ਦਮਦਾਰ ਆਵਾਜ਼ ਨਾਲ ਬਣਿਆ ਪੰਜਾਬੀ ਦਾ ਚਹੇਤਾ ਫ਼ਿਲਮੀ ਕਲਾਕਾਰ ਗੱਗੂ ਗਿੱਲ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਨਾਂ ਹੈ ਗੱਗੂ ਗਿੱਲ

File Photo

ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਨਾਂ ਹੈ ਗੱਗੂ ਗਿੱਲ। ਉਨ੍ਹਾਂ ਦੇ ਡਾਇਲਾਗ ਬੋਲਣ ਦਾ ਅੰਦਾਜ਼ ਲੋਕਾਂ ਦੇ ਦਿਲਾਂ ਵਿਚ ਵਸਿਆ ਹੋਇਆ ਹੈ, ਜਿਸ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਸਮੇਂ ਤਕ ਪੰਜਾਬੀ ਸਿਨੇਮੇ ’ਤੇ ਰਾਜ ਕੀਤਾ ਹੈ ਅਤੇ ਅੱਜ ਵੀ ਜਦੋਂ ਕਿਸੇ ਪੰਜਾਬੀ ਫ਼ਿਲਮ ਦੀ ਗੱਲ ਚਲਦੀ ਹੈ ਤਾਂ ਗੱਗੂ ਗਿੱਲ ਤੋਂ ਬਗ਼ੈਰ ਇਸ ਨੂੰ ਨੇਪਰੇ ਚੜ੍ਹੀ ਨਹੀਂ ਆਖਿਆ ਜਾ ਸਕਦਾ।

ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਹੁੰਦਿਆਂ ਹੋਇਆਂ ਵੀ ਗੱਗੂ ਗਿੱਲ ਸ਼ੌਕ ਨਾਲ ਅਪਣੇ ਜੱਦੀ ਪਿੰਡ ਮਾਹਣੀ ਖੇੜਾ ਵਿਖੇ ਰਹਿ ਕੇ ਅਪਣੀ ਹਸਦੀ ਵਸਦੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਕ ਚੰਗੇ ਸਟਾਰ ਅਤੇ ਘਰ ਤੋਂ ਆਰਥਕ ਪੱਖੋਂ ਮਜ਼ਬੂਤ ਹੋਣ ਦੇ ਨਾਤੇ ਗੱਗੂ ਗਿੱਲ ਮੁੰਬਈ, ਚੰਡੀਗੜ੍ਹ ਜਾਂ ਕਿਸੇ ਹੋਰ ਸ਼ਹਿਰ ਰਹਿ ਸਕਦੇ ਸਨ ਪਰ ਇਨ੍ਹਾਂ ਨੇ ਅਪਣੇ ਪਿੰਡ ਅਤੇ ਪੇਂਡੂ ਵਿਰਸੇ ਨੂੰ ਅਪਣੇ ਤੋਂ ਦੂਰ ਨਹੀਂ ਹੋਣ ਦਿਤਾ। ਪਾਲੀਵੁੱਡ ਫ਼ਿਲਮ ਇੰਡਸਟਰੀ ਵਿਚ ਵੀ ਗੱਗੂ ਗਿੱਲ ਦਾ ਕਾਫ਼ੀ ਬੋਲਬਾਲਾ ਹੈ।

ਗੱਗੂ ਗਿੱਲ ਦਾ ਜਨਮ ਪਿਤਾ ਸੁਰਜੀਤ ਸਿੰਘ ਗਿੱਲ ਦੇ ਘਰ 14 ਜਨਵਰੀ 1960 ਨੂੰ ਪਿੰਡ ਮਾਣੀਖੇੜਾ ਨੇੜੇ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਗੱਗੂ ਗਿੱਲ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ। ਅਪਣੇ ਅੱਠ ਭੈਣ-ਭਰਾਵਾਂ ਵਿਚੋਂ ਗੱਗੂ ਗਿੱਲ ਸੱਭ ਤੋਂ ਛੋਟੇ ਹਨ। ਗੱਗੂ ਗਿੱਲ ਦੇ ਦੋ ਪੁੱਤਰ ਹਨ, ਗੁਰਅੰਮਰਿਤ ਗਿੱਲ ਅਤੇ ਗੁਰਜੋਤ ਗਿੱਲ। ਗੁਰਅੰਮਰਿਤ ਗਿੱਲ ਪਿੰਡ ਦਾ ਸਰਪੰਚ ਵੀ ਰਹਿ ਚੁਕਿਆ ਹੈ। ਗੱਗੂ ਗਿੱਲ ਅੱਜ ਵੀ ਅਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸਾਰੇ ਪਿਆਰ ਕਰਨ ਵਾਲਿਆਂ ਵਿਚ ਚੰਗੇ ਇਨਸਾਨ ਵਜੋਂ ਜਾਣੇ ਜਾਂਦੇ ਹਨ ਅਤੇ ਸਾਰੇ ਲੋਕ ਬਹੁਤ ਇੱਜ਼ਤ ਅਤੇ ਪਿਆਰ ਕਰਦੇ ਹਨ।

ਚੰਗੇ ਹਥਿਆਰ, ਚੰਗੀਆਂ ਗੱਡੀਆਂ ਰਖਣਾ, ਘੋੜੇ ਪਾਲਣਾ, ਕੁੱਤੇ ਰਖਣਾ, ਅਸੀਲ ਮੁਰਗੇ ਰਖਣਾ, ਪਸ਼ੂ ਰਖਣਾ, ਕਬੂਤਰ ਰਖਣਾ ਗੱਗੂ ਗਿੱਲ ਦੇ ਸ਼ੌਕ ਹਨ। ਗੱਗੂ ਗਿੱਲ ਅਪਣੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰਖਦੇ ਹਨ। ਹਰ ਰੋਜ਼ ਸਰੀਰਕ ਫ਼ਿਟਨੈਸ ਲਈ ਸਵੇਰੇ ਉਠਦਿਆਂ ਹੀ ਸੱਭ ਤੋਂ ਪਹਿਲਾ ਕਸਰਤ ਕਰਦੇ ਹਨ। ਸਾਦੇ ਭੋਜਨ ਵਿਚ ਦੁੱਧ ਦਹੀਂ ਦੀ ਵਰਤੋਂ ਕਰਦੇ ਹਨ। ਗੱਗੂ ਗਿੱਲ ਦੀ ਚੰਗੀ ਸਿਹਤ ਦਾ ਰਾਜ਼ ਕਸਰਤ ਅਤੇ ਚੰਗਾ ਖਾਣਾ-ਪੀਣਾ ਹੈ। ਗੱਗੂ ਗਿੱਲ ਦੀ ਉਮਰ ਚਾਹੇ 60 ਸਾਲ ਦੇ ਕਰੀਬ ਹੋ ਗਈ ਹੈ ਪਰ ਸਰੀਰਕ ਫ਼ਿਟਨੈਸ ’ਤੇ ਧਿਆਨ ਦੇਣ ਕਰ ਕੇ ਅੱਜ ਵੀ ਨੌਜਵਾਨ ਹੀ ਦਿਸਦੇ ਹਨ ਜਿਸ ਦੀ ਚਰਚਾ ਅੱਜਕਲ੍ਹ ਦੇ ਪੰਜਾਬੀ ਗਾਣਿਆਂ ਵਿਚ ਆਮ ਹੀ ਵੇਖੀ ਜਾ ਸਕਦੀ ਹੈ।

ਗੱਗੂ ਗਿੱਲ ਨੂੰ ਫ਼ਿਲਮਾਂ ਵੇਖਣ ਦਾ ਬਹੁਤ ਸ਼ੌਕ ਸੀ। ਗੱਗੂ ਗਿੱਲ ਦੇ ਵੱਡੇ ਭਰਾ ਸ. ਰੁਪਿੰਦਰ ਗਿੱਲ ਅਤੇ ਉਨ੍ਹਾਂ ਦੇ ਦੋਸਤ ਬਲਦੇਵ ਖੋਸਾ  ਦੋਹਾਂ ਨੇ ਫ਼ਿਲਮ ‘ਪੁੱਤ ਜੱਟਾਂ ਦੇ’ ਬਣਾਈ ਜਿਸ ਦੀ ਸ਼ੂਟਿੰਗ ਪਿੰਡ ਗੱਗੂ ਗਿੱਲ ਦੇ ਪਿੰਡ ਮਾਣੀਖੇੜਾ ਵਿਚ ਹੀ ਹੋਈ। ਇਸੇ ਦੌਰਾਨ ਗੱਗੂ ਗਿੱਲ ਨੇ ਬਲਦੇਵ ਨੂੰ ਸਿਫ਼ਾਰਸ਼ ਕੀਤੀ ਸੀ ਕਿ ਉਹ ਅਪਣੇ ਕੁੱਤੇ, ਉਨ੍ਹਾਂ ਦੀ ਫ਼ਿਲਮ ’ਚ ਵਿਖਾਉਣਾ ਚਾਹੁੰਦੇ ਹਨ ਤਾਂ ਫ਼ਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇਕ ਡਾਇਲਾਗ ਵੀ ਦਿਤਾ। ਇਹ ਡਾਇਲਾਗ ਪੰਜਾਬ ਦੇ ਲੋਕਾਂ ਨੂੰ ਬੇਹੱਦ ਪਸੰਦ ਆਇਆ। ਉਨ੍ਹਾਂ ਦਾ ਇਹ ਡਾਇਲਾਗ ਹਰ ਇਕ ਦੀ ਜ਼ੁਬਾਨ ’ਤੇ ਚੜ੍ਹ ਗਿਆ।

ਇਸ ਤੋਂ ਬਾਅਦ ਗੱਗੂ ਗਿੱਲ ਨੂੰ ਉਨ੍ਹਾਂ ਦੀ ਪਹਿਲੀ ਫ਼ਿਲਮ ‘ਗੱਭਰੂ ਪੰਜਾਬ ਦੇ’ ਮਿਲੀ, ਜਿਸ ’ਚ ਉੁਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ’ਚ ਗੁਰਦਾਸ ਮਾਨ ਮੁੱਖ ਭੂਮਿਕਾ ’ਚ ਸਨ। ਇਸ ਫ਼ਿਲਮ ਲਈ ਉਨ੍ਹਾਂ ਨੂੰ ਸਰਬੋਤਮ ਖਲਨਾਇਕ ਦੀ ਅਦਾਕਾਰੀ ਕਰਨ ਦਾ ਪੁਰਸਕਾਰ ਵੀ ਮਿਲਿਆ ਸੀ। ਇਹ ਫ਼ਿਲਮ ਗੱਗੂ ਗਿੱਲ  ਲਈ ਸਿਰਫ਼ ਇਕ ਸਕਰੀਨ ਟੈਸਟ ਹੀ ਸੀ। ਬਾਹਰ ਦੀ ਪਹਿਲੀ ਫ਼ਿਲਮ ਗੱਗੂ ਗਿੱਲ ਨੇ ‘ਜੱਟ ਤੇ ਜ਼ਮੀਨ’, ਵਰਿੰਦਰ ਜੀ ਨਾਲ ਕੀਤੀ। ਉਸ ਤੋਂ ਬਾਅਦ ਗੱਗੂ ਗਿੱਲ ਦਾ ਅਸਲ ਫ਼ਿਲਮੀ ਦੌਰ ਸ਼ੁਰੂ ਹੋਇਆ।

ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ, ਜਿਨ੍ਹਾਂ ’ਚ ‘ਕੁਰਬਾਨੀ ਜੱਟ ਦੀ’, ‘ਅਣਖ ਜੱਟਾਂ ਦੀ’, ‘ਬਦਲਾ ਜੱਟੀ ਦਾ’, ‘ਜੱਟ ਜਿਊਣਾ ਮੋੜ’, ‘ਜ਼ੈਲਦਾਰ’, ‘ਜੱਟ ਤੇ ਜ਼ਮੀਨ’, ‘ਬਾਗੀ ਸੂਰਮੇ’, ‘ਮਿਰਜ਼ਾ ਜੱਟ’, ‘ਵੈਰੀ’, ‘ਮੁਕੱਦਰ’, ‘ਟਰੱਕ ਡਰਾਈਵਰ’, ‘ਲਲਕਾਰਾ ਜੱਟੀ ਦਾ’, ‘ਜੰਗ ਦਾ ਮੈਦਾਨ’, ‘ਪ੍ਰਤਿਗਿਆ’, ‘ਜੱਟ ਬੁਆਏਜ਼’, ‘ਪੁੱਤ ਜੱਟਾਂ ਦੇ’ ਸਮੇਤ ਹੋਰ ਨਾਂ ਸ਼ਾਮਲ ਹਨ।

ਦੱਸਣਯੋਗ ਹੈ ਕਿ ਗੱਗੂ ਗਿੱਲ ਪੰਜਾਬ ਦੀਆਂ ਨਾਮਵਰ ਹਸਤੀਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਚੰਗੀ ਅਦਾਕਾਰੀ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ। ਸਾਲ 1992 ’ਚ ਉਨ੍ਹਾਂ ਨੂੰ ਸਰਬੋਤਮ ਹੀਰੋ ਐਵਾਰਡ ਨਾਲ ਸਨਮਾਨਿਤ ਕੀਤੀ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਗੱਗੂ ਗਿੱਲ ਨੂੰ ਕੁੱਤੇ ਤੇ ਘੋੜੀਆਂ ਰੱਖਣ ਦਾ ਬਹੁਤ ਜ਼ਿਆਦਾ ਸ਼ੌਕ ਹੈ।

ਪਹਿਲੇ ਸਮਿਆਂ ਵਿਚ ਪੰਜਾਬੀ ਫ਼ਿਲਮਾਂ ਬਹੁਤ ਘੱਟ ਬਜਟ ਦੀਆਂ ਹੁੰਦੀਆਂ ਸਨ ਜਿਸ ਕਰ ਕੇ ਕਲਾਕਾਰਾਂ ਨੂੰ ਵੀ ਮਿਹਨਤਾਨਾ ਕਾਫੀ ਘੱਟ ਦਿਤਾ ਜਾਂਦਾ ਸੀ ਪਰ ਅੱਜਕਲ੍ਹ ਪੰਜਾਬੀ ਫ਼ਿਲਮਾਂ ਦਾ ਬਜਟ ਕਈ ਕਰੋੜਾਂ ਤਕ ਪਹੁੰਚ ਚੁੱਕਾ ਹੈ ਜਿਸ ਕਰ ਕੇ ਹੁਣ ਪੰਜਾਬੀ ਫ਼ਿਲਮ ਦੇ ਕਲਾਕਾਰ ਚੰਗਾ ਪੈਸਾ ਕਮਾ ਰਹੇ ਹਨ। ਪਰ ਗੱਗੂ ਗਿੱਲ ਨੇ ਅਪਣੀ ਪੂਰੀ ਫ਼ਿਲਮੀ ਜ਼ਿੰਦਗੀ ਵਿਚ ਹਮੇਸ਼ਾ ਹੀ ਚੰਗੇ ਦਮਦਾਰ ਰੋਲ ਨੂੰ ਤਰਜੀਹ ਦਿਤੀ ਨਾ ਕਿ ਪੈਸੇ ਨੂੰ। ਗੱਗੂ ਗਿੱਲ ਨੂੰ ਫ਼ਿਲਮਾਂ ਵਿਚ ਕੰਮ ਲੈਣ ਲਈ ਮੁੰਬਈ ਜਾ ਚੰਡੀਗੜ੍ਹ ਵਿਖੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਡਾਇਰੈਕਟਰ ਜਾਂ ਪ੍ਰੋਡਿਊਸਰ ਪਿੰਡ ਮਾਣੀਖੇੜਾ ਵਿਖੇ ਹੀ ਗੱਗੂ ਗਿੱਲ ਨਾਲ ਸੰਪਰਕ ਕਰਦੇ ਹਨ ।

-ਸੰਦੀਪ ਕੰਬੋਜ, ਸੰਪਰਕ ਨੰਬਰ : 98594-00002