ਮੁੰਗੇਰੀ ਲਾਲ ਦੇ ਹਸੀਨ ਸੁਪਨੇ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਬਾਊ ਸ਼ਾਮ ਲਾਲ ਇਕ ਸਰਕਾਰੀ ਮਹਿਕਮੇ ਵਿਚ ਹੈੱਡ ਕਲਰਕ ਲੱਗਾ ਹੋਇਆ ਸੀ........

Mungeri Lal's sweet Dreams

ਬਾਊ ਸ਼ਾਮ ਲਾਲ ਇਕ ਸਰਕਾਰੀ ਮਹਿਕਮੇ ਵਿਚ ਹੈੱਡ ਕਲਰਕ ਲੱਗਾ ਹੋਇਆ ਸੀ। ਸਾਰੇ ਛੋਟੇ ਵੱਡੇ ਮੁਲਾਜ਼ਮ ਉਸ ਨੂੰ ਬਾਊ ਜੀ ਬਾਊ ਜੀ ਕਹਿੰਦੇ ਨਹੀਂ ਸਨ ਥਕਦੇ। ਉਸ ਨੂੰ ਜ਼ਿੰਦਗੀ ਵਿਚ ਬਸ ਦੋ ਹੀ ਵੈਲ ਸਨ, ਇਕ ਮੁਫ਼ਤ ਦੀ ਦਾਰੂ ਪੀਣ ਦਾ ਤੇ ਦੂਸਰਾ ਚਾਰ ਛਿੱਲੜ ਲੈਣ ਦਾ। ਹਰ ਫ਼ਾਈਲ ਉਸੇ ਰਾਹੀਂ ਉੱਪਰ ਥੱਲੇ ਜਾਂਦੀ ਸੀ। ਉਹ ਕਿਸੇ ਦਾ ਵੀ ਕੰਮ ਜੇਬ ਗਰਮ ਕੀਤੇ ਬਗੈਰ ਨਹੀਂ ਸੀ ਕਰਦਾ।

ਜੇ ਕੋਈ ਇਮਾਨਦਾਰ ਬੰਦਾ ਐਵੇਂ ਕਾਮਰੇਡੀ ਘੋਟਣ ਦੀ ਕੋਸ਼ਿਸ਼ ਕਰਦਾ ਜਾਂ ਸ਼ਾਮ ਲਾਲ ਨੂੰ ਪੈਸੇ ਦਿਤੇ ਬਗੈਰ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੀ ਫਾਈਲ ਉਤੇ ਲਾਲ ਸਿਆਹੀ ਨਾਲ ਅਜਿਹਾ ਇਤਰਾਜ਼ ਲਗਦਾ ਕਿ ਆਖ਼ਰ ਅਗਲੇ ਨੂੰ ਢਹਿ ਕੇ ਚਰਨੀਂ ਪੈਣਾ ਹੀ ਪੈਂਦਾ। ਉਹ ਰੋਜ਼ ਕਿਸੇ ਨਾ ਕਿਸੇ ਮੁਰਗੀ ਨੂੰ ਫਸਾ ਕੇ ਦਾਰੂ ਮੁਰਗੇ ਦਾ ਪ੍ਰਬੰਧ ਕਰ ਹੀ ਲੈਂਦਾ ਸੀ। ਦਾਰੂ ਮੁਫ਼ਤ ਦੀ ਹੋਵੇ ਤਾਂ ਫਿਰ ਪੈੱਗਾਂ ਦੀ ਗਿਣਤੀ ਕੌਣ ਕਰਦਾ ਹੈ? ਚੰਗੀ ਤਰ੍ਹਾਂ ਟਾਈਟ ਹੋ ਕੇ ਜਦੋਂ ਉਹ ਅੱਧੀ ਰਾਤ ਨੂੰ ਅਪਣੇ ਦਾਜ ਵਿਚ ਮਿਲੇ ਪ੍ਰਿਯਾ ਸਕੂਟਰ ਉਤੇ ਆਠੇ ਵਾਹੁੰਦਾ ਘਰ ਪਹੁੰਚਦਾ

ਤਾਂ ਇੰਤਜ਼ਾਰ ਕਰ ਰਹੀ ਪਤਨੀ ਸ਼ਾਂਤੀ ਬਹੁਤ ਹੀ ਪਿਆਰ ਨਾਲ ਝਾੜੂ, ਚੱਪਲ, ਲੂਣ ਘੋਟਣਾ ਜਾਂ ਵੇਲਣਾ, ਜੋ ਵੀ ਉਸ ਵੇਲੇ ਉਸ ਦੇ ਹੱਥ ਵਿਚ ਹੁੰਦਾ, ਨਾਲ ਬਾਊ ਦੀ ਰੱਜ ਕੇ ਸੇਵਾ ਕਰਦੀ। ਪਰ ਬੁਲੇਟ ਪਰੂਫ਼ ਤਬੀਅਤ ਦੇ ਬਾਊ ਦੀ ਸਿਹਤ ਉਤੇ ਇਨ੍ਹਾਂ ਛੋਟੀਆਂ ਮੋਟੀਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਾ ਹੁੰਦਾ। ਸਵੇਰੇ ਨਹਾਉਣ ਧੋਣ ਤੋਂ ਬਾਅਦ ਲਿਸ਼ਕ ਪੁਸ਼ਕ ਕੇ ਦਫ਼ਤਰ ਪਹੁੰਚ ਜਾਂਦਾ ਤੇ ਕਿਸੇ ਨਵੇਂ ਸ਼ਿਕਾਰ ਦੀ ਭਾਲ ਵਿਚ ਅਜਗਰ ਵਾਂਗ ਕੁੰਡਲੀ ਮਾਰ ਕੇ ਬੈਠ ਜਾਂਦਾ। ਸ਼ਾਂਤੀ ਦਾ ਨਾਮ ਵੀ ਮਾਪਿਆਂ ਨੇ ਪਤਾ ਨਹੀਂ ਕੀ ਸੋਚ ਕੇ ਰਖਿਆ ਹੋਣੈ। ਉਹ ਮੁਹੱਲੇ ਦੀ ਸਭ ਤੋਂ ਵੱਧ ਮੂੰਹ ਫੱਟ, ਲੜਾਕੀ ਅਤੇ ਜਰਵਾਣੀ ਤੀਵੀਂ ਸੀ।

ਸਾਢੇ ਕੁ ਚਾਰ ਫ਼ੁਟ ਦੀ ਸ਼ਾਂਤੀ ਲੜਨ ਵੇਲੇ ਚੰਗੇਜ਼ ਖਾਨ ਅਤੇ ਤੈਮੂਰ ਲੰਗੜੇ ਨੂੰ ਵੀ ਸ਼ਰਮਿੰਦਾ ਕਰ ਦੇਂਦੀ ਸੀ। ਉਸ ਦੀਆਂ ਕੋਲੰਬਸ ਵਾਂਗ ਖੋਜੀਆਂ ਨਵੀਆਂ-ਨਵੀਆਂ ਗਾਲ੍ਹਾਂ ਕਈ ਵਾਰ ਮੁਹੱਲੇ ਵਾਲੇ ਡਾਇਰੀ ਵਿਚ ਨੋਟ ਕਰ ਲੈਂਦੇ ਕਿ ਚਲੋ ਕਿਸੇ ਨੂੰ ਕੱਢਾਂਗੇ। ਅੱਵਲ ਤਾਂ ਮੁਹੱਲੇ ਦੀ ਕਿਸੇ ਬੰਦੇ ਜ਼ਨਾਨੀ ਵਿਚ ਐਨੀ ਜੁਰਅਤ ਹੀ ਨਹੀਂ ਸੀ ਕਿ ਉਸ ਨਾਲ ਪੰਗਾ ਲਵੇ, ਪਰ ਜੇ ਕੋਈ ਲੈ ਲੈਂਦਾ ਤਾਂ ਸ਼ਾਂਤੀ ਉਸ ਦੀਆਂ ਸੱਤ ਪੀੜ੍ਹੀਆਂ ਪੁਣ ਦਿੰਦੀ। ਜੇ ਕਿਸੇ ਨੇ ਅਪਣੇ ਖ਼ਾਨਦਾਨ ਦਾ ਇਤਿਹਾਸ ਜਾਣਨਾ ਹੋਵੇ ਤਾਂ ਸ਼ਾਂਤੀ ਨਾਲ ਲੜ ਲਵੇ, ਹਰਦਵਾਰ ਜਾ ਕੇ ਪੰਡੇ ਕੋਲੋਂ ਤਫ਼ਸੀਲ ਹਾਸਲ ਕਰਨ ਦੀ ਜ਼ਰੂਰਤ ਨਹੀਂ। (ਚਲਦਾ)

(ਬਲਰਾਜ ਸਿੰਘ ਸਿੱਧੂ ਐਸ.ਪੀ.)