ਅਖ਼ੀਰ ਬਾਬਾ ਬੋਲ ਉਠਿਆ... (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਦੋਂ ਵੀ ਚੋਣਾਂ ਦਾ ਵਾਜਾ ਵਜਦਾ ਹੈ ਤਾਂ ਸਿਆਸੀ ਹਲਕਿਆਂ ਵਿਚ ਬਹੁਤ ਸਾਰੀ ਉਥਲ ਪੁਥਲ ਮੱਚ ਜਾਂਦੀ ਹੈ........

Baba

ਜਦੋਂ ਵੀ ਚੋਣਾਂ ਦਾ ਵਾਜਾ ਵਜਦਾ ਹੈ ਤਾਂ ਸਿਆਸੀ ਹਲਕਿਆਂ ਵਿਚ ਬਹੁਤ ਸਾਰੀ ਉਥਲ ਪੁਥਲ ਮੱਚ ਜਾਂਦੀ ਹੈ। ਕੋਈ ਇਕ ਨੇਤਾ ਕਿਸੇ ਪਾਰਟੀ ਨੂੰ ਛੱਡ ਕੇ ਜਾ ਰਿਹਾ ਹੁੰਦਾ ਹੈ। ਕੋਈ ਚਿਰਾਂ ਦਾ ਰੁਸਿਆ ਵਾਪਸ ਆ ਰਿਹਾ  ਹੁੰਦਾ ਹੈ। ਕੋਈ ਦੋਚਿਤੀ ਵਿਚ ਫਸਿਆ ਹੁੰਦਾ ਹੈ। ਕੁੱਝ ਘੋਗੜਮੱਲ  ਨੇਤਾ ਅਪਣੀ ਕੁਰਸੀ ਨਾਲ ਚਿੰਬੜ ਕੇ ਬੈਠੇ ਰਹਿੰਦੇ ਹਨ। ਕੋਈ ਦੂਜਾ ਪਾਰਟੀ ਕਰਤਾ ਭਾਵੇਂ ਜਿੰਨਾ ਮਰਜ਼ੀ ਕੰਮ ਕਰ ਰਿਹਾ ਹੋਵੇ ਪਰ ਉਹ ਪਾਰਟੀ ਦੀ ਪ੍ਰਧਾਨਗੀ ਨੂੰ ਆਪਣੇ ਕੋਲੋਂ ਨਹੀਂ ਜਾਣ ਦੇਣਾ ਚਾਹੁੰਦੇ। ਕੁਰਸੀ ਕਿਸੇ ਹੋਰ ਨੂੰ ਦੇਣ ਲਈ ਉਹ ਏਨੀ ਕੰਜੂਸੀ ਵਰਤ ਰਹੇ ਹੁੰਦੇ ਹਨ ਜਿਵੇਂ ਕੋਈ ਕਰਾੜ (ਬਾਣੀਆ)।

ਸੋ, ਇਸ ਵਾਰ ਮੇਰਾ ਜੀਅ ਤੁਹਾਨੂੰ ਇਕ ਕਹਾਣੀ ਸੁਣਾਉਣ ਨੂੰ ਕਰ ਰਿਹਾ ਹੈ। ਮੇਰੀ ਇਸ ਕਾਹਣੀ ਵਿਚ ਕਈ ਸਾਰੇ ਨੇਤਾਵਾਂ ਦੇ ਚਿਹਰਿਆਂ ਮੋਹਰਿਆਂ ਦੇ ਝੌਲੇ ਪੈਣਗੇ। ਇਹ ਕਹਾਣੀ ਮੇਰੇ ਮਰਹੂਮ ਤਾਇਆ ਜੀ ਸੁਣਾਇਆ ਕਰਦੇ ਸਨ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਇਕ ਰਾਜਾ ਸੀ। ਇਕ ਦਿਨ ਉਹ ਅਪਣੇ ਸਿਪਾਹ ਸਲਾਰਾਂ ਨਾਲ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਜੰਗਲ ਵਿਚ ਗਿਆ। ਇਕ ਹਿਰਨ ਦਾ ਪਿੱਛਾ ਕਰਦੇ ਕਰਦੇ ਉਹ ਦੂਰ ਨਿਕਲ ਗਿਆ। ਹਿਰਨ ਚਕਮਾ ਦੇ ਕੇ ਉਨ੍ਹਾਂ ਦੀਆਂ ਅੱਖਾਂ ਤੋਂ ਔਝਲ ਹੋ ਗਿਆ। ਰਾਜੇ ਨੂੰ ਇਕ ਝੌਂਪੜੀ ਦਿਖਾਈ ਦਿਤੀ। ਉਸ ਨੇ ਵੇਖਿਆ ਕਿ ਝੌਂਪੜੀ ਦੇ ਬਾਹਰ ਇਕ ਗਰੀਬੜਾ ਜਿਹਾ ਬਜ਼ੁਰਗ ਬਾਬਾ ਬੈਠਾ ਹੈ। 

“ਓ ਬਾਬਾ! ਮੈਂ ਇਸ ਰਿਆਸਤ ਦਾ ਰਾਜਾ ਹਾਂ... ਅਸੀ ਇਧਰ ਸ਼ਿਕਾਰ ਕਰਨ ਆਏ ਹੋਏ ਹਾਂ... ਤੂੰ   ਹੁਣੇ ਹੁਣੇ ਇਕ ਹਿਰਨ ਨੂੰ  ਇਧਰੋਂ ਭਜਦੇ ਜਾਂਦੇ ਤਾਂ ਨਹੀਂ ਵੇਖਿਆ?” ਉਸ ਨੇ ਪੁਛਿਆ। 

“ਜਾਨ ਸਲਾਮਤ ਹੋਵੇ ਮਹਾਰਾਜ! ਮੈਂ ਤਾਂ  ਅੰਨ੍ਹਾ ਹਾਂ... ਮੈਂ ਵੇਖਿਆ ਤਾਂ ਨਹੀਂ ਪਰ ਕਿਸੇ ਜਾਨਵਰ ਦੇ ਭਜਦੇ ਜਾਂਦੇ ਦੀ ਆਵਾਜ਼ ਜ਼ਰੂਰ ਸੁਣੀ ਹੈ... ਮੈਨੂੰ ਇਹ ਨਹੀਂ ਪਤਾ ਕਿ ਭੱਜਣ ਵਾਲਾ ਜਾਨਵਰ ਹਿਰਨ ਸੀ ਜਾਂ ਕੋਈ ਹੋਰ ਪਰ ਹਾਂ ਇਕ ਗੱਲ ਜ਼ਰੂਰ ਹੈ ਕਿ ਉਹ ਜੋ ਵੀ ਸੀ ਨਰ ਨਹੀਂ ਬਲਕਿ ਇਕ ਗਰਭਵਤੀ ਮਾਦਾ ਸੀ ਤੇ ਬਹੁਤ ਜ਼ਲਦੀ ਮਾਂ ਵੀ ਬਣਨ ਵਾਲੀ ਹੈ... ਸੋ, ਰਾਜਾ ਜੀ ਉਸ ਨੂੰ ਮਾਰਿਉ ਨਾ ... ਤੁਹਾਨੂੰ ਪਾਪ ਲਗੇਗਾ।” ਬਜ਼ੁਰਗ ਬੋਲਿਆ। “ਇਕ ਤਾਂ ਤੂੰ ਹੈਂ ਅੰਨ੍ਹਾ, ਫਿਰ ਤੈਨੂੰ ਕਿਵੇਂ ਪਤਾ ਕਿ ਉਹ ਸੂਣ ਵਾਲੀ ਹੈ?” ਰਾਜੇ ਨੇ ਪੁਛਿਆ। “ਮਹਾਰਾਜ! ਤੁਸੀ ਮੰਨੋ ਜਾਂ ਨਾ, ਪਰ ਇਹ ਸੱਚ ਹੈ।” ਬਾਬਾ ਬੋਲਿਆ।

ਰਾਜਾ ਤੇ ਸਿਪਾਹ ਸਲਾਰਾਂ ਨੇ ਜ਼ਿਆਦਾ ਸਮਾਂ ਖ਼ਰਾਬ ਨਾ ਕੀਤਾ। ਸ਼ਿਕਾਰ ਦਾ ਪਿੱਛਾ ਕਰਦੇ ਕਰਦੇ ਉਹ ਅੱਗੇ ਨਿਕਲ ਗਏ। ਉਨ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਉਸ ਸ਼ਿਕਾਰ ਨੂੰ ਮਾਰ ਦਿਤਾ। ਨਜ਼ਦੀਕ ਜਾ ਕੇ  ਵੇਖਿਆ ਤਾਂ ਸਚਮੁਚ ਉਹ ਹਿਰਨ ਨਹੀਂ ਬਲਕਿ ਜਲਦੀ ਹੀ ਮਾਂ ਬਣਨ ਵਾਲੀ ਹਿਰਨੀ ਸੀ। ਰਾਜਾ ਵਾਪਸ ਆਉਂਦਿਆਂ ਫਿਰ ਉਸ ਝੌਂਪੜੀ ਕੋਲ ਰੁਕਿਆ। ਉਸ ਨੇ ਬਜ਼ੁਰਗ ਨੂੰ ਫਿਰ ਪੁਛਿਆ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਉਹ ਹਿਰਣੀ ਸੀ? “ਰਾਜਾ ਜੀ, ਜਦੋਂ ਮੈਂ ਉਸ ਜਾਨਵਰ ਨੂੰ ਦੌੜਦੇ ਜਾਂਦੇ ਸੁਣਿਆ ਤਾਂ ਮੈਨੂੰ ਉਸ ਦੇ ਪੈਰਾਂ ਦੀ ਭਾਰੀ ਥਾਪ ਦੀ ਆਵਾਜ਼ ਤੋਂ ਅੰਦਾਜ਼ਾ ਲੱਗ ਗਿਆ ਸੀ ਕਿ ਇਹ ਭੱਜਣ ਵਾਲੀ ਕੋਈ ਗਰਭਵਤੀ ਮਾਦਾ ਹੈ।” ਬਜ਼ੁਰਗ ਨੇ ਕਿਹਾ। 

“ਬਾਬਾ! ਤੂੰ ਤਾਂ ਬਹੁਤ ਸਮਝਦਾਰ ਲਗਦੈਂ?” ਰਾਜੇ ਨੇ ਕਿਹਾ। “ਨਹੀਂ ਮਹਾਰਾਜ, ਸਮਝਦਾਰ ਤਾਂ ਮੈਂ ਕਾਹਦਾ ਹਾਂ... ਜੇ ਸਮਝਦਾਰ ਹੁੰਦਾ ਤਾਂ ਅੱਜ ਇਹ ਗ਼ਰੀਬੀ ਭਰੇ ਦਿਨ ਨਾ ਵੇਖ ਰਿਹਾ ਹੁੰਦਾ। ਇਹ ਸੱਭ ਤਜਰਬੇ ਦਾ ਨਤੀਜਾ ਹੈ।” ਬਾਬੇ ਨੇ ਕਿਹਾ। ਰਾਜੇ ਨੇ ਅਪਣੇ ਸਿਪਾਹੀਆਂ ਨੂੰ ਹੁਕਮ ਦਿਤਾ, “ਬਾਬਾ ਜੀ ਨੂੰ ਸ਼ਾਮ ਸਵੇਰੇ ਬਚੀ ਖੁਚੀ ਰੋਟੀ ਭਿਜਵਾ ਦਿਆ ਕਰੋ ਤਾਕਿ ਇਸ ਨੂੰ ਇਸ ਉਮਰ ਵਿਚ ਕੰਮ ਨਾ ਕਰਨਾ ਪਵੇ।” ਬਾਬੇ ਨੇ ਰਾਜੇ ਦਾ ਬਹੁਤ ਧਨਵਾਦ ਕੀਤਾ। ਰਾਜਾ ਵਾਪਸ ਮਹਿਲੀਂ ਪਰਤ ਗਿਆ। ਕੁੱਝ ਸਮੇਂ ਬਾਅਦ ਰਾਜਾ ਇਕ ਮੰਡੀ ਵਿਚੋਂ ਅਪਣੇ ਲਈ ਇਕ ਘੋੜਾ ਖ਼ਰੀਦ ਕੇ ਲਿਆਇਆ। (ਚੱਲਦਾ)

ਆਲ੍ਹਣਾ, 433 ਫੇਜ਼ 9 ਮਾਹਲੀ। 
ਮੁਬਾਈਲ : 94171-73700