ਦਲਿਤਾਂ ਨਾਲ ਵਧੀਕੀਆਂ ਤੇ ਵਿਤਕਰੇ ਨਿਰੰਤਰ ਜਾਰੀ
ਦਲਿਤਾਂ ਨਾਲ ਹੋ ਰਹੇ ਜ਼ੁਲਮ ਤੇ ਵਿਤਕਰੇਬਾਜ਼ੀ ਖ਼ਤਮ ਕਰਨ ਲਈ 1989 ਵਿਚ ਬਕਾਇਦਾ ਕਾਨੂੰਨ ਬਣਾਇਆ ਗਿਆ। ਦੇਸ਼ ਦਾ ਸੰਵਿਧਾਨ ਜਾਤੀ ਅਧਾਰਤ ਵਿਤਕਰੇਬਾਜ਼ੀ ਤੇ ਸ਼ੋਸ਼ਣ...
ਦਲਿਤਾਂ ਨਾਲ ਹੋ ਰਹੇ ਜ਼ੁਲਮ ਤੇ ਵਿਤਕਰੇਬਾਜ਼ੀ ਖ਼ਤਮ ਕਰਨ ਲਈ 1989 ਵਿਚ ਬਕਾਇਦਾ ਕਾਨੂੰਨ ਬਣਾਇਆ ਗਿਆ। ਦੇਸ਼ ਦਾ ਸੰਵਿਧਾਨ ਜਾਤੀ ਅਧਾਰਤ ਵਿਤਕਰੇਬਾਜ਼ੀ ਤੇ ਸ਼ੋਸ਼ਣ ਉਤੇ ਰੋਕ ਲਗਾਉਂਦਾ ਹੈ। ਕੌਮਾਂਤਰੀ ਮਨੁੱਖੀ ਅਧਿਕਾਰਾਂ ਸਬੰਧੀ ਕਾਨੂੰਨ ਵੀ ਜਾਤੀਵਾਦੀ ਵਿਤਕਰੇਬਾਜ਼ੀ ਦੇ ਵਿਰੁਧ ਹਨ ਪਰ ਜਦੋਂ ਸਾਰਿਆਂ ਦੀ ਮਾਨਸਿਕਤਾ ਹੀ ਜਾਤੀਵਾਦੀ ਵਿਵਸਥਾ ਅਨੁਸਾਰ ਕੰਮ ਕਰ ਰਹੀ ਏ ਤਾਂ ਦੇਸ਼ ਜਾਂ ਕੌਮਾਂਤਰੀ ਕਾਨੂੰਨਾਂ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ? ਅਸੀ ਪੜ੍ਹ ਲਿਖ ਕੇ ਵੀ ਜਾਤੀਵਾਦ ਤੋਂ ਬਾਹਰ ਨਹੀਂ ਆ ਰਹੇ।
ਪਿੱਛੇ ਜਹੇ ਪਾਇਲ ਤਾਂਡਵੀ ਨਾਂ ਦੀ ਮੈਡੀਕਲ ਦੀ ਵਿਦਿਆਰਥਣ ਅਪਣੀਆਂ ਹੀ ਸਾਥਣਾਂ ਹੱਥੋਂ ਜ਼ਲੀਲ ਹੋ ਕੇ ਖ਼ੁਦਕੁਸ਼ੀ ਕਰ ਗਈ। ਉਹ ਆਦਿਵਾਸੀ ਸਮਾਜ ਵਿਚੋਂ ਉਠ ਕੇ ਆਈ ਸੀ। ਜਿਥੋਂ ਉਹ ਉੱਠ ਕੇ ਆਈ ਸੀ, ਉੱਥੋਂ ਉਠ ਕੇ ਡਾਕਟਰ ਬਣਨਾ ਬੇਹਦ ਫ਼ਖ਼ਰਯੋਗ ਉਦਮ ਸੀ। ਉਸ ਦੀ ਤਾਂ ਸ਼ਲਾਘਾ ਕਰਨੀ ਚਾਹੀਦੀ ਸੀ ਪਰ ਨਾਲ ਦੀਆਂ ਸਾਥਣਾਂ ਮਨੂਵਾਦ ਵਿਚ ਗੜੁੱਚ ਸਨ। ਉਨ੍ਹਾਂ ਨੂੰ ਤਾਂ ਤਾਂਡਵੀ ਦਾ ਉਨ੍ਹਾਂ ਦੇ ਬਰਾਬਰ ਆਉਣਾ ਹੀ ਮਾੜਾ ਲਗਿਆ। ਤਾਂਡਵੀ ਦੇ ਪੰਜਾਹ ਫ਼ੀ ਸਦੀ ਨੰਬਰ ਵੀ 90 ਫ਼ੀ ਸਦੀ ਤੋਂ ਘੱਟ ਨਹੀਂ ਸਨ। ਉਸ ਨੇ ਕਿੰਨੀਆਂ ਕੁ ਟਿਊਸ਼ਨਾਂ ਰਖੀਆਂ ਹੋਣਗੀਆਂ? ਕਿਸ ਨੇ ਉਸ ਨੂੰ ਸਲਾਹ ਦਿਤੀ ਹੋਵੇਗੀ? ਭਾਵੇਂ ਉਹ ਰਾਖਵੇਂਕਰਨ ਵਿਚ ਵੀ ਆਈ ਪਰ ਉਸ ਦੀ ਕੋਸ਼ਿਸ਼ ਸਲਾਹੁਣ ਯੋਗ ਸੀ। ਅਜਿਹੀ ਵਿਤਕਰੇਬਾਜ਼ੀ ਜਾਂ ਅਪਮਾਨ ਇਕੱਲੇ ਤਾਂਡਵੀ ਦੇ ਹੀ ਹਿੱਸੇ ਨਹੀਂ ਆਇਆ। ਇਹ ਤਾਂ ਦਲਿਤਾਂ ਨਾਲ ਹਰ ਰੋਜ਼ ਵਾਪਰ ਰਿਹਾ ਹੈ।
ਕੁੱਝ ਸਾਲ ਪਹਿਲਾਂ ਰੋਹਿਤ ਵੇਮੁਲਾ ਨਾਂ ਦਾ ਖੋਜਾਰਥੀ ਖ਼ੁਦਕੁਸ਼ੀ ਕਰ ਗਿਆ ਸੀ। ਉਸ ਨੇ ਖ਼ੁਦਕੁਸ਼ੀ ਨੋਟ ਵਿਚ ਵੀ ਲਿਖਿਆ ਸੀ ਕਿ ਉਹ ਹੋਰ ਅਪਮਾਨ ਨਹੀਂ ਸਹਾਰ ਸਕਦਾ। ਤਾਂਡਵੀ ਕਾਂਡ ਵੇਖ ਕੇ ਕਿਸੇ ਦੀ ਆਤਮਾ ਨਹੀਂ ਵਲੂੰਧਰੀ ਗਈ। ਸਮਾਜ ਸੇਵੀ, ਸੰਤ-ਮਹਾਤਮਾ, ਧਾਰਮਕ ਆਗੂ, ਸਾਂਝੀ ਸੋਚ ਵਾਲੇ, ਲੜਾਈ ਲੜਨ ਵਾਲੇ, ਇਨਕਲਾਬੀ ਪਤਾ ਨਹੀਂ ਕਿਹੜੇ ਘੋਰਨਿਆਂ ਵਿਚ ਜਾ ਛੁਪੇ। ਕਿਸੇ ਨੇ ਸ਼ਹਿਰ, ਬਜ਼ਾਰ ਬੰਦ ਨਾ ਕੀਤੇ। ਕਿਤੇ ਗੱਡੀਆਂ ਮੋਟਰਾਂ ਰੇਲਾਂ ਨਾ ਰੋਕੀਆਂ ਗਈਆਂ। ਕੀ ਉਹ ਦਲਿਤ ਸੀ ਇਸ ਕਰ ਕੇ ਕਿਸੇ ਨੂੰ ਵੀ ਉਸ ਦੇ ਮਰਨ ਦਾ ਅਫ਼ਸੋਸ ਜਾਂ ਦੁੱਖ ਨਹੀਂ ਹੋਇਆ। ਬਿਨਾਂ ਸ਼ੱਕ ਪਾਇਲ ਤਾਂਡਵੀ ਦਲਿਤ ਆਦਿਵਾਸੀ ਹੋਣ ਕਰ ਕੇ ਕਿਸੇ ਦੀਆਂ ਅੱਖਾਂ ਵਿਚ ਅੱਥਰੂ ਨਹੀਂ ਆਏ। ਦੂਜੇ ਪਾਸੇ ਜੇਕਰ ਕਿਤੇ ਗਊ ਦੀ ਪੂਛ ਦੂਰ ਨੇੜੇ ਪਈ ਮਿਲ ਜਾਂਦੀ ਤਾਂ ਉਪਰ ਤਕ ਤਾਰਾਂ ਖੜਕ ਜਾਂਦੀਆਂ ਹਨ। ਸੈਂਕੜੇ ਜਗ੍ਹਾਂ ਤਾਂ ਉਸ ਦੇ ਭੋਗ ਪਾਏ ਜਾਣੇ ਤੇ ਹਵਨ ਯਗ ਕੀਤੇ ਜਾਣੇ ਸਨ, ਉਹ ਵਖਰੇ ਪਰ ਦਲਿਤ ਨੂੰ ਕੌਣ ਪੁਛਦਾ ਹੈ? ਕੌਣ ਸੋਚਦਾ ਹੈ?
ਦਲਿਤਾਂ ਨਾਲ ਹੋ ਰਹੇ ਵਿਤਕਰੇ ਤੇ ਵਧੀਕੀਆਂ ਬਾਰੇ ਸਾਰਾ ਜਗ ਜਾਣਦਾ ਹੈ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਨੇ ਵੀ ਦਲਿਤਾਂ ਨਾਲ ਹੋ ਰਹੀਆ ਵਧੀਕੀਆਂ ਤੇ ਅਫ਼ਸੋਸ ਪ੍ਰਗਟਾਇਆ ਹੈ। ਭਾਵੇਂ ਵਿਤਕਰੇਬਾਜ਼ੀ ਪੂਰੀ ਦੁਨੀਆਂ ਵਿਚ ਹੀ ਹੈ ਪਰ ਜਾਤੀਵਾਦ ਦੇ ਅਧਾਰ 'ਤੇ ਵਿਤਕਰੇਬਾਜ਼ੀ ਭਾਰਤ ਜਿੰਨੀ ਕਿਤੇ ਵੀ ਨਹੀਂ। ਜਾਤੀ ਦੇ ਅਧਾਰ 'ਤੇ ਦਲਿਤ ਆਦਿਵਾਸੀਆਂ ਦੇ ਸਿਵਲ, ਰਾਜਨੀਤਕ, ਸਮਾਜਕ, ਆਰਥਕ ਤੇ ਸਭਿਆਚਾਰਕ ਅਧਿਕਾਰਾਂ ਦੀ ਅਵਗਿਆ ਹੋ ਰਹੀ ਹੈ। ਦੇਸ਼ ਦੇ ਵੀਹ ਕਰੋੜ ਤੋਂ ਉਪਰ ਲੋਕ ਸਿੱਧੇ ਤੌਰ ਉਤੇ ਜਾਤੀਵਾਦ ਦਾ ਸ਼ਿਕਾਰ ਹਨ। ਉਹ ਜਾਤੀ ਦੇ ਅਧਾਰ 'ਤੇ ਹਰ ਥਾਂ ਵਖਰੇਵਾਂ ਤੇ ਅਪਮਾਨ ਝਲਦੇ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਅਛੂਤ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਦਲਿਤਾਂ ਦੇ ਹਿੱਸੇ ਉਹ ਕੰਮ ਆਏ ਹਨ, ਜੋ ਅਖੌਤੀ ਉੱਚ ਜਾਤੀਆਂ ਦੀ ਨਜ਼ਰ ਵਿਚ ਸੱਭ ਤੋਂ ਘਟੀਆ ਤੇ ਅਪਮਾਨਜਨਕ ਹਨ।
ਅੰਕੜੇ ਦਸਦੇ ਹਨ ਕਿ ਅੱਜ ਵੀ ਇਕ ਕਰੋੜ ਤਿੰਨ ਲੱਖ ਦਲਿਤ ਹੱਥੀਂ ਮੈਲਾ ਸਾਫ਼ ਕਰਨ ਦਾ ਕੰਮ ਕਰਦੇ ਹਨ। ਉਹ ਸਫ਼ਾਈ ਨੰਗੇ ਹੱਥੀਂ ਤੇ ਨੰਗੇ ਪਿੰਡੇ ਕਰਦੇ ਹਨ। ਉਨ੍ਹਾਂ ਨੂੰ ਕੋਈ ਸੁਰੱਖਿਆ ਵਰਦੀ ਜਾ ਦਸਤਾਨੇ ਨਹੀਂ ਦਿਤੇ ਜਾਂਦੇ। ਸੋਚਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਕਿੰਨੀਆਂ ਕੁ ਬੀਮਾਰੀਆਂ ਲਗੀਆਂ ਹੋਣਗੀਆਂ? ਉਹ ਕਿੰਨੀ ਕੁ ਮਜਬੂਰੀ, ਆਤਮਾ ਮਾਰ ਕੇ ਤੇ ਦੁਖੀ ਹੋ ਕੇ ਉਹ ਅਜਿਹੇ ਕੰਮ ਕਰਦੇ ਹਨ, ਇਹ ਤਾਂ ਉਹੀ ਜਾਣਦੇ ਹਨ। ਬਾਕੀਆਂ ਦੀ ਨਜ਼ਰ ਵਿਚ ਤਾਂ ਅਜਿਹਾ ਕੰਮ ਕਰਨਾ ਉਨ੍ਹਾਂ ਦਾ ਕਿੱਤਾ ਹੈ। ਹੈਰਾਨੀ ਉਨ੍ਹਾਂ ਉਤੇ ਵੀ ਹੁੰਦੀ ਹੈ ਕਿ ਉਹ ਕੋਈ ਹੋਰ ਕੰਮ ਕਰ ਲੈਣ। ਅਸਲ ਵਿਚ ਅਜਿਹਾ ਕੰਮ ਕਰਨ ਲਈ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਲਗਾਇਆ ਗਿਆ ਹੈ। ਹੁਣ ਇਹ ਪੀੜ੍ਹੀ ਦਰ ਪੀੜ੍ਹੀ ਜਾਰੀ ਹੈ। ਦਲਿਤਾਂ ਦੇ ਬੱਚਿਆਂ ਨਾਲ ਵੀ ਵਿਤਕਰਾ ਹੋ ਰਿਹਾ ਹੈ ਤੇ ਸ਼ਾਇਦ ਭਵਿੱਖ ਵਿਚ ਵੀ ਜਾਰੀ ਰਹੇਗਾ।
ਉਨ੍ਹਾਂ ਨੂੰ ਵੀ ਸਾਫ਼ ਸਫ਼ਾਈ ਕਰਦੇ ਅਕਸਰ ਵੇਖਿਆ ਜਾਂਦਾ ਹੈ। ਸਕੂਲਾਂ ਵਿਚ ਵੀ ਉਨ੍ਹਾਂ ਤੋਂ ਸਾਫ਼ ਸਫ਼ਾਈ ਕਰਵਾਈ ਜਾਂਦੀ ਹੈ। ਉਹ ਕਈ ਵਾਰੀ ਅਪਮਾਨ ਨਾ ਸਹਾਰਦੇ ਹੋਏ ਸਕੂਲ ਹੀ ਛੱਡ ਜਾਂਦੇ ਹਨ। ਠੀਕ ਇਸ ਕਰ ਕੇ ਹੀ ਦਲਿਤਾਂ ਦੀ ਸਕੂਲ ਛੱਡਣ ਦੀ ਦਰ ਬਾਕੀਆਂ ਦੇ ਮੁਕਾਬਲੇ ਵੱਧ ਹੈ। ਅਧਿਆਪਕ ਜੋ ਗੁਰੂ ਦਾ ਰੁਤਬਾ ਰਖਦੇ ਹਨ, ਉਹ ਵੀ ਮਨੂਵਾਦੀ ਹੁੰਦੇ ਹਨ। ਬੱਚੇ ਕੀ ਕਰ ਸਕਦੇ ਹਨ? ਅਖ਼ੀਰ ਛੱਡ ਜਾਂਦੇ ਹਨ। ਦਲਿਤ ਬੇਹਦ ਪਛੜ ਗਏ ਹਨ। ਉਨ੍ਹਾਂ ਦੀ ਸਾਧਨਾ, ਸੇਵਾਵਾਂ ਤੇ ਵਿਕਾਸ ਤਕ ਕੋਈ ਪਹੁੰਚ ਨਹੀਂ। ਉਹ ਘੋਰ ਗ਼ਰੀਬੀ ਵਿਚ ਸਾਰੀ ਉਮਰ ਰਹਿੰਦੇ ਹਨ। ਇਸ ਕਰ ਕੇ ਉਨ੍ਹਾਂ ਦੀ ਉਮਰ ਦਰ ਵੀ ਬਾਕੀਆਂ ਦੇ ਮੁਕਾਬਲੇ ਘੱਟ ਹੈ। ਪੰਜਾਹ ਸਾਲ ਤਕ ਤਾਂ ਉਹ ਬਜ਼ੁਰਗ ਅਵਸਥਾ ਵਿਚ ਆ ਜਾਂਦੇ ਹਨ। ਉਨ੍ਹਾਂ ਦੀ ਕਿਤੇ ਵੀ ਪੁੱਛ ਪ੍ਰਤੀਤ ਨਹੀਂ ਹੁੰਦੀ। ਉਹ ਕਿਸੇ ਸਭਾ ਜਾਂ ਸੰਸਥਾ ਦੇ ਮੈਂਬਰ ਨਹੀਂ ਲਏ ਜਾਂਦੇ। ਜਨਤਕ ਖੇਤਰ ਵਿਚ ਉਨ੍ਹਾਂ ਦੀ ਹਿੱਸੇਦਾਰੀ ਨਹੀਂ ਹੈ। ਉਨ੍ਹਾਂ ਦੀ ਸੁਰੱਖਿਆ ਲਈ ਕਾਨੂੰਨ ਬਣੇ ਹੋਏ ਹਨ ਪਰ ਲਾਗੂ ਨਹੀਂ ਹੋ ਰਹੇ।
ਪੁਲਿਸ ਵਿਚ ਵੀ ਜਾਤੀਵਾਦੀ ਮਾਨਸਿਕਤਾ ਪ੍ਰਬਲ ਹੈ। ਇਸ ਕਰ ਕੇ ਉਹ ਸੁਰਖਿਅਤ ਨਹੀਂ ਹਨ। ਭਾਵੇਂ ਦਲਿਤ ਵਰਗ ਦੇ ਕੁੱਝ ਮੈਂਬਰ ਰਾਖਵੇਂਕਰਨ ਅਧੀਨ ਅੱਗੇ ਆਏ ਹਨ ਪਰ ਉਹ ਆਟੇ ਵਿਚ ਲੂਣ ਬਰਾਬਰ ਹਨ। ਸ਼ਾਸਨ ਪ੍ਰਸ਼ਾਸਨ ਵਿਚ ਉਨ੍ਹਾਂ ਦੀ ਕੋਈ ਵੁੱਕਤ ਨਹੀਂ। ਇਸ ਕਰ ਕੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਦੇ ਵਿਧਾਇਕ ਤੇ ਸੰਸਦ ਮੈਂਬਰ ਤਾਂ ਨੱਗ ਹੀ ਪੂਰੇ ਕੀਤੇ ਜਾਂਦੇ ਹਨ। ਰਾਖਵੀਆਂ ਸੀਟਾਂ ਤੇ ਦੂਜੇ ਖੜੇ ਹੀ ਨਹੀਂ ਹੋ ਸਕਦੇ। ਮਜਬੂਰੀ ਵੱਸ ਦਲਿਤ ਖੜੇ ਕਰਨੇ ਪੈਂਦੇ ਹਨ ਪਰ ਉਨ੍ਹਾਂ ਦੀ ਅਪਣੀ ਆਜ਼ਾਦ ਹਸਤੀ ਕੋਈ ਨਹੀਂ ਹੁੰਦੀ। ਜਿਸ ਪਾਰਟੀ ਦੇ ਉਹ ਮੈਂਬਰ ਹੁੰਦੇ ਹਨ, ਉਸ ਦੇ ਕਹਿਣ ਮੁਤਾਬਕ ਹੀ ਚਲਦੇ ਹਨ। ਆਮ ਦਲਿਤਾਂ ਨੂੰ ਉਨ੍ਹਾਂ ਦਾ ਕੋਈ ਵੀ ਫ਼ਾਇਦਾ ਨਹੀਂ ਹੁੰਦਾ।
ਜਾਤੀਵਾਦੀ ਵਿਵਸਥਾ ਵਿਚ ਕੰਮ ਤੇ ਰੁਤਬਾ ਜਾਤੀ ਹੀ ਤਹਿ ਕਰਦੀ ਹੈ ਜਿਸ ਦੀ ਸੱਭ ਤੋਂ ਵੱਧ ਮਾਰ ਦਲਿਤਾਂ ਉਤੇ ਪੈਂਦੀ ਹੈ। ਦਲਿਤ ਹਜ਼ਾਰਾਂ ਸਾਲਾਂ ਤੋਂ ਗ਼ੁਲਾਮ ਹਨ। ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਏਨੀ ਲੰਮੀ ਘੋਰ ਗ਼ੁਲਾਮੀ ਕਿਸੇ ਫ਼ਿਰਕੇ ਜਾਂ ਸਮਾਜ ਨੇ ਕੱਟੀ ਹੋਵੇ ਤੇ ਕੱਟ ਰਿਹਾ ਹੋਵੇ। ਦਲਿਤਾਂ ਦੇ ਵਿਹੜੇ ਬਸਤੀਆਂ ਤਾਂ ਅੱਜ ਵੀ ਹਰ ਜਗ੍ਹਾ ਵਖਰੇ ਹੀ ਹਨ। ਇਥੋਂ ਤਕ ਕਿ ਦਿਹਾਤੀ ਖੇਤਰਾਂ ਵਿਚ ਉਨ੍ਹਾਂ ਦੇ ਧਾਰਮਕ ਅਸਥਾਨ ਤੇ ਸ਼ਮਸ਼ਾਨ ਘਾਟ ਵੀ ਵਖਰੇ ਹਨ। ਦਲਿਤਾਂ ਉਤੇ ਤਾਂ ਬੰਦਸ਼ਾਂ ਹੀ ਬੰਦਸ਼ਾਂ ਲਗੀਆਂ ਹਨ। ਆਜ਼ਾਦੀ ਤਾਂ ਕੋਈ ਦਿਤੀ ਹੀ ਨਹੀਂ। ਦਲਿਤਾਂ ਲਈ ਤਾਂ ਦੂਜਿਆਂ ਦੀ ਰੀਸ ਕਰਨੀ ਵੀ ਵਰਜਿਤ ਹੈ। 17 ਜੂਨ ਨੂੰ ਪ੍ਰਸ਼ਾਂਤ ਸੋਲਾਂਕੀ ਨਾਂ ਦਾ 20 ਸਾਲਾ ਨੌਜੁਆਨ ਘੋੜੇ ਤੇ ਚੜ੍ਹ ਕੇ ਵਿਆਹ ਕਰਾਉਣ ਜਾ ਰਿਹਾ ਸੀ। ਅਖੌਤੀ ਉੱਚ ਜਾਤੀਆਂ ਵਾਲਿਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਨੂੰ ਡਰਾਇਆ ਧਮਕਾਇਆ ਹੀ ਨਹੀਂ ਸਗੋਂ ਘੋੜੇ ਉਤੇ ਸਵਾਰੀ ਕਰਨ ਦੇ ਦੋਸ਼ ਹੇਠ ਮੌਤ ਦੇ ਘਾਟ ਉਤਾਰ ਦਿਤਾ ਸੀ। ਕਿਉਂਕਿ ਘੋੜਾ ਰਖਣਾ ਤੇ ਉਸ ਉਤੇ ਚੜ੍ਹਨਾ ਅਖੌਤੀ ਉੱਚ ਜਾਤੀ ਵਾਲੇ ਅਪਣਾ ਅਧਿਕਾਰ ਸਮਝਦੇ ਹਨ। ਦਲਿਤਾਂ ਤੇ ਅਤਿਆਚਾਰ ਤੇ ਵਿਤਕਰੇਬਾਜ਼ੀ ਹਜ਼ਾਰਾਂ ਸਾਲਾ ਤੋਂ ਜਾਰੀ ਹੈ।
ਕਰਨਾਟਕ ਦੇ ਇਕ ਦਲਿਤ ਨੌਜੁਆਨ ਨੂੰ ਖੂਬ ਕੁਟਿਆ ਤੇ ਨੰਗਾ ਕਰ ਕੇ ਘੁਮਾਇਆ ਗਿਆ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਹ ਮੰਦਰ ਵਿਚ ਪ੍ਰਵੇਸ਼ ਕਰ ਗਿਆ ਸੀ, ਜਿਸ ਵਿਚ ਦਲਿਤਾਂ ਦਾ ਜਾਣਾ ਮਨ੍ਹਾਂ ਸੀ। ਇਸੇ ਤਰ੍ਹਾਂ ਗੁਜਰਾਤ ਵਿਚ ਵੀ ਇਕ ਦਲਿਤ ਨੌਜੁਆਨ ਘੋੜੇ ਉਤੇ ਚੜ੍ਹ ਕੇ ਵਿਆਹ ਕਰਾਉਣ ਗਿਆ ਤਾਂ ਅਖੌਤੀ ਉੱਚ ਜਾਤੀਆਂ ਨੇ ਸਾਰੇ ਦਲਿਤਾਂ ਦਾ ਹੀ ਬਾਈਕਾਟ ਕਰ ਦਿਤਾ। ਮਹਾਰਾਸ਼ਟਰ ਦੇ ਪਿਪਰੀ ਕਸਬੇ ਵਿਚ ਭੱਠਾ ਮਾਲਕ ਨੇ ਦਲਿਤ ਮਜ਼ਦੂਰ ਨੂੰ ਮਾਮੂਲੀ ਤਕਰਾਰ ਉਤੇ ਮਲਮੂਤਰ ਖਾਣ ਲਈ ਮਜਬੂਰ ਕਰ ਦਿਤਾ ਸੀ। ਕਰਨਾਟਕਾ ਦੇ ਕੁੱਝ ਹਿੱਸਿਆਂ ਵਿਚ ਤਾਂ ਅੱਜ ਵੀ ਨਾਈ ਦਲਿਤਾਂ ਦੇ ਵਾਲ ਨਹੀਂ ਕਟਦੇ। ਨਾਈ ਵਾਲ ਤਾਂ ਵੱਢ ਸਕਦੇ ਹਨ ਪਰ ਉਹ ਅਖੌਤੀ ਉੱਚ ਜਾਤੀਆਂ ਵਾਲਿਆਂ ਦੇ ਡਰੋਂ ਅਜਿਹਾ ਨਹੀਂ ਕਰਦੇ।
ਬਹੁਤ ਵਾਰੀ ਤਾਂ ਅਖੌਤੀ ਉਚੀਆਂ ਜਾਤੀਆਂ ਵਾਲਿਆਂ ਦੇ ਕਹਿਰ ਤੋਂ ਬਚਣ ਦੇ ਮਾਰੇ ਦਲਿਤ ਅਪਣੀ ਪਛਾਣ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਕਿ ਉਨ੍ਹਾਂ ਦੇ ਦਲਿਤ ਹੋਣ ਦਾ ਪਤਾ ਨਾ ਲੱਗੇ। ਇਹ ਗੱਲ ਸ਼ਹਿਰਾਂ ਵਿਚ ਵੱਧ ਹੈ। ਦਿਹਾਤੀ ਖੇਤਰਾਂ ਵਿਚ ਤਾਂ ਸਾਰੇ ਇਕ ਦੂਜੇ ਦੇ ਜਾਣੂ ਹੀ ਹੁੰਦੇ ਹਨ। ਦਲਿਤ ਮੁਲਾਜ਼ਮ ਵੀ ਅਪਣੀ ਪਛਾਣ ਛੁਪਾਉਣ ਦੇ ਮਾਰੇ ਅਪਣੇ ਉਪ ਨਾਂ ਵੀ ਅਖੌਤੀ ਉੱਚ ਜਾਤੀਆਂ ਵਾਲੇ ਰੱਖ ਲੈਂਦੇ ਹਨ ਤਾਕਿ ਉਨ੍ਹਾਂ ਬਾਰੇ ਪਤਾ ਨਾ ਲੱਗੇ। ਕਈ ਤਾਂ ਦਲਿਤਾਂ ਵਿਚ ਵਿਚਰਨਾ ਹੀ ਛੱਡ ਦਿੰਦੇ ਹਨ ਤਾਕਿ ਉਹ ਲੁਕੇ ਰਹਿਣ। ਉਹ ਜਾਣਦੇ ਹਨ ਕਿ ਜੇਕਰ ਉਨ੍ਹਾਂ ਦਾ ਪਤਾ ਲੱਗੇਗਾ ਤਾਂ ਉਨ੍ਹਾਂ ਨੂੰ ਅਪਮਾਨਿਤ ਹੋਣਾ ਪਵੇਗਾ। ਇਸ ਕਰ ਕੇ ਉਹ ਸਾਰੀ ਉਮਰ ਅਪਣੇ ਆਪ ਨੂੰ ਛੁਪਾਉਂਦੇ ਹਨ।
ਵੈਸੇ ਤਾਂ ਜਾਤੀਵਾਦ ਪੂਰੇ ਦੇਸ਼ ਵਿਚ ਹੈ ਪਰ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਕਰਨਾਟਕਾ, ਗੁਜਰਾਤ, ਤਿਲੰਗਾਨਾ, ਉੜੀਸਾ, ਆਂਧਰਾ ਪ੍ਰਦੇਸ਼ ਅਜਿਹੇ ਸੂਬੇ ਹਨ ਜਿਥੇ ਜਾਤੀਵਾਦ ਪੂਰੇ ਜ਼ੋਰਾਂ ਉਤੇ ਹੈ। ਉੱਥੇ ਦਲਿਤ ਅੱਜ ਵੀ ਅਛੂਤ ਹਨ। ਉੱਥੇ ਦਲਿਤਾਂ ਦੀ ਹਾਲਤ ਬੇਹਦ ਤਰਸਯੋਗ ਹੈ। ਅਜਿਹੇ ਹਾਲਾਤ ਵਿਚੋਂ ਉਭਰਨਾ ਸੌਖਾ ਨਹੀਂ ਹੁੰਦਾ ਕਿਉਂਕਿ ਨਫ਼ਰਤ ਮਨ ਵਿਚ ਵੱਸ ਗਈ ਹੈ, ਮਾਨਸਿਕਤਾ ਮਲੀਨ ਹੋ ਚੁਕੀ ਹੈ। ਕਾਨੂੰਨ ਲਾਗੂ ਨਹੀਂ ਹੋ ਰਹੇ ਕਿਉਂਕਿ ਸਾਰੀ ਜਗ੍ਹਾ ਅਖੌਤੀ ਉੱਚ ਜਾਤੀਆਂ ਦਾ ਦਬਦਬਾ ਹੈ। ਇਕੱਲੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਹੀ ਦਲਿਤਾਂ ਤੇ ਅਤਿਆਚਾਰ ਦੇ ਚਾਲੀ ਹਜ਼ਾਰ ਕੇਸ ਲੰਬਿਤ ਪਏ ਹਨ। ਸਟੇਟ ਕਮਿਸ਼ਨਾਂ ਪਾਸ ਤਾਂ ਵਖਰੇ ਕੇਸ ਹਨ। ਇਨ੍ਹਾਂ ਵਿਚ ਕਤਲ, ਅਗਵਾ, ਬਲਾਤਕਾਰ ਆਦਿ ਦੇ ਕੇਸ ਵੱਧ ਹਨ। ਦਲਿਤਾਂ ਨੂੰ ਅਪਣਾ ਸੰਗਠਨ ਮਜਬੂਤ ਕਰਨਾ ਪਵੇਗਾ। ਉਨ੍ਹਾਂ ਨੂੰ ਅਪਣੀ ਲੜਾਈ ਇਕ ਹੋ ਕੇ ਲੜਨੀ ਪਵੇਗੀ। ਕਿਸੇ ਪਾਸੇ ਤੋਂ ਉਨ੍ਹਾਂ ਨੂੰ ਆਸ ਨਹੀਂ ਰਖਣੀ ਚਾਹਦੀ। ਬਾਕੀ ਪੀੜਤਾਂ ਨੂੰ ਤੇ ਪਛੜੇ ਵਰਗ ਨੂੰ ਨਾਲ ਲੈਣਾ ਮਾੜਾ ਨਹੀਂ ਹੋਵੇਗਾ। ਤਾਕਤ ਹੋਰ ਵੱਧ ਜਾਵੇਗੀ ਨਹੀਂ ਤਾਂ ਕੁੱਝ ਵੀ ਬਦਲਦਾ ਵਿਖਾਈ ਨਹੀਂ ਦੇ ਰਿਹਾ।
- ਕੇਹਰ ਸਿੰਘ ਹਿੱਸੋਵਾਲ, ਸੰਪਰਕ : 98141-25593