Om Parkash Gaso: ਪੰਜਾਬੀ ਸਾਹਿਤ ਰਤਨ ਨਾਵਲਕਾਰ ਓਮ ਪ੍ਰਕਾਸ਼ ਗਾਸੋ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਨਾਵਲਕਾਰ ਗਾਸੋ ਨੇ ਜ਼ਿੰਦਗੀ ਦਾ ਪ੍ਰਭਾਵ ਕਬੂਲਦਿਆਂ 1947 ਈ: ਤੋਂ ਲਿਖਣਾ ਸ਼ੁਰੂ ਕੀਤਾ।

Om Parkash Gaso

Om Parkash Gaso: ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਜਨਮ 9 ਅਪ੍ਰੈਲ, 1933 ਈ: ਨੂੰ ਮਾਤਾ ਉਤਮੀ ਦੇਵੀ ਦੀ ਕੁੱਖੋਂ, ਪਿਤਾ ਗੋਪਾਲ ਦਾਸ ਦੇ ਘਰ, ਦਾਦੀ ਰਾਧਾ ਤੇ ਦਾਦਾ ਸਦਾ ਨੰਦ ਦੇ ਵਿਹੜੇ, ਬਰਨਾਲੇ ਵਿਖੇ ਹੋਇਆ। ਜਗਨ ਨਾਥ ਤੇ ਕ੍ਰਿਸ਼ਨ ਦਾਸ ਦੇ ਹਰਮਨ ਪਿਆਰੇ ਛੋਟੇ ਭਰਾ ਗਾਸੋ ਨੇ ਸ੍ਰੀਮਤੀ ਸੱਤਿਆ ਦੇਵੀ ਨੂੰ ਘਰ ਦੀ ਪਟਰਾਣੀ ਬਣਾਇਆ ਅਤੇ ਰਮੇਸ਼ ਸੰਤੋਸ਼, ਸੁਦਰਸ਼ਨ, ਹਰਬਿਮਲ ਤੇ ਰਵੀ ਦਾ ਪਿਤਾ ਬਣਿਆ।

ਗਾਸੋ ਨੇ ਮੁਢਲੀ ਵਿਦਿਆ ਸਾਧਾਂ ਦੇ ਡੇਰਿਆਂ ਰਿਸ਼ੀ ਕੁਲਾਂ ਅਤੇ ਪਾਠਸ਼ਾਲਾਵਾਂ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੂੰ  ਹੰਢਿਆਏ ਦੇ ਡੇਰੇ ਸੰਸਕ੍ਰਿਤ ਪੜ੍ਹਨ ਲਈ ਪਾਇਆ, ਉੇਹ  ਸ਼ੇਖ਼ੂ ਪਿੰਡ ਵੀ ਪੜਿ੍ਹਆ ਅਤੇ ਦਸਵੀਂ ਤਕ ਬਰਨਾਲਾ ਵਿਖੇ ਪੜਿ੍ਹਆ। ਸੰਨ 1953-54 ਈ: ਵਿਚ ਮਦਰਾਸ ਦੇ ਵਾਈ.ਐਮ.ਸੀ.ਏ. ਕਾਲਜ ਫ਼ਾਰ ਫ਼ਿਜ਼ੀਕਲ ਐਜੂਕੇਸ਼ਨ ਤੋਂ ਫ਼ਿਜ਼ੀਕਲ ਐਜੂਕੇਸ਼ਨ ਅਧਿਆਪਕ ਦਾ ਸੀ.ਪੀ.ਐਡ. ਦਾ ਕੋਰਸ ਕੀਤਾ ਤੇ ਮਿਡਲ ਸਕੂਲ, ਮੌੜ (ਤਪਾ) ਅਧਿਆਪਕ ਲੱਗ ਗਿਆ ਅਤੇ 1 ਮਈ 1991 ਈ: ਨੂੰ ਸਰਕਾਰੀ ਹਾਈ ਸਕੂਲ ਚੀਮਾ ਜੋਧਪੁਰ (ਬਰਨਾਲਾ) ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਨੇ ਪੰਜਾਬੀ ਹਿੰਦੀ ਦੀ ਐਮ. ਏ., ਐਮ. ਫਿਲ. ਕੀਤੀ।

ਨਾਵਲਕਾਰ ਗਾਸੋ ਨੇ ਜ਼ਿੰਦਗੀ ਦਾ ਪ੍ਰਭਾਵ ਕਬੂਲਦਿਆਂ 1947 ਈ: ਤੋਂ ਲਿਖਣਾ ਸ਼ੁਰੂ ਕੀਤਾ। ਉਹ ਬਹੁ-ਪੱਖੀ, ਬਹੁ-ਭਾਸ਼ਾਈ ਨਵੇਂ ਵਿਸ਼ਿਆਂ ਨੂੰ ਛੂਹਣ ਵਾਲੇ ਲੇਖਕ ਹਨ। ਜਿਥੇ ਗਾਸੋ ਸਾਹਿਬ ਦੇ ਪੜ੍ਹਾਏ ਵਿਅਕਤੀ ਉੱਚੀਆਂ ਪਦਵੀਆਂ ’ਤੇ ਬਿਰਾਜਮਾਨ ਹਨ ਉਥੇ ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਆਏ ਸਾਹਿਤਕਾਰ ਵੀ ਉੱਚੇ ਉਠ ਕੇ ਮਾਂ ਬੋਲੀ ਦਾ ਮਾਣ ਵਧਾ ਰਹੇ ਹਨ। ਗਾਸੋ ਸਾਹਿਬ ਨਵੇਂ ਲੇਖਕਾਂ ਨੂੰ ਹਮੇਸ਼ਾ ਉਤਸ਼ਾਹ ਦਿੰਦੇ ਹਨ। ਉਨ੍ਹਾਂ ਦੀ ਪਛਾਣ ਸਾਦਾ ਪਹਿਰਾਵਾ ਤੇ ਕੋਲ ਛੋਟਾ ਜਿਹਾ ਝੋਲਾ ਵੇਖ ਕੇ ਹਜ਼ਾਰਾਂ ਬੰਦਿਆਂ ਵਿਚ ਦੂਰ ਤੋਂ ਉਨ੍ਹਾਂ ਦੀ ਪਛਾਣ ਆ ਜਾਂਦੀ ਹੈ ਕਿ ਉਹ ਨਾਵਲਕਾਰ ਓਮ ਪ੍ਰਕਾਸ਼ ਗਾਸੋ ਹੈ। ਐਨਾ ਵੱਡਾ ਸਾਹਿਤ ਦਾ ਥੰਮ ਹੋਣ ਦੇ ਬਾਵਜੂਦ ਉਨ੍ਹਾਂ ਵਿਚ ਭੋਰਾ ਵੀ ਗੁਮਾਨ ਨਹੀਂ। ਗਾਸੋ ਸਾਹਿਬ ਦੀਆਂ ਮੈਂ ਕੁੱਝ ਕੁ ਕਿਤਾਬਾਂ ਨੂੰ ਛੱਡ ਕੇ ਤਕਰੀਬਨ ਸਾਰੀਆਂ ਹੀ ਪੜ੍ਹੀਆਂ ਹਨ।

ਕਿਤਾਬ ਪੜ੍ਹਨ ਲੱਗ ਜਾਵੋ ਕਦੇ ਅਕੇਵਾਂ-ਥਕੇਵਾਂ ਨਹੀਂ ਆਉਂਦਾ ਸਗੋਂ ਕਿਤਾਬ ਥਕੇਵਾਂ ਲਾਹ ਸੁੱਟਦੀ ਹੈ। ਪਾਠਕ ਇਕ ਵਾਰ ਉਨ੍ਹਾਂ ਦੀ ਕਿਤਾਬ ਪੜ੍ਹਨ ਲੱਗ ਜਾਵੇ ਤਾਂ ਪੂਰੀ ਪੜ੍ਹ ਕੇ ਦਮ ਭਰਦਾ ਹੈ ਕਿਉਂਕਿ ਲਿਖਤ ਉਨ੍ਹਾਂ ਦੀ ਨਿਰਾ ਸ਼ਹਿਦ ਹੈ। ਬੜੀ ਡੂੰਘੀ ਗੱਲ ਕਰਦੇ ਹਨ। ਬਹੁਤ ਗਿਆਨ ਮਿਲਦਾ ਹੈ ਉਨ੍ਹਾਂ ਦੀ ਲਿਖਤ ਵਿਚੋਂ, ਉਨ੍ਹਾਂ ਦੀਆਂ ਕਿਤਾਬਾਂ ਵਿਚੋਂ ਕਈ ਅਜਿਹੀਆਂ ਗੱਲਾਂ ਲੱਭਦੀਆਂ ਹਨ ਜਿਹੜੀਆਂ ਕਦੇ ਵੇਖੀਆਂ ਸੁਣੀਆਂ ਵੀ ਨਹੀਂ ਹੁੰਦੀਆਂ। ਪੜ੍ਹ ਕੇ ਹੈਰਾਨ ਰਹਿ ਜਾਈਦਾ ਹੈ।

ਮਾਂ ਬੋਲੀ ਦੇ ਅਨਮੁਲੇ ਹੀਰੇ ਦਾ ਅਜੇ 10 ਕਿਤਾਬਾਂ ਹੋੋਰ ਲਿਖਣ ਦਾ ਟੀਚਾ ਹੈ। ਪੰਜ ਸੌ ਦਰੱਖ਼ਤ ਲਾਉਣ ਦੀ ਵਿਚਾਰ ਕਰਦੇ ਹਨ ਉਨ੍ਹਾਂ ਵਿਚੋਂ ਦੋ ਸੌਂ ਪੌਦਾ ਗੁਲਾਬ ਦਾ ਲਾਉਣ ਨੂੰ ਕਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਉਮਰ ਨੂੰ ਸੋਹਣੀ ਸੁਗਾਤ ਸਿਫ਼ਤ ਬਣਾ ਕੇ ਤੁਰਨ ਦੀ ਚੇਟਕ ਲਾਈ ਹੈ। ਚਾਨਣ ਦੇ ਵਣਜਾਰੇ ਨੇ ਮਾਨਵਵਾਦੀ ਇਸ਼ਕ ਦੀ ਇਬਾਰਤ ਲਿਖਣ ਦਾ ਰੰਗ ਚੜ੍ਹਾਇਆ ਹੈ। ਨਾਵਲਕਾਰ  ਦੀਆਂ ਕਿਤਾਬਾਂ ਦੀ ਲਿਸਟ ਬਹੁਤ ਲੰਮੀ ਹੈ। ਨਾਵਲ ‘ਤੁਰਦਿਆਂ-ਤੁਰਦਿਆਂ’, ‘ਚਿੱਤਰ ਬਚਿੱਤਰਾ’, ‘ਤੱਤੀ ਹਵਾ’, ‘ਮੌਤ ਦਰ ਮੌਤ’, ‘ਘਰਕੀਣ’, ‘ਲੋਹੇ ਲਾਖੇ’, ‘ਅਧੂਰੇ ਖਤ ਦੀ ਇਬਾਰਤ’, ‘ਬੁਝ ਰਹੀ ਬੱਤੀ ਦਾ ਚਾਨਣ’,‘ਜਵਾਬ ਦੇਹ ਕੌਣ?’, ‘ਇਤਿਹਾਸ ਦੀ ਆਵਾਜ਼’, ‘ਤੂੰ ਕੌਣ ਸੀ?’, ‘ਦਰਕਿਨਾਰ’, ‘ਮੈਂ ਇਕ ਪੰਧ ਹਾਂ’, ‘ਤਾਂਬੇ ਦਾ ਰੰਗ’, ‘ਇਹ  ਚੁੱਪ ਕਿਉਂ ?’, ‘ਅਹਿਸਾਸ ਦੀ ਆਵਾਜ਼’, ‘ਮੈਂ ਵਫ਼ਾ ਹਾਂ’, ‘ਰਵਾਨਗੀ ਦੇ ਰੰਗ’, ‘ਬੀਤ ਗਈਆਂ ਬਾਤਾਂ ਦੀ ਬਾਤ’, ‘ਫ਼ਿਲਹਾਲ’, ‘ਇਨਾਇਤ-ਦਰ-ਇਨਾਇਤ’, ‘ਬੰਦ ਗਲੀ ਦੇ ਬਾਸ਼ਿੰਦੇ’, ’ਰੱਤਾ ਥੇਹ’, ‘ਸੁਪਨੇ ਤੇ ਸੰਸਕਾਰ’ ਆਦਿ।
ਗਾਸੋ ਸਾਹਿਬ ਨੂੰ ਮਿਲੇ ਇਨਾਮਾਂ ਦੀ ਲਿਸਟ ਵੀ ਲੰਮੀ ਹੈ ਜਿਨ੍ਹਾਂ ਵਿਚ ਕੁੱਝ ਕੁ ਇਸ ਪ੍ਰਕਾਰ ਹਨ: ‘ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ’, ‘ਬੁਝ ਰਹੀ ਬੱਤੀ ਦਾ ਚਾਨਣ’ ਤੇ ਅਧਾਰਤ ‘ਪਰਛਾਵੇਂ’ ਸੀਰੀਅਲ’ ਦੂਰ-ਦਰਸ਼ਨ ਜਲੰਧਰ ਤੋਂ ਲਗਾਤਾਰ ਪ੍ਰਸਾਰਤ ਹੁੰਦਾ ਰਿਹਾ।

‘ਸਾਹਿਤਕ ਸੰਗਮ ਦਿੱਲੀ ਪੁਰਸਕਾਰ’, ‘ਪ੍ਰੋ: ਮੋਹਨ ਸਿੰਘ ਐਵਾਰਡ’, ‘ਨਾਵਲਕਾਰ ਨਾਨਕ ਸਿੰਘ ਪੁਰਸਕਾਰ’, ‘ਭਾਈ ਮੋਹਨ ਸਿੰਘ ਵੈਦ ਪੁਰਸਕਾਰ’, ‘ਬਲਰਾਜ ਸਾਹਨੀ ਪੁਰਸਕਾਰ’, ‘ਕਹਾਣੀਕਾਰ ਸੁਦਦਰਸ਼ਨ ਪੁਰਸਕਾਰ’, ‘ਭਾਈ ਕਾਨ੍ਹ ਸਿੰਘ ਪੁਰਸਕਾਰ’, ਪੰਜਾਬ ਗੌਰਵ 1 ਲੱਖ ਦਾ ਇਨਾਮ, ‘ਧਾਲੀਵਾਲ ਪੁਰਸਕਾਰ’, ‘ਸੰਤ ਅਤਰ ਸਿੰਘ ਘੁੰਨਸ ਪੁਰਸਕਾਰ’, ਸੰਨ 2015 ਵਿਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਲੋਂ ‘ਪੰਜਾਬੀ ਸਾਹਿਤ ਰਤਨ’ ਪੁਰਸਕਾਰ ਆਦਿ। ਨਾਵਲਕਾਰ ਓਮ ਪ੍ਰਕਾਸ਼ ਗਾਸੋ ਅੱਜ ਹੋੋਰ ਵੀ ਵੱਡੇ ਪੁਰਸਕਾਰਾਂ ਦਾ ਹੱਕਦਾਰ ਹੈ ਜਿਵੇਂ ਸਰਸਵਤੀ ਪੁਰਸਕਾਰ, ਗਿਆਨ ਪੀਠ ਐਵਾਰਡ ਆਦਿ। ਵੇਖੋ ਪਾਰਖੂ ਅੱਖ ਕਦੋਂ ਖੁਲ੍ਹਦੀ ਹੈ। ਅਸੀਂ ਦੁਆ ਕਰਦੇ ਹਾਂ ਕਿ ਚਾਨਣ ਦਾ ਵਣਜਾਰਾ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ 100 ਨੂੰ ਪਾਰ ਕਰੇ।
-ਦਰਸ਼ਨ ਸਿੰਘ ਪ੍ਰੀਤੀਮਾਨ,  ਰਾਮਪੁਰਾ ਫੂਲ।
ਮੋ: 97792-97682