ਕਲਾ ਨੂੰ ਸਮਾਜਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਉਣ ਵਾਲਾ ਅਜਮੇਰ ਔਲਖ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪ੍ਰੋ. ਅਜਮੇਰ ਸਿੰਘ ਔਲਖ ਉਨ੍ਹਾਂ ਕੁੱਝ ਲੋਕਾਂ ਵਿਚੋਂ ਇਕ ਸੀ ਜਿਨ੍ਹਾਂ ਅਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਿਤ ਕੀਤੀ।

Punjabi playwriter Ajmer Singh Aulakh

ਅਜਮੇਰ ਸਿੰਘ ਔਲਖ ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪੇਸ਼ ਕਰਨ ਵਾਲਾ ਪੰਜਾਬੀ ਦਾ ਪ੍ਰਤੀਨਿਧ ਨਾਟਕਕਾਰ ਸੀ। ਪੰਜਾਬੀ ਇਕਾਂਗੀ ਦਾ ਇਤਿਹਾਸ ਵਾਚੀਏ ਤਾਂ ਉਸ ਵਿਚ ਅਜਮੇਰ ਔਲਖ ਦਾ ਸਥਾਨ ਖ਼ਾਸ ਅਤੇ ਵਿਲੱਖਣ ਹੈ। ਪ੍ਰੋ. ਅਜਮੇਰ ਸਿੰਘ ਔਲਖ ਉਨ੍ਹਾਂ ਕੁੱਝ ਲੋਕਾਂ ਵਿਚੋਂ ਇਕ ਸੀ ਜਿਨ੍ਹਾਂ ਅਪਣੀ ਜ਼ਿੰਦਗੀ ਸਾਹਿਤ ਰਾਹੀਂ ਲੋਕਾਂ ਨੂੰ ਸਮਰਪਿਤ ਕੀਤੀ। ਉਹ ਖ਼ੁਦ ਹੀ ਨਹੀਂ ਬਲਕਿ ਉਨ੍ਹਾਂ ਦਾ ਪੂਰਾ ਪ੍ਰਵਾਰ ਹੀ ਸਾਹਿਤ ਅਤੇ ਖ਼ਾਸ ਕਰ ਕੇ ਨਾਟਕ ਅਤੇ ਰੰਗਮੰਚ ਦੁਆਰਾ ਲੋਕਾਂ ਨੂੰ ਚੇਤੰਨ ਕਰਨ ਲਈ ਨਿਰੰਤਰ ਕਾਰਜਸ਼ੀਲ ਰਿਹਾ।

ਅਜਮੇਰ ਔਲਖ ਨੂੰ 2006 ਵਿਚ ਇਕਾਂਗੀ-ਸੰਗ੍ਰਹਿ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਅਜਮੇਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਨਾਲ ਵੀ ਸਨਮਾਨਿਆ ਜਾ ਗਿਆ। ਔਲਖ ਦਾ ਜਨਮ 19 ਅਗੱਸਤ 1942 ਨੂੰ ਕੁੰਭੜਵਾਲ, ਮਾਨਸਾ ਜ਼ਿਲ੍ਹਾ, ਪੰਜਾਬ ਵਿਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਸ੍ਰ. ਕੌਰ ਸਿੰਘ ਅਤੇ ਮਾਤਾ ਦਾ ਨਾਂ ਸ੍ਰੀਮਤੀ ਹਰਨਾਮ ਕੌਰ ਸੀ। ਉਨ੍ਹਾਂ ਐਮ.ਏ. ਪੰਜਾਬੀ ਕੀਤੀ ਅਤੇ ਵਿਦਿਆਰਥੀਆਂ ਨੂੰ ਇਕ ਆਦਰਸ਼ ਅਧਿਆਪਕ ਵਜੋਂ ਸਿਖਿਅਤ ਕਰਨ ਦੇ ਨਾਲ-ਨਾਲ ਸਾਹਿਤ ਰਾਹੀਂ ਸਮਾਜਕ ਸਰੋਕਾਰਾਂ ਨਾਲ ਜੋੜਦਿਆਂ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਚੋਂ ਸੇਵਾਮੁਕਤ ਹੋਏ। 

'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ' ਨਾਟਕ ਧਾਰਮਕ ਸੰਕੀਰਣਤਾ ਅਤੇ ਕੱਟੜਪੰਥੀ ਦੇ ਪ੍ਰਭਾਵ ਅਧੀਨ ਉੱਪਰੋਂ ਦਿਸਦੇ ਅਤਿ-ਧਾਰਮਕ ਬੰਦਿਆਂ ਅੰਦਰਲਾ ਕੱਚ ਵਿਖਾਉਂਦਾ ਹੈ। ਆਰਥਕ ਖੇਤਰ ਤੋਂ ਲੈ ਕੇ ਸਮਾਜਕ ਖੇਤਰ ਵਿਚ ਪਸਰੇ ਸੰਕਟ ਦਾ ਸੰਤਾਪ ਅਜਮੇਰ ਔਲਖ ਦੇ ਨਾਟਕਾਂ ਵਿਚੋਂ ਸਪੱਸ਼ਟ ਉਘੜਦਾ ਹੈ। ਉਨ੍ਹਾਂ ਅਪਣੇ ਮਕਬੂਲ ਨਾਟਕ 'ਬੇਗਾਨੇ ਬੋਹੜ ਦੀ ਛਾਂ' ਵਿਚ ਬੋਹੜ ਨੂੰ ਅਜਿਹੇ ਆਰਥਕ-ਸਮਾਜਕ ਨਿਜ਼ਾਮ ਦਾ ਚਿੰਨ੍ਹ ਦਰਸਾਇਆ ਹੈ ਜੋ ਲੋਕ ਵਿਰੋਧੀ ਹੈ ਅਤੇ ਜਿਸ ਦੀ ਛਾਂ ਥੱਲੇ ਲੋਕ ਕਦੇ ਵੀ ਸੁੱਖਾਂ ਭਰੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜ਼ਿੰਦਗੀ ਦੀ ਹਕੀਕਤ ਇਸ ਨਾਟਕ ਵਿਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਹੁੰਦੀ ਹੈ ਜਦ ਇਹ ਸਤਰਾਂ ਗੂੰਜਦੀਆਂ ਹਨ:

ਜਨਮ ਧਾਰਿਆ
ਢਿੱਡ ਦੀ ਲੋੜ ਵਿਚੋਂ
ਮਰ ਜਾਣਗੇ
ਢਿੱਡ ਦੀ ਲੋੜ ਥੱਲੇ
ਘੜੀ ਸੁੱਖ ਦੀ
ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣਗੇ
ਬੇਗਾਨੜੇ ਬੋਹੜ ਥੱਲੇ

ਔਲਖ ਦੇ ਨਾਟਕਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਮਾਜ ਵਿਚ ਪਸਰੀਆਂ ਸਮੱਸਿਆਵਾਂ ਦੀ ਜੜ੍ਹ ਮੌਜੂਦਾ ਪੈਸਾ ਪ੍ਰਧਾਨ ਸਮਾਜ ਹੈ ਜਿਸ ਵਿਚ ਆਮ ਆਦਮੀ ਦੀ ਵੁੱਕਤ ਇਕ ਖੋਟੇ ਪੈਸੇ ਤੋਂ ਜ਼ਿਆਦਾ ਨਹੀਂ ਹੈ। ਅਜਮੇਰ ਸਿੰਘ ਔਲਖ ਨੇ ਭਾਵੇਂ ਅਪਣੇ ਨਾਟਕਾਂ ਦਾ ਸਫ਼ਰ ਕਾਲਜਾਂ ਅਤੇ ਯੂਨੀਵਰਸਟੀਆਂ ਦੇ ਯੁਵਕ ਮੇਲਿਆਂ ਤੋਂ ਸ਼ੁਰੂ ਕੀਤਾ ਪਰ ਬਹੁਤ ਛੇਤੀ ਹੀ ਉਨ੍ਹਾਂ ਨੇ ਨਾਟਕ ਨੂੰ ਯੂਨੀਵਰਸਟੀ ਅਤੇ ਕਾਲਜਾਂ ਦੇ ਸੀਮਤ ਦਾਇਰੇ ਵਿਚੋਂ ਕੱਢ ਕੇ ਮਿਹਨਤਕਸ਼ ਪੇਂਡੂ ਕਿਰਤੀ ਲੋਕਾਂ ਤਕ ਪਹੁੰਚਾਇਆ। ਉਨ੍ਹਾਂ ਅਪਣੇ ਰੰਗਮੰਚ ਦੀ ਕਰਮਭੂਮੀ ਪਿੰਡਾਂ ਨੂੰ ਬਣਾ ਲਿਆ ਅਤੇ ਮਜ਼ਦੂਰਾਂ-ਕਿਸਾਨਾਂ ਦੀ ਜ਼ਿੰਦਗੀ ਨੂੰ ਅਪਣੇ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਲਿਆ।

ਉਹ ਅਜਿਹਾ ਤਾਂ ਕਰ ਸਕੇ ਕਿਉਂਕਿ ਉਹ ਹਮੇਸ਼ਾ 'ਕਲਾ ਲੋਕਾਂ ਲਈ' ਦੇ ਵਿਚਾਰ ਦੇ ਧਾਰਨੀ ਬਣ ਕੇ ਚੱਲੇ। ਕਲਾ ਨੂੰ ਸਮਾਜਕ ਤਬਦੀਲੀ ਦੇ ਵੱਡੇ ਉਦੇਸ਼ ਦੀ ਪੂਰਤੀ ਦਾ ਸਾਧਨ ਬਣਾਇਆ ਹੈ। ਉਨ੍ਹਾਂ ਹਾਕਮ ਜਮਾਤਾਂ ਦੇ ਅਜਿਹੇ ਵਿਚਾਰਾਂ ਨੂੰ ਰੱਦ ਕੀਤਾ ਹੈ ਕਿ ਕਲਾ ਤਾਂ ਸਿਰਫ਼ ਮਨੋਰੰਜਨ ਦਾ ਸਾਧਨ ਹੁੰਦੀ ਹੈ ਅਤੇ ਜ਼ਿੰਦਗੀ ਦੇ ਗੰਭੀਰ ਮੁੱਦਿਆਂ ਦਾ ਕਲਾ ਦੇ ਖੇਤਰ ਵਿਚ ਕੋਈ ਸਥਾਨ ਨਹੀਂ ਹੁੰਦਾ। ਉਨ੍ਹਾਂ ਲਈ ਕਲਾ ਤਾਂ ਕਿਰਤੀਆਂ ਦੇ ਜੀਵਨ ਦੀ ਅਸਲ ਤਸਵੀਰ ਉਘਾੜਨ ਦਾ ਜ਼ਰੀਆ ਹੈ ਅਤੇ ਇਸ ਦੇ ਕੋਝ ਨੂੰ ਸੰਵਾਰਨ ਦੀ ਤਾਂਘ ਪੈਦਾ ਕਰ ਦੇਣ ਦਾ ਅਹਿਮ ਹਥਿਆਰ ਹੈ।

ਅਪਣੇ ਅਜਿਹੇ ਨਿਸ਼ਾਨੇ ਦੀ ਪੂਰਤੀ ਲਈ ਹੀ ਉਨ੍ਹਾਂ ਨੇ ਲੋਕ ਮੁਖੀ ਰੰਗਮੰਚ ਦੀ ਸਿਰਜਣਾ ਕੀਤੀ ਹੈ। ਪਿਛਲੇ ਸਾਲਾਂ ਵਿਚ ਪ੍ਰੋ. ਔਲਖ ਸਾਹਿਬ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ ਪਰ ਲੋਕਾਂ ਦੀਆਂ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੀ ਜ਼ਿੰਦਾਦਿਲੀ ਅੱਗੇ ਇਹ ਬੀਮਾਰੀ ਵੀ ਹਾਰ ਗਈ ਸੀ। ਪਰ ਉਹ 15 ਜੂਨ 2017 ਨੂੰ ਇਸ ਬਿਮਾਰੀ ਕਾਰਨ ਹੀ ਇਸ ਜਹਾਨ ਤੋਂ ਚਲੇ ਗਏ।