜੇ ਹੱਥਾਂ ਨਾਲ ਹੀ ਧੋਤੇ ਜਾਣ। ਕੋਈ ਵੀ ਕਪੜਾ, ਕਪੜੇ ਧੋਣ ਵਾਲੀ ਮਸ਼ੀਨ ਵਿਚ ਨਹੀਂ ਧੋਣਾ। ਆਮਿਸ਼ ਸਮਾਜ ਦੇ ਲੋਕ ਕੋਈ ਢਾਈ ਸੌ ਸਾਲ ਪਹਿਲਾਂ ਯੂਰਪ ਵਿਚ ਜਰਮਨ ਬੋਲੀ ਵਾਲੇ ਦੇਸ਼ਾਂ ਵਿਚੋਂ ਉੱਠ ਕੇ ਅਮਰੀਕਾ ਆਏ ਸਨ।

ਇਹ ਲੋਕ ਛੋਟੇ ਛੋਟੇ ਜਥਿਆਂ ਵਿਚ ਆ ਕੇ ਅਪਣਾ ਇਕ ਵਖਰਾ ਹੀ ਸਮਾਜ ਬਣਾ ਕੇ ਰਹਿਣ ਲੱਗ ਪਏ। ਇਨ੍ਹਾਂ ਨੂੰ 'ਧਰਤੀ ਦੇ ਚੁੱਪ ਚੁਪੀਤੇ ਲੋਕ' ਕਿਹਾ ਜਾਂਦੈ। ਇਹ ਲੋਕ ਭਰੱਪਣ ਅਤੇ ਭਾਈਵਾਲੀ ਦੇ ਸਭਿਆਚਾਰ ਵਿਚ ਵਿਸ਼ਵਾਸ ਰਖਦੇ ਹਨ। ਇਨ੍ਹਾਂ ਨੂੰ ਆਪਸ ਵਿਚ ਜੋੜੀ ਰੱਖਣ ਲਈ ਸਮਾਜੀ ਬੰਧਨ ਬਹੁਤ ਹਨ ਕਿਉਂਕਿ ਇਨ੍ਹਾਂ ਨੇ ਅਪਣੇ ਆਪ ਨੂੰ ਕੈਥੋਲਿਕ, ਲੂਥਰੀਅਨ ਅਤੇ ਸੁਧਾਰੂ ਗਿਰਜਿਆਂ ਤੋਂ ਨਿਖੇੜੀ ਰਖਿਆ, ਇਸ ਲਈ ਇਨ੍ਹਾਂ ਨੂੰ ਬੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਅੰਜੀਲ ਅਨੁਸਾਰ ਗਿਰਜਾਘਰ ਵਿਚ ਨਾਮਜ਼ਦਗੀ, ਬੰਦੇ ਦੀ ਅਪਣੀ ਮਰਜ਼ੀ ਤੇ ਨਿਰਭਰ ਕਰਦੀ ਹੈ।

ਗਿਰਜਾ ਅਤੇ ਸਟੇਟ ਵੱਖੋ-ਵਖਰੇ ਹੋਣੇ ਚਾਹੀਦੇ ਹਨ। ਅੰਜੀਲ ਅਨੁਸਾਰ ਸਮਾਜ ਨੂੰ ਅੰਜੀਲ ਦੀਆਂ ਧਾਰਨਾਵਾਂ ਅਨੁਸਾਰ ਅਨੁਸਾਸ਼ਨਬੱਧ ਹੋਣਾ ਜ਼ਰੂਰੀ ਹੈ। ਉਨ੍ਹਾਂ ਦੇ ਵਿਚਾਰਾਂ ਦੇ ਵਖਰੇਪਣ ਕਰ ਕੇ ਉਹ ਗਿਰਜਿਆਂ ਅਤੇ ਸਟੇਟ ਤੋਂ ਦੂਰ ਹੋ ਗਏ। ਅੱਜ ਇਹ ਲੋਕ ਅਮਰੀਕਾ ਦੇ ਲਗਭਗ ਵੀਹ ਸੂਬਿਆਂ ਵਿਚ ਵਸੇ ਹੋਏ ਹਨ। ਇਨ੍ਹਾਂ ਦੀਆਂ ਕੋਈ 750 ਜਥੇਬੰਦੀਆਂ ਹਨ ਅਤੇ ਆਬਾਦੀ ਲਗਭਗ ਡੇਢ ਲੱਖ ਹੈ।

ਸੱਭ ਤੋਂ ਪੁਰਾਣੇ ਆਮਿਸ਼ ਸਮਾਜ ਦੇ ਲੋਕ ਅਪਣੇ ਖੇਤਾਂ ਵਿਚ ਬਣਾਏ ਘਰਾਂ ਵਿਚ ਹੀ ਪੂਜਾ ਕਰਦੇ ਹਨ। ਉਹ ਸਿੱਧਾ ਸਾਦਾ ਕਿਸਾਨੀ ਜੀਵਨ ਜਿਊਂਦੇ ਹਨ। ਉਨ੍ਹਾਂ ਦੇ ਬੱਚੇ ਸਿਰਫ਼ ਅਠਵੀਂ ਜਮਾਤ ਤਕ ਹੀ ਪੜ੍ਹਦੇ ਹਨ ਅਤੇ ਵੱਡੇ ਸਕੂਲਾਂ ਜਾਂ ਕਾਲਜਾਂ ਵਿਚ ਪੜ੍ਹਨ ਨਹੀਂ ਜਾਂਦੇ। ਕੁੱਝ ਇਨਸਾਨੀ ਗੁਣ ਜਿਵੇਂ ਹਲੀਮੀ, ਸਾਦਗੀ, ਆਪਸ ਵਿਚ ਵੰਡ ਕੇ ਖਾਣਾ-ਖੁਆਉਣਾ ਅਤੇ ਸਮਾਜਕ ਭਲਾਈ ਲਈ ਬਲਿਦਾਨ, ਸਮਾਜ ਨੂੰ ਜੋੜੀ ਰੱਖਣ ਲਈ ਅਤਿ ਜ਼ਰੂਰੀ ਸਮਝੇ ਜਾਂਦੇ ਹਨ।

ਸੰਪਰਕ : 97794-26698