ਮੁੰਗੇਰੀ ਲਾਲ ਦੇ ਹਸੀਨ ਸੁਪਨੇ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸੁਪਨੇ ਵਿਚ ਸ਼ਾਂਤੀ ਬਹੁਤ ਹੀ ਪਿਆਰ ਨਾਲ ਬੋਲੀ, ''ਮੈਂ ਕਿਹਾ ਜੀ ਅੱਜ ਛੁੱਟੀ ਹੈ। ਦੁਪਹਿਰ ਵਾਸਤੇ ਮੈਂ ਤੁਹਾਡੇ ਪੀਣ ਲਈ ਕਰਾਉਨ ਬੀਅਰ ਦਾ ਡੱਬਾ ਫਰਿੱਜ ਵਿਚ ਲਗਾ ਦਿਤਾ....

Mungeri Lal's sweet Dreams

ਸੁਪਨੇ ਵਿਚ ਸ਼ਾਂਤੀ ਬਹੁਤ ਹੀ ਪਿਆਰ ਨਾਲ ਬੋਲੀ, ''ਮੈਂ ਕਿਹਾ ਜੀ ਅੱਜ ਛੁੱਟੀ ਹੈ। ਦੁਪਹਿਰ ਵਾਸਤੇ ਮੈਂ ਤੁਹਾਡੇ ਪੀਣ ਲਈ ਕਰਾਉਨ ਬੀਅਰ ਦਾ ਡੱਬਾ ਫਰਿੱਜ ਵਿਚ ਲਗਾ ਦਿਤਾ ਹੈ। ਤੁਹਾਡੇ ਦੋਸਤ ਮਿੱਤਰ ਤਾਸ਼ ਖੇਡਣ ਆਉਂਦੇ ਹੀ ਹੋਣਗੇ। ਉਨ੍ਹਾਂ ਵਾਸਤੇ ਭੁੰਨੇ ਕਾਜੂ, ਬਦਾਮ ਤੇ ਰਸ਼ੀਅਨ ਸਲਾਦ ਤਿਆਰ ਹੈ। ਦੁਪਹਿਰ ਦੇ ਖਾਣੇ ਵਾਸਤੇ ਮੈਂ ਦਾਲ ਮੱਖਣੀ ਤੇ ਬਟਰ ਚਿਕਨ ਪਕਾ ਲਿਆ ਹੈ। ਨਾਲੇ ਮੈਂ ਕਾਕੇ ਦੇ ਢਾਬੇ ਤੋਂ ਕੀਮਾ ਨਾਨ ਵੀ ਮੰਗਵਾ ਲਏ ਹਨ।” ਸੁਪਨੇ ਵਿਚ ਹੀ ਬਾਊ ਨੇ ਸਾਰਾ ਸਮਾਨ ਛਕ ਲਿਆ ਤੇ ਬੋਲਿਆ, ''ਧਿਆਨ ਰੱਖੀਂ। ਅੱਗੇ ਤੋਂ ਕਰਾਊਨ ਬੀਅਰ ਮੰਗਾਈ ਤਾਂ ਪਾਸੇ ਭੰਨ ਦਿਆਂਗਾ।

ਜਿਹੜੀ ਸਾਡੇ ਦੇਸ਼ ਭਗਤ ਵਿਜੇ ਮਾਲਿਆ ਨੇ ਕਿੰਗਫਿਸ਼ਰ ਬਣਾਉਣ ਲਈ ਅਰਬਾਂ ਰੁਪਏ ਦੀ ਫੈਕਟਰੀ ਲਾਈ ਏ, ਉਹ ਕਿਨ੍ਹੇ ਪੀਣੀ ਏ? ਐਵੇਂ ਪੈਸਾ ਵਿਦੇਸ਼ੀ ਕੰਪਨੀ ਨੂੰ ਕਿਉਂ ਦਈਏ? ਹੁਣ ਰਾਤ ਵਾਸਤੇ ਕੀ ਤਿਆਰ ਕੀਤਾ ਈ?” ਬਾਊ ਦਾ ਵਿਕਰਾਲ ਰੂਪ ਵੇਖ ਕੇ ਸ਼ਾਂਤੀ ਕੰਬ ਉੱਠੀ। ਵਿਚਾਰੀ ਨੇ ਡਰਦੇ ਮਾਰੇ ਮੁਆਫ਼ੀ ਵੀ ਮੰਗ ਲਈ (ਸੁਪਨੇ ਵਿਚ) ਉਹ ਮਰੀ ਜਿਹੀ ਅਵਾਜ਼ ਵਿਚ ਬੋਲੀ, ''ਤੁਹਾਨੂੰ ਤਾਂ ਪਤਾ ਹੈ ਕਿ ਅੱਜ ਡਰਾਈ ਡੇਅ ਹੈ। ਇਸ ਲਈ ਮੈਂ ਤੁਹਾਡੇ ਵਾਸਤੇ ਕਲ੍ਹ ਹੀ ਬਲਿਊ ਲੇਬਲ ਦੀ ਬੋਤਲ ਲੈ ਆਂਦੀ ਸੀ। ਗੁਪਤਾ ਜੀ ਤੇ ਗਿੱਲ ਸਾਹਿਬ ਦੀ ਪਸੰਦ ਦੀਆਂ ਬਲੈਕ ਡਾਗ ਦੀਆਂ 2 ਬੋਤਲਾਂ ਵੀ ਮੰਗਵਾ ਲਈਆਂ ਸਨ।

ਸਨੈਕਸ ਲਈ ਮਲਾਈ ਟਿੱਕਾ, ਸੀਖ ਕਬਾਬ, ਮਟਨ ਚਾਂਪ ਅਤੇ ਚਿੱਲੀ ਚਿੱਕਨ ਤਿਆਰ ਕਰ ਦਿਤਾ ਹੈ। ਬਾਹਰ ਦਾ ਸਮਾਨ ਨਹੀਂ ਖਾਣਾ। ਪਤਾ ਨਹੀਂ ਕਿਹੋ ਜਿਹੇ ਗੰਦੇ ਮੰਦੇ ਮਸਾਲੇ ਪਾਉਂਦੇ ਹਨ, ਮਰ ਜਾਣੇ ਹੋਟਲਾਂ ਵਾਲੇ। ਤੁਸੀਂ 10 ਵਜੇ ਤਕ ਪਲੀਜ਼ ਪੈੱਗ ਸ਼ੈੱਗ ਦਾ ਪ੍ਰੋਗਰਾਮ ਖ਼ਤਮ ਕਰ ਲਿਉ। ਮੈਂ ਡਿਨਰ ਵਾਸਤੇ ਸ਼ਾਹੀ ਕੋਰਮਾ, ਮੁਗਲਈ ਚਿਕਨ, ਪੀਲੀ ਦਾਲ ਤੜਕਾ ਅਤੇ ਮਲਾਈ ਕੋਫ਼ਤੇ ਤਿਆਰ ਕੀਤੇ ਹਨ। ਫੁਲਕੇ ਮੈਂ ਤਾਜ਼ੇ-ਤਾਜ਼ੇ ਨਾਲ ਹੀ ਤਿਆਰ ਕਰਾਂਗੀ। ਬਾਅਦ ਵਿਚ ਖਾਣ ਲਈ ਮੈਂ ਬਦਾਮਾਂ ਵਾਲੀ ਖੀਰ ਅਤੇ ਫਰੂਟ ਕਸਟਰਡ ਫਰਿੱਜ਼ ਵਿਚ ਲਗਾ ਦਿਤੇ ਨੇ।” ਏਨਾ ਕਹਿ ਕੇ ਉਹ ਬਾਊ ਦੀਆਂ ਲੱਤਾਂ ਦੱਬਣ ਲੱਗੀ।

ਬਾਊ ਨੇ ਖਿੱਚ ਕੇ ਇਕ ਦੁਲੱਤੀ ਸ਼ਾਂਤੀ ਦੇ ਮਾਰੀ, ''ਮੈਂ ਤੈਨੂੰ ਕਿਹਾ ਸੀ ਕਿ ਰੋਗਨ ਜੋਸ਼ ਵੀ ਬਣਾਈਂ। ਉਹ ਹੁਣ ਤੇਰਾ ਪਿਉ ਬਣਾਊਗਾ?” ਸ਼ਾਂਤੀ ਵਿਚਾਰੀ ਉੱਠ ਕੇ ਦੁਬਾਰਾ ਪੈਰ ਘੁੱਟਣ ਲੱਗ ਗਈ। ਇਹ ਅਲੋਕਾਰ ਸੁਹਾਵਣਾ ਸੁਪਨਾ ਵੇਖ ਕੇ ਬਾਊ ਨੂੰ ਐਨਾ ਚਾਅ ਚੜ੍ਹਿਆ ਕਿ ਉਸ ਕੋਲੋਂ ਖੁਸ਼ੀ ਬਰਦਾਸ਼ਤ ਹੀ ਨਾ ਹੋਈ। ਉਸ ਨੂੰ ਫੌਰਨ ਦਿਲ ਦਾ ਘਾਤਕ ਦੌਰਾ ਪੈ ਗਿਆ।

ਇਸ ਤੋਂ ਪਹਿਲਾਂ ਕਿ ਘਰ ਦੇ ਉਸ ਨੂੰ ਚੁੱਕ ਕੇ ਹਸਪਤਾਲ ਲਿਜਾਂਦੇ, ਉਸ ਦਾ ਘੋਰੜੂ ਬੋਲ ਗਿਆ। ਉਹ ਸਿੱਧਾ ਯਮਰਾਜ ਦੀ ਕਚਿਹਰੀ ਪਹੁੰਚ ਗਿਆ। ਇਸ ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਕਦੀ ਵੀ ਝੂਠੇ ਸੁਪਨੇ ਵੇਖ ਕੇ ਜ਼ਿਆਦਾ ਖ਼ੁਸ਼ ਨਹੀਂ ਹੋਣਾ ਚਾਹੀਦਾ। ਇਹ ਜਾਨ ਲੇਵਾ ਵੀ ਹੋ ਸਕਦੇ ਹਨ। ਹਮੇਸ਼ਾਂ ਅਪਣੀ ਔਕਾਤ ਵਿਚ ਹੀ ਰਹੋ ਤਾਂ ਸੁਖੀ ਰਹੋਗੇ। (ਬਲਰਾਜ ਸਿੰਘ ਸਿੱਧੂ ਐਸ.ਪੀ.)