ਪੰਜਾਬ ਦੀ ਕੋਇਲ ਸੁਰਿੰਦਰ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸੁਰਿੰਦਰ ਕੌਰ ਨੂੰ ਦੇਸ਼ ਦੀ ਵੰਡ ਦਾ ਸੰਤਾਪ ਅਪਣੇ ਜਿਸਮ ’ਤੇ ਭੋਗਣਾ ਪਿਆ। ਸੁਰਿੰਦਰ ਕੌਰ ਜਨਮ ਵਾਲੀ ਮਿੱਟੀ ਦਾ ਮੋਹ ਛੱਡ ਕੇ ਪ੍ਰਵਾਰ ਸਮੇਤ ਗਾਜ਼ੀਆਬਾਦ (ਦਿੱਲੀ) ਆ ਵਸੀ।

Surinder Kaur

ਸੁਰਿੰਦਰ ਕੌਰ, ਜਿਸ ਨੂੰ ਪੰਜਾਬ ਦੀ ਕੋਇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਜਨਮ 25 ਨਵੰਬਰ 1929 ਨੂੰ ਲਾਹੌਰ ਵਿਖੇ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੀ ਕੁਖੋਂ ਅਣਵੰਡੇ ਪੰਜਾਬ ਵਿਚ ਹੋਇਆ। ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਮਹਿੰਦਰ ਕੌਰ, ਮਨਜੀਤ ਕੌਰ ਅਤੇ ਨਰਿੰਦਰ ਕੌਰ ਸਨ। ਸੁਰਿੰਦਰ ਕੌਰ ਦੇ ਪੰਜ ਭਰਾ ਸਨ। ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ, ਲਾਹੌਰ ਤੋਂ ਦਸਵੀਂ ਪਾਸ ਸਨ।

12 ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਨੇ ਅਪਣੀ ਭੈਣ ਪ੍ਰਕਾਸ਼ ਕੌਰ ਨਾਲ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਵਿਦਿਆ ਹਾਸਲ ਕੀਤੀ। ਅਗੱਸਤ 1943 ਵਿਚ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨੇ ਪਹਿਲੀ ਵਾਰ ਲਾਹੌਰ ਰੇਡੀਉ ’ਤੇ ਗਾਇਆ। ਇਸ ਤੋਂ ਅਠਾਰਾਂ ਦਿਨ ਬਾਅਦ 31 ਅਗੱਸਤ ਨੂੰ ਇਹੀ ਗੀਤ ਐਚ.ਐਮ.ਵੀ. ਕੰਪਨੀ ਵਾਲਿਆਂ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿਚ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’ ਰੀਕਾਰਡ ਕਰ ਦਿਤਾ ਜੋ ਬਹੁਤ ਮਸ਼ਹੂਰ ਹੋਇਆ।

ਸੁਰਿੰਦਰ ਕੌਰ ਨੂੰ ਦੇਸ਼ ਦੀ ਵੰਡ ਦਾ ਸੰਤਾਪ ਅਪਣੇ ਜਿਸਮ ’ਤੇ ਭੋਗਣਾ ਪਿਆ। ਸੁਰਿੰਦਰ ਕੌਰ ਜਨਮ ਵਾਲੀ ਮਿੱਟੀ ਦਾ ਮੋਹ ਛੱਡ ਕੇ ਪ੍ਰਵਾਰ ਸਮੇਤ ਗਾਜ਼ੀਆਬਾਦ (ਦਿੱਲੀ) ਆ ਵਸੀ। 29 ਜਨਵਰੀ 1948 ਨੂੰ 19 ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਦਾ ਵਿਆਹ ਐਮ.ਏ. ਸਾਈਕਾਲੋਜੀ ਅਤੇ ਦਿੱਲੀ ਯੂਨੀਵਰਸਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਹੋ ਗਿਆ ਜੋ ਬਹੁਤ ਵਧੀਆ ਸੁਭਾਅ ਦੇ ਇਨਸਾਨ ਸਨ। ਉਨ੍ਹਾਂ ਸਰਿੰਦਰ ਕੌਰ ਨੂੰ ਗਾਉਣ ਵਿਚ ਪੂਰੀ ਮਦਦ ਕੀਤੀ।

ਸੁਰਿੰਦਰ ਕੌਰ ਨੇ ਬਹੁਤ ਛੋਟੀ ਉਮਰ ਵਿਚ ਇਕ ਸਥਾਪਤ ਕਲਾਕਾਰ ਵਜੋਂ ਜਗ੍ਹਾ ਬਣਾ ਲਈ ਸੀ, ਇਸ ਕਰ ਕੇ 1948 ਤੋਂ 1952 ਤਕ ਫ਼ਿਲਮਾਂ ਵਿਚ ਬੰਬਈ ਰਹਿ ਕੇ ਪਿਠਵਰਤੀ ਗੀਤ ਗਾਏ। ਪਰ ਸੁਰਿੰਦਰ ਕੌਰ ਦਾ ਮੋਹ ਤਾਂ ਪੰਜਾਬੀ ਨਾਲ ਸੀ। ਬੰਬਈ ਛੱਡ ਕੇ ਫਿਰ ਦਿੱਲੀ ਆ ਗਈ। ਭਾਰਤ ਸਰਕਾਰ ਵਲੋਂ ਸੁਰਿੰਦਰ ਕੌਰ ਨੂੰ 1953 ਵਿਚ ਚੀਨ ਅਤੇ 1954 ਵਿਚ ਰੂਸ ਵਿਖੇ ਗਾਉਣ ਲਈ ਭੇਜਿਆ। ਇਸ ਤੋਂ ਬਿਨਾਂ ਸੁਰਿੰਦਰ ਕੌਰ ਦੀ ਗਾਇਕੀ ਤੋਂ ਪ੍ਰਭਾਵਤ ਵਿਦੇਸ਼ਾਂ ਵਿਚ ਬਹੁਤ ਸਰੋਤੇ ਬੈਠੇ ਹਨ ਉਨ੍ਹਾਂ ਦੇ ਸੱਦੇ ’ਤੇ ਕੈਨੇਡਾ, ਇੰਗਲੈਂਡ, ਅਮਰੀਕਾ, ਅਫ਼ਰੀਕਾ, ਯੂਰਪ, ਅਰਬ ਦੇਸ਼ ਅਤੇ ਹੋਰ ਵੀ ਕਈ ਥਾਵਾਂ ’ਤੇ ਜਾ ਕੇ ਗਾਉਣ ਦਾ ਮੌਕਾ ਮਿਲਿਆ।

ਸ਼ਿਵ ਕੁਮਾਰ ਦੇ ਲਿਖੇ ਗੀਤ ਸੁਰਿੰਦਰ ਕੌਰ ਦੀ ਅਵਾਜ਼ ਵਿਚ ‘ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ’ ਆਦਿ ਬਹੁਤ ਸਾਰੇ ਗੀਤ ਰੀਕਾਰਡ ਹੋਏ ਅਤੇ ਸਟੇਜਾਂ ’ਤੇ ਗਾਏ ਗਏ। ਨੰਦ ਲਾਲ ਨੂਰਪੁਰੀ ਦੇ ਗਾਏ ਗੀਤ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’, ‘ਚੰਨ ਵੇ ਸ਼ੌਕਣ ਮੇਲੇ ਦੀ’ ਆਦਿ ਬਹੁਤ ਸਾਰੇ ਗੀਤ ਰੀਕਾਰਡ ਹੋਏ। ਉਸ ਨੇ ਬਾਬਾ ਬੁਲ੍ਹੇ ਸ਼ਾਹ ਦੀਆਂ ਕਾਫ਼ੀਆਂ ਵੀ ਗਾਈਆਂ ਅਤੇ ‘ਚੰਨ ਕਿਥਾਂ ਗੁਜ਼ਾਰੀ ਆ ਰਾਤ ਵੇ’, ‘ਲੱਠੇ ਦੀ ਚਾਦਰ’ ਵਰਗੇ ਹੋਰ ਵੀ ਬਹੁਤ ਮਸ਼ਹੂਰ ਗੀਤ ਗਾਏ। ਸੁਰਿੰਦਰ ਕੌਰ ਨੇ ਕਈ ਕਲਾਕਾਰਾਂ ਨਾਲ ਗਾਇਆ ਅਤੇ ਉਨ੍ਹਾਂ ਨਾਲ ਬਹੁਤ ਸਾਰੇ ਦੋਗਾਣੇ ਰੀਕਾਰਡ ਕਰਵਾਏ ਜੋ ਸਦਾਬਹਾਰ ਹੋ ਕੇ ਰਹਿ ਗਏ।

ਸੁਰਿੰਦਰ ਕੌਰ ਨੇ ਅਣਗਿਣਤ ਦੋਗਾਣੇ ਗਾਉਣ ਨਾਲ ਨਾਲ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ।  1975 ਵਿਚ ਸੁਰਿੰਦਰ ਕੌਰ ਨੂੰ ਬਹੁਤ ਵੱਡਾ ਸਦਮਾ ਲਗਿਆ ਜਦ ਉਸ ਦੇ ਪਤੀ ਦੀ ਮੌਤ ਹੋ ਗਈ। ਸੁਰਿੰਦਰ ਕੌਰ ਦੀ ਵੱਡੀ ਧੀ ਡੌਲੀ ਗੁਲੇਰੀਆ ਵੀ ਗਾਇਕੀ ਦੇ ਖੇਤਰ ’ਚ ਵਧੀਆ ਮੁਕਾਮ ਹਾਸਲ ਕਰ ਚੁੱਕੀ ਹੈ। ਸੁਰਿੰਦਰ ਕੌਰ 2004 ਵਿਚ ਪੰਚਕੂਲੇ ਆ ਕੇ ਡੌਲੀ ਗੁਲੇਰੀਆ ਦੇ ਮਕਾਨ ਕੋਲ ਕਿਰਾਏ ’ਤੇ ਮਕਾਨ ਲੈ ਕੇ ਰਹਿਣ ਲੱਗ ਪਈ ਨਾਲ ਹੀ ਜ਼ੀਰਕਪੁਰ ਅਪਣੀ ਕੋਠੀ ਬਣਾਉਣੀ ਸ਼ੁਰੂ ਕਰ ਦਿਤੀ।

ਸੁਰਿੰਦਰ ਕੌਰ ਨੂੰ ਸਰਕਾਰੀ ਸਟੇਜਾਂ ’ਤੇ ਗਾਉਣ ਦਾ ਮੌਕਾ ਮਿਲਦਾ ਸੀ। ਕਈ ਵਾਰ ਉਹ ਸਟੇਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੁੰਦੀ ਸੀ। ਮੁੱਖ ਮੰਤਰੀ ਜੀ ਨੇ ਸਟੇਜ ’ਤੇ ਕਹਿਣਾ, “ਇਸ ਬੀਬੀ ਨੇ ਸਾਰੀ ਉਮਰ ਪੰਜਾਬ ਲਈ ਬਹੁਤ ਗਾਇਆ। ਹੁਣ ਸਾਡਾ ਫ਼ਰਜ਼ ਬਣਦਾ ਹੈ ਇਸ ਬੀਬੀ ਲਈ ਵਧੀਆ ਰਿਹਾਇਸ਼ੀ ਬੰਗਲਾ ਅਤੇ ਪੈਨਸ਼ਨ ਲਗਾ ਦਿਤੀ ਜਾਵੇ।’’ ਇਹ ਗੱਲ ਸੁਰਿੰਦਰ ਕੌਰ ਸੁਣ ਸੁਣ ਕੇ ਅੱਕ ਚੁੱਕੀ ਸੀ। ਇਕ ਦਿਨ ਭਾਵੁਕ ਹੋ ਕੇ ਬੋਲ ਪਈ ਕਹਿੰਦੀ, “ਇਹ ਕੁੱਝ ਦੇਣਾ ਕਦੋਂ ਹੈ ਜਦ ਮੈਂ ਮਰ ਗਈ?’’ ਪਰ ਪੰਜਾਬ ਸਰਕਾਰ ਨੇ ਸੁਰਿੰਦਰ ਕੌਰ ਨੂੰ ਲਾਰੇ-ਲਪਿਆਂ ਤੋਂ ਬਿਨਾਂ ਕੱੁਝ ਨਾ ਦਿਤਾ। 

ਸੁਰਿੰਦਰ ਕੌਰ ਨੇ 2000 ਤੋਂ ਵੱਧ ਗੀਤ ਗਾਏ। 1984 ਵਿਚ ਸੁਰਿੰਦਰ ਕੌਰ ਨੂੰ ਫ਼ੋਕ ਗਾਇਕੀ ਕਰ ਕੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨਿਤ ਕੀਤਾ। ਇੰਡੀਆ ਨੈਸ਼ਨਲ ਅਕੈਡਮੀ ਮਿਊਜ਼ਿਕ ਡਾਂਸ ਐਂਡ ਥੀਏਟਰ ਮਿਲੇਨੀਅਮ ਅਵਾਰਡ ਮਿਲਿਆ। ਜਨਵਰੀ 2006 ਵਿਚ ਹਰਿਆਣਾ ਸਰਕਾਰ ਦੀ ਸਿਫ਼ਾਰਸ਼ ’ਤੇ ਭਾਰਤ ਦੇ ਰਸ਼ਟਰਪਤੀ ਅਬਦੁਲ ਕਲਾਮ ਨੇ ਜੈ ਸ੍ਰੀ ਐਵਾਰਡ ਦਿਤਾ।

ਸੁਰਿੰਦਰ ਕੌਰ ਨੂੰ ਐਵਾਰਡ ਪ੍ਰਾਪਤ ਕਰਵਾਉਣ ਲਈ ਉਸ ਦੀਆਂ ਦੋ ਛੋਟੀਆਂ ਧੀਆਂ ਨੰਦਿਨੀ ਅਤੇ ਪ੍ਰਮੋਦਨੀ, ਜੋ ਅਮਰੀਕਾ ਰਹਿ ਰਹੀਆਂ ਹਨ, ਵੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਈਆਂ। ਮੂਹਰੇ ਗਰਮੀ ਦੀ ਰੁੱਤ ਆਉਂਦੀ ਹੋਣ ਕਰ ਕੇ ਅਤੇ ਸੁਰਿੰਦਰ ਕੌਰ ਦੀ ਤਬੀਅਤ ਬਹੁਤੀ ਠੀਕ ਨਾ ਹੋਣ ਕਰ ਕੇ ਇਸ ਦੀਆਂ ਬੇਟੀਆਂ ਇਸ ਨੂੰ ਨਾਲ ਅਮਰੀਕਾ ਲੈ ਗਈਆਂ ਪਰ ਜ਼ਹਾਜ਼ ਦੇ ਸਫ਼ਰ ਦੌਰਾਨ ਜ਼ਹਾਜ਼ ਵਿਚ ਠੰਢ ਜ਼ਿਆਦਾ ਹੋਣ ਕਰ ਕੇ ਸੁਰਿੰਦਰ ਕੌਰ ਨੂੰ ਨਿਮੋਨੀਆ ਹੋ ਗਿਆ। ਇਸ ਕਰ ਕੇ ਉਥੇ ਜਾਣ ਸਾਰ ਹੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ।

ਕੁੱਝ ਸਮਾਂ ਹਸਪਤਾਲ ਦਾਖ਼ਲ ਰਹਿਣ ਮਗਰੋਂ 15 ਜੂਨ 2006 ਨੂੰ ਲੱਖਾਂ ਚਾਹੁਣ ਵਾਲੇ ਸਰੋਤਿਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਈ। ਸੁਰਿੰਦਰ ਕੌਰ ਦਾ ਅੰਤਮ ਸਸਕਾਰ ਵੀ ਉਥੇ ਹੀ ਨਿਊ ਜਰਸੀ ਵਿਚ ਕਰ ਦਿਤਾ ਗਿਆ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ ਉਸ ਨੂੰ ‘ਪੰਜਾਬ ਦੀ ਕੋਇਲ’ ਦਾ ਖ਼ਿਤਾਬ ਦਿਤਾ।
-ਸੁਖਵਿੰਦਰ ਸਿੰਘ ਮੁੱਲਾਂਪੁਰ, ਸੰਪਰਕ : 99141-84794