ਜਦੋਂ ਈਰਾਨ ਦੇ ਸ਼ਾਹੀ ਦਰਬਾਰ 'ਚ ਸਿੱਖ ਰਾਜ ਦੀ ਸ਼ਾਨੋ-ਸ਼ੌਕਤ ਦੇ ਚਰਚੇ ਹੋਏ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸਿੱਖ ਇਤਿਹਾਸ ਅੰਦਰ ਬਹੁਤ ਸਾਰੀਆਂ ਘਟਨਾਵਾਂ ਮੌਜੂਦ ਹਨ, ਜੋ ਸਾਡੇ ਗੌਰਵਮਈ ਵਿਰਸੇ ਦਾ ਸਬੂਤ ਹਨ। ਅਜਿਹੀ ਹੀ ਇਕ ਘਟਨਾ ਸਿੱਖ ਰਾਜ ਸਮੇਂ ਦੀ ਹੈ ਜਦ ਅੰਗਰੇਜ਼ਾਂ ਦਾ ਇਕ...

Maharaja Ranjit Singh

ਸਿੱਖ ਇਤਿਹਾਸ ਅੰਦਰ ਬਹੁਤ ਸਾਰੀਆਂ ਘਟਨਾਵਾਂ ਮੌਜੂਦ ਹਨ, ਜੋ ਸਾਡੇ ਗੌਰਵਮਈ ਵਿਰਸੇ ਦਾ ਸਬੂਤ ਹਨ। ਅਜਿਹੀ ਹੀ ਇਕ ਘਟਨਾ ਸਿੱਖ ਰਾਜ ਸਮੇਂ ਦੀ ਹੈ ਜਦ ਅੰਗਰੇਜ਼ਾਂ ਦਾ ਇਕ ਕਰਮਚਾਰੀ ਅਤੇ ਉਨ੍ਹਾਂ ਦਾ ਨਮਕ ਖਾਣ ਵਾਲਾ ਨੌਜਵਾਨ ਸਫ਼ੀਰ ਮੋਹਨ ਲਾਲ ਸਿੱਖਾਂ ਦੀ ਬਹਾਦਰੀ ਤੇ ਧਰਮ-ਨਿਰਪੱਖਤਾ ਤੋਂ ਪ੍ਰਭਾਵਿਤ ਹੋ ਕੇ ਈਰਾਨ ਦੇ ਭਰੇ ਦਰਬਾਰ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀ ਸ਼ੁਹਰਤ ਬਿਆਨ ਕਰਨ ਤੋਂ ਨਾ ਰਹਿ ਸਕਿਆ ਪਰ ਅੱਜ ਅਸੀਂ ਅਜਿਹੇ ਬਹਾਦਰਾਂ ਨੂੰ ਭੁਲਾਈ ਬੈਠੇ ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕਰਨਾ ਤਾਂ ਦੂਰ ਦੀ ਗੱਲ ਹੈ।

ਸਚਾਈ ਦਾ ਸਬੂਤ ਦਲੇਰ ਅਤੇ ਬਹਾਦਰ ਇਨਸਾਨ ਹੀ ਦਿੰਦੇ ਹਨ, ਬੇਸ਼ੱਕ ਉਨ੍ਹਾਂ ਨੂੰ ਇਸ ਬਦਲੇ ਕੀਮਤ ਵੀ ਕਿਉਂ ਨਾ ਤਾਰਨੀ ਪਵੇ। ਅੰਗਰੇਜ਼ਾਂ ਦੀਆਂ ਚਾਲਾਂ ਨੂੰ ਉਜਾਗਰ ਕਰਨ ਵਾਲੇ ਬਹੁਤ ਸਾਰੇ ਇਨਸਾਨ ਹਨ, ਜਿਨ੍ਹਾਂ ਨੂੰ ਸਿੱਖ ਕੌਮ ਭੁੱਲਦੀ ਜਾ ਰਹੀ ਹੈ। ਜਿਵੇਂ ਚਾਰਲਸ ਗਫ਼ ਤੇ ਆਰਥਰ ਇੰਨਜ਼ (ਕਰਤਾ : ਸਿੱਖਜ਼ ਐਂਡ ਸਿੱਖਜ਼ ਵਾਰਜ਼), ਈਵਾਨ ਬੈਲ (ਕਰਤਾ : ਦੀ ਅਨੈਕਸੇਸ਼ਨ ਆਫ ਪੰਜਾਬ), ਕਨਿੰਘਮ (ਕਰਤਾ : ਦੀ ਹਿਸਟਰੀ ਆਫ ਦਾ ਸਿੱਖਜ਼), ਹਰਬ੍ਰਟ ਐਡਵ੍ਰਡਜ਼ (ਕਰਤਾ : ਏ ਯੀਅਰ ਇੰਨ ਪੰਜਾਬ ਫਰੰਟੀਅਰ) ਅਤੇ ਗਾਰਡਨਰ (ਕਰਤਾ : ਮੈਮਰੀਜ਼ ਆਫ ਅਲੈਗਜ਼ੈਂਡਰ ਗਾਰਡਨਰ)।

ਮੋਹਨ ਲਾਲ (ਕਰਤਾ : ਜਨਰਲ ਆਫ ਟੂਰ ਥਰੂਹ ਦਾ ਪੰਜਾਬ, ਅਫ਼ਗਾਨਿਸਤਾਨ ਐਂਡ ਪ੍ਰਸ਼ੀਆ) ਕਸ਼ਮੀਰ ਨਿਵਾਸੀ ਰਾਏ ਬੁੱਧ ਸਿੰਘ ਦਾ ਪੁੱਤਰ ਸੀ, ਜੋ ਪ੍ਰਸਿੱਧ ਸਫ਼ਰਨਾਮਾ ਲੇਖਕ ਮਿਸਟਰ ਐਲਫਿਨਸਟੋਨ ਨਾਲ ਅੰਗਰੇਜ਼ਾਂ ਵੱਲੋਂ ਬਤੌਰ ਪ੍ਰਸ਼ੀਅਨ ਸੈਕਟਰੀ ਨਿਯੁਕਤ ਕੀਤਾ ਗਿਆ ਸੀ। ਉਸ ਦੇ ਪਿਤਾ ਦੇ ਇਸ ਸਫਰ ਕਰਕੇ ਮੋਹਨ ਲਾਲ ਨੂੰ ਦਿੱਲੀ ਰਹਿਣਾ ਪਿਆ, ਜਿਥੇ ਉਸ ਨੇ ਅੰਗਰੇਜ਼ੀ ਅਤੇ ਫਾਰਸੀ ਭਾਸ਼ਾ ਵਿਚ ਮੁਹਾਰਤ ਹਾਸਲ ਕੀਤੀ। ਦਿੱਲੀ ਵਿਖੇ ਸਥਾਪਿਤ ਕੀਤੇ ਅੰਗਰੇਜ਼ੀ ਸਕੂਲ ਦੀ ਸਭ ਤੋਂ ਪਹਿਲੀ ਜਮਾਤ ਦਾ ਉਹ ਸ਼ਹਾਮਤ ਅਲੀ ਸਮੇਤ ਪਹਿਲੇ ਛੇ ਵਿਦਿਆਰਥੀਆਂ ਵਿਚੋਂ ਇਕ ਸੀ।

ਇਨ੍ਹਾਂ ਦੋਵੇਂ ਭਾਸ਼ਾਵਾਂ ਵਿਚ ਮੁਹਾਰਤ ਕਰਕੇ ਹੀ ਪ੍ਰਸਿੱਧ ਸਫ਼ਰਨਾਮਾ ਲੇਖਕ ਸਰ ਅਲੈਗਜ਼ੈਂਡਰ ਬਰਨਜ਼ ਨੇ ਉਸ ਨੂੰ ਆਪਣੇ ਨਾਲ ਮੱਧ-ਏਸ਼ੀਆ ਦੇ ਸਫਰ ਲਈ ਬਤੌਰ ਸਾਥੀ ਅਤੇ ਸੈਕਟਰੀ ਰੱਖਣ ਲਈ ਗਵਰਨਰ ਜਨਰਲ ਵਿਲੀਅਮ ਬੈਂਟਿਕ ਪਾਸ ਸਿਫਾਰਸ਼ ਕੀਤੀ, ਜੋ ਪ੍ਰਵਾਨ ਕਰ ਲਈ ਗਈ ਸੀ। ਇਸ ਸਫਰ ਦੌਰਾਨ ਪ੍ਰਸ਼ੀਆ ਵਿਚ ਵਿਚਰਦੇ ਹੋਏ ਮੋਹਨ ਲਾਲ ਨੂੰ ਉਥੇ ਦੇ ਸ਼ਹਿਜ਼ਾਦੇ ਅੱਬਾਸ ਮਿਰਜ਼ਾ ਵੱਲੋਂ ਮੁਲਕ ਦਾ ਸਭ ਤੋਂ ਵੱਡਾ ਸਨਮਾਨ ਬਖਸ਼ਿਆ ਗਿਆ, ਜੋ ਉਸ ਨੇ ਮੋਹਨ ਲਾਲ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਤੋਂ ਪ੍ਰਭਾਵਿਤ ਹੋ ਕੇ ਦਿੱਤਾ। ਇਹ ਸਵਾਲ ਸਿੱਖ ਰਾਜ ਨਾਲ ਹੀ ਸੰਬੰਧਿਤ ਸਨ। ਇਸ ਲਾਸਾਨੀ ਜੁਰਅੱਤ ਦੀ ਕਹਾਣੀ ਗਵਰਨਰ ਜਨਰਲ ਦੇ ਸੈਕਟਰੀ ਮਿਸਟਰ ਟਰਾਵੇਅਨ ਨੇ ਮੋਹਨ ਲਾਲ ਵੱਲੋਂ ਰਚੀ ਗਈ ਕਿਤਾਬ ਦੇ ਮੁੱਖ ਬੰਦ ਵਿਚ ਲਿਖੀ ਹੈ।

ਮੋਹਨ ਲਾਲ ਦਾ ਸਿੱਖਾਂ ਦੀ ਸ਼ੁਹਰਤ ਦਾ ਵਿਖਿਆਨ ਕਰਨਾ ਉਸ ਦੇ ਆਪਣੇ ਨਿੱਜੀ ਅਨੁਭਵਾਂ ਉੱਤੇ ਆਧਾਰਿਤ ਸੀ ਨਾ ਕਿ ਕਿਸੇ ਤੋਂ ਸੁਣੀਆਂ-ਸੁਣਾਈਆਂ ਗੱਲਾਂ ਉੱਪਰ। ਉਹ ਖੁਦ ਆਪਣੀ ਕਿਤਾਬ ਵਿਚ ਲਿਖਦਾ ਹੈ ਕਿ ਜਦ ਉਹ ਪਹਿਲੀ ਵਾਰ ਆਪਣੇ ਆਕਾ ਬਰਨਜ਼ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ 18 ਜਨਵਰੀ, 1832 ਨੂੰ ਲਾਹੌਰ ਵਿਖੇ ਸ਼ਾਹਦਰਾ ਦੇ ਬਾਹਰ ਬਾਗ ਵਿਚ ਮਿਲਿਆ ਤਾਂ ਮਹਾਰਾਜਾ ਦੇ ਪੰਡਾਲ ਅਤੇ ਨਿੱਜੀ ਤੰਬੂ ਦੇ ਸੁਹੱਪਣ ਨੂੰ ਦੇਖ ਕੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕਿ ਇਹ ਕਿਸੇ ਫਰਿਸ਼ਤੇ ਦਾ ਹੋਵੇ ਨਾ ਕਿ ਕਿਸੇ ਮਨੁੱਖ ਦਾ। ਇਸੇ ਤਰ੍ਹਾਂ ਦਾ ਹੀ ਅਨੁਭਵ ਉਸ ਨੂੰ ਮਹਾਰਾਜਾ ਨੂੰ ਸ਼ਾਲੀਮਾਰ ਬਾਗ ਵਿਖੇ ਦੁਬਾਰਾ ਮਿਲਣ ‘ਤੇ ਹੋਇਆ। ਇਸ ਤਰ੍ਹਾਂ ਹੀ ਉਹ ਅਗਲੇ ਸਫਰ ‘ਤੇ ਜਾਂਦੇ ਹੋਏ ਅਟਕ ਪਾਸ ਸਰਦਾਰ ਹਰੀ ਸਿੰਘ ਨਲੂਆ ਨੂੰ ਵੀ ਮਿਲੇ, ਜਦ ਸਿੱਖ ਫ਼ੌਜਾਂ ਉਸ ਸਮੇਂ ਸਈਅਦ ਅਹਿਮਦ ਦਾ ਪਿੱਛਾ ਕਰ ਰਹੀਆਂ ਸਨ। ਮੋਹਨ ਲਾਲ ਸ: ਹਰੀ ਸਿੰਘ ਦੀ ਸਿਫਤ ਕਰਦਾ ਹੋਇਆ ਲਿਖਦਾ ਹੈ ਕਿ ਸਰਦਾਰ ਸਾਹਿਬ ਬਹੁਤ ਹੀ ਬਹਾਦਰ ਅਤੇ ਸਜੇ ਹੋਏ ਘੋੜ-ਸਵਾਰਾਂ ਸਮੇਤ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।

ਉਨ੍ਹਾਂ ਖੁਦ ਵੀ ਬਹੁਤ ਹੀ ਸੁੰਦਰ ਪੋਸ਼ਾਕ ਪਹਿਨੀ ਹੋਈ ਸੀ ਅਤੇ ਪੂਰੇ ਹਥਿਆਰਬੰਦ ਸਨ। ਉਹ ਸਾਨੂੰ ਦਰਿਆ ਸਿੰਧ ਪਾਰ ਕਰਵਾਉਣ ਲਈ ਦਰਿਆ ਤੱਕ ਲੈ ਕੇ ਗਏ, ਜਿਥੇ ਬਹੁਤ ਹੀ ਸ਼ਾਨਦਾਰ ਤੰਬੂ ਅਤੇ ਸ਼ਾਮਿਆਨੇ ਸਾਡੇ ਲਈ ਲੱਗੇ ਹੋਏ ਸਨ। ਉਨ੍ਹਾਂ ਦੀ ਦਿੱਖ, ਚਾਲ-ਢਾਲ, ਬੋਲਚਾਲ ਅਤੇ ਬਹਾਦਰੀ ਵਾਲੇ ਗੁਣ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਦੇ ਸਨ। ਮੋਹਨ ਲਾਲ ਲਿਖਦਾ ਹੈ ਕਿ ਦਰਿਆ ਸਿੰਧ ਦੇ ਨਾਲ-ਨਾਲ ਖੈਬਰ ਦੇ ਪਹਾੜਾਂ ਤੱਕ ਦੇ ਲੋਕ ਬਹੁਤ ਹੀ ਲੜਾਕੇ ਹਨ, ਜਿਨ੍ਹਾਂ ਨੇ ਸਿੱਖਾਂ ਤੋਂ ਬਿਨਾਂ ਕਿਸੇ ਦੀ ਈਨ ਅੱਜ ਤੱਕ ਨਹੀਂ ਸੀ ਮੰਨੀ। ਨਾਦਰ ਸ਼ਾਹ ਬਾਦਸ਼ਾਹ ਵੀ ਦਿੱਲੀ ਲੁੱਟਣ ਤੋਂ ਬਾਅਦ ਇਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਕੀਮਤੀ ਸੁਗਾਤਾਂ ਦਿੱਤੇ ਬਿਨਾਂ ਖੈਬਰ ਪਾਰ ਨਹੀਂ ਸੀ ਕਰ ਸਕਿਆ।

ਮੋਹਨ ਲਾਲ ਆਪਣੇ ਸਫਰ ਦੌਰਾਨ ਬੁਖਾਰਾ ਤੋਂ ਵਾਪਸ ਪ੍ਰਸ਼ੀਆ ਹੁੰਦੇ ਹੋਏ 23 ਸਤੰਬਰ ਸੰਨ 1832 ਨੂੰ ਕਿਉਚਨ ਪਹੁੰਚੇ, ਜਿਥੇ ਸ਼ਹਿਜ਼ਾਦਾ ਮਿਰਜ਼ਾ ਅੱਬਾਸ ਬੇਗ ਦੀ ਤਰਫੋਂ ਕੈਪਟਨ ਸ਼ੀਹ ਨੇ ਆਪਣੇ ਦੂਜੇ ਯੂਰਪੀਨ ਸਾਥੀ ਮਿਸਟਰ ਬਰੋਵਸਕੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਸਮੇਂ ਮੋਹਨ ਲਾਲ ਨਾਲ ਡਾ: ਗੇਰਾਰਡ ਹੀ ਰਹਿ ਗਿਆ ਸੀ, ਜਦਕਿ ਮਿਸਟਰ ਬਰਨਜ਼ ਉਨ੍ਹਾਂ ਨੂੰ ਅਲਵਿਦਾ ਕਹਿੰਦਾ ਹੋਇਆ ਕੈਸਪੀਅਨ ਸਮੁੰਦਰ ਵੱਲ ਕਿਸੇ ਖਾਸ ਮਿਸ਼ਨ ਲਈ ਚਲਾ ਗਿਆ ਸੀ। ਇਥੋਂ ਚੱਲ ਕੇ ਉਹ ਪ੍ਰਸ਼ੀਆ ਦੇ ਸ਼ਹਿਰ ਮਸ਼ਾਦ ਪਹੁੰਚੇ, ਜਿਥੇ 5 ਅਕਤੂਬਰ ਨੂੰ ਸ਼ਹਿਜ਼ਾਦਾ ਆਪਣੀ ਇਕ ਲੱਖ ਫ਼ੌਜ ਦੀ ਅਗਵਾਈ ਕਰਦਾ ਹੋਇਆ ਸ਼ਹਿਰ ਅੰਦਰ ਦਾਖਲ ਹੋਇਆ।

ਉਹ ਇਕ ਆਮ ਘੋੜੇ ਉੱਪਰ ਹੀ ਸਵਾਰ ਸੀ ਅਤੇ ਕੁਝ ਪੈਦਲ ਸੈਨਿਕ ਟੁਕੜੀਆਂ ਹੀ ਉਸ ਦੇ ਮਗਰ-ਮਗਰ ਚੱਲ ਰਹੀਆਂ ਸਨ। ਸ਼ਹਿਜ਼ਾਦੇ ਦਾ ਕੋਈ ਖਾਸ ਸ਼ਾਹੀ ਪਹਿਰਾਵਾ ਨਹੀਂ ਸੀ। ਸੈਨਿਕਾਂ ਦੀਆਂ ਪੋਸ਼ਾਕਾਂ ਵੀ ਘਟੀਆ ਸਨ ਅਤੇ ਉਨ੍ਹਾਂ ਦੇ ਹਥਿਆਰ ਜੰਗਾਲੇ ਹੋਏ ਲਗਦੇ ਸਨ। ਮੋਹਨ ਲਾਲ ਲਿਖਦਾ ਹੈ ਕਿ ਜੇਕਰ ਕਿਸੇ ਨੇ ਅਸਲੀ ਸ਼ਾਨੋ-ਸੌਕਤ ਦੇਖਣੀ ਹੋਵੇ ਤਾਂ ਉਹ ਪੰਜਾਬ ਦੇ ਰਾਜ ਦਰਬਾਰ ਹੀ ਦੇਖੀ ਜਾ ਸਕਦੀ ਹੈ ਅਤੇ ਬਲਖ ਬੁਖਾਰਾ ਤੱਕ ਕੋਈ ਵੀ ਸਿੱਖਾਂ ਦਾ ਸਾਨੀ ਨਹੀਂ ਹੈ। ਮਹਾਰਾਜਾ ਦੇ ਵਿਦੇਸ਼ੀ ਜਰਨੈਲ ਮਿਸਟਰ ਅਲਾਰਡ ਅਤੇ ਵੈਨਤੂਰਾ ਪੰਜਾਬ ਪਹੁੰਚਣ ਤੋਂ ਪਹਿਲਾਂ ਈਰਾਨ ਵਿਖੇ ਇਸੇ ਸ਼ਹਿਜ਼ਾਦੇ ਦੀ ਫ਼ੌਜ ਵਿਚ ਨੌਕਰੀ ਕਰ ਚੁੱਕੇ ਸਨ। ਉਸ ਸਮੇਂ ਅੱਬਾਸ ਮਿਰਜ਼ਾ ਬਹੁਤ ਹੀ ਬਹਾਦਰ ਅਤੇ ਮੰਨਿਆ ਹੋਇਆ ਫ਼ੌਜੀ ਜਰਨੈਲ ਸੀ ਅਤੇ ਪੂਰੇ ਮੱਧ-ਏਸ਼ੀਆ ਤੇ ਅਫ਼ਗਾਨਿਸਤਾਨ ਵਿਚ ਉਸ ਦਾ ਕੋਈ ਵੀ ਸਾਨੀ ਨਹੀਂ ਸੀ, ਜਿਥੇ ਉਹ ਕਈ ਵਾਰ ਇਨ੍ਹਾਂ ਇਲਾਕਿਆਂ ਵਿਚ ਮੱਲਾਂ ਮਾਰ ਚੁੱਕਾ ਸੀ। ਉਹ ਬਹਾਦਰਾਂ ਦਾ ਕਦਰਦਾਨ ਬਾਦਸ਼ਾਹ ਸੀ।

ਮਸਾਦ ਵਿਖੇ ਹੀ ਫਰਵਰੀ, 1833 ਨੂੰ ਉਨ੍ਹਾਂ ਨੂੰ ਸ਼ਹਿਜ਼ਾਦੇ ਦੀ ਤਰਫੋਂ ਈਦ ਦੇ ਵਿਸ਼ੇਸ਼ ਦਰਬਾਰ ਵਿਚ ਮਹਿਮਾਨ ਵਜੋਂ ਸ਼ਾਮਿਲ ਹੋਣ ਦਾ ਸੱਦਾ ਮਿਲਿਆ। ਉਸ ਈਦ-ਉਲ-ਫ਼ਿਤਰ ਦੇ ਖਾਸ ਦਿਨ ਪ੍ਰਸ਼ੀਆ ਦੇ ਸਾਰੇ ਅਹਿਲਕਾਰ ਤੇ ਦਰਬਾਰੀ ਆਪਣੀਆਂ ਸ਼ੁੱਭ ਇੱਛਾਵਾਂ ਦੇਣ ਲਈ ਸ਼ਹਿਜ਼ਾਦੇ ਦੇ ਦਰਬਾਰ ਵਿਚ ਹਾਜ਼ਰ ਸਨ। ਮੋਹਨ ਲਾਲ ਨੂੰ ਇਸ ਦਰਬਾਰ ਵਿਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਤਾਂ ਕਿ ਉਹ ਪ੍ਰਸ਼ੀਆ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਦੇਖ ਸਕੇ। ਜਦ ਸਾਰੇ ਦਰਬਾਰੀ ਆਪੋ-ਆਪਣੀਆਂ ਭੇਟਾਵਾਂ ਹਿਜ਼ ਹਾਈਨੈੱਸ ਅੱਬਾਸ ਮਿਰਜ਼ਾ ਨੂੰ ਭੇਟ ਕਰਕੇ ਬੈਠ ਚੁੱਕੇ ਤਾਂ ਉਸ ਨੇ ਮੋਹਨ ਲਾਲ ਨੂੰ ਮੁਖਾਤਬ ਹੁੰਦੇ ਹੋਏ ਪੁੱਛਿਆ ਕਿ ਉਹ ਹੁਣ ਤੱਕ ਦੋਵੇਂ ਮਹਾਰਾਜਾ ਰਣਜੀਤ ਸਿੰਘ ਅਤੇ ਪ੍ਰਸ਼ੀਆ ਦੇ ਦਰਬਾਰ ਦੇਖ ਚੁੱਕਾ ਹੈ, ਕੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸ਼ਾਨੋ-ਸ਼ੌਕਤ ਵਿਚ ਉਸ ਦੇ ਦਰਬਾਰ ਦਾ ਮੁਕਾਬਲਾ ਕਰ ਸਕਦਾ ਹੈ?

ਕੀ ਸਿੱਖਾਂ ਦੀ ਫੌਜ ਅਨੁਸ਼ਾਸਨ ਅਤੇ ਬਹਾਦਰੀ ਵਿਚ ਪ੍ਰਸ਼ੀਆ ਦੀ ਖਾਸ ਫ਼ੌਜ ‘ਸਰਬਾਜ਼’ ਦਾ ਮੁਕਾਬਲਾ ਕਰ ਸਕਦੀ ਹੈ? ਇਸ ‘ਤੇ ਮੋਹਨ ਲਾਲ ਨੇ ਬਹੁਤ ਹੀ ਹਲੀਮੀ ਨਾਲ ਆਪਣੇ ਹੌਸਲੇ ਨੂੰ ਕਾਇਮ ਰੱਖਦੇ ਹੋਏ ਜਵਾਬ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਪੰਡਾਲ ਅਤੇ ਤੰਬੂ ਕੀਮਤੀ ਕਸ਼ਮੀਰੀ ਪਸ਼ਮੀਨੇ ਅਤੇ ਸ਼ਾਲਾਂ ਦੇ ਬਣੇ ਹੋਏ ਹਨ ਅਤੇ ਹੇਠਾਂ ਫਰਸ਼ ਉੱਪਰ ਵਿਛਾਏ ਗਏ ਗਲੀਚੇ ਵੀ ਸ਼ਾਲਾਂ ਵਾਂਗ ਕੀਮਤੀ ਚੀਜ਼ਾਂ ਦੇ ਬਣੇ ਹੋਏ ਹਨ। ਜਿਥੋਂ ਤੱਕ ਉਸ ਦੀ ਫੌਜ ਦਾ ਸਵਾਲ ਹੈ, ਮੋਹਨ ਲਾਲ ਨੇ ਜਵਾਬ ਦਿੱਤਾ ਕਿ ਜੇਕਰ ਸ: ਹਰੀ ਸਿੰਘ ਨਲੂਆ ਜੋ ਮਹਾਰਾਜਾ ਦੀਆਂ ਫੌਜਾਂ ਦੀ ਕਮਾਂਡ ਕਰਦਾ ਹੋਇਆ ਅੱਟਕ ਵਿਚ ਮੌਜੂਦ ਹੈ, ਦਰਿਆ ਸਿੰਧ ਪਾਰ ਕਰ ਲਵੇ ਤਾਂ ਹਿਜ਼-ਹਾਈਨੈਸ ਮੁਕਾਬਲੇ ਤੋਂ ਭੱਜਦੇ ਹੋਏ ਆਪਣੇ ਅਸਲੀ ਮੁਲਕ ਤਬਰੇਜ਼ ਵਿਚ ਪਨਾਹ ਲੈਣ ਵਿਚ ਹੀ ਭਲਾ ਸਮਝਣਗੇ।

ਕਿਹਾ ਜਾਂਦਾ ਹੈ ਕਿ ਮੋਹਨ ਲਾਲ ਨੇ ਜਿਸ ਲਹਿਜ਼ੇ ਅਤੇ ਸਾਦਗੀ ਵਿਚ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਇਹ ਕਿਸੇ ਤਰ੍ਹਾਂ ਵੀ ਪ੍ਰਸ਼ੀਆ ਦੇ ਰਾਜ ਦਰਬਾਰ ਦੀ ਨਿੰਦਾ ਜਾਂ ਹੇਠੀ ਕਰਨਾ ਨਹੀਂ ਸੀ ਪਰ ਅਜਿਹੇ ਜਵਾਬ ਦੀ ਕਿਸੇ ਨੂੰ ਆਸ ਨਹੀਂ ਸੀ ਅਤੇ ਅੱਜ ਤੱਕ ਪ੍ਰਸ਼ੀਆ ਦੇ ਦਰਬਾਰ ਵਿਚ ਕਦੇ ਵੀ ਇਹੋ ਜਿਹੇ ਨਿਰਪੱਖ ਬੋਲ ਕਹੇ ਜਾਂ ਸੁਣੇ ਨਹੀਂ ਸਨ ਗਏ। ਇਸ ‘ਤੇ ਸਭ ਪਾਸੇ ਚੁੱਪ ਅਤੇ ਹੈਰਾਨੀ ਛਾ ਗਈ, ਜੋ ਦਰਬਾਰ ਦੀ ਸ਼ਾਨ ਦੇ ਖਿਲਾਫ਼ ਸਮਝਿਆ ਜਾ ਰਿਹਾ ਸੀ ਅਤੇ ਸਾਰੇ ਦਰਬਾਰੀ ਅੱਬਾਸ ਮਿਰਜ਼ਾ ਦੇ ਜਵਾਬ ਦੀ ਉਡੀਕ ਵਿਚ ਸਨ।

ਇਸ ‘ਤੇ ਉਸ ਨੇ ‘ਬਹੁਤ ਖੂਬ-ਬਹੁਤ ਖੂਬ’ ਕਹਿੰਦਿਆਂ ਆਪਣੇ ਦਰਬਾਰੀਆਂ ਨੂੰ ਸੰਬੋਧਨ ਹੋ ਕੇ ਮੋਹਨ ਲਾਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਦੇਖਿਆ ਇਹ ਅੰਗਰੇਜ਼ੀ ਪੜ੍ਹਾਈ ਦਾ ਅਸਰ ਹੈ, ਜਿਸ ਨੇ ਇਕ ਕਾਫ਼ਰ ਵਿਚ ਵੀ ਏਨਾ ਭਰੋਸਾ ਅਤੇ ਤਾਕਤ ਪੈਦਾ ਕਰ ਦਿੱਤੀ ਹੈ ਕਿ ਉਹ ਸਚਾਈ ਬਿਆਨ ਕਰ ਸਕੇ ਜੋ ਕਹਿਣੀ ਅਤੇ ਬਿਆਨ ਕਰਨੀ ਬਹੁਤ ਹੀ ਔਖੀ ਹੋਵੇ ਤੇ ਰੱਬ ਤੋਂ ਸਿਵਾ ਕਿਸੇ ਤੋਂ ਨਾ ਡਰੇ। ਅੱਬਾਸ ਮਿਰਜ਼ਾ ਨੇ ਮੋਹਨ ਲਾਲ ਦੇ ਜਵਾਬ ਤੋਂ ਖੁਸ਼ ਹੋ ਕੇ ਉਸ ਨੂੰ ਪ੍ਰਸ਼ੀਆ ਦੇ ਸਭ ਤੋਂ ਵੱਡੇ ਸਨਮਾਨਿਤ ਚਿੰਨ੍ਹ ਸੂਰਜ ਅਤੇ ਸ਼ੇਰ ਦੇ ਤਗਮੇ ਨਾਲ ਸਨਮਾਨਿਤ ਕੀਤਾ।  - ਐਚ.ਐਸ. ਚੀਮਾ