ਪੰਜਾਬੀ ਸਾਹਿਤ ਦੇ ਅੰਬਰਾਂ 'ਤੇ ਚਮਕਦਾ ਤਾਰਾ ਸ਼ਿਵਚਰਨ ਜੱਗੀ ਕੁੱਸਾ

ਏਜੰਸੀ

ਸ਼ਿਵਚਰਨ ਜੱਗੀ ਕੁੱਸਾ ਨੇ ਪੰਜਾਬੀ ਫ਼ਿਲਮ “ਸਾਡਾ ਹੱਕ'' ਤੇ “ਤੁਫ਼ਾਨ ਸਿੰਘ'' ਦੇ ਡਾਇਲਾਗ ਵੀ ਲਿਖੇ

Shivcharan Jaggi Kussa

ਪੰਜਾਬੀ ਸਾਹਿਤ ਜਗਤ ਦੇ ਉੱਚੇ ਅੰਬਰਾਂ 'ਤੇ ਤਾਰੇ ਵਾਂਗ ਚਮਕਦਾ ਸਾਹਿਤਕਾਰ ਸ਼ਿਵਚਰਨ ਜੱਗੀ ਕੁੱਸਾ ਕਿਸੇ ਰਸਮੀ ਤੁਆਰੁਫ਼ ਦਾ ਮੁਥਾਜ ਨਹੀਂ। ਉਹ ਪੰਜਾਬੀ ਦੇ ਮਾਣ-ਮੱਤੇ ਸਾਹਿਤਕਾਰਾਂ 'ਚੋਂ ਇਕ ਹੈ। ਨਿੱਗਰ ਸੋਚ ਦੇ ਧਾਰਨੀ ਇਸ ਸੁਘੜ-ਸਿਆਣੇ ਸਾਹਿਤਕਾਰ  ਕੋਲ ਪੰਜਾਬੀ ਬੋਲੀ ਸ਼ੈਲੀ ਦੀ ਅਮੀਰੀ ਅਤੇ ਸ਼ਬਦਾਂ ਦਾ ਅਥਾਹ ਭੰਡਾਰ ਹੈ। ਉਸ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਹੌਕੇ-ਹਾਵਿਆਂ, ਦੁੱਖ-ਤਕਲੀਫ਼ ਅਤੇ ਖ਼ੁਸ਼ੀਆਂ-ਗ਼ਮੀਆਂ ਨੂੰ ਅਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ।

ਅਸਲ ਵਿਚ ਸ਼ਿਵਚਰਨ ਜੱੱਗੀ ਕੁੱਸਾ ਅਪਣੀ ਮਿੱਟੀ ਨਾਲ ਜੁੜਿਆ ਹੋਇਆ ਪ੍ਰਪੱਕ ਅਤੇ ਸੰਵੇਦਨਸ਼ੀਲ ਲੇਖਕ ਹੈ। ਜੱਗੀ ਕੁੱਸਾ ਦਾ ਜਨਮ ਮਾਤਾ ਗੁਰਨਾਮ ਕੌਰ ਦੀ ਕੁਖੋਂ, ਪਿਤਾ ਪੰਡਤ ਬ੍ਰਹਮਾ ਨੰਦ ਦੇ ਘਰ 1 ਅਕਤੂਬਰ 1965 ਨੂੰ ਜਿਲ੍ਹਾ ਮੋਗਾ ਦੇ ਛੋਟੇ ਜਿਹੇ ਪਿੰਡ “ਕੁੱਸਾ'' ਵਿਖੇ ਹੋਇਆ। ਉਸ ਨੇ ਅਪਣੀ ਮੁਢਲੀ ਤਾਲੀਮ ਲਾਗਲੇ ਪਿੰਡ ਤਖ਼ਤੂਪੁਰਾ ਦੇ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਡੀ. ਐਮ. ਕਾਲਜ ਮੋਗਾ ਵਿਖੇ ਦਾਖ਼ਲਾ ਲਿਆ।

ਇਥੇ ਕੁੱਝ ਮਹੀਨੇ ਲਾਉਣ ਉਪਰੰਤ ਉਹ ਉਚੇਰੀ ਪੜ੍ਹਾਈ ਲਈ ਸੱਤ ਸਮੁੰਦਰ ਪਾਰ ਯੂਰਪੀ ਦੇਸ਼ ਆਸਟਰੀਆ ਚਲਾ ਗਿਆ, ਜਿਥੇ ਉਸ ਨੇ ਯੂਨੀਵਰਸਿਟੀ ਪੱਧਰ ਦੀ ਚਾਰ ਸਾਲ ਦੀ ਪੜ੍ਹਾਈ ਪੂਰੀ ਕਰਦਿਆਂ ਕੁੱਝ ਸਮਾਂ ਮਜ਼ਦੂਰੀ ਵੀ ਕੀਤੀ। ਸ਼ਿਵਚਰਨ ਜੱਗੀ ਕੁੱਸਾ ਨੇ  ਅਪ੍ਰੈਲ 1986 ਤੋਂ ਅਪ੍ਰੈਲ 2006 ਤਕ ਆਸਟਰੀਆ ਅਤੇ ਜਰਮਨ ਬਾਰਡਰ ਪੁਲੀਸ ਵਿਚ ਨੌਕਰੀ ਕੀਤੀ।

ਮੋਗੇ ਪੜ੍ਹਦਿਆਂ ਸ਼ਿਵਚਰਨ ਜੱਗੀ ਕੁੱਸਾ ਨੇ  ਗਾਇਕ ਅਤੇ ਐਕਟਰ ਬਣਨ ਦੇ ਸੁਪਨੇ ਵੀ ਸੰਜੋਏ  ਸਨ। ਇਥੇ ਪੜ੍ਹਦਿਆਂ ਉਸ ਦੇ ਮਨ ਨੂੰ ਅਜਿਹੀ ਠੇਸ ਵੀ ਲੱਗੀ ਕਿ ਉਸ ਨੇ ਸੱਭ ਕੁੱਝ ਛੱਡ-ਛੁਡਾ ਕੇ ਸਾਧ ਬਣਨ ਬਾਰੇ ਵੀ ਸੋਚ ਲਿਆ ਪਰ ਉਹ ਲਿਖਣ ਵਲ ਨੂੰ ਹੋ ਤੁਰਿਆ ਤੇ ਪੰਜਾਬੀ ਦਾ ਪ੍ਰਵਾਨਤ ਸਾਹਿਤਕਾਰ ਬਣ ਗਿਆ। ਸ਼ਿਵਚਰਨ ਜੱਗੀ ਕੁੱਸਾ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ।

ਉਸ ਦੇ ਪਿੰਡ ਦੇ ਜੰਮਪਲ ਕ੍ਰਾਂਤੀਕਾਰੀ ਲੇਖਕ ਓਮ ਪ੍ਰਕਾਸ਼ ਕੁੱਸਾ ਨੇ ਉਸ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਦੀ ਡਾਢੀ ਚੇਟਕ ਲਾ ਦਿਤੀ ਸੀ। ਸ਼ਿਵਚਰਨ ਨੇ ਅਪਣੇ ਪਿੰਡ ਦੇ ਨਾਮਵਰ ਨਾਵਲਕਾਰ ਸਵਰਗੀ ਕਰਮਜੀਤ ਕੁੱਸਾ ਤੋਂ ਲੈ ਕੇ ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨੋ ਨਹੀਂ ਛਡਿਆ। ਬਾਹਰ ਜਾ ਕੇ ਬਾਹਰਲੇ ਲੇਖਕ ਰਸੂਲ ਹਮਜ਼ਾਤੋਵ ਤੋਂ ਲੈ ਕੇ ਲਿਓ ਟਾਲਸਟਾਏ ਤਕ ਨਿਠ ਕੇ ਪੜ੍ਹੇ।

ਆਸਟਰੀਆ ਦੇ ਜੰਮਪਲ ਅਤੇ ਪਿਛੋਂ ਜਰਮਨ ਦੇ ਡਿਕਟੇਟਰ ਬਣੇ ਆਡੋਲਫ਼ ਹਿਟਲਰ ਦੀ ਕਿਤਾਬ “ਮੇਰੀ ਜੰਗ'' ਤਾਂ ਉਹ ਕਿੰਨੀ ਹੀ ਵਾਰ ਪੜ੍ਹ ਚੁਕਾ ਹੈ। ਅਸਲ ਵਿਚ ਪੜ੍ਹਨ ਦੇ ਇਸ ਜਨੂੰਨ ਵਿਚੋਂ ਹੀ ਉਸ ਅੰਦਰ ਲਿਖਣ ਦੇ ਸ਼ੌਕ ਨੇ ਜਨਮ ਲਿਆ। ਸ਼ਿਵਚਰਨ ਜੱਗੀ ਕੁੱਸਾ ਦੇ ਹੁਣ ਤਕ “ਜੱਟ ਵਢਿਆ ਬੋਹੜ ਦੀ ਛਾਵੇਂ'' ਤੋਂ ਲੈ ਕੇ “ਕੁੱਲੀ ਯਾਰ ਦੀ ਸੁਰਗ ਦਾ ਝੂਟਾ'' ਤਕ ਕੁਲ 22 ਨਾਵਲ ਛਪ ਚੁਕੇ ਹਨ।

ਇਸ ਤੋਂ ਇਲਾਵਾ ਚਾਰ ਕਹਾਣੀ ਸੰਗ੍ਰਹਿ, ਚਾਰ ਵਿਅੰਗ ਸੰਗ੍ਰਹਿ, ਇਕ ਕਵਿਤਾ ਸੰਗ੍ਰਹਿ “ਤੇਰੇ ਤੋਂ ਤੇਰੇ ਤਕ'', ਇਕ “ਸੱਚ ਆਖਾਂ ਤਾਂ ਭਾਂਬੜ ਮਚਦਾ'' ਨਾਂ ਦਾ ਲੇਖ ਸੰਗ੍ਰਹਿ, ਜਿਸ ਵਿਚ ਯਾਸਰ ਅਰਾਫ਼ਤ ਤੋਂ ਲੈ ਕੇ ਸੱਦਾਮ ਹੁਸੈਨ ਬਾਰੇ ਲਿਖੇ ਹੋਏ ਲੇਖ ਸ਼ਾਮਲ ਕੀਤੇ ਗਏ ਹਨ। ਸ਼ਿਵਚਰਨ ਜੱਗੀ ਕੁੱਸਾ ਦੀ ਇਹ ਵੀ ਇਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਕਿ ਇਕ ਸੰਸਥਾ ਉਸ ਦੇ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਕੇ ਛਾਪ  ਰਹੀ ਹੈ।  

ਸ਼ਿਵਚਰਨ ਜੱਗੀ ਕੁੱਸਾ ਨੇ ਪੰਜਾਬੀ ਫ਼ਿਲਮ “ਸਾਡਾ ਹੱਕ'' ਤੇ “ਤੁਫ਼ਾਨ ਸਿੰਘ'' ਦੇ ਡਾਇਲਾਗ ਵੀ ਲਿਖੇ ਹਨ। ਇਸ ਤੋਂ ਇਲਾਵਾ “ਸੂਲੀ ਚੜ੍ਹਿਆ ਚੰਦਰਮਾ'' ਅਤੇ “ਦ ਬਲੀਡਿੰਗ ਸੋਲ'' ਆਦਿ ਕਈ ਲਘੂ ਫ਼ਿਲਮਾਂ ਦੀ ਕਹਾਣੀ ਵੀ ਉਸ ਦੁਆਰਾ ਲਿਖੀ ਗਈ ਹੈ। ਸ਼ਿਵਚਰਨ ਜੱਗੀ ਕੁੱਸਾ ਨੇ ਦਸਿਆ ਕਿ ਉਹ ਤਿੰਨ ਵੱਡੀਆਂ ਫ਼ਿਲਮਾਂ 'ਤੇ ਕੰਮ ਕਰ ਰਿਹਾ ਹੈ ਅਤੇ ਕਈ ਟੀ.ਵੀ. ਚੈਨਲਾਂ ਨਾਲ ਸੀਰੀਅਲ ਬਾਰੇ ਗੱਲ ਚੱਲ ਰਹੀ ਹੈ।

ਅੰਗਰੇਜ਼ੀ ਅਨੁਵਾਦਾਂ ਨੂੰ ਮਿਲਾ ਕੇ ਹੁਣ ਤਕ 35 ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਕਰਵਾ ਚੁਕੇ ਇਸ ਮਾਣ-ਮੱਤੇ ਸਾਹਿਤਕਾਰ ਨੇ ਕਦੇ ਵੀ ਕੋਈ ਕਿਤਾਬ ਨਾਂ ਤਾਂ ਖ਼ੁਦ ਰਿਲੀਜ਼ ਕੀਤੀ ਹੈ ਅਤੇ ਨਾ ਹੀ ਕਿਸੇ ਸਾਹਿਤਕ ਸੰਸਥਾ ਤੋਂ ਕਰਵਾਈ ਹੈ। ਉਹ ਫ਼ੋਕੀ ਖ਼ੁਸ਼ਾਮਦੀ ਰਿਵਾਜ਼ਾਂ ਤੋਂ ਅਕਸਰ ਦੂਰ ਹੀ ਰਹਿੰਦਾ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਤੁਹਾਡੀ ਲਿਖਤ 'ਚ ਦਮ ਹੈ, ਤਾਂ ਪਾਠਕਾਂ ਦੀ ਅੱਖੋਂ ਪਰੋਖੇ ਨਹੀਂ ਰਹਿ ਸਕਦੀ। ਪ੍ਰੋ. ਮੋਹਨ ਸਿੰਘ ਦੇ ਮੇਲੇ 'ਤੇ ਬਲਵੰਤ ਗਾਰਗੀ ਪੁਰਸਕਾਰ, ਪੰਜਾਬੀ ਸੱਥ ਵਲੋਂ ਨਾਨਕ ਸਿੰਘ ਨਾਵਲਿਸਟ ਐਵਾਰਡ ਅਤੇ ਹੋਰ ਵੀ ਅਨੇਕਾਂ ਗੋਲਡ ਮੈਡਲ ਤੇ ਅਚੀਵਮੈਂਟ ਐਵਾਰਡ ਮਿਲ ਚੁਕੇ ਹਨ। ਰੂਹ ਪੱਖੋਂ ਰਜਿਆ ਪੁਜਿਆ ਸ਼ਿਵਚਰਨ ਜੱਗੀ ਕੁੱਸਾ ਅੱਜ ਕੱਲ੍ਹ ਅਪਣੇ ਪ੍ਰਵਾਰ ਸਮੇਤ ਲੰਡਨ ਵਿਖੇ ਖ਼ੁਸ਼ੀਆਂ ਭਰੀ ਜ਼ਿੰਦਗੀ ਬਸਰ ਕਰ ਰਿਹਾ ਹੈ।
ਮੋਬਾਈਲ : 97000 55059
ਯਸ਼ ਕੁਮਾਰ