ਪੋਚਵੀਂ ਪੱਗ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

“ਨਹੀਂ ਪੁੱਤਰਾ ਇਹ ਤਾਂ ਪਹਿਲਾਂ ਤੋਂ ਹੀ ਰੀਤ ਚਲੀ ਆਉਂਦੀ ਏ, ਆਪਾਂ ਇਸ ਨੂੰ ਕਿਵੇਂ ਬਦਲ ਸਕਦੇ ਹਾਂ?''

Turban

“ਨਹੀਂ ਪੁੱਤਰਾ ਇਹ ਤਾਂ ਪਹਿਲਾਂ ਤੋਂ ਹੀ ਰੀਤ ਚਲੀ ਆਉਂਦੀ ਏ, ਆਪਾਂ ਇਸ ਨੂੰ ਕਿਵੇਂ ਬਦਲ ਸਕਦੇ ਹਾਂ?'' ਮਾਂ ਚਰਨ ਨੂੰ ਪਿਆਰ ਨਾਲ ਸਮਝਾਉਂਦੀ। “ਠੀਕ ਮਾਂ, ਆਪਾਂ ਘਰ ਤਾਂ ਲੈ ਆਵਾਂਗੇ ਪਰ ਆਪਾਂ ਇਸ ਨੂੰ ਖਾਣਾ ਨਹੀਂ, ਤੈਨੂੰ ਮੇਰੀ ਸਹੁੰ ਲੱਗੇ।'' ''ਚੰਗਾ ਪੁੱਤਰਾ! ਜਿਵੇਂ ਤੇਰੀ ਮਰਜ਼ੀ।'' ਇਸ ਤਰ੍ਹਾਂ ਚਰਨ ਅਪਣੇ ਘਰ ਜੂਠ ਲੈ ਆਉਂਦਾ ਅਤੇ ਲਿਆ ਕਿ ਉਹ ਡੰਗਰਾਂ ਨੂੰ ਪਾ ਦਿੰਦਾ। ਇਸ ਤਰ੍ਹਾਂ ਚਰਨ ਅਪਣੀ ਪੜ੍ਹਾਈ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਦਾ। ਹੁਣ ਚਰਨ ਨੇ ਪਿੰਡ ਵਿਚ ਮਜ਼ਦੂਰੀ ਕਰਨੀ ਘੱਟ ਕਰ ਦਿਤੀ ਸੀ।

ਹੁਣ ਉਹ ਪਿੰਡ ਵਿਚ ਉਨ੍ਹਾਂ ਹੀ ਘਰਾਂ ਵਿਚ ਕਦੇ-ਕਦਾਈਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਦਿਹਾੜੀ ਲਾਉਣ ਜਾਂਦਾ ਜਿਨ੍ਹਾਂ ਨਾਲ ਜਾਂ ਤਾਂ ਮਾਂ ਦੀ ਜ਼ਿਆਦਾ ਨੇੜਤਾ ਸੀ ਜਾਂ ਜੋ ਚਰਨ ਨੂੰ ਲਗਦਾ ਸੀ ਕਿ ਇਹ ਬੰਦੇ ਮਹਿੰਦਰ ਸਿੰਘ ਦੀ ਤਰ੍ਹਾਂ ਨਹੀਂ ਸੋਚਦੇ। ਜ਼ਿਆਦਾਤਰ ਚਰਨ ਸ਼ਹਿਰ 'ਚ ਹੀ ਦਿਹਾੜੀ 'ਤੇ ਜਾਂਦਾ। ਉਹ ਦਿਹਾੜੀ ਕਰ ਕੇ ਵੀ ਰਾਤ ਨੂੰ ਦੇਰ ਰਾਤ ਤਕ ਪੜ੍ਹਦਾ ਰਹਿੰਦਾ। ਹੁਣ ਤਾਂ ਉਸ ਉਪਰ ਹੋਰ ਵੀ ਜਵਾਨੀ ਨਿਖਰ ਆਈ ਸੀ। ਕਈ ਵੱਡੇ ਘਰਾਂ ਦੇ ਲੜਕੇ ਉਸ ਦੇ ਦੋਸਤ ਵੀ ਬਣ ਗਏ ਸਨ, ਭਾਵੇਂ ਉਨ੍ਹਾਂ ਦੇ ਮਾਪੇ ਚਰਨ ਦੀ ਮਿਹਨਤ ਅਤੇ ਪੜ੍ਹਾਈ ਤੋਂ ਨਾਖ਼ੁਸ਼ ਸਨ।

ਇਸ ਤਰ੍ਹਾਂ ਚਰਨ ਨੇ ਅਪਣੀ ਮਾਂ ਅਤੇ ਅਪਣੀ ਮਿਹਨਤ ਸਦਕਾ ਐਮ.ਏ ਕਰ ਲਈ ਅਤੇ ਇਕ ਨਿਜੀ ਸਕੂਲ ਵਿਚ ਨੌਕਰੀ ਵੀ ਕਰ ਲਈ। ਹੁਣ ਚਰਨ ਨੇ ਅਪਣੀ ਮਾਂ ਨੂੰ ਕਿਸੇ ਦੇ ਘਰ ਕੰਮ ਕਰਨ ਤੋਂ ਰੋਕ ਦਿਤਾ ਜਿਸ 'ਤੇ ਮਾਂ ਵੀ ਕਈ ਵਾਰ ਕਹਿੰਦੀ, “ਪੁੱਤਰਾ! ਕੋਈ ਨਹੀਂ ਮੇਰੇ ਨੈਣ ਪਰਾਣ ਅਜੇ ਚਲਦੇ ਨੇ, ਮੈਨੂੰ ਕਿਸੇ ਨਾ ਕਿਸੇ ਦਾ ਹੰਮਾ ਰੱਖ ਲੈਣ ਦਿਆ ਕਰ।'' “ਨਹੀਂ ਮਾਂ, ਮੈਂ ਨਹੀਂ ਹੁਣ ਤੈਨੂੰ ਕੰਮ ਕਰਨ ਦੇਣਾ। ਜਦ ਆਪਾਂ ਦੁਹਾਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਸੀ, ਮੈਂ ਵੀ ਤੇਰੇ ਨਾਲ ਕੰਮ ਕਰਨ ਜਾਂਦਾ ਸੀ ਪਰ ਮਾਂ ਹੁਣ ਜੇ ਤੂੰ ਇਸੇ ਤਰ੍ਹਾਂ ਲੋਕਾਂ ਦੇ ਘਰਾਂ ਵਿਚ ਕੰਮ ਕਰੇਂਗੀ, ਹੁਣ ਮੈਂਥੋਂ ਸਹਿਣ ਨਹੀਂ ਹੋਣਾ।

ਹੁਣ ਤੇਰੀ ਆਰਾਮ ਕਰਨ ਦੀ ਉਮਰ ਹੈ।'' ਚਰਨ ਦੇ ਵਿਚਾਰ ਮਾਂ ਨੂੰ ਚੰਗੇ-ਚੰਗੇ ਲਗਦੇ, ਉਹ ਫਿਰ ਹੌਸਲਾ ਕਰ ਕੇ ਕਹਿੰਦੀ, “ਕੋਈ ਨਾ ਪੁੱਤਰਾ! ਜਦ ਤੇਰੀ ਸਰਕਾਰੀ ਨੌਕਰੀ ਲੱਗ ਜਾਊ, ਮੈਂ ਚਿੱਟੇ ਕਪੜੇ ਪਾ ਕੇ ਆਰਾਮ ਨਾਲ ਮੰਜੇ 'ਤੇ ਬੈਠਿਆਂ ਕਰੂੰ।'' ਚਰਨ ਨੂੰ ਭਾਵੇਂ ਨਿਜੀ ਸਕੂਲ ਵਿਚ ਵੇਤਨ ਘੱਟ ਹੀ ਮਿਲਦਾ ਸੀ ਪਰ ਉਸ ਨੇ ਨਾਲ ਹੀ ਟਿਊਸ਼ਨ ਵੀ ਸ਼ੁਰੂ ਕਰ ਦਿਤੀ।

ਉਹ ਨਾਲ ਲਗਦੇ ਕਈ ਪਿੰਡਾਂ ਵਿਚ ਦੇਰ ਰਾਤ ਤਕ ਟਿਊਸ਼ਨਾਂ ਪੜ੍ਹਾਉਂਦਾ ਰਹਿੰਦਾ ਜਿਸ ਨਾਲ ਉਸ ਦੀ ਆਰਥਕ ਹਾਲਤ ਕਾਫ਼ੀ ਸੁਧਰ ਗਈ। ਉਸ ਨੇ ਅਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਮਕਾਨ ਵੀ ਬਣਾ ਲਿਆ। ਪਹਿਲੇ ਸਾਲ ਉਸ ਨੇ ਸਾਈਕਲ ਤੇ ਟਿਊਸ਼ਨ ਪੜ੍ਹਾਈ ਅਤੇ ਸਾਲ ਬਾਅਦ ਉਸ ਨੇ ਸਕੂਟਰ ਖ਼ਰੀਦ ਲਿਆ ਜਿਸ ਨੂੰ ਵੇਖ ਕੇ ਪਿੰਡ ਦੇ ਕਈ ਲੋਕਾਂ ਦੇ, ਸਕੂਟਰ ਵਿਚੋਂ ਨਿਕਲਦੇ ਮਾੜੇ ਮੋਟੇ ਧੂੰਏਂ ਨਾਲ ਦਿਲ ਕਾਲੇ ਹੋਣ ਲੱਗੇ। ਇਸ ਤਰ੍ਹਾਂ ਉਹ ਦਿਨ ਪ੍ਰਤੀ ਦਿਨ ਤਰੱਕੀ ਕਰਦਾ ਗਿਆ। (ਚਲਦਾ)

- ਪਿੰਡ : ਬੁੱਕਣਵਾਲ, ਤਹਿ: ਮਲੇਰਕੋਟਲਾ, ਜ਼ਿਲ੍ਹਾ : ਸੰਗਰੂਰ, ਮੋਬਾਈਲ: 94176-61708