ਖਰਗੋਸ਼ ਦੀ ਪੂਛ ਛੋਟੀ ਕਿਉਂ? (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਵੱਡੇ ਮਗਰਮੱਛ ਦੀ ਗੱਲ ਸੁਣ ਕੇ ਸਮੁੰਦਰ ਦੇ ਸਾਰੇ ਮਗਰਮੱਛ ਇਕ ਦੂਜੇ ਨਾਲ ਲੱਗ ਕੇ ਖਲੋ ਗਏ। ਉਨ੍ਹਾਂ ਦੀ ਕਤਾਰ ਏਨੀ ਲੰਮੀ ਹੋ ਚੁੱਕੀ ਸੀ......

Rabbit

ਵੱਡੇ ਮਗਰਮੱਛ ਦੀ ਗੱਲ ਸੁਣ ਕੇ ਸਮੁੰਦਰ ਦੇ ਸਾਰੇ ਮਗਰਮੱਛ ਇਕ ਦੂਜੇ ਨਾਲ ਲੱਗ ਕੇ ਖਲੋ ਗਏ। ਉਨ੍ਹਾਂ ਦੀ ਕਤਾਰ ਏਨੀ ਲੰਮੀ ਹੋ ਚੁੱਕੀ ਸੀ ਕਿ ਆਖ਼ਰੀ ਮਗਰਮੱਛ ਜਾਪਾਨ ਦੇ ਵੱਡੇ ਟਾਪੂ ਦੇ ਕੰਢਿਆਂ ਤਕ ਜਾ ਪੁੱਜਾ ਸੀ। ਹੁਣ ਖਰਗੋਸ਼ ਨੇ ਮਗਰਮੱਛਾਂ ਦੀ ਗਿਣਤੀ ਸ਼ੁਰੂ ਕੀਤੀ। ਉਹ ਪਹਿਲੇ ਮਗਰਮੱਛ ਤੋਂ ਟੱਪਿਆ ਅਤੇ ਉੱਚੀ ਸਾਰੀ ਕਹਿਣ ਲੱਗਾ 'ਇਕ'। ਫਿਰ ਦੂਜੇ ਤੋਂ ਟੱਪਿਆ ਤੇ ਉਹ ਕਹਿਣ ਲੱਗਾ 'ਦੋ'। ਫਿਰ ਤੀਜੇ ਤੋਂ ਕੁੱਦਿਆ ਤੇ ਕਹਿਣ ਲੱਗਾ 'ਤਿੰਨ'। ਇਸ ਤਰ੍ਹਾਂ ਉਹ ਮਗਰਮੱਛਾਂ ਦੀ ਪਿੱਠ ਤੋਂ ਟੱਪਦਾ ਟੱਪਦਾ ਹੌਲੀ ਹੌਲੀ ਵਿਸ਼ਾਲ ਸਮੁੰਦਰ ਪਾਰ ਕਰੀ ਜਾ ਰਿਹਾ ਸੀ।

ਮਗਰਮੱਛਾਂ ਦੀ ਗਿਣਤੀ ਕਰਨ ਵਾਲੀ ਗੱਲ ਤਾਂ ਉਸ ਦੀ ਚਾਲ ਸੀ, ਉਹ ਤਾਂ ਕਿਸੇ ਤਰ੍ਹਾਂ ਜਾਪਾਨ ਦੇ ਵੱਡੇ ਟਾਪੂ ਉਤੇ ਪੁਜਣਾ ਚਾਹੁੰਦਾ ਸੀ ਜਿਥੇ ਦੁਨੀਆਂ ਰੰਗੀਨ ਅਤੇ ਜ਼ਿੰਦਗੀ ਸੁਆਦਲੀ ਸੀ। ਖਰਗੋਸ਼ ਟੱਪਦਾ ਟੱਪਦਾ ਆਖ਼ਰੀ ਮਗਰਮੱਛ ਦੀ ਪਿੱਠ ਉਤੇ ਪੁੱਜ ਗਿਆ ਅਤੇ ਕਹਿਣ ਲੱਗਾ, ''ਓ ਮੂਰਖ ਮਗਰਮੱਛੋ, ਮੈਂ ਤਾਂ ਤੁਹਾਡੀ ਪਿੱਠ ਨੂੰ ਪੁਲ ਵਾਂਗ ਵਰਤ ਕੇ ਜਾਪਾਨ ਦੇ ਵੱਡੇ ਟਾਪੂ ਉਤੇ ਪੁਜਣਾ ਚਾਹੁੰਦਾ ਸੀ। ਮੈਂ ਕੋਈ ਖਰਗੋਸ਼ਾਂ ਦਾ ਰਾਜਾ ਨਹੀਂ ਅਤੇ ਨਾ ਹੀ ਮੈਂ ਜਾਣਦਾ ਹਾਂ ਕਿ ਖਰਗੋਸ਼ਾਂ ਦੀ ਗਿਣਤੀ ਤੁਹਾਡੇ ਤੋਂ ਵੱਧ ਹੈ ਜਾਂ ਘੱਟ।''

ਖਰਗੋਸ਼ ਅਜੇ ਜ਼ਮੀਨ ਉਤੇ ਨਹੀਂ ਸੀ ਪੁੱਜਾ ਕਿ ਆਖ਼ਰੀ ਮਗਰਮੱਛ ਨੇ ਇਹ ਗੱਲ ਸੁਣ ਲਈ। ਇਹ ਤਾਂ ਉਨ੍ਹਾਂ ਦੀ ਸਾਰੀ ਜਾਤੀ (ਕਬੀਲੇ) ਲਈ ਬੜੀ ਵੱਡੀ ਬੇਇੱਜ਼ਤੀ ਦੀ ਗੱਲ ਸੀ ਕਿ ਇਕ ਨਿੱਕਾ ਜਿਹਾ ਜੀਵ ਉਨ੍ਹਾਂ ਨੂੰ ਮੂਰਖ ਬਣਾ ਗਿਆ ਸੀ। ਖਰਗੋਸ਼ ਨੇ ਛਾਲ ਮਾਰੀ, ਆਖ਼ਰੀ ਮਗਰਮੱਛ ਨੇ ਮੂੰਹ ਖੋਲ੍ਹ ਦਿਤਾ, ਉਹ ਇਕੋ ਹੀ ਬੁਰਕੀ ਨਾਲ ਇਸ ਬਦਤਮੀਜ਼ ਖਰਗੋਸ਼ ਨੂੰ ਨਿਗਲ ਜਾਣਾ ਚਾਹੁੰਦਾ ਸੀ ਜਿਸ ਨੇ ਉਨ੍ਹਾਂ ਦੇ ਸਰੀਰਾਂ ਨੂੰ ਪੈਰਾਂ ਥੱਲੇ ਰੋਲ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਸੀ। 

ਖਰਗੋਸ਼ ਦੀ ਛਾਲ ਏਨੀ ਤਿੱਖੀ ਸੀ ਕਿ ਉਹ ਆਪ ਤਾਂ ਕਾਬੂ ਨਾ ਆਇਆ ਪਰ ਉਸ ਦੀ ਪੂਛ ਮਗਰਮੱਛ ਦੇ ਮੂੰਹ ਵਿਚ ਆ ਕੇ ਟੁੱਕੀ ਗਈ। ਕਹਿੰਦੇ ਹਨ ਉਸੇ ਦਿਨ ਤੋਂ ਹੀ ਖਰਗੋਸ਼ ਦੀ ਪੂਛ ਛੋਟੀ ਹੋ ਗਈ। ਜਾਪਾਨ ਦੇ ਲੋਕ ਇਹ ਵੀ ਕਹਿੰਦੇ ਹਨ ਕਿ ਮਗਰਮੱਛ ਦੀ ਗਿਣਤੀ ਕਰਨ ਤੋਂ ਪਹਿਲਾਂ ਖਰਗੋਸ਼ ਦੀ ਪੂਛ ਗਲਹਿਰੀ ਵਾਂਗ ਲੰਮੀ ਅਤੇ ਸੰਘਣੀ ਹੋਇਆ ਕਰਦੀ ਸੀ। ਪਰ ਤਾਂ ਵੀ ਖਰਗੋਸ਼ ਦੀ ਚਲਾਕੀ ਕਰ ਕੇ ਉਸ ਦਾ ਜਾਪਾਨ ਦੇ ਵੱਡੇ ਟਾਪੂ ਉਤੇ ਪੁੱਜਣ ਦਾ ਸੁਪਨਾ ਪੂਰਾ ਹੋ ਗਿਆ ਸੀ।  

ਸੰਪਰਕ : 88604-08797