ਮੁੰਗੇਰੀ ਲਾਲ ਦੇ ਹਸੀਨ ਸੁਪਨੇ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮੁਕਾਬਲੇਬਾਜ਼ ਔਰਤ ਅਜੇ ਸੋਚ ਹੀ ਰਹੀ ਹੁੰਦੀ ਕਿ ਸ਼ਾਂਤੀ ਦੀ ਜ਼ੁਬਾਨ ਭੰਗੀਆਂ ਦੀ ਤੋਪ ਵਾਂਗ ਅੱਗ ਵਰ੍ਹਾਉਣ ਲੱਗ ਜਾਂਦੀ.........

Mungeri Lal's sweet Dreams

ਮੁਕਾਬਲੇਬਾਜ਼ ਔਰਤ ਅਜੇ ਸੋਚ ਹੀ ਰਹੀ ਹੁੰਦੀ ਕਿ ਸ਼ਾਂਤੀ ਦੀ ਜ਼ੁਬਾਨ ਭੰਗੀਆਂ ਦੀ ਤੋਪ ਵਾਂਗ ਅੱਗ ਵਰ੍ਹਾਉਣ ਲੱਗ ਜਾਂਦੀ। ਉਹ ਔਰਤ ਜਦ ਤਕ ਦੋ ਲਫਜ਼ ਬੋਲਦੀ, ਤਦ ਤਕ ਸ਼ਾਂਤੀ ਉਸ ਦਾ ਸਾਰਾ ਕੱਚਾ ਚਿੱਠਾ ਖੋਲ੍ਹ ਦਿੰਦੀ। ਉਹ ਬਗ਼ਦਾਦੀ ਵਾਂਗ ਜਾਣਦੀ ਸੀ ਕਿ ਪਹਿਲਾਂ ਹਮਲਾ ਕਰ ਦੇਣਾ ਹੀ ਸਭ ਤੋਂ ਵਧੀਆ ਸੁਰੱਖਿਆ ਹੈ। ਉਹ ਦੁਸ਼ਮਣ ਔਰਤ ਦੇ ਸਬੰਧ ਮੁਹੱਲੇ ਦੇ ਸਾਰੇ ਮੁਸ਼ਟੰਡਿਆਂ ਨਾਲ ਜੋੜ ਦਿੰਦੀ। ਅਗਲੀ ਵਿਚਾਰੀ ਸ਼ਰਮ ਦੀ ਮਾਰੀ ਭੱਜਣ ਲੱਗੀ ਪੱਲਾ ਨਾ ਲੈਂਦੀ। ਜਿਸ ਦਿਨ ਸ਼ਾਂਤੀ ਦਾ ਕਿਸੇ ਨਾਲ ਜੱਫ ਗੜੱਫਾ ਪੈਂਦਾ, ਲੋਕ ਕੰਮ ਛੱਡ ਕੇ ਤਮਾਸ਼ਾ ਵੇਖਣ ਲਈ ਇਕੱਠੇ ਹੋ ਜਾਂਦੇ।

ਇਕ ਦਿਨ ਉਸ ਦਾ ਗਵਾਂਢਣ ਨਾਮੋ ਨਾਲ ਸੜਕ ਉਤੇ ਪਾਣੀ ਡੋਲ੍ਹਣ ਪਿਛੇ ਦਸਤ ਪੰਜਾ ਪੈ ਗਿਆ। ਜੀਤਾ ਨੰਬਰਦਾਰ ਵੀ ਤਮਾਸ਼ਾ ਵੇਖਣ ਲਈ ਕੋਲ ਆ ਖਲੋਤਾ। ਨਾਮੋ ਨੇ ਲਲਕਾਰਾ ਮਾਰਿਆ, ''ਨੀ ਸ਼ਾਂਤੀਏ, ਤੈਨੂੰ ਲੈ ਜੇ ਨੀ ਚਗਲੇ ਕੱਢ ਕੇ ਜੀਤਾ ਨੰਬਰਦਾਰ।” ਜੀਤਾ ਮੁਸ਼ਕਣੀਆਂ ਵਿੱਚ ਮੁਸਕਰਾ ਕੇ ਕਲਫ਼ ਲਗੀਆਂ ਮੁੱਛਾਂ ਮਰੋੜਨ ਲੱਗਾ। ਸ਼ਾਂਤੀ ਕਿਹੜਾ ਘੱਟ ਸੀ? ਉਸ ਨੇ ਫੱਟ ਜਵਾਬੀ ਪ੍ਰਿਥਵੀ ਮਿਜ਼ਾਈਲ ਦਾਗੀ, ''ਨੀ ਕਮੀਨੀਏ ਮੈਨੂੰ ਕਿਉਂ ਲੈ ਜੇ ਜੀਤਾ? ਜੀਤਾ ਲੈ ਜੇ ਤੈਨੂੰ ਜਾਂ ਲੈ ਜੇ ਆਪਦੀ ਕੁੜੀ ਨੂੰ।” ਲੜਾਈ ਦਾ ਸਵਾਦ ਲੈ ਰਹੇ ਨੰਬਰਦਾਰ ਦੇ ਸਿਰ ਵਿਚ ਸੌ ਘੜਾ ਪਾਣੀ ਪੈ ਗਿਆ।

ਲੋਕ ਤਾੜੀਆਂ ਮਾਰ ਕੇ ਹੱਸ ਪਏ। ਉਹ ਤੁਰਦਾ-ਤੁਰਦਾ ਬੁੜਬੜਾਇਆ, ''ਬੀਬੀ ਅਪਣੀ ਲੜਾਈ ਲੜੋ। ਐਵੇਂ ਨਾ ਲੋਕਾਂ ਦੇ ਨਾਮ ਲਈ ਜਾਉ।”ਅਜਿਹੀ ਹੋਣਹਾਰ ਅਰਧਾਂਗਣੀ ਤੀਵੀਂ ਦੇ ਪਤੀ ਬਾਊ ਸ਼ਾਮ ਲਾਲ ਨੂੰ ਇਕ ਰਾਤ ਬਹੁਤ ਹੀ ਵਧੀਆ ਸੁਪਨਾ ਆਇਆ। ਉਸ ਦਿਨ ਬਾਊ ਨੂੰ ਇਕ ਦਿਲਦਾਰ ਵਲੈਤੀ 'ਸਾਮੀ' ਟੱਕਰ ਗਈ ਸੀ। ਉਸ ਨੇ ਬਾਊ ਦੀ ਚੰਗੇ ਹੋਟਲ ਵਿਚ ਟਿਕਾ ਕੇ ਸੇਵਾ ਕੀਤੀ। ਸਕਾਚ ਪੀਣ ਕਾਰਨ ਉਸ ਦੀ ਚਾਲ ਨਾ ਬਦਲੀ ਤੇ ਘਰ ਵੀ ਟਾਈਮ ਸਿਰ ਪਹੁੰਚ ਗਿਆ।

ਮੂੰਹ ਵਿਚੋਂ ਮਰੇ ਹੋਏ ਕੁੱਤੇ ਵਰਗਾ ਮੁਸ਼ਕ ਨਾ ਆਉਣ ਕਾਰਨ ਸ਼ਾਂਤੀ ਦੀ ਛਿਤਰੌਲ ਤੋਂ ਵੀ ਬਚ ਗਿਆ। ਸਗੋਂ ਸ਼ਾਂਤੀ ਨੇ ਉਸ ਨੂੰ ਚੰਗੀ ਤਰ੍ਹਾਂ ਰੋਟੀ ਵੀ ਖਵਾਈ ਤੇ ਗਰਮਾ ਗਰਮ ਦੁੱਧ ਵੀ ਪਿਆਇਆ। ਸੁੱਖ ਦੀ ਨੀਂਦ ਸੁੱਤੇ ਬਾਊ ਨੂੰ ਮਿੱਠੇ-ਮਿੱਠੇ ਸੁਪਨੇ ਆਉਣ ਲੱਗੇ। ਅੱਗੇ ਤਾਂ ਰੋਜ਼ ਸ਼ਾਂਤੀ ਸੁਪਨੇ ਵਿਚ ਚੁੜੇਲ ਬਣ ਕੇ ਡਰਾਉਂਦੀ ਸੀ ਪਰ ਉਸ ਦਿਨ ਵਾਕਈ ਦੇਵੀ ਦਿਖਾਈ ਦੇਣ ਲੱਗੀ। (ਚਲਦਾ)

(ਬਲਰਾਜ ਸਿੰਘ ਸਿੱਧੂ ਐਸ.ਪੀ.)