ਸਾਹਿਤ ਦੇ ਸਿਤਾਰੇ: ਪਿਆਰਾ ਸਿੰਘ ਦਾਤਾ ਨੂੰ ਯਾਦ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

15 ਜੁਲਾਈ ਨੂੰ ਜਨਮ ਦਿਨ 'ਤੇ ਵਿਸ਼ੇਸ਼

Piara Singh Data

ਹਰ ਲੇਖਕ ਦਾ ਲਿਖਣ ਦਾ ਢੰਗ ਵਖਰਾ ਹੁੰਦਾ ਹੈ। ਨਾਟਕ, ਨਾਵਲ, ਕਹਾਣੀ, ਮਿਨੀ ਕਹਾਣੀ, ਨਿਬੰਧ, ਗੀਤ, ਗ਼ਜ਼ਲ, ਰੁਬਾਈਆ, ਨਜ਼ਮ, ਵਿਅੰਗ, ਕਹਾਣੀ ਵਿਅੰਗ, ਹਾਸ-ਵਿਅੰਗ, ਕਵਿਤਾ ਵਿਅੰਗ, ਬੈਂਤ ਛੰਦ ਆਦਿ ਹੋਰ ਬਹੁਤ ਸਾਰੀਆਂ ਵਿਧਾ ਹਨ। ਜਿਵੇਂ ਲੇਖਕ ਅਪਣੀ ਚੋਣ ਕਰਦਾ ਹੈ, ਉਸੇ ਤਰ੍ਹਾਂ ਹੀ ਲਿਖਦਾ ਹੈ। ਹਾਸ-ਵਿਅੰਗ ਨੂੰ ਵੀ ਸਾਹਿਤ ਦਾ ਇਕ ਅੰਗ ਮੰਨ ਲਿਆ ਗਿਆ ਹੈ। ਅੱਜ ਇਸ ਵਿਚ ਬਹੁਤ ਸਾਰੇ ਲੇਖਕਾਂ ਦੇ ਨਾਂ ਆਉਂਦੇ ਹਨ ਜਿਵੇਂ ਕਿ ਐਲ.ਗਰਗ, ਸੁਖਮਿੰਦਰ ਸੇਖੋਂ, ਜਗਦੀਸ਼ ਪ੍ਰਸ਼ਾਦਿ, ਸ਼ੇਰ ਜੰਗ ਜਾਂਗਲੀ, ਹਰਭਜਨ ਬਟਾਲਵੀ, ਦਲੀਪ ਸਿੰਘ ਭੂਪਾਲ, ਜਗਜੀਤ ਕੋਮਲ, ਜੇ.ਐਲ.ਨੰਦਾ ਆਦਿ। ਪਰ ਹਾਸ-ਵਿਅੰਗ ਦੀ ਵਿਧਾ ਨੂੰ ਸਥਾਪਤ ਕਰਨ ਵਾਲੇ ਮੋਢੀ ਦਲੀਪ ਸਿੰਘ ਭੂਪਾਲ, ਅਨੰਤ ਸਿੰਘ ਕਾਂਬਲੀ, ਡਾ. ਗੁਰਨਾਮ ਸਿੰਘ ਤੀਰ, ਸੂਬਾ ਸਿੰਘ, ਈਸ਼ਵਰ ਚਿੱਤਰਕਾਰ ਅਤੇ ਕਨ੍ਹੱਈਆ ਲਾਲ ਕਪੂਰ ਆਦਿ ਨਾਂ ਹਨ। ਇਨ੍ਹਾਂ ਮੋਢੀਆਂ ਵਿਚ ਸੱਭ ਤੋਂ ਹਰਮਨ ਪਿਆਰਾ ਨਾਂ ਆਉਂਦਾ ਹੈ, ਪਿਆਰਾ ਸਿੰਘ ਦਾਤਾ।

ਪਿਆਰਾ ਸਿੰਘ ਦਾਤਾ ਦਾ ਜਨਮ ਮਾਤਾ ਆਤਮ ਕੌਰ ਦੀ ਕੁੱਖੋਂ, ਪਿਤਾ ਰਾਮ ਸਿੰਘ ਉਬਰਾਏ ਦੇ ਘਰ ਪਿੰਡ ਦਾਤਾ ਭੱਟ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ 15 ਜੁਲਾਈ 1910 ਨੂੰ ਹੋਇਆ। ਭੈਣ ਨੰਦ ਕੁਰ ਤੇ ਭੈਣ ਨਾਨਕੀ ਦਾ ਵੀਰ, ਗੁਰਬਖ਼ਸ਼ ਸਿੰਘ ਦਾ ਭਰਾ ਪੰਜਾਬੀ ਸਾਹਿਤ ਦਾ ਹੀਰਾ ਬਣਿਆ। ਉਨ੍ਹਾਂ ਨੇ ਬੀਬੀ ਸਤਵੰਤ ਕੌਰ ਨਾਲ ਵਿਆਹ ਕਰਵਾਇਆ ਤੇ ਬੇਟੀ ਰਾਮਿੰਦਰ ਕੌਰ, ਬੇਟੇ ਰਾਜਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਉਨ੍ਹਾਂ ਦੀ ਫੁੱਲਵਾੜੀ ਵਿਚ ਵਾਧਾ ਕੀਤਾ। ਪਿਆਰਾ ਸਿੰਘ ਦਾਤਾ ਦਾ ਬਚਪਨ ਦਾ ਨਾਂ ਪ੍ਰਦਮਣ ਸਿੰਘ ਸੀ ਪਰ ਉਨ੍ਹਾਂ ਦੀ ਦਾਦੀ ਨੂੰ ਇਹ ਨਾਂ ਲੈਣਾ ਔਖਾ ਲਗਦਾ ਸੀ ਇਸ ਕਰ ਕੇ ਉਨ੍ਹਾਂ ਨੇ ਨਾਂ ਪਿਆਰਾ ਸਿੰਘ ਰਖਿਆ ਅਤੇ ਦਾਤਾ ਉਨ੍ਹਾਂ ਦੇ ਪਿੰਡ ਦਾ ਅੱਧਾ ਨਾਂ ਉਨ੍ਹਾਂ ਨੇ ਅਪਣੇ ਨਾਂ ਨਾਲ ਜੋੜ ਲਿਆ।

ਪਿਆਰਾ ਸਿੰਘ ਦਾਤਾ ਨੇ ਪ੍ਰਾਇਮਰੀ ਪਿੰਡ ਦੇ ਸਕੂਲ ਤੋਂ ਅਤੇ ਮੈਟ੍ਰਿਕ ਖ਼ਾਲਸਾ ਹਾਈ ਸਕੂਲ ਸੱਯਦ ਅਤੇ ਸੁਖੋ ਤੋਂ ਫਿਰ ਕੁੱਝ ਸਮਾਂ ਡੀ.ਏ.ਵੀ. ਕਾਲਜ ਰਾਵਲਪਿੰਡੀ ਵੀ ਪੜ੍ਹੇ। ਬਚਪਨ ਵਿਚ ਲੇਖਕ ਗੁਰਪੁਰਬਾਂ, ਗੁਰਦਵਾਰਿਆਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਦਾ ਹੁੰਦਾ ਸੀ, ਹੌਲੀ-ਹੌਲੀ ਹੱਲਾ-ਸ਼ੇਰੀ ਤੇ ਉਤਸ਼ਾਹ ਸਦਕਾ ਜਲਸਿਆਂ ਦੀਆਂ ਸਟੇਜਾਂ ਤੇ ਚੜ੍ਹਨ ਲੱਗ ਪਿਆ। ਉਨ੍ਹਾਂ ਸਮਿਆਂ ਵਿਚ ਹੀ ਪ੍ਰਸਿੱਧ ਸਾਹਿਤਕ ਪੱਤਰ 'ਪ੍ਰੀਤਮ' ਵਿਚ ਛਪਣ ਲੱਗ ਪਿਆ। ਦਾਤਾ ਜੀ ਨੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹਾਦਤ ਵਾਲੇ ਦਿਨ ਅੰਗਰੇਜ਼ਾਂ ਵਿਰੁਧ ਜੋਸ਼ੀਲੀ ਤਕਰੀਰ ਦਿਤੀ, ਇਸ ਕਰ ਕੇ ਸੀ.ਆਈ.ਡੀ. ਉਨ੍ਹਾਂ ਦੇ ਪਿੱਛੇ ਲੱਗ ਗਈ ਤਾਂ ਉਨ੍ਹਾਂ ਨੂੰ ਰੂਪੋਸ਼ ਹੋਣ ਲਈ ਕੁੱਝ ਸਮਾਂ ਮਜਬੂਰ ਹੋਣਾ ਪਿਆ। ਬਾਅਦ ਵਿਚ ਸੋਸ਼ਲਿਸਟ ਪਾਰਟੀ ਦਾ ਮੈਂਬਰ ਬਣ ਕੇ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਪਾਉਣ ਲੱਗਾ। ਲਾਹੌਰ ਤੋਂ ਦਿੱਲੀ ਆ ਕੇ 'ਨੈਸ਼ਨਲ ਪ੍ਰੈਸ ਆਫ਼ ਇੰਡੀਆ' ਖੋਲ੍ਹ ਕੇ ਅਪਣਾ ਰੁਜ਼ਗਾਰ ਚਲਾਇਆ ਪਰ ਜ਼ਿੰਦਗੀ ਵਿਚ ਉਨ੍ਹਾਂ ਨੂੰ ਫ਼ੋਟੋ ਫਰੇਮਿੰਗ, ਡੇਅਰੀ ਫ਼ਾਰਮਿੰਗ, ਟਰੱਕ ਡਰਾਈਵਰੀ, ਗਿਆਨੀ ਕਾਲਜ ਜਿਲਦਬਾਜ਼ੀ, ਸਟੇਸ਼ਨਰੀ ਤੇ ਹੋਰ ਕਿੱਤੇ ਵੀ ਕਰਨੇ ਪਏ।

ਪਿਆਰਾ ਸਿੰਘ ਦਾਤਾ ਦੀਆਂ 'ਪ੍ਰੀਤਮ' ਤੋਂ ਬਾਅਦ 'ਪ੍ਰੀਤ ਸੈਨਿਕ' ਤੇ 'ਪ੍ਰੀਤਲੜੀ' ਵਿਚ ਵੀ ਉਨ੍ਹਾਂ ਦੀਆਂ ਰਚਨਾਵਾਂ ਛਪਦੀਆਂ ਰਹੀਆਂ। ਦਾਤਾ ਜੀ ਦੀ ਪੁਸਤਕਾਂ ਦੀ ਲੜੀ ਉਨ੍ਹਾਂ ਦੀ ਉਮਰ ਜਿੰਨੀ ਹੀ ਲੰਮੀ ਹੈ। 'ਹਾਸ-ਸੈਲਾਨੀ ਦਾਤਾ', 'ਬੇਪਰਵਾਹੀਆਂ', 'ਮਿੱਠੀਆਂ ਟਕੋਰਾਂ', 'ਲੂਣ ਦਾ ਪਹਾੜ', 'ਬਾਤਾਂ ਰਮਤੇ ਦੀਆਂ', 'ਗੱਪਬਾਜ਼', 'ਜ਼ਿੰਦਾ ਸ਼ਹੀਦ', 'ਨਵਾਂ ਰੇਡੀਉ', 'ਅਪ੍ਰੈਲਫੂਲ', 'ਦੁਰਗਤੀਆਂ', 'ਅਕਾਸ਼ਬਾਣੀ', 'ਹਾਸਯ-ਵਿਅੰਗ', 'ਨਮਕ ਕਾ ਪਹਾੜ' (ਹਿੰਦੀ), 'ਚੋਣਵੇਂ ਵਿਅੰਗ', 'ਚੋਣਵਾਂ ਪੰਜਾਬੀ ਹਾਸ-ਵਿਅੰਗ', 'ਆਪ-ਹੂਦਰੀਆਂ', 'ਅਠਖੇਲੀਆਂ', ਜੀਵਨੀਆਂ:- 'ਭੁੱਲੀਆਂ ਵਿਸਰੀਆਂ ਯਾਦਾਂ', 'ਮਹਾਂਬਲੀ ਬੰਦਾ ਸਿੰਘ ਬਹਾਦਰ', 'ਨੇਤਾ ਜੀ ਸੁਭਾਸ਼ ਚੰਦਰ ਬੋਸ', 'ਇਨਕਲਾਬੀ ਯੋਧਾ', '1942 ਦੇ ਬਾਗ਼ੀ ਇਨਕਲਾਬੀ', 'ਪੰਡਤ ਜਵਾਹਰ ਲਾਲ ਨਹਿਰੂ', 'ਮਹਾਰਾਜਾ ਦਲੀਪ ਸਿੰਘ', 'ਸ਼ਹੀਦ ਦੇਵੀ', 'ਪਰਵਾਨੇ', 'ਮਹੁੱਬਾਨੇ ਵਤਨ' (ਉਰਦੂ), 'ਸੱਭ ਤੋਂ ਵੱਡਾ ਸਤਿਗੁਰ ਨਾਨਕ', 'ਵਤਨ ਦੇ ਸ਼ਹੀਦ', 'ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ', 'ਦੇਸ਼ ਭਗਤ'।

 'ਸਿੱਖ ਸ਼ਹੀਦ', 'ਸਰਦਾਰ ਪਟੇਲ', 'ਗੁਰੂ ਨਾਨਕ ਦੇਵ ਜੀ', 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' (ਹਿੰਦੀ) ਸਫ਼ਰਨਾਮੇ:- 'ਸਫ਼ਰਨਾਮਾ ਸਾਹਿਤ', 'ਸਫ਼ਰਨਾਮੇ', 'ਸੈਲਾਨੀ ਦੀ ਦੇਸ਼ ਯਾਤਰਾ', 'ਮੇਰੇ ਪ੍ਰਮੁੱਖ ਸਫ਼ਰਨਾਮੇ', 'ਮੇਰੀ ਪਰਬਤ ਯਾਤਰਾ', 'ਕਸ਼ਮੀਰ ਯਾਤਰਾ', 'ਮਾਲਦੀਪ ਯਾਤਰਾ', 'ਦਿੱਲੀ ਤੋਂ ਕੰਨਿਆਂ ਕੁਮਾਰੀ', 'ਪਾਕਿਸਤਾਨ ਯਾਤਰਾ', ਆਮ ਵਾਕਫ਼ੀ:- 'ਪੰਜਾਬੀ ਵਿਆਕਰਣ ਤੇ ਲਿਖਤ ਰਚਨਾ', 'ਇਸਤਰੀ ਸਿਖਿਆ', 'ਸੁਹਾਗ ਸਿਖਿਆ', 'ਨਰੋਆ ਜੀਵਨ', 'ਬਾਲ ਸਹਿਤ', 'ਅਕਬਰ ਬੀਰਬਲ', 'ਹਾਸ-ਵਿਨੋਦ', 'ਪਹਾੜੀ ਯਾਤਰਾ', 'ਅਪਣੀ ਜਵਾਨੀ', 'ਸ਼ੱਕਰ ਪਾਰੇ', 'ਮਦਰਾਸ ਦੀ ਸੈਰ', 'ਬੰਬਈ ਦੀ ਸੈਰ', 'ਗੁਰੂ ਨਾਨਕ ਦੇਵ ਜੀ', 'ਗੁਰੂ ਨਾਨਕ', 'ਦਿੱਲੀ ਦੀ ਸੈਰ', 'ਟੈਲੀਫ਼ੋਨ ਤੇ ਰੇਡੀਉ ਦੀ ਕਹਾਣੀ', 'ਮੋਟਰ ਗੱਡੀ', 'ਹਵਾਈ ਜਹਾਜ਼'।

 'ਪਟਰੌਲ ਤੇ ਡੀਜ਼ਲ ਦੀ ਕਹਾਣੀ', 'ਕਪੜਾ ਉਦਯੋਗ', 'ਕਾਗ਼ਜ਼ ਉਦਯੋਗ', 'ਵਾਹੀ ਖੇਤੀ', 'ਜੱਗਾ ਮੋਗਿਆ ਦੇ ਦੇਸ਼ ਵਿਚ', 'ਜੱਗਾ ਬੌਣਿਆ ਦੇ ਦੇਸ਼ ਵਿਚ', 'ਬੀਰ ਬਹਾਦਰ ਜੱਗੇ ਦੀ ਵਾਰਤਾ', 'ਲਾਲਾ ਲਾਜਪਤ ਰਾਏ', 'ਬਾਬਾ ਪ੍ਰੇਮਾਂ', 'ਦੋ ਇੰਜਨਾਂ ਦਾ ਕਹਾਣੀ', 'ਗੁਰੂ ਨਾਨਕ ਦੇਵ' (ਹਿੰਦੀ) ਵਿਚ, ਅਨੁਵਾਦ: 'ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ', 'ਮਾਂਗਵੇਂ ਖੰਭ' (ਕਹਾਣੀਆਂ), ਨਾਵਲ:- 'ਕਾਲੀ ਮਿੱਟੀ', 'ਲੱਛਮੀ', 'ਧਰਤੀ ਲਾਲੋ-ਲਾਲ', 'ਦੇਸ਼-ਵਿਦੇਸ਼ ਦੀਆਂ ਪ੍ਰੀਤ ਕਹਾਣੀਆਂ', 'ਫ਼ਰਾਂਸ ਦੀ ਕਹਾਣੀ', 'ਮਨੁੱਖ ਤੇ ਦੇਵਤਾ' (ਵਣਜਾਰਾ ਬੇਦੀ ਨਾਲ ਮਿਲ ਕੇ), ਅੰਗਰੇਜ਼ੀ ਵਿਚ: 'ਦਾ ਸਿੱਖ ਐਮਪਾਇਰ', 'ਸੇਂਟਸੋਲਜਰ', 'ਗੁਰੂ ਗੋਬਿੰਦ ਸਿੰਘ', 'ਬੰਦਾ ਸਿੰਘ ਬਹਾਦਰ'

ਖੋਜ ਪੁਸਤਕਾਂ:- ਦਾਤਾ ਰਚਿਤ, 'ਯਾਤਰਾ ਸਹਿਤ', 'ਪਿਆਰਾ ਸਿੰਘ ਦਾਤਾ ਤੇ ਉਸ ਦਾ ਹਾਸ-ਵਿਅੰਗ',
ਸੰਪਾਦਨਾ:- 'ਨਵਾਂ ਸਾਹਿਤ' (ਮਾਸਿਕ ਪੱਤਰ), 'ਸਫ਼ਲਤਾ' (ਮਾਸਿਕ ਪੱਤਰ) ਆਦਿ ਤੋਂ ਇਲਾਵਾ, ਅੰਮ੍ਰਿਤਸਰ, ਚੰਡੀਗੜ੍ਹ ਯੂਨੀਵਰਸਿਟੀਆਂ ਐਮ. ਫਿਲ. 'ਚ ਚੋਣਵੇਂ ਹਾਸ-ਵਿਅੰਗ ਲੱਗੇ ਹੋਏ ਹਨ।

ਪਿਆਰਾ ਸਿੰਘ ਦਾਤਾ ਬਹੁਪੱਖੀ, ਬਹੁ-ਭਸ਼ਾਈ ਲੇਖਕ ਹੈ। ਉਨ੍ਹਾਂ ਨੇ ਅੰਗਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਕਲਮ ਚਲਾਈ। ਲੇਖਕ ਨੂੰ ਮਿਲੇ ਸਨਮਾਨ 'ਪੰਜਾਬੀ ਸਾਹਿਤ ਸਭਾ ਦਿੱਲੀ ਵਲੋਂ, ਭਾਈ ਮੋਹਨ ਸਿੰਘ ਵੈਦ ਅੰਮ੍ਰਿਤਸਰ ਵਲੋਂ, ਬਲਰਾਜ ਸਾਹਨੀ ਢੁੱਡੀਕੇ ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਐਵਾਰਡ, ਮਲੇਰਕੋਟਲਾ ਸਾਹਿਤ ਸਭਾ ਵਲੋਂ, ਸ੍ਰ. ਕਰਤਾਰ ਸਿੰਘ ਧਾਲੀਵਾਲ ਅਮਰੀਕਾ (ਰਾਹੀਂ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਬ੍ਰਦਰਹੁਡ ਜੰਗਪੁਰ ਨਵੀਂ ਦਿੱਲੀ ਵਲੋਂ, ਪੰਜਾਬੀ ਕਲਚਰਲ ਸੁਸਾਇਟੀ ਗਾਜੀਆਬਾਦ ਵਲੋਂ ਸਨਮਾਨਤ, ਸੰਤ ਨਿਧਾਨ ਸਿੰਘ ਕੇਸਰ ਬੈਂਕਾਕ ਐਵਾਰਡ, ਕੇ.ਐਲ.ਕਪੂਰ ਐਵਾਰਡ ਮੋਗਾ, ਭਾਈ ਵੀਰ ਸਿੰਘ ਪੁਰਸਕਾਰ ਭਾਸ਼ਾ ਵਿਭਾਗ ਵਲੋਂ, ਹਜ਼ੂਰ ਸਾਹਿਬ ਨਾਂਦੇੜ ਵਿਖੇ ਸਨਮਾਨ, ਦੇਹਰਾਦੂਨ ਤੋਂ ਸਨਮਾਨਤ, ਦਿੱਲੀ ਸਰਕਾਰ ਪੰਜਾਬੀ ਅਕਾਦਮੀ ਵਲੋਂ 1 ਲੱਖ 11 ਹਜ਼ਾਰ ਨਾਲ ਸਨਮਾਨਤ ਅਤੇ ਭਾਸ਼ਾ ਵਿਭਾਗ ਪਟਿਆਲਾ ਵਲੋਂ 1 ਲੱਖ, ਸੋਨੇ ਦੇ ਮੈਡਲ ਨਾਲ ਸਨਮਾਨਤ ਆਦਿ।

ਪਿਆਰਾ ਸਿੰਘ ਦਾਤਾ, ਮਿੱਠ ਬੋਲੜਾ, ਨਿਮਰ ਤੇ ਹਲੀਮੀ ਸੁਭਾਅ ਵਾਲਾ, 'ਰਮਤਾ ਸੈਲਾਨੀ', ਹੱਸਣ-ਹਸਾਣ ਦੀ ਆਦਤ ਵਾਲੇ ਨੇ ਵੱਖ-ਵੱਖ ਵਿਸ਼ਿਆਂ ਤੇ ਕਲਮ ਅਜ਼ਮਾਈ, ਅਖ਼ੀਰ ਮਾਂ ਬੋਲੀ ਦਾ ਪਿਆਰਾ ਲਾਲ 10 ਜਨਵਰੀ 2004 ਨੂੰ ਦੁਨੀਆਂ ਨੂੰ ਅਲਵਿਦਾ ਆਖ ਗਿਆ ਜਿਨ੍ਹਾਂ ਦੀਆਂ ਅਨਮੁੱਲੀਆਂ ਕਿਤਾਬਾਂ ਪਾਠਕਾਂ ਨੂੰ ਜਾਗਰਤ ਕਰਦੀਆਂ, ਸਿਖਿਆ ਦਿੰਦੀਆਂ ਰਹਿਣਗੀਆਂ। ਸਾਹਿਤ ਜਗਤ ਵਿਚ ਪਿਆਰਾ ਸਿੰਘ ਦਾਤਾ ਜੀ ਦਾ ਨਾਂ ਹਮੇਸ਼ਾ ਬੜੇ ਅਦਬ ਨਾਲ ਲਿਆ ਜਾਇਆ ਕਰੇਗਾ।
- ਦਰਸ਼ਨ ਸਿੰਘ ਪ੍ਰੀਤੀ ਮਾਨ
ਮੋ: 98786-06963

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।