ਦੋ ਹੱਥ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਦੋਵੇਂ ਬਾਪੂ ਜੀ ਬੜੇ ਖ਼ੁਸ਼ ਹੋਏ। ਹੌਲੀ ਹੌਲੀ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ। ਨੌਕਰੀ ਦੀ ਭਾਲ ਸ਼ੁਰੂ ਹੋ ਗਈ.........

Police

( ਅੱਗੇ )........

ਦੋਵੇਂ ਬਾਪੂ ਜੀ ਬੜੇ ਖ਼ੁਸ਼ ਹੋਏ। ਹੌਲੀ ਹੌਲੀ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ। ਨੌਕਰੀ ਦੀ ਭਾਲ ਸ਼ੁਰੂ ਹੋ ਗਈ। ਸਾਡੇ ਮੁਲਕ ਵਿਚ ਕੰਮ ਲਭਣਾ ਵੀ ਇਕ ਕੰਮ ਹੈ। ਪਹਿਲਾਂ ਪੜ੍ਹਾਈ ਉਤੇ ਕਾਫ਼ੀ ਖ਼ਰਚਾ ਹੋ ਗਿਆ। ਮਿਹਨਤ ਕਰਦੇ ਅਮਰਜੀਤ ਦੇ ਬਾਪੂ ਜੀ ਹਾਰ ਗਏ। ਬਿਮਾਰ ਰਹਿਣ ਲੱਗ ਪਏ। ਇਕ ਦਿਨ ਜ਼ਿੰਦਗੀ ਤੋਂ ਹੀ ਹਾਰ ਗਏ। ਉਸੇ ਦਿਨ ਤੋਂ ਉਨ੍ਹਾਂ ਦੇ ਪਿਆਰ ਦੀ ਕਿਸ਼ਤੀ ਤੂਫ਼ਾਨ ਵਿਚ ਡਿੱਕ-ਡੋਲੇ ਖਾਣ ਲੱਗ ਪਈ। ਸਿਮਰਨ ਦੇ ਪਿਤਾ ਨੇ ਜਦੋਂ ਅਮਰਜੀਤ ਦਾ ਘਰ-ਬਾਰ ਅਪਣੇ ਰਿਸ਼ਤੇਦਾਰਾਂ ਨੂੰ ਵਿਖਾਇਆ ਤਾਂ ਕਿਸੇ ਦੇ ਵੀ ਨੱਕ ਥੱਲੇ ਨਾ ਆਇਆ। ਪਿਆਰ ਦੀ ਕਿਸ਼ਤੀ ਡੁੱਬਣ ਲੱਗੀ। ਅਮਰਜੀਤ ਨੇ ਨੌਕਰੀ ਲੱਭਣ ਦੀ ਬੜੀ ਕੋਸ਼ਿਸ਼ ਕੀਤੀ।

ਆਖ਼ਰ ਸਿਮਰਨ ਦੇ ਪਿਤਾ ਨੇ ਰਿਸ਼ਤੇਦਾਰਾਂ ਦੇ ਦਬਾਅ ਹੇਠ ਆ ਕੇ ਉਸ ਦਾ ਰਿਸ਼ਤਾ ਕਿਤੇ ਹੋਰ ਕਰ ਦਿਤਾ। ਉਪਰੋਂ ਉਹ ਸਿਮਰਨ ਨੂੰ ਚੁੰਨੀ ਚੜ੍ਹਾ ਕੇ ਗਏ।
ਉਸੇ ਦਿਨ ਸਿੱਧੇ ਥਾਣੇਦਾਰੀ ਦੇ ਸਿਲੈਕਸ਼ਨ ਆਰਡਰ ਵੀ ਆ ਗਏ। ਹਾਏ ਰੱਬਾ, ਇਕ ਖ਼ੁਸ਼ੀ ਆਈ ਇਕ ਗ਼ਮ ਆਇਆ। ਇਕ ਨਿਆਮਤ ਪਈ ਨੌਕਰੀ ਦੀ, ਪਰ ਪਿਆਰ ਤੇ ਡਾਕਾ ਵੱਜ ਗਿਆ। ਕਿਸ ਤਰ੍ਹਾਂ ਥਿੜਕਿਆ ਦਿਲ ਠਿਕਾਣੇ ਤੇ ਲਿਆਂਦਾ, ਅਮਰਜੀਤ ਹੀ ਜਾਣਦਾ ਸੀ। ਫਿਰ ਵੀ ਮਨ ਕਰੜਾ ਕਰ ਕੇ ਨੌਕਰੀ ਵਲ ਧਿਆਨ ਦਿਤਾ। ਘਰ ਦੀ ਹਾਲਤ ਸੁਧਰੀ। ਰਿਸ਼ਤੇਦਾਰ ਵਿਆਹ ਕਰਵਾਉਣ ਨੂੰ ਜ਼ੋਰ ਪਾਉਣ ਲੱਗੇ। ਉਹ ਟਾਲੇ ਲਾਉਂਦਾ ਰਿਹਾ।

ਪਹਿਲਾਂ ਛੋਟੀ ਭੈਣ ਦਾ ਵਿਆਹ ਕਰ ਦਿਤਾ। ਸਿਮਰਨ ਦਾ ਇਕ-ਦੋ ਵਾਰ ਫ਼ੋਨ ਆਇਆ। ਉਸ ਨੇ ਸਿਮਰਨ ਨੂੰ ਫ਼ੋਨ ਕਰਨ ਤੋਂ ਇਨਕਾਰ ਕਰ ਦਿਤਾ। ਉਸ ਦਾ ਪਤੀ ਚੰਗਾ ਇਨਸਾਨ ਨਹੀਂ ਸੀ। ਸਿਮਰਨ ਸਹੁਰਿਆਂ ਤੋਂ ਦੁਖੀ ਸੀ। ਤਿੰਨ ਸਾਲ ਬੀਤ ਗਏ। ਉਸ ਦੀ ਬਦਲੀ ਅਕਸਰ ਛਿਮਾਹੀ ਤੋਂ ਪਹਿਲਾਂ ਹੋ ਜਾਂਦੀ। ਕੁਦਰਤੀ ਉਸ ਦੀ ਬਦਲੀ ਉਸੇ ਸ਼ਹਿਰ ਹੋ ਗਈ ਜਿਥੇ ਸਿਮਰਨ ਵਿਆਹੀ ਹੋਈ ਸੀ। ਕਿਸਮਤ ਨੇ ਇਕ ਹੋਰ ਸੱਟ ਮਾਰੀ। ਸਹੁਰਿਆਂ ਦੇ ਵਿਹਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਾ ਲੈ ਲਿਆ। ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਅਮਰਜੀਤ ਨੇ ਖ਼ੁਦ ਸਿਮਰਨ ਦੀ ਲਾਸ਼ ਪੱਖੇ ਤੋਂ ਲੁਹਾਈ ਅਤੇ ਪੋਸਟਮਾਰਟਮ ਲਈ ਭੇਜੀ। ਸਿਮਰਨ ਦਾ ਪਿਤਾ ਉਸ ਦੇ ਗਲ ਲੱਗ ਕੇ ਬਹੁਤ ਰੋਇਆ। ਉਸ ਕੋਲ ਲੁਕ ਲੁਕ ਕੇ ਰੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਦੁਨੀਆਂ ਅੱਗੇ ਦੁੱਖ ਦਾ ਪ੍ਰਗਟਾਵਾ ਕਰ ਕੇ ਉਹ ਸਿਮਰਨ ਦਾ ਪਿਆਰ ਬਦਨਾਮ ਨਹੀਂ ਕਰਨਾ ਚਾਹੁੰਦਾ ਸੀ।
ਅਮਰਜੀਤ ਦੀ ਨੌਕਰੀ ਲੱਗਣ ਨਾਲ ਉਸ ਦੇ ਘਰ ਦੀ ਹਾਲਤ ਤਾਂ ਸੁਧਰ ਗਈ, ਪਰ ਉਸ ਦੀ ਹਾਲਤ ਦੁੱਖ ਨਾਲ ਦਿਨੋਂ-ਦਿਨ ਵਿਗੜਦੀ ਗਈ। ਮਾਂ ਅਤੇ ਭੈਣ ਵਿਆਹ ਕਰਵਾਉਣ ਲਈ ਜ਼ੋਰ ਪਾਉਣ ਲੱਗੀਆਂ। ਉਹ ਟਾਲਾ ਵੱਟੀ ਗਿਆ। ਹੁਣ ਸਾਰਾ ਸਟਾਫ਼ ਹੀ ਵਿਆਹ ਲਈ ਜ਼ੋਰ ਪਾਈ ਜਾ ਰਿਹਾ ਹੈ।

ਉਹ ਸੋਚਦਾ ਕਿ ਪ੍ਰਮਾਤਮਾ ਨੇ ਉਨ੍ਹਾਂ ਦੀ ਕਿਸਮਤ ਅਜਿਹੀ ਕਿਉਂ ਲਿਖੀ ਜਾਂ ਪ੍ਰਮਾਤਮਾ ਹਰ ਕਿਸੇ ਨਾਲ ਹੀ ਇਸ ਤਰ੍ਹਾਂ ਕਰਦਾ ਹੈ। ਫਿਰ ਸੋਚਦਾ ਕਿ ਇਹ ਸੁੱਖ-ਦੁੱਖ ਦੋ ਗਹਿਣੇ ਹਨ, ਜੋ ਹਰ ਕਿਸੇ ਦੇ ਗਲ ਪੈਂਦੇ ਹਨ। ਇਹੀ ਸੋਚਾਂ ਸੋਚਦਾ ਅਮਰਜੀਤ ਸੌਂ ਗਿਆ। ਖ਼ਿਆਲਾਂ ਨੇ ਸੁਪਨੇ ਦਾ ਰੂਪ ਧਾਰ ਲਿਆ। ਸਿਮਰਨ ਦਾ ਚਿਹਰਾ ਫਿਰ ਸਾਹਮਣੇ ਆ ਗਿਆ, ''ਅਮਰਜੀਤ ਮੈਂ ਤੇਰੇ ਨਾਲ ਗੁੱਸੇ ਆਂ। ਜਿਊਂਦੀ ਤੇਰੇ ਨਾਲ ਗੁੱਸੇ ਹੋਈ ਨਹੀਂ। ਅੱਜ ਮਰ ਕੇ ਮੇਰੀ ਰੂਹ ਤੇਰੇ ਨਾਲ ਪੂਰੀ ਗੁੱਸੇ ਹੈ। ਪਹਿਲਾਂ ਤਾਂ ਤੂੰ ਮੇਰੇ ਮੂੰਹੋਂ ਨਿਕਲੇ ਬੋਲ ਪੁਗਾਉਂਦਾ ਸੀ। ਚੰਦਰਿਆ ਏਨਾ ਨਿਰਦਈ ਕਿਵੇਂ ਹੋ ਗਿਆ?

ਮੈਂ ਤਾਂ ਮਰ ਕੇ ਵੀ ਤੇਰਾ ਪਿਆਰ ਦਿਲੋਂ ਨਾ ਭੁਲਾ ਸਕੀ। ਹੁਣ ਇਕ ਵਾਅਦਾ ਵੀ ਮੇਰੀ ਭਟਕਦੀ ਰੂਹ ਸ਼ਾਂਤ ਕਰਨ ਲਈ ਨਹੀਂ ਨਿਭਾ ਸਕਦਾ? ਕੀ ਫ਼ਾਇਦਾ ਤੇਰੇ ਮਾਪਿਆਂ ਨੂੰ ਤੇਰੀ ਨੌਕਰੀ ਦਾ, ਪੈਸੇ ਟਕੇ ਦਾ ਜੋ ਉਨ੍ਹਾਂ ਨੇ ਸੁੱਖ ਨਾ ਭੋਗਿਆ? ਮੈਨੂੰ ਮਰੀ ਨੂੰ ਅੱਜ ਛੇ ਸਾਲ ਹੋ ਗਏ। ਤੇਰੀ ਉਮਰ ਤੇਤੀ ਸਾਲ ਦੀ ਹੋ ਗਈ। ਅਮਰਜੀਤ ਪਾਕ ਪਿਆਰ ਤਾਂ ਪ੍ਰਮਾਤਮਾ ਦਾ ਰੂਪ ਹੁੰਦੈ। ਪਿਆਰ ਦੇ ਪ੍ਰਵਾਨੇ ਤਾਂ ਹਸਦੇ ਹਸਦੇ ਬਲੀ ਚੜ੍ਹ ਜਾਂਦੇ ਨੇ। ਤੂੰ ਮੇਰੀ ਨਿੱਕੀ ਜਹੀ ਖ਼ਵਾਹਿਸ਼ ਨਹੀਂ ਪੂਰੀ ਕਰ ਸਕਦਾ? ਤੂੰ ਤਾਂ ਮੈਨੂੰ ਬਦਨਾਮ ਕਰ ਰਿਹੈਂ। ਲੋਕ ਆਖਦੇ ਨੇ, ਸਿਮਰਨ ਆਪ ਤਾਂ ਮਰ ਗਈ ਇਸ ਦਾ ਘਰ ਪੱਟ ਗਈ।

ਸੋਨੇ ਵਰਗਾ ਬਿਗਾਨਾ ਪੁੱਤਰ ਨਰਕ ਦੀ ਭੱਠੀ ਝੋਕ ਗਈ। ਮੈਂ ਤੇਰੇ ਸੁਪਨੇ 'ਚ ਆਖ਼ਰੀ ਵਾਰ ਆਈ ਹਾਂ। ਮੁੜ ਕੇ ਮੈਂ ਤੇਰੇ ਸੁਪਨੇ ਵਿਚ ਵੀ ਨਹੀਂ ਆਉਣਾ।'' 
''ਨਹੀਂ ਸਿਮਰਤ ਏਦਾਂ ਨਾ ਕਰ, ਮੈਂ ਤੇਰਾ ਹਰ ਵਾਅਦਾ ਪੂਰਾ ਕਰਾਂਗਾ।'' ਅਮਰਜੀਤ ਏਨਾ ਹੀ ਬੋਲ ਸਕਿਆ। ''ਤੇਰੀ ਮਾਤਾ ਦੀ ਉਮਰ ਹੁਣ ਕੋਈ ਚੁੱਲ੍ਹੇ 'ਚ ਹੱਥ ਸਾੜਨ ਦੀ ਨਹੀਂ। ਅਮਰਜੀਤ ਪੋਤੇ-ਪੋਤਰੀਆਂ ਖਿਡਾਉਣ ਦੀ ਹੈ। ਤੂੰ ਅਪਣੀ ਕਿਸਮਤ ਨੂੰ ਕੋਸਣਾ ਬੰਦ ਕਰ ਦੇ। ਮੇਰਾ ਵਿਰਲਾਪ ਕਰਨਾ ਛੱਡ ਦੇ। ਅਮਰਜੀਤ ਅਪਣੀ ਤਾਕਤ ਹੌਸਲਾ ਇਕੱਠਾ ਕਰ ਮਰਦ ਰੋਂਦੇ ਨਹੀਂ ਹੁੰਦੇ। ਮੇਰਾ ਅਮਰਜੀਤ ਸ਼ੇਰ ਹੈ।

ਅੱਜ ਤੇਰੇ ਥਾਣੇ ਵਿਚ ਇਕ ਹੋਰ ਸਿਮਰਨ ਆਈ ਹੈ, ਜਿਸ ਨੂੰ ਸਹੁਰੇ ਮਾਰ ਰਹੇ ਸਨ। ਇਹੋ ਜਿਹੀਆਂ ਲੱਖਾਂ ਸਿਮਰਨਾਂ ਕੋਈ ਪੱਖੇ ਨਾਲ ਚੁੰਨੀ ਬੰਨ੍ਹ ਰਹੀ ਹੈ, ਕੋਈ ਨਹਿਰ 'ਚ ਛਾਲ ਮਾਰ ਰਹੀ ਹੈ। ਉਨ੍ਹਾਂ ਨੂੰ ਰੋਕ, ਜੁਰਮ ਨਾਲ ਦੋ ਹੱਥ ਕਰ। ਅਪਣੀ ਥਾਣੇਦਾਰੀ ਨੂੰ ਦੁਨੀਆਂ ਤੇ ਮਿਸਲ ਬਣਾ। ਅੱਜ ਸੁਪਨੇ 'ਚ ਮੇਰੀ ਤੇਰੇ ਨਾਲ ਆਖ਼ਰੀ ਮੁਲਾਕਾਤ ਹੈ। ਜੇ ਤੂੰ ਮੇਰਾ ਵਾਅਦਾ ਪੂਰਾ ਨਹੀਂ ਕਰ ਸਕਦਾ ਤਾਂ ਤੂੰ ਮੇਰੇ ਪਿਆਰ ਦੀ ਤੱਕੜੀ ਦਾ ਹੌਲਾ ਪਲੜਾ ਏਂ।''

''ਨਹੀਂ ਸਿਮਰਨ ਮੈਂ ਤੇਰਾ ਵਾਅਦਾ ਪੂਰਾ ਕਰਾਂਗਾ। ਮੈਂ ਅੱਜ ਹੀ ਵਿਆਹ ਵਾਸਤੇ ਕਹਿ ਦਿਨੈਂ। ਕਦੇ ਤੇਰਾ ਵਿਰਲਾਪ ਨਹੀਂ ਕਰਾਂਗਾ। ਤੇਰੇ ਪਿਆਰ ਨੂੰ ਹਮੇਸ਼ਾ ਸੇਧ ਮੰਨਾਂਗਾ। ਤੂੰ ਮੇਰੇ ਨਾਲ ਨਾਰਾਜ਼ ਨਾ ਹੋ।'' ''ਮੈਨੂੰ ਪਤਾ ਸੀ ਕਿ ਮੇਰਾ ਅਮਰਜੀਤ ਅਪਣੇ ਨਾਂ ਵਾਂਗ ਅਪਣੀ ਜਿੱਤ ਨੂੰ ਅਮਰ ਕਰੇਗਾ। ਮੈਨੂੰ ਹਮੇਸ਼ਾ ਮੇਰੇ ਪ੍ਰੇਮੀ ਉਤੇ ਫ਼ਖ਼ਰ ਰਹੇਗਾ। ਮੇਰੀ ਰੂਹ ਹੁਣ ਸ਼ਾਂਤ ਹੈ। ਪੂਰੀ ਖ਼ੁਸ਼ ਹੈ।'' ਹਸਦੀ, ਹਸਦੀ ਸਿਮਰਨ ਦਾ ਚਿਹਰਾ ਅੱਖਾਂ ਤੋਂ ਉਹਲੇ ਹੋ ਗਿਆ। ( ਚੱਲਦਾ )

ਗੁਰਮੀਤ ਸਿੰਘ ਰਾਮਪੁਰੀ
ਸੰਪਰਕ : 98783-25301