ਸਾਹਿਤ ਦੇ ਸਿਤਾਰੇ ਚੇਤਨਾ-ਪ੍ਰਵਾਹ ਦਾ ਲੇਖਕ ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਜਾਬੀ ਨਾਵਲ ਨੂੰ ਦਿੱਤੀ ਨਵੀਂ ਸੰਵੇਦਨਸ਼ੀਲਤਾ...

Sukhbir

ਸੁਖਬੀਰ ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿਚੋਂ ਸੱਭ ਤੋਂ ਵੱਡਾ ਸੀ। ਬੰਬਈ ਵਿਚ ਪੜ੍ਹਦਿਆਂ 1950 ਵਿਚ ਵਿਦਿਆਰਥੀ ਲਹਿਰ ਵਿਚ ਗ੍ਰਿਫ਼ਤਾਰ ਹੋਣ ਕਾਰਨ ਉਸ ਦੇ ਪ੍ਰਕਾਸ਼ਕ ਨੇ ਉਸ ਦਾ ਨਾਂ ਬਲਬੀਰ ਤੋਂ ਸੁਖਬੀਰ ਛਾਪਣਾ ਸ਼ੁਰੂ ਕਰ ਦਿਤਾ ਸੀ। ਬਾਅਦ ਵਿਚ ਉਸ ਨੇ ਕਲਮੀ ਨਾਂ ਵਜੋਂ ਇਹੀ ਨਾਂ ਅਪਣਾ ਲਿਆ।

 

ਉਸ ਦਾ ਜਨਮ 9 ਜੁਲਾਈ, 1925 ਨੂੰ ਹੋਇਆ ਸੀ। ਉਸ ਦਾ ਪਿਤਾ ਮਨਸ਼ਾ ਸਿੰਘ, ਭਾਰਤੀ ਰੇਲਵੇ ਵਿਚ ਸਿਵਲ ਇੰਜੀਨੀਅਰ ਸੀ। ਉਸ ਨੇ ਸੁਖਬੀਰ ਨੂੰ ਅਪਣੇ ਉਦਾਰ ਧਾਰਮਕ ਖ਼ਿਆਲਾਂ ਅਨੁਸਾਰ ਸਿਖਿਆ ਦਿਤੀ ਜਿਸ ਦਾ ਅਸਰ ਸੁਖਬੀਰ ਦੀ ਸ਼ਖ਼ਸ਼ੀਅਤ ਉਤੇ ਉਮਰ ਭਰ ਰਿਹਾ।

ਮੁਢਲੀ ਪੜ੍ਹਾਈ ਪੰਜਾਬ ਵਿਚ ਅਪਣੇ ਪਿੰਡ ਬੀਰਮਪੁਰ ਵਿਚ ਕੀਤੀ ਅਤੇ ਉਹ ਛੇਵੀਂ ਜਮਾਤ ਵਿਚ ਸੀ ਜਦੋਂ ਉਸ ਦਾ ਪ੍ਰਵਾਰ ਪਿਤਾ ਦੀ ਬਦਲੀ ਕਾਰਨ ਮੁੰਬਈ ਚਲਿਆ ਗਿਆ ਅਤੇ ਅਗਲੀ ਪੜ੍ਹਾਈ ਉਥੋਂ ਹੀ ਕੀਤੀ। ਉਥੋਂ ਹੀ ਗਰੈਜੁਏਸ਼ਨ ਕਰਨ ਤੋਂ ਬਾਅਦ 1958 ਵਿਚ ਉਹ ਖ਼ਾਲਸਾ ਕਾਲਜ, ਅੰਮ੍ਰਿਤਸਰ ਪੰਜਾਬੀ ਦੀ ਉਚੇਰੀ ਵਿਦਿਆ ਲਈ ਚਲੇ ਗਏ। ਐਮ.ਏ. ਵਿਚ ਉਹ ਯੂਨੀਵਰਸਟੀ ਦੇ ਗੋਲਡ ਮੈਡਲਿਸਟ ਬਣੇ।

ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੰਪਾਦਕੀ ਹੇਠ ਨਿਕਲਦੇ ਪੰਜਾਬੀ ਰਸਾਲੇ 'ਪ੍ਰੀਤਲੜੀ' ਵਿਚ ਲਿਖਣ ਲੱਗ ਪਏ ਅਤੇ ਨਾਲ ਹੀ ਪੂਰਨ ਚੰਦ ਜੋਸ਼ੀ ਦੇ ਵੱਡੇ ਪ੍ਰਭਾਵ ਤੋਂ ਪ੍ਰੇਰਨਾ ਲੈਂਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਵਿਚ ਕੰਮ ਕਰਨ ਲੱਗੇ, ਪਰ ਪੂਰਨ ਚੰਦ ਜੋਸ਼ੀ ਦੀ ਪਾਰਟੀ ਅੰਦਰ ਹੁੰਦੀ ਦੁਰਗਤ ਤੋਂ ਚਿੜ ਕੇ ਜਲਦੀ ਹੀ ਪਾਰਟੀ ਤੋਂ ਦੂਰ ਹੋ ਗਏ। ਫਿਰ ਵੀ ਉਹ ਜੀਵਨ ਭਰ ਮੁੱਖ ਤੌਰ ਤੇ ਮਾਰਕਸਵਾਦ ਦੇ ਪ੍ਰਭਾਵ ਹੇਠ ਰਹੇ।

ਸੁਖਬੀਰ ਦਾ ਪਹਿਲਾ ਕਹਾਣੀ-ਸੰਗ੍ਰਹਿ 'ਡੁਬਦਾ-ਚੜ੍ਹਦਾ ਸੂਰਜ' 1957 'ਚ ਪ੍ਰਕਾਸ਼ਤ ਹੋਇਆ। ਅਗਲੇ ਸਾਲ ਉਸ ਦਾ ਕਾਵਿ-ਸੰਗ੍ਰਹਿ 'ਪੈੜਾਂ' ਆਇਆ। ਉਸ ਦਾ ਪਹਿਲਾ ਨਾਵਲ 'ਕੱਚ ਦਾ ਸ਼ਹਿਰ' 1960 'ਚ ਪ੍ਰਕਾਸ਼ਤ ਹੋਇਆ। ਉਦੋਂ ਤਕ ਉਹ ਪ੍ਰੀਤਲੜੀ ਅਤੇ ਆਰਸੀ ਵਰਗੇ ਰਸਾਲਿਆਂ 'ਚ ਛਪ ਕੇ ਮਸ਼ਹੂਰ ਹੋ ਚੁੱਕਾ ਸੀ। ਹਿੰਦੀ 'ਚ ਵੀ ਉਸ ਦੀਆਂ ਰਚਨਾਵਾਂ ਮਸ਼ਹੂਰ ਰਸਾਲਿਆਂ 'ਚ ਛਪਦੀਆਂ ਰਹੀਆਂ। ਨਵੰਬਰ 1973 'ਚ 'ਇਲਸਟਰੇਟਡ ਵੀਕਲੀ ਆਫ਼ ਇੰਡੀਆ' 'ਚ ਉਸ ਦੀਆਂ ਕਵਿਤਾਵਾਂ ਨੂੰ ਪੂਰਾ ਪੰਨਾ ਦਿਤਾ ਗਿਆ ਜੋ ਕਿ ਉਨ੍ਹੀਂ ਦਿਨੀਂ ਕਿਸੇ ਕਵੀ ਲਈ ਵੱਡਾ ਸਨਮਾਨ ਹੁੰਦਾ ਸੀ।

ਮਸ਼ਹੂਰ ਲੇਖਕ, ਕਾਲਜ ਲੈਕਚਰਾਰ, ਆਦਿ ਕੰਮ ਕਰਨ ਤੋਂ ਬਾਅਦ ਛੇਤੀ ਹੀ ਉਨ੍ਹਾਂ ਨੇ ਕੁੱਲਵਕਤੀ ਲੇਖਕ ਵਜੋਂ ਜੀਵਨ ਬਿਤਾਉਣ ਦਾ ਫ਼ੈਸਲਾ ਕਰ ਲਿਆ।
ਸੁਖਬੀਰ ਨੂੰ ਪੰਜਾਬੀ 'ਚ ਚੇਤਨਾ ਪ੍ਰਵਾਹ ਲਿਖਣ ਦੇ ਢੰਗ ਦਾ ਮੋਢੀ ਮੰਨਿਆ ਜਾਂਦਾ ਹੈ। ਉਸ ਦਾ ਨਾਵਲ 'ਰਾਤ ਦਾ ਚੇਹਰਾ' 1961 'ਚ ਛਪਿਆ ਸੀ ਜੋ ਕਿ ਸਿਰਫ਼ ਇਕ ਰਾਤ ਦੇ ਸਮੇਂ ਅੰਦਰ ਬੀਤੀ ਕਹਾਣੀ ਦਾ ਚੇਤਨਾ-ਪ੍ਰਵਾਹ ਨਾਵਲ ਹੈ।

ਉਸ ਦੀਆਂ ਛੋਟੀਆਂ ਕਹਾਣੀਆਂ 'ਚ ਵੀ, ਉਸ ਨੇ ਚੇਤਨਾ-ਪ੍ਰਵਾਹ ਲਿਖਣ ਦੇ ਢੰਗ ਦਾ ਆਗਾਜ਼ ਕੀਤਾ। ਇਸ ਦਾ ਇਕ ਉਦਾਹਰਣ 'ਰੁਕੀ ਹੋਈ ਰਾਤ' ਕਹਾਣੀ ਤੋਂ ਮਿਲਦਾ ਹੈ ਜਿਸ ਵਿਚ ਵਾਰਤਾਕਾਰ ਅਪਣੀਆਂ ਸੋਚਾਂ 'ਚ ਅਪਣੇ ਬਚਪਨ ਦੇ ਵਿਛੜੇ ਦੋਸਤ ਬਾਰੇ ਸੋਚਦਾ ਹੈ ਜੋ ਕਿ ਬਾਗ਼ੀ ਬਣ ਗਿਆ ਹੈ ਅਤੇ ਪੁਲਿਸ ਤੋਂ ਬੱਚ ਰਿਹਾ ਹੈ।

ਸੁਖਬੀਰ ਨੇ ਅਪਣੀ ਗੀਤਮਈ ਵਾਰਤਕ, ਚਿੱਤਰਮਈ ਬਿਰਤਾਂਤ ਅਤੇ ਕਿਰਦਾਰਾਂ ਨੂੰ ਸੰਵਾਦਾਂ ਰਾਹੀਂ ਘੜ ਕੇ ਪੰਜਾਬੀ ਨਾਵਲ ਨੂੰ ਨਵੀਂ ਸੰਵੇਦਨਸ਼ੀਲਤਾ ਦਿਤੀ। ਸੁਖਬੀਰ ਕਿਉਂਕਿ ਮੂਲ ਰੂਪ 'ਚ ਕਵੀ ਸੀ, ਇਸ ਲਈ ਉਹ ਅਪਣੀ ਗੱਲ ਨੂੰ ਵੀ ਗੀਤਮਈ ਅੰਦਾਜ਼ 'ਚ ਪੇਸ਼ ਕਰਦਾ ਸੀ। ਸੁਖਬੀਰ ਦੀ ਲੇਖਣੀ ਵਿਕਾਸਵਾਦੀ, ਮਨੋਵਿਗਿਆਨਕ ਅਤੇ ਕਲਾਮਈ ਪਹਿਲੂ ਅੰਤਰਮੁਖੀ ਹੈ। ਉਸ ਦਾ ਯਥਾਰਥਵਾਦੀ ਸਾਹਿਤਕ ਨਜ਼ਰੀਆ ਇਕ ਪਾਸੇ ਵਿਹਾਰਕ ਮਾਰਕਸਵਾਦ ਤੋਂ ਅਤੇ ਦੂਜੇ ਪਾਸੇ ਮਨੋਵਿਗਿਆਨ ਅਤੇ ਕਲਾ ਦੀਆਂ ਜਟਿਲਤਾਵਾਂ ਤੋਂ ਤਾਕਤ ਲੈਂਦਾ ਹੈ।

ਸੁਖਬੀਰ ਚੰਗਾ ਚਿੱਤਰਕਾਰ ਵੀ ਸੀ ਅਤੇ ਕਦੇ-ਕਦਾਈਂ ਰੇਖਾਚਿੱਤਰ ਬਣਾਉਂਦਾ ਰਹਿੰਦਾ ਸੀ। ਉਸ ਦੀਆਂ ਸਾਰੀਆਂ ਲਿਖਤਾਂ 'ਚ ਚਿੱਤਰਕਾਰ ਦਾ ਨਜ਼ਰੀਆ ਦਿਸਦਾ ਹੈ। ਉਸ ਦੀ ਕਵਿਤਾ 'ਨੈਣ ਨਕਸ਼' ਖ਼ਾਸ ਤੌਰ 'ਤੇ ਆਧੁਨਿਕ ਚਿੱਤਰਕਾਰੀ ਦੀਆਂ ਤਕਨੀਕਾਂ 'ਤੇ ਆਧਾਰਤ ਹੈ। ਇਹ ਪੰਜਾਬੀ ਸਾਹਿਤ 'ਚ ਅਡਰਾ ਤਜਰਬਾ ਹੈ।

ਚਿੱਤਰਕਾਰ ਦੇ ਨਜ਼ਰੀਏ ਤੋਂ ਆਲੇ-ਦੁਆਲੇ ਅਤੇ ਜ਼ਿੰਦਗੀ ਨੂੰ ਵੇਖ ਕੇ ਉਸ ਨੇ ਪੰਜਾਬੀ ਕਵਿਤਾ, ਛੋਟੀ ਕਹਾਣੀ ਅਤੇ ਨਾਵਲ ਦੇ ਖੇਤਰ 'ਚ ਨਵੀਂ ਪਹੁੰਚ ਸਥਾਪਤ ਕੀਤੀ। ਸੁਖਬੀਰ ਨੂੰ ਮੁੱਖ ਤੌਰ ਤੇ ਸਟੇਨਬੈਕ, ਚੈਖਵ, ਇਰਵਿੰਗ ਸਟੋਨ, ਫਰਾਇਡ, ਟੀ.ਐਸ. ਈਲੀਅਟ, ਪਾਬਲੋ ਨਰੂਦਾ, ਸਰਦਾਰ ਜ਼ਾਫਰੀ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਅਰਨੈਸਟ ਹੈਮਿੰਗਵੇ ਤੋਂ ਪ੍ਰਭਾਵਤ ਹੋਏ ਅਤੇ ਅਪਣੇ ਤੋਂ ਬਾਅਦ ਵਾਲੀ ਪੰਜਾਬੀ ਅਤੇ ਹਿੰਦੀ ਲੇਖਕਾਂ ਦੀ ਪੂਰੀ ਪੀੜ੍ਹੀ ਨੂੰ ਪ੍ਰਭਾਵਤ ਕੀਤਾ। 22 ਫ਼ਰਵਰੀ, 2012 ਨੂੰ ਉਸ ਸੰਸਾਰ ਨੂੰ ਅਲਵਿਦਾ ਕਹਿ ਗਏ।