ਖਰਗੋਸ਼ ਦੀ ਪੂਛ ਛੋਟੀ ਕਿਉਂ? (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਾਪਾਨ ਦੇ ਆਸ-ਪਾਸ ਬਹੁਤ ਸਾਰੇ ਟਾਪੂ ਹਨ.........

Rabbit

ਜਾਪਾਨ ਦੇ ਆਸ-ਪਾਸ ਬਹੁਤ ਸਾਰੇ ਟਾਪੂ ਹਨ। ਇਨ੍ਹਾਂ ਟਾਪੂਆਂ ਵਿਚ ਇਕ ਛੋਟਾ ਜਿਹਾ ਟਾਪੂ ਹੈ ਜਿਸ ਦਾ ਨਾਂ ਹੈ ਓਕੀ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਓਕੀ ਟਾਪੂ ਉਤੇ ਇਕ ਖ਼ਰਗੋਸ਼ ਰਿਹਾ ਕਰਦਾ ਸੀ ਜਿਹੜਾ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਕਿੰਨਾ ਚੰਗਾ ਹੋਵੇ ਕਿ ਜੇ ਕਦੇ ਉਹ ਵੀ ਜਾਪਾਨ ਦੇ ਵੱਡੇ ਟਾਪੂ ਉਤੇ ਜਾ ਕੇ ਉਥੋਂ ਦੀ ਦੁਨੀਆਂ ਵੇਖ ਸਕੇ। 

ਪਰ ਉਹ ਕਿਵੇਂ ਜਾਂਦਾ? ਦੋਹਾਂ ਟਾਪੂਆਂ ਵਿਚਕਾਰ ਗਹਿਰੇ ਅਤੇ ਵਿਸ਼ਾਲ ਸਮੁੰਦਰ ਦਾ ਪਾਣੀ ਸੀ। ਪਾਣੀ ਨੂੰ ਪਾਰ ਕਰ ਕੇ ਜਾਣਾ ਉਸ ਵਰਗੇ ਛੋਟੇ ਜਾਨਵਰ ਲਈ ਬੜਾ ਔਖਾ ਸੀ। ਉਹ ਤੇਜ਼ ਦੌੜ ਤਾਂ ਸਕਦਾ ਸੀ ਪਰ ਤੈਰ ਨਹੀਂ ਸੀ ਸਕਦਾ। ਸਮੁੰਦਰੀ ਬੇੜੇ ਉਤੇ ਬੈਠ ਕੇ ਜਾਣ ਵਾਸਤੇ ਉਸ ਕੋਲ ਪੈਸੇ ਵੀ ਨਹੀਂ ਸਨ। ਇਕ ਦਿਨ ਉਹ ਇਨ੍ਹਾਂ ਵਿਚਾਰਾਂ ਵਿਚ ਗੁੰਮ ਸਾਗਰ ਦੇ ਕੰਢੇ ਕੰਢੇ ਸੈਰ ਕਰ ਰਿਹਾ ਸੀ ਕਿ ਉਸ ਨੇ ਇਕ ਮਗਰਮੱਛ ਨੂੰ ਵੇਖਿਆ ਜੋ ਉਸ ਵਲ ਭੁੱਖੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਖਰਗੋਸ਼ ਕੰਢੇ ਤੋਂ ਰਤਾ ਕੁ ਪਰ੍ਹਾਂ ਹੋ ਗਿਆ ਅਤੇ ਮਗਰਮੱਛ ਨੂੰ ਕਹਿਣ ਲੱਗਾ,  ''ਤੂੰ ਇਸ ਤਰ੍ਹਾਂ ਮੇਰੇ ਵਲ ਕਿਉਂ ਘੂਰ ਘੂਰ ਕੇ ਵੇਖ ਰਿਹੈਂ?

ਤੈਨੂੰ ਪਤਾ ਨਹੀਂ ਮੈਂ ਖਰਗੋਸ਼ਾਂ ਦਾ ਰਾਜਾ ਹਾਂ? ਕੀ ਤੈਨੂੰ ਕਿਸੇ ਨੇ ਵੱਡੇ ਬੰਦੇ ਵਲ ਚੰਗੀ ਤਰ੍ਹਾਂ ਤੱਕਣ ਦੀ ਤਮੀਜ਼ ਨਹੀਂ ਸਿਖਾਈ?'' ਮਗਰਮੱਛ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਪਰ ਤਾਂ ਵੀ ਉਹ ਖਰਗੋਸ਼ ਦੀ ਗੱਲ ਸੁਣ ਕੇ ਅਪਣਾ ਹਾਸਾ ਨਾ ਰੋਕ ਸਕਿਆ। ਮਗਰਮੱਛ ਖਰਗੋਸ਼ ਨੂੰ ਪੁੱਛਣ ਲਗਾ, ''ਖਰਗੋਸ਼ ਰਾਜਾ ਜੀ, ਕੀ ਮੈਂ ਇਹ ਜਾਣ ਸਕਦਾ ਹਾਂ ਕਿ ਤੁਹਾਡਾ ਰਾਜ (ਹੁਕਮ) ਕਿੰਨੇ ਖਰਗੋਸ਼ਾਂ ਉਤੇ ਚਲਦਾ ਹੈ?''

ਖਰਗੋਸ਼ ਅਪਣੇ ਗਲੇ ਦੇ ਵਾਲਾਂ ਦੀ ਕਾਤਰ ਠੀਕ ਕਰਦਾ ਹੋਇਆ ਬੋਲਿਆ, ''ਮੇਰਾ ਹੁਕਮ ਇੰਨੇ ਖਰਗੋਸ਼ਾਂ ਉਤੇ ਚਲਦਾ ਹੈ ਜਿੰਨੇ ਇਸ ਸਮੁੰਦਰ ਵਿਚ ਵੀ ਮਗਰਮੱਛ ਨਹੀਂ ਹੋਣੇ।'' ਮਗਰਮੱਛ ਨੂੰ ਇਕ ਵਾਰ ਫਿਰ ਗੁੱਸਾ ਆ ਗਿਆ। ਉਹ ਕਹਿਣ ਲੱਗਾ, ''ਮੂਰਖ ਤੈਨੂੰ ਕੀ ਪਤੈ ਕਿ ਸਮੁੰਦਰ ਦੀ ਤਹਿ ਵਿਚ ਕਿੰਨੇ ਮਗਰਮੱਛ ਲੁਕੇ ਪਏ ਹਨ?'' ਉਸ ਦੀ ਗੱਲ ਸੁਣ ਕੇ ਖਰਗੋਸ਼ ਬੋਲਿਆ, ''ਚਲੋ ਜਿੰਨੇ ਵੀ ਹੋਣ ਮੈਂ ਤਾਂ ਏਨਾ ਜਾਣਦਾ ਹਾਂ ਕਿ ਮੇਰੇ ਖਰਗੋਸ਼ਾਂ ਦੀ ਗਿਣਤੀ ਸਹਿਜੇ ਹੀ ਮਗਰਮੱਛਾਂ ਦੀ ਗਿਣਤੀ ਤੋਂ ਕਿਤੇ ਵੱਧ ਹੈ।'' (ਚੱਲਦਾ)

ਸੰਪਰਕ : 88604-08797