Prof. Gurdial Singh: ਵਿਸ਼ਵ ਪ੍ਰਸਿੱਧ ਲੇਖਕ ਪਦਮਸ਼੍ਰੀ ਗਿਆਨਪੀਠ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਲਮ ਨਾਲ ਉਨ੍ਹਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ੍ਹਾਂ ਜੋ ਵੀ ਲਿਖਿਆ ਉਸ ਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ।

World famous writer Padmashree Gyanpith Novelist Prof. Gurdial Singh

Prof. Gurdial Singh: ਅਪਣੀ ਵੱਡਮੁੱਲੀ ਸਾਹਿਤਕ ਘਾਲਣਾ ਦੀ ਬਦੌਲਤ ਸਾਹਿਤ ਜਗਤ ਦਾ ਵਕਾਰੀ ਪੁਰਸਕਾਰ ਗਿਆਨਪੀਠ ਮਾਂ ਬੋਲੀ ਪੰਜਾਬੀ ਦੀ ਝੋਲੀ ਪੁਆਉਣ ਵਾਲੇ ਪੰਜਾਬੀ ਸਾਹਿਤ ਜਗਤ ਦੇ ਅਜ਼ੀਮ ਹਸਤਾਖ਼ਰ ਵਿਸ਼ਵ ਪ੍ਰਸਿੱਧ ਲੇਖਕ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦਾ ਵਿਆਹ 13 ਸਾਲ ਦੀ ਉਮਰ ਵਿਚ ਬਲਵੰਤ ਕੌਰ ਨਾਲ ਹੋਇਆ ਅਤੇ 16 ਅਗੱਸਤ, 2016 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਹ ਪ੍ਰਵਾਰ ’ਚ ਪਤਨੀ ਬਲਵੰਤ ਕੌਰ, ਬੇਟਾ ਰਵਿੰਦਰ ਸਿੰਘ ਰਾਹੀ, ਦੋ ਬੇਟੀਆਂ ਮਨਜੀਤੀ ਅਤੇ ਸੁਮੀਤੀ ਅਤੇ ਪੋਤਰਿਆਂ ਨੂੰ ਛੱਡ ਗਏ ਹਨ।

ਉਨ੍ਹਾਂ ਨੇ ਮੁਢਲੀ ਸਿਖਿਆ ਜੈਤੋ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਫਿਰ ਉਨ੍ਹਾਂ ਨੇ ਗਿਆਨੀ, ਬੀ.ਏ ਅਤੇ ਐਮ.ਏ (ਪੰਜਾਬੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਉਹ 1945 ਤੋਂ 1953 ਤਕ ਕਾਰਪੇਂਟਰ ਦਾ ਕੰਮ ਕਰਦੇ ਰਹੇ, ਫਿਰ 1954 ਤੋਂ 62 ਤਕ ਪ੍ਰਾਇਮਰੀ ਸਕੂਲ ਦੇ ਅਧਿਆਪਕ, 1963 ਤੋਂ 1970 ਤਕ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਧਿਆਪਕ, 1970 ਤੋਂ 86 ਤਕ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੰਜਾਬੀ ਲੈਕਚਰਾਰ, 1987 ਤੋਂ 1992 ਤਕ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਵਿਖੇ ਰੀਡਰ, 1992 ਤੋਂ 1995 ਤਕ ਉਥੇ ਹੀ ਪੰਜਾਬੀ ਦੇ ਪ੍ਰੋਫ਼ੈਸਰ ਰਹੇ। ਉਹ ਭਾਰਤ ਦੇ ਮਹਾਨ ਲੇਖਕ ਸਨ ਜਿਨ੍ਹਾਂ ਨੂੰ ਨਾਵਲ ਲਿਖਣ ਤੇ ਭਾਰਤ ਦੇ ਪ੍ਰਸਿੱਧ ਗਿਆਨ ਪੀਠ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ,‘ਜਵਾਹਰ ਲਾਲ ਨਹਿਰੂ’ ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸੁਸਜਤ ਮਾਂ-ਬੋਲੀ ਦੇ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ।

ਉਨ੍ਹਾਂ ਚਿੱਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ੍ਹਾਂ ਗਾਇਕੀ ਸ਼ੁਰੂ ਕੀਤੀ ਤੇ ਅਪਣੇ ਨਗਰ ਜੈਤੋ ਦੇ ਗੁਰਦਵਾਰਾ ਗੰਗਸਰ ਵਿਚ ਉਹ ਕੀਰਤਨ ਵੀ ਕਰਦੇ ਰਹੇ। ਇਥੇ ਵੀ ਜਦ ਉਨ੍ਹਾਂ ਦੀ ਤਿ੍ਰਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵਲ ਮੁੜੇ ਤੇ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ੍ਹਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’।

ਕਲਮ ਨਾਲ ਉਨ੍ਹਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ੍ਹਾਂ ਜੋ ਵੀ ਲਿਖਿਆ ਉਸ ਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ੍ਹਾਂ ਦੇ ਪਹਿਲੇ ਕਹਾਣੀ-ਸੰਗਿ੍ਰਹ ‘ਸੱਗੀ ਫੁੱਲ’ ਨਾਲ ਉਹ ਕਹਾਣੀਕਾਰ ਤੇ ‘ਸੱਗੀ-ਫੁੱਲ ਵਾਲਾ ਗੁਰਦਿਆਲ ਸਿੰਘ’ ਬਣ ਗਏ। ਉਨ੍ਹਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ੍ਹਾਂ ਦਾ ਪਲੇਠਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਤ ਹੋਇਆ ਜਿਸ ਨੂੰ ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ ‘ਟ੍ਰੈਂਡ ਸੈਟਰ’ ਕਰਾਰ ਦਿਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸ ਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੰਨ੍ਹੇ ਘੋੜੇ ਦਾ ਦਾਨ’ ’ਤੇ ਆਧਾਰਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰ-ਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੇ ਨਾਵਲ ‘ਅਣਹੋਏ’, ‘ਕੁਵੇਲਾ’, ‘ਪਹੁ ਫੁਟਾਲੇ ਤੋਂ ਪਹਿਲਾਂ’, ‘ਪਰਸਾ’, ‘ਰੇਤੇ ਦੀ ਇਕ ਮੁਠੀ’ ਅਤੇ ‘ਆਹਣ’ ਤੋਂ ਇਲਾਵਾ ਕਈ ਕਹਾਣੀ-ਸੰਗ੍ਰਹਿਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ ‘ਗਿਆਨਪੀਠ ਪੁਰਸਕਾਰ’ ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਲੇਖਕ ਸਨ। ਉਨ੍ਹਾਂ ਸੰਸਾਰ ਸਾਹਿਤ ਦੀਆਂ ਕਈ ਉਚਤਮ ਕਿਰਤਾਂ ਦੇ ਪੰਜਾਬੀ ਅਨੁਵਾਦ ਕਰ ਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨ੍ਹਾਂ ਦੀ ਸਵੈ-ਜੀਵਨੀ ‘ਨਿਆਣਮੱਤੀਆਂ’ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਦੇ ਵਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ।

ਮੈਂ 2002 ਵਿਚ ਐਮ. ਐਸ.ਸੀ (ਆਈ .ਟੀ) ਕਰਨ ਦੌਰਾਨ ਅਪਣਾ ਪ੍ਰਾਜੈਕਟ ਤਿਆਰ ਕਰਨਾ ਸੀ ਤਾਂ ਮੇਰੇ ਖ਼ਿਆਲ ਵਿਚ ਆਇਆ ਕਿ ਕਿਉਂ ਨਾ ਸਾਡੀ ਜੈਤੋ ਮੰਡੀ ਦਾ ਨਾਮ ਪੂਰੇ ਸੰਸਾਰ ਵਿਚ ਪ੍ਰਸਿੱਧ ਕਰਨ ਵਾਲੇ ਪ੍ਰੋ: ਗੁਰਦਿਆਲ ਸਿੰਘ ਦੀ ਜੀਵਨੀ ਤੇ ਹੀ ਪ੍ਰਾਜੈਕਟ ਤਿਆਰ ਕੀਤਾ ਜਾਵੇ ਤਾਂ ਮੈਂ ਅਪਣੇ ਸਾਥੀ ਪੰਕਜ ਮਿੱਤਲ ਨਾਲ ਰਲ ਕੇ ਇਹ ਪ੍ਰਾਜੈਕਟ ਤਿਆਰ ਕਰਨ ਸਬੰਧੀ ਪ੍ਰੋ. ਗੁਰਦਿਆਲ ਸਿੰਘ ਨੂੰ ਮਿਲੇ ਤੇ ਉਨ੍ਹਾਂ ਦੀ ਸਹਿਮਤੀ ਲਈ। ਉਨ੍ਹਾਂ ਸਾਨੂੰ ਅਪਣੀ ਪੂਰੀ ਜੀਵਣੀ, ਪ੍ਰਾਪਤੀਆਂ, ਲਿਟਰੇਚਰ ਵਰਕ ਆਦਿ ਸਬੰਧੀ ਭਰਪੂਰ ਜਾਣਕਾਰੀ, ਫ਼ੋਟੋ ਆਦਿ ਮੁਹਈਆ ਕਰਵਾਏ। ਅਸੀਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਜਾਣਾ ਤਾਂ ਉਹ ਹਰ ਸਮੇਂ ਅਪਣੇ ਘਰ ਦੇ ਉਪਰ ਬਣੇੇ ਚੁੁੁਬਾਰੇ ਵਿਚ ਲਿਖ ਰਹੇ ਹੁੰਦੇ ਸਨ ਜਿਥੇ ਕਿ ਅੱਜਕਲ ਪ੍ਰੋ. ਗੁਰਦਿਆਲ ਸਿੰਘ ਮਿਊਜ਼ੀਅਮ ਖੋਲ੍ਹਿਆ ਹੋਇਆ ਹੈ। ਉਹ ਬੜੇ ਹੀ ਪਿਆਰ ਨਾਲ ਹੌਲੀ ਹੌਲੀ ਬੋਲ ਕੇ ਸਾਡੇ ਨਾਲ ਗੱਲਾਂ ਕਰਦੇ ਤੇ ਨਸੀਹਤ ਦਿੰਦੇ ਸਨ ਤੇ ਉਨ੍ਹਾਂ ਦੀ ਧਰਮ ਪਤਨੀ ਮਾਤਾ ਬਲਵੰਤ ਕੌਰ ਜੀ ਸਾਨੂੰ ਸਵਾਦ ਜਿਹੀ ਚਾਹ ਤੇ ਘਰ ਦੀ ਬਣੀ ਬਰਫ਼ੀ ਖਵਾਏ ਬਿਨਾਂ ਘਰੋਂ ਜਾਣ ਨਹੀਂ ਦਿੰਦੇ ਸਨ।

ਜਦੋਂ ਸਾਡਾ ਇਹ ਪ੍ਰਾਜੈਕਟ “ਬਾਇਉਗ੍ਰਾਫ਼ੀ ਆਫ਼ ਪੋ੍ਰ. ਗੁਰਦਿਆਲ ਸਿੰਘ” ਯੂਨੀਵਰਸਿਟੀ ਵਿਚ ਸਬਮਿਟ ਕਰਵਾਇਆ ਗਿਆ ਤਾਂ ਨਤੀਜਾ ਆਉਣ ਤੇ ਇਸ ਪ੍ਰਾਜੈਕਟ ਵਿਚੋਂ ਅਸੀਂ ਸੱਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਨਤੀਜੇ ਵਜੋਂ ਅੱਜ ਅਸੀਂ ਦੋਨੋਂ ਸਾਥੀ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਰਹੇ ਹਾਂ। ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਜੈਤੋ ਮੰਡੀ ਦਾ ਨਾਮ ਪੂਰੇ ਸੰਸਾਰ ਵਿਚ ਪ੍ਰਸਿੱਧ ਕੀਤਾ ਜਿਸ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਾਣ ਹੈ।
-ਪ੍ਰਮੋਦ ਧੀਰ, ਜੈਤੋ ਮੰਡੀ (ਫ਼ਰੀਦਕੋਟ), 98550-31081

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।