ਪੋਚਵੀਂ ਪੱਗ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਚਰਨ ਦਾ ਦਸਵੀਂ ਦਾ ਨਤੀਜਾ ਆਇਆ......

Turban

ਚਰਨ ਦਾ ਦਸਵੀਂ ਦਾ ਨਤੀਜਾ ਆਇਆ। ਚਰਨ ਦਸਵੀਂ 'ਚੋ 68 ਫ਼ੀ ਸਦੀ ਨੰਬਰ ਲੈ ਕੇ, ਸਕੂਲ 'ਚੋਂ ਪਹਿਲੇ ਸਥਾਨ 'ਤੇ ਆਇਆ। ਪਿੰਡ ਵਿਚ ਹੀ ਮਹਿੰਦਰ ਸਿੰਘ ਨਾਲ, ਚਰਨ ਇਕ ਮਹੀਨੇ ਤੋਂ ਸੀਰੀ ਰਲਿਆ ਹੋਇਆ ਸੀ। ਮਹਿੰਦਰ ਸਿੰਘ ਦਾ ਮੁੰਡਾ ਜੋ ਸ਼ਹਿਰ ਕਿਸੇ ਮਹਿੰਗੇ ਸਕੂਲ ਵਿਚ ਪੜ੍ਹਦਾ ਸੀ, ਫ਼ੇਲ੍ਹ ਹੋ ਗਿਆ। ਇਸ ਲਈ ਕਿਸੇ ਨੇ ਵੀ ਚਰਨ ਨੂੰ ਵਧੀਆ ਨੰਬਰਾਂ ਨਾਲ ਪਾਸ ਹੋਣ ਦੀ ਵਧਾਈ ਨਾ ਦਿਤੀ। ਚਰਨ ਨੇ ਪੂਰੀ ਲਗਨ ਨਾਲ ਇਕ ਮਹੀਨਾ ਝੋਨੇ ਦੀ ਲੁਆਈ ਵਿਚ ਮਹਿੰਦਰ ਸਿੰਘ ਦੇ ਘਰ ਅਤੇ ਖੇਤਾਂ ਵਿਚ ਕੰਮ ਕੀਤਾ। ਮਹਿੰਦਰ ਸਿੰਘ ਨਾਲ ਮਹੀਨਾ ਪੂਰਾ ਹੋਣ ਤੋਂ ਬਾਅਦ ਚਰਨ ਨੇ ਕਾਲਜ ਵਿਚ ਦਾਖ਼ਲਾ ਲੈ ਲਿਆ।

ਉਹ ਹਰ ਰੋਜ਼ ਤਿਆਰ ਹੋ ਕੇ ਕਾਲਜ ਜਾਣ ਲਗਿਆ। ਕਾਲਜ ਵਿਚ ਜਾਣ ਕਾਰਨ ਚਰਨ ਦੇ ਰਹਿਣ-ਸਹਿਣ ਵਿਚ ਬਹੁਤ ਬਦਲਾਅ ਆ ਗਿਆ। ਉਹ ਪੱਗ ਬਹੁਤ ਸੋਹਣੀ ਬੰਨ੍ਹਣ ਲੱਗ ਪਿਆ ਸੀ। ਇਸ ਤੇ ਚਰਨ ਦੀ ਮਾਂ ਅੰਦਰੋ-ਅੰਦਰ ਬਹੁਤ ਖ਼ੁਸ਼ ਹੁੰਦੀ ਅਤੇ ਡਰਦੀ ਵੀ ਕਿ ਕਿਤੇ ਉਸ ਦੇ ਪੁੱਤਰ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ। ਅਸਲ ਵਿਚ ਉਸ ਦੇ ਅੰਦਰ ਉੱਚੇ ਜ਼ਮਾਨੇ ਅਤੇ ਸਮਾਜ ਦੀ ਨਜ਼ਰ ਦਾ ਡਰ ਸੀ ਕਿਉਂਕਿ ਚਰਨ ਦਾ ਪਿਉ ਵੀ ਬਹੁਤ ਸੋਹਣਾ ਸੀ ਅਤੇ ਟੌਰ੍ਹੇ ਵਾਲੀ ਪੱਗ ਬੰਨ੍ਹ ਕੇ ਜਦ ਮੇਲਿਆਂ 'ਤੇ ਜਾਂਦਾ ਸੀ ਤਾਂ ਬਹੁਤ ਸਾਰੇ ਲੋਕ ਉਸ ਦੀ ਇਸ ਸ਼ੌਕੀਨੀ ਤੋਂ ਸੜਦੇ ਸਨ।

ਇਸੇ ਤਰ੍ਹਾਂ ਜ਼ਿਦ ਵਧਦੀ ਗਈ ਅਤੇ ਇਸ ਵਖਰੇਵੇਂ ਨੇ ਚਰਨ ਦੇ ਪਿਤਾ ਦੀ ਜਾਨ ਲੈ ਲਈ ਸੀ। ਇਸ ਲਈ ਚਰਨ ਦੀ ਮਾਂ ਉਸ ਨੂੰ ਜ਼ਿਆਦਾ ਸਮਾਂ ਸ਼ੀਸ਼ੇ ਅੱਗੇ ਖੜੇ ਰਹਿਣ 'ਤੇ ਉਸ ਦੀ ਟੋਕਾ- ਟਾਕੀ ਕਰਦੀ ਹੋਈ ਕਹਿੰਦੀ, “ਪੁੱਤਰ ਜ਼ਿਆਦਾ ਨਹੀਂ ਸ਼ੀਸ਼ਾ ਵੇਖੀਦਾ, ਕਈ ਵਾਰ ਅਪਣੀ ਹੀ ਨਜ਼ਰ ਲੱਗ ਜਾਂਦੀ ਏ।'' ਚਰਨ ਅਪਣੀ ਮਾਂ ਦੀ ਗੱਲ ਨੂੰ ਹਾਸੇ ਨਾਲ ਟਾਲ ਛਡਦਾ। ਚਰਨ ਕਈ ਦਿਨ ਬਾਅਦ ਅਪਣੇ ਮਹੀਨੇ ਦੇ ਰਹਿੰਦੇ ਕੁੱਝ ਪੈਸੇ ਲੈਣ ਲਈ ਮਹਿੰਦਰ ਸਿੰਘ ਦੇ ਘਰ ਗਿਆ। ਮਹਿੰਦਰ ਸਿੰਘ ਨੂੰ ਚਰਨ ਬਾਰੇ ਪਹਿਲਾਂ ਹੀ ਸੱਭ ਕੁੱਝ ਪਤਾ ਲੱਗ ਗਿਆ ਸੀ ਕਿ ਚਰਨ ਨੇ ਸਰਕਾਰੀ ਕਾਲਜ ਵਿਚ ਦਾਖ਼ਲਾ ਲੈ ਲਿਆ ਹੈ।

ਇਸ ਕਰ ਕੇ ਮਹਿੰਦਰ ਸਿੰਘ ਅਪਣੇ ਪੁੱਤਰ ਦੀ ਅਸਫ਼ਲਤਾ ਵਿਚ ਜਿਵੇਂ ਚਰਨ ਸਿੰਘ ਦੀ ਸਫ਼ਲਤਾ ਦਾ ਹੱਥ ਸਮਝਦਾ ਹੋਵੇ। ਚਰਨ ਸਿੰਘ ਨੇ ਮਹਿੰਦਰ ਸਿੰਘ ਨੂੰ ਜਾ ਕਿ ਕਿਹਾ, “ਚਾਚਾ ਜੀ, ਸਤਿ ਸ੍ਰੀ ਅਕਾਲ!” ਮਹਿੰਦਰ ਸਿੰਘ ਨੇ ਕੋਈ ਜਵਾਬ ਨਾ ਦਿਤਾ ਸਗੋਂ ਸੜ ਕੇ ਸੁਆਹ ਹੋ ਗਿਆ। ਮੱਥੇ' ਤੇ ਤਿਉੜੀਆਂ ਪਾਉਂਦੇ ਹੋਏ ਨੇ ਸਿਰਫ਼ 'ਹੂੰ' ਹੀ ਕਿਹਾ। “ਹਾਂ ਦੱਸ ਬਈ ਕਿਵੇਂ ਆਇਐਂ?”, ਅਪਣਾ ਹਾਵ-ਭਾਵ ਬਦਲਣ ਦੇ ਮੂਡ ਵਿਚ ਮਹਿੰਦਰ ਸਿੰਘ ਨੇ ਕਿਹਾ। (ਚਲਦਾ)

- ਪਿੰਡ : ਬੁੱਕਣਵਾਲ, ਤਹਿ: ਮਲੇਰਕੋਟਲਾ, ਜ਼ਿਲ੍ਹਾ : ਸੰਗਰੂਰ, ਮੋਬਾਈਲ: 94176-61708