ਪੋਚਵੀਂ ਪੱਗ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਇਕ ਦਿਨ ਚਰਨ ਦੇ ਚਾਚੇ ਦਾ ਅਪਣੇ ਮਾਲਕ ਨਾਲ ਜਿਸ ਨਾਲ ਉਹ ਸੀਰੀ ਰਲਿਆ ਹੋਇਆ ਸੀ.........

Turban

ਇਕ ਦਿਨ ਚਰਨ ਦੇ ਚਾਚੇ ਦਾ ਅਪਣੇ ਮਾਲਕ ਨਾਲ ਜਿਸ ਨਾਲ ਉਹ ਸੀਰੀ ਰਲਿਆ ਹੋਇਆ ਸੀ, ਕਿਸੇ ਗੱਲ ਤੋਂ ਰੌਲਾ ਪੈ ਗਿਆ। ਮਾਲਕ ਨੇ ਪੰਚਾਇਤ ਬੁਲਾ ਲਈ। ਚਰਨ ਵੀ ਅਪਣੇ ਚਾਚੇ ਨਾਲ ਪੰਚਾਇਤ ਵਿਚ ਚਲਾ ਗਿਆ। ਹਰ ਕੋਈ ਉਸ ਦੇ ਚਾਚੇ ਨੂੰ ਝਈਆਂ ਲੈ-ਲੈ ਪਈ ਜਾਵੇ। ਕੋਈ ਵੀ ਉਸ ਦੇ ਚਾਚੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਵਿਹੜੇ ਵਲੋਂ ਬਣਿਆ ਪੰਚ ਵੀ ਬੈਠਾ ਧਰਤੀ ਖੁਰਚੀ ਜਾਵੇ, ਜਿਵੇਂ ਉਹ ਪੰਚ ਹੁੰਦਾ ਹੀ ਨਹੀਂ। ਇਹ ਸੱਭ ਵੇਖ ਕੇ ਚਰਨ ਤੋਂ ਰਿਹਾ ਨਾ ਗਿਆ। ਉਸ ਨੇ ਕਹਿਣਾ ਸ਼ੁਰੂ ਕੀਤਾ, “ਸਰਪੰਚ ਸਾਹਿਬ, ਜੇ ਚਾਚੇ ਦੀ ਕੋਈ ਗੱਲ ਸੁਣੇਗਾ ਹੀ ਨਹੀਂ ਤਾਂ ਇਨਸਾਫ਼ ਕਿਸ ਤਰ੍ਹਾਂ ਹੋਵੇਗਾ?''

ਇਹ ਸੁਣਦੇ ਸਾਰ ਹੀ ਜਿਵੇਂ ਪੰਚ ਮਹਿੰਦਰ ਸਿੰਘ ਨੂੰ ਤਾਂ ਸੱਤੀਂ ਕਪੜੀਂ ਅੱਗ ਹੀ ਲੱਗ ਗਈ ਹੋਵੇ, ਜਿਵੇਂ ਉਹ ਤਾਂ ਪਹਿਲਾਂ ਹੀ ਘਾਤ ਲਾਈ ਬੈਠਾ ਹੋਵੇ। ਉਸ ਨੇ ਦਹਾੜਨਾ ਸ਼ੁਰੂ ਕੀਤਾ, “ਉਏ! ਵਡਿਆ ਪਾਹੜਿਆ, ਹੁਣ ਸਾਨੂੰ, ਸੋਡੀਆਂ ਨੀਚ ਜਾਤ ਦੀਆਂ ਸੁਣਨੀਆਂ ਪੈਣਗੀਆਂ, ਸਾਲਿਆ... ਚ..... ਤੂੰ ਦੋ ਅੱਖਰ ਕੀ ਪੜ੍ਹ ਗਿਆ, ਸਾਨੂੰ ਹੀ ਮੱਤਾਂ ਦੇਣ ਲੱਗ ਪਿਐਂ? ਨਾ ਰੋਜ਼ ਜ਼ਨਾਨੀਆਂ ਵਾਂਗ ਤਿਆਰ ਹੋ ਕੇ ਜਾਣ ਨਾਲ ਜਾਂ ਪੋਚ ਪੱਗ ਬੰਨ੍ਹ ਕੇ ਤੂੰ ਹੁਣ ਅਪਣੇ-ਆਪ ਨੂੰ ਸਾਡੇ ਨਾਲੋਂ ਉੱਚਾ ਸਮਝਣ ਲੱਗ ਪਿਐਂ? ਸਾਡੇ ਘਰਾਂ ਵਿਚ ਖਾ ਕੇ ਸਾਡੇ 'ਤੇ ਹੀ ਉਂਗਲ ਉਠਾਉਣ ਲੱਗ ਪਿਐਂ?''

ਚਰਨ ਦਾ ਲਹੂ ਵੀ ਖੋਲ੍ਹ ਉਠਿਆ। ਉਸ ਨੇ ਵੀ ਬੋਲਣਾ ਸ਼ੁਰੂ ਕਰ ਦਿਤਾ, “ਅੱਜ ਤੋਂ ਬਾਰਾਂ ਸਾਲ ਪਹਿਲਾਂ ਵੀ ਤੇਰੀ ਸੋਚ ਸਾਡੇ ਪ੍ਰਤੀ ਇਹੀ ਸੀ ਅਤੇ ਅੱਜ ਵੀ। ਇਹ ਤੂੰ ਕੀ ਵਾਰ-ਵਾਰ ਪੋਚ ਕੇ ਪੱਗ... ਪੋਚ ਕੇ ਪੱਗ... ਦੀ ਰੱਟ ਲਾਈ ਏ, ਇਹ ਪੋਚਵੀਂ ਪੱਗ ਬੰਨ੍ਹਣ ਵਾਸਤੇ ਹੀ ਅਸੀ ਤੁਹਾਡੀ ਜੂਠ ਖਾਂਦੇ ਰਹੇ, ਤੁਹਾਡੇ ਘਰਾਂ ਦਾ ਗੋਹਾ-ਕੂੜਾ ਕਰਦੇ ਰਹੇ। ਅਸੀ ਕਦੇ ਤੁਹਾਡੇ ਪਹਿਨਣ ਖਾਣ 'ਤੇ ਗਿਲਾ ਨਹੀਂ ਕੀਤਾ...। ਹੋਰ ਸੁਣ... ਇਹ ਪੋਚ ਕੇ ਪੱਗ ਬੰਨ੍ਹਣ ਵਾਸਤੇ ਦਿਨ ਰਾਤ ਇਕ ਕਰਨਾ ਪੈਂਦੈਂ ਤਾਂ ਕਿਤੇ ਕਿ ਇਹ ਸਾਡੇ ਵਰਗੀ ਪੋਚਵੀਂ ਪੱਗ ਲੋਕਾਂ ਨੂੰ ਨਸੀਬ ਹੁੰਦੀ ਏ...।

ਜੇ ਤੇਰਾ ਵਸ ਚਲੇ... ਤੂੰ ਤਾਂ ਸਾਡੇ ਸਿਰ 'ਤੇ ਪਰਨਾ ਵੀ ਰਹਿਣ ਨਾ ਦੇਵੇਂ..., ਉਸ ਨਾਲ ਵੀ ਖੁਰਲੀ ਸਾਫ਼ ਕਰਨ ਨੂੰ ਕਹੇਂ।'' ਚਰਨ ਦੀਆਂ ਖਰੀਆਂ ਖਰੀਆਂ ਸੁਣ ਕੇ ਮਹਿੰਦਰ ਸਿੰਘ ਦਾ ਦਿਮਾਗ਼ ਜਿਵੇਂ ਟਿਕਾਣੇ ਪੁੱਜ ਗਿਆ ਹੋਵੇ। ਚਰਨ ਅਪਣੀਂ ਪੋਚਵੀਂ ਪੱਗ 'ਤੇ ਹੱਥ ਫੇਰਦਾ ਹੋਇਆ ਘਰ ਵਲ ਨੂੰ ਉਡਿਆ ਜਾ ਰਿਹਾ ਸੀ, ਜਿਵੇਂ ਉਸ ਨੇ ਇਕ ਜੰਗ ਫ਼ਤਿਹ ਕਰਨ ਵਲ ਕਦਮ ਪੁੱਟ ਲਿਆ ਹੋਵੇ।

- ਪਿੰਡ : ਬੁੱਕਣਵਾਲ, ਤਹਿ: ਮਲੇਰਕੋਟਲਾ, ਜ਼ਿਲ੍ਹਾ : ਸੰਗਰੂਰ, ਮੋਬਾਈਲ: 94176-61708