ਪੋਚਵੀਂ ਪੱਗ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

''ਚਾਚਾ ਮੈਂ ਅਪਣੇ ਰਹਿੰਦੇ ਪੈਸੇ ਲੈਣ ਆਇਆ ਸੀ। ਮੈਂ ਚਾਚਾ ਸ਼ਹਿਰ ਪੜ੍ਹਨ ਲੱਗ ਗਿਆ ਹਾਂ।'' 

Turban

''ਚਾਚਾ ਮੈਂ ਅਪਣੇ ਰਹਿੰਦੇ ਪੈਸੇ ਲੈਣ ਆਇਆ ਸੀ। ਮੈਂ ਚਾਚਾ ਸ਼ਹਿਰ ਪੜ੍ਹਨ ਲੱਗ ਗਿਆ ਹਾਂ।'' “ਹਾਂ... ਹਾਂ... ਪਤਾ ਹੈ, ਤੂੰ ਪੜ੍ਹਨ ਲੱਗ ਗਿਐਂ, ਨਾ ਫਿਰ ਕਿਹੜਾ ਡੀ.ਸੀ. ਲੱਗ ਜਾਵੇਂਗਾ? ਐਂ ਬਣ ਸੁਆਰ ਕੇ, ਪੋਚ ਕੇ ਪੱਗ ਬੰਨ੍ਹ, ਕਾਲਜ ਜਾਣ ਨਾਲ ਕੁੱਝ ਨਹੀਂ ਹੁੰਦਾ। ਇਸ ਵਾਸਤੇ ਬਹੁਤ ਕੁੱਝ ਚਾਹੀਦੈ, ਨਾਲੇ ਜਿਸ ਦੀ ਕਿਸਮਤ ਵਿਚ ਜੋ ਲਿਖਿਆ ਹੁੰਦੈ, ਉਹੀ ਮਿਲਦੈ। ਤੈਨੂੰ ਨਹੀਂ ਪਤਾ ਕਿ ਤੇਰੀ ਕਿਸਮਤ ਵਿਚ ਸਾਡੀਆਂ ਹੀ ਖੁਰਲੀਆਂ ਹੂੰਝਣੀਆਂ ਲਿਖੀਆਂ ਨੇ। ਪਹਿਲਾਂ ਤੇਰਾ ਦਾਦਾ ਹੂੰਝਦਾ ਸੀ, ਫਿਰ ਤੇਰਾ ਬਾਪ... ਹੁਣ  ਤੇਰੀ ਵਾਰੀ ਏ। ਇਸ ਕਰ ਕੇ ਇਹ ਪੜ੍ਹਨ-ਪੂੜਨ ਨੂੰ ਛੱਡ ਤੇ ਚੁੱਪ ਕਰ ਕੇ ਹੁਣੇ ਤੋਂ ਕੰਮ 'ਤੇ ਲੱਗ ਜਾ।

ਵੇਖ ਇਕ ਮਹੀਨੇ ਵਿਚ ਹੀ ਤੂੰ ਸਾਡੇ ਘਰ ਰੋਟੀ ਪਾਣੀ ਖਾ ਕੇ ਕਿੰਨਾ ਸੋਹਣਾ ਅਤੇ ਤਕੜਾ ਹੋ ਗਿਆ ਐਂ। ਜਦ ਤੂੰ ਸਾਡੇ ਨਾਲ ਰਲਿਆ ਸੀ, ਤੇਰੀ ਬੂਥੀ ਕਿਸੇ ਨੂੰ ਦਿਸਦੀ ਨਹੀਂ ਸੀ। ਹੁਣ ਵੇਖ ਤੇਰਾ ਚਿਹਰਾ ਗਦ-ਗਦ ਕਰਨ ਲੱਗ ਗਿਆ ਏ।'' ਇਹ ਸੱਭ ਕੁੱਝ ਆਖ ਕੇ ਮਹਿੰਦਰ ਨੇ ਜਿਵੇਂ ਅਪਣੇ ਮੁੰਡੇ ਦੀ ਅਸਫ਼ਲਤਾ ਦਾ ਬਦਲਾ ਲੈ ਲਿਆ ਹੋਵੇ। ਜਿਹੜਾ ਜ਼ਹਿਰ ਉਸ ਦੇ ਅੰਦਰ ਪਤਾ ਨਹੀਂ ਕਦੋਂ ਦਾ ਚਰਨ ਦੀ ਸਫ਼ਲਤਾ ਲਈ ਭਰਿਆ ਪਿਆ ਸੀ, ਉਸ ਨੇ ਉਹ ਜ਼ਹਿਰ ਉਗਲ ਕੇ ਜੁਗਾਲੀ ਕਰ ਲਈ। ਚਰਨ ਤਾਂ ਜਿਵੇਂ ਭੁੱਲ ਹੀ ਗਿਆ ਸੀ ਕਿ ਉਹ ਕਿਸ ਕੰਮ ਲਈ ਆਇਆ ਸੀ।

ਉਸ ਨੇ ਤਾਂ ਨੀਵੀਂ ਪਾਏ ਖੜੇ ਨੇ ਅਪਣੀ ਅੱਧ-ਘਸੀ ਚੱਪਲ ਨਾਲ ਧਰਤੀ ਮਾਂ ਦੀ ਹਿਕ ਲਕੀਰਾਂ ਮਾਰ-ਮਾਰ ਲਹੂ ਲੁਹਾਨ ਹੀ ਕਰ ਦਿਤੀ ਸੀ। ''ਫਿਰ ਆ ਕੇ ਲੈ ਜਾਈਂ ਰਹਿੰਦੇ ਪੈਸੇ, ਅਜੇ ਆੜ੍ਹਤੀਏ ਨਾਲ ਹਿਸਾਬ ਨਹੀਂ ਕੀਤਾ।'' ਮਹਿੰਦਰ ਸਿੰਘ ਦੇ ਇਨ੍ਹਾਂ ਸ਼ਬਦਾਂ ਦੇ ਕਹਿਣ ਨਾਲ ਹੀ ਧਰਤੀ ਮਾਂ ਨੂੰ ਚਰਨ ਤੋਂ ਆਰਾਮ ਮਿਲਿਆ ਅਤੇ ਚਰਨ ਬਿਨਾਂ ਕੁੱਝ ਕਹੇ ਘਰ ਆ ਗਿਆ। ਚਰਨ ਸਿੰਘ ਨੂੰ ਮਹਿੰਦਰ ਸਿੰਘ ਦੇ ਸ਼ਬਦਾਂ ਨੇ ਜਿਵੇਂ ਹਿਲਾ ਕੇ ਰੱਖ ਦਿਤਾ ਸੀ। ਉਹ ਤਾਂ ਪਿੰਡ ਵਿਚ ਕੰਮ ਕਰਨ ਨੂੰ ਸ਼ਾਨ ਸਮਝਦਾ ਸੀ ਕਿ ਮਿਹਨਤ ਮਜ਼ਦੂਰੀ ਕਰ ਕੇ ਜੇ ਮੈਂ ਪੜ੍ਹ-ਲਿਖ ਕੇ ਕੁੱਝ ਬਣ ਜਾਵਾਂਗਾ

ਤਾਂ ਸਾਰਾ ਪਿੰਡ ਮੇਰੇ 'ਤੇ ਮਾਣ ਕਰੇਗਾ ਕਿ ਗ਼ਰੀਬ ਘਰ ਦਾ ਮੁੰਡਾ ਅਪਣੀ ਮਿਹਨਤ ਮਜ਼ਦੂਰੀ ਨਾਲ ਅਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ ਪਰ ਮਹਿੰਦਰ ਸਿੰਘ ਦੀ ਸੋਚ ਨੇ ਜਿਥੇ ਉਸ ਨੂੰ ਇਕ ਵਾਰ ਹਿਲਾ ਦਿਤਾ, ਉਥੇ ਉਸ ਨੂੰ ਮਜ਼ਬੂਤੀ ਵੀ ਬਖ਼ਸ਼ ਦਿਤੀ। ਚਰਨ ਸਿੰਘ ਅਪਣੇ ਇਰਾਦੇ ਵਿਚ ਹੋਰ ਪੱਕਾ ਹੋਣ ਲੱਗਾ। ਉਹ ਜਦ ਵੀ ਅਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿਚ ਗੋਹਾ ਕੂੜਾ ਕਰਨ ਜਾਂਦਾ ਜਾਂ ਕਿਸੇ ਵਿਆਹ ਆਦਿ ਵਿਚ ਕੰਮ ਕਰਦਾ ਤਾਂ ਉਹ ਅੰਦਰੋਂ ਹੋਰ ਵੀ ਮਜ਼ਬੂਤ ਹੋ ਜਾਂਦਾ।

ਉਸ ਨੂੰ ਉਹ ਦਿਨ ਅਕਸਰ ਯਾਦ ਆਉਂਦੇ ਜਦ ਕਿਸੇ ਦੇ ਘਰ ਵਿਆਹ ਹੋਣਾ ਤਾਂ ਬਰਾਤ ਜੋ ਜੂਠ ਛੱਡ ਦੇਂਦੀ, ਲੋਕ ਉਹੀ ਜੂਠ ਉਨ੍ਹਾਂ ਨੂੰ ਦੇ ਦਿੰਦੇ। ਪਹਿਲਾਂ-ਪਹਿਲਾਂ ਤਾਂ ਚਰਨ ਨੂੰ ਇਹ ਸੱਭ ਬਹੁਤ ਚੰਗਾ ਲਗਦਾ ਪਰ ਜਿਉਂ-ਜਿਉੁਂ ਉਹ ਵੱਡਾ ਹੁੰਦਾ ਗਿਆ ਅਤੇ ਉਸ ਨੂੰ ਕਿਤਾਬੀ ਗਿਆਨ ਆਉਂਦਾ ਗਿਆ, ਉਹ ਅਪਣੀ ਮਾਂ ਨੂੰ ਵੀ ਕਹਿਣ ਲੱਗ ਪਿਆ, “ਮਾਂ, ਮੈਂ ਤੇਰੇ ਨਾਲ ਵਿਆਹ ਵਿਚ ਇਸ ਸ਼ਰਤ 'ਤੇ ਹੀ ਕੰਮ ਕਰਨ ਜਾਵਾਂਗਾ ਕਿ ਆਪਾਂ ਜੂਠ ਨਹੀਂ ਲੈਣੀ।” (ਚਲਦਾ)

- ਪਿੰਡ : ਬੁੱਕਣਵਾਲ, ਤਹਿ: ਮਲੇਰਕੋਟਲਾ, ਜ਼ਿਲ੍ਹਾ : ਸੰਗਰੂਰ, ਮੋਬਾਈਲ: 94176-61708