ਖਰਗੋਸ਼ ਦੀ ਪੂਛ ਛੋਟੀ ਕਿਉਂ? (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਹ ਤਾਂ ਇਕ ਤਰ੍ਹਾਂ ਨਾਲ ਸਿੱਧਾ ਚੈਲੰਜ ਸੀ (ਸਿੱਧੀ ਵੰਗਾਰ ਸੀ) ਜੋ ਮਗਰਮੱਛ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ............

Rabbit

ਇਹ ਤਾਂ ਇਕ ਤਰ੍ਹਾਂ ਨਾਲ ਸਿੱਧਾ ਚੈਲੰਜ ਸੀ (ਸਿੱਧੀ ਵੰਗਾਰ ਸੀ) ਜੋ ਮਗਰਮੱਛ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਉਹ ਕਹਿਣ ਲੱਗਾ, ''ਕੀ ਤੂੰ ਵੇਖਣਾ ਚਾਹੁੰਦੈਂ ਕਿ ਸਮੁੰਦਰ ਵਿਚ ਮਗਰਮੱਛਾਂ ਦੀ ਗਿਣਤੀ ਕਿੰਨੀ ਹੈ? ਜ਼ਰਾ ਇਥੇ ਹੀ ਠਹਿਰ, ਮੈਂ ਤੈਨੂੰ ਹੁਣੇ ਹੀ ਵਿਖਾ ਦਿੰਦਾ ਹਾਂ ਤੇ ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਹੁਕਮ ਵਿਚ ਚੱਲਣ ਵਾਲੇ ਖਰਗੋਸ਼ ਜ਼ਿਆਦਾ ਹਨ ਕਿ ਸਮੁੰਦਰ ਵਿਚ ਵਸਣ ਵਾਲੇ ਮਗਰਮੱਛ।'' ਇਹ ਕਹਿ ਕੇ ਮਗਰਮੱਛ ਸਮੁੰਦਰ ਦੀ ਤਹਿ ਵਿਚ ਟੁੱਭੀ ਮਾਰ ਗਿਆ। ਖਰਗੋਸ਼ ਨੇ ਵੇਖਿਆ ਕਿ ਪਲਾਂ ਵਿਚ ਹੀ ਸਮੁੰਦਰ ਦੀ ਉਪਰਲੀ ਸਾਰੀ ਤਹਿ ਮਗਰਮੱਛਾਂ ਦੇ ਸਿਰਾਂ ਅਤੇ ਪੂਛਾਂ ਨਾਲ ਕੱਜੀ ਗਈ ਹੈ।

ਉਹ ਏਨੇ ਮਗਰਮੱਛ ਵੇਖ ਕੇ ਡਰ ਗਿਆ। ਉਸ ਨੇ ਸੱਚਮੁਚ ਹੀ ਜ਼ਿੰਦਗੀ ਵਿਚ ਏਨੇ ਮਗਰਮੱਛ ਪਹਿਲਾਂ ਕਦੇ ਨਹੀਂ ਸਨ ਵੇਖੇ। ਪਹਿਲੇ ਮਗਰਮੱਛ ਨੇ ਅੱਗੇ ਹੋ ਕੇ ਵਿਅੰਗਮਈ ਢੰਗ ਨਾਲ ਖਰਗੋਸ਼ ਤੋਂ ਪੁਛਿਆ, ''ਸੁਣਾਉ ਰਾਜਾ ਜੀ ਹੁਣ ਤੁਹਾਡਾ ਕੀ ਵਿਚਾਰ ਹੈ? ਤੁਹਾਡੇ ਖਰਗੋਸ਼ਾਂ ਦੀ ਗਿਣਤੀ ਵੱਧ ਹੈ ਕਿ ਸਾਡੇ ਮਗਰਮੱਛਾਂ ਦੀ?'' ਇਕ ਵਾਰ ਫਿਰ ਖਰਗੋਸ਼ ਨੇ ਹੌਸਲਾ ਕੀਤਾ ਅਤੇ ਕਹਿਣ ਲੱਗਾ, ''ਇਹ ਠੀਕ ਹੈ ਕਿ ਮਗਰਮੱਛ ਬਹੁਤ ਸਾਰੇ ਹਨ ਪਰ ਮੇਰਾ ਅਜੇ ਵੀ ਇਹੀ ਵਿਸ਼ਵਾਸ ਹੈ ਕਿ ਖ਼ਰਗੋਸ਼ਾਂ ਦੀ ਗਿਣਤੀ ਸਹਿਜੇ ਹੀ ਮਗਰਮੱਛਾਂ ਦੀ ਗਿਣਤੀ ਤੋਂ ਕਿਤੇ ਵੱਧ ਹੈ।''

ਹੁਣ ਤਾਂ ਗੁੱਸੇ ਵਿਚ ਪਹਿਲੇ ਮਗਰਮੱਛ ਦਾ ਪਾਰਾ ਹੋਰ ਵੱਧ ਗਿਆ। ਇਹ ਤਾਂ ਇੱਜ਼ਤ ਅਤੇ ਬੇਇੱਜ਼ਤੀ ਦਾ ਸਵਾਲ ਬਣਦਾ ਜਾ ਰਿਹਾ ਸੀ। ਉਹ ਖਰਗੋਸ਼ ਨੂੰ ਕਹਿਣ ਲੱਗਾ, ''ਹੁਣ ਗੱਲ ਅੰਦਾਜ਼ੇ ਨਾਲ ਨਹੀਂ ਮੁੱਕ ਸਕਦੀ। ਹੁਣ ਤਾਂ ਸਾਨੂੰ ਖਰਗੋਸ਼ਾਂ ਅਤੇ ਮਗਰਮੱਛਾਂ ਦੀ ਗਿਣਤੀ ਕਰਨੀ ਹੀ ਪਵੇਗੀ ਕਿ ਅਸੀ ਵਧੀਕ ਹਾਂ ਕਿ ਤੇਰੇ ਰਾਜ ਵਿਚ ਰਹਿਣ ਵਾਲੇ ਖਰਗੋਸ਼ ਵਧੇਰੇ ਹਨ।'' ਖਰਗੋਸ਼ ਨੂੰ ਇਹ ਤਜਵੀਜ਼ ਪਸੰਦ ਆ ਗਈ। ਉਹ ਕਹਿਣ ਲੱਗਾ, ''ਠੀਕ ਹੈ, ਗਿਣਤੀ ਹੋ ਜਾਵੇ।'' ਪਰ ਫਿਰ ਨਾਲ ਹੀ ਉਹ ਕਹਿਣ ਲੱਗਾ, ''ਕਿਉਂਕਿ ਹੁਣ ਤੁਸੀ ਤਾਂ ਸਾਰੇ ਇਕੱਠੇ ਹੋਏ ਹੋਏ ਹੋ, ਪਹਿਲਾਂ ਮੈਂ ਤੁਹਾਡੀ ਗਿਣਤੀ ਕਰ ਲੈਂਦਾ ਹਾਂ, ਫਿਰ ਤੁਸੀ ਖਰਗੋਸ਼ਾਂ ਦੀ ਗਿਣਤੀ ਕਰ ਲੈਣਾ।'' 

ਮਗਰਮੱਛ ਕਹਿਣ ਲੱਗਾ, ''ਪਰ ਤੂੰ ਤਾਂ ਪਾਣੀ ਵਿਚ ਤੈਰ ਨਹੀਂ ਸਕਦਾ, ਫਿਰ ਮਗਰਮੱਛਾਂ ਦੀ ਗਿਣਤੀ ਕਿਵੇਂ ਹੋਵੇਗੀ?'' ਖਰਗੋਸ਼ ਬੋਲਿਆ, ''ਇਹ ਕੰਮ ਤਾਂ ਬਹੁਤ ਸੌਖਾ ਹੈ। ਤੁਸੀ ਸਾਰੇ ਮਗਰਮੱਛ ਇਕ ਦੂਜੇ ਦੀ ਪਿੱਠ ਨਾਲ ਪਿੱਠ ਜੋੜ ਕੇ ਖੜੇ ਹੋ ਜਾਉ। ਮੈਂ ਇਕ ਇਕ ਮਗਰਮੱਛ ਉਤੋਂ ਟਪਦਾ ਤੁਹਾਡੀ ਗਿਣਤੀ ਕਰੀ ਜਾਵਾਂਗਾ। ਜਦੋਂ ਤੁਹਾਡੀ ਗਿਣਤੀ ਪੂਰੀ ਹੋ ਗਈ ਤਾਂ ਫਿਰ ਮੈਂ ਖਰਗੋਸ਼ਾਂ ਨੂੰ ਕੰਢੇ ਉਤੇ ਬੁਲਾ ਕੇ ਇਕ ਕਤਾਰ ਵਿਚ ਖੜਾ ਕਰ ਦੇਵਾਂਗਾ ਤੇ ਤੁਸੀ ਉਨ੍ਹਾਂ ਨੂੰ ਗਿਣ ਲੈਣਾ। 

ਇਹ ਗੱਲ ਮਗਰਮੱਛ ਦੀ ਸਮਝ ਵਿਚ ਆ ਗਈ। ਉਸ ਨੇ ਸਾਰੇ ਮਗਰਮੱਛਾਂ ਨੂੰ ਕਿਹਾ ਕਿ ਉਹ ਇਕ ਦੂਜੇ ਨਾਲ ਲੱਗ ਕੇ ਇਸ ਤਰ੍ਹਾਂ ਖਲੋ ਜਾਣ ਜਿਵੇਂ ਕੋਈ ਲੱਕੜ ਦਾ ਪੁਲ ਬਣਿਆ ਹੁੰਦਾ ਹੈ। ਖਰਗੋਸ਼ਾਂ ਦਾ ਰਾਜਾ ਉਨ੍ਹਾਂ ਉਤੋਂ ਟਪਦਾ ਟਪਦਾ ਉਨ੍ਹਾਂ ਦੀ ਗਿਣਤੀ ਕਰੀ ਜਾਵੇਗਾ।'' (ਚੱਲਦਾ)
ਸੰਪਰਕ : 88604-08797