ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਲਾਕ ਦੇ ਹਥਿਆਰ ਨਾਲ ਕਤਲ ਨਾ ਕਰੋ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜੇ ਕੋਈ ਲੜਕੀ ਚੰਗੀ ਵਿਦਿਆ ਪ੍ਰਾਪਤ ਕਰ ਕੇ ਚੰਗੇ ਰੁਜ਼ਗਾਰ ਵਿਚ ਲੱਗੀ ਹੋਵੇ ਤਾਂ ਸਾਰਾ ਸਹੁਰਾ ਪ੍ਰਵਾਰ ਉਸ ਦਾ ਪਾਣੀ ਭਰਨ ਤਕ ਜਾਂਦਾ ਹੈ..........

Divorce

ਜੇ ਕੋਈ ਲੜਕੀ ਚੰਗੀ ਵਿਦਿਆ ਪ੍ਰਾਪਤ ਕਰ ਕੇ ਚੰਗੇ ਰੁਜ਼ਗਾਰ ਵਿਚ ਲੱਗੀ ਹੋਵੇ ਤਾਂ ਸਾਰਾ ਸਹੁਰਾ ਪ੍ਰਵਾਰ ਉਸ ਦਾ ਪਾਣੀ ਭਰਨ ਤਕ ਜਾਂਦਾ ਹੈ। ਉਸ ਲੜਕੀ ਦਾ ਘਰ ਵਿਚ ਰੋਅਬ ਵੀ ਬਣ ਜਾਂਦਾ ਹੈ। ਸੱਸ ਸਹੁਰੇ ਨੂੰ ਪਤਾ ਹੁੰਦਾ ਹੈ ਕਿ ਨੂੰਹ ਘਰ ਵਿਚ ਹਰ ਮਹੀਨੇ ਚੋਖਾ ਪੈਸਾ ਲੈ ਕੇ ਆਉੁਂਦੀ ਹੈ ਪਰ ਜੇ ਨੂੰਹ ਅਪਣੀ ਤਨਖ਼ਾਹ ਸੱਸ ਸਹੁਰੇ ਦੀ ਤਲੀ 'ਤੇ ਨਾ ਰੱਖੇ ਤਾਂ ਵੀ ਲੜਾਈ ਝਗੜਾ ਹੁੰਦਾ ਹੈ ਅਤੇ ਰਿਸ਼ਤੇ ਤਿੜਕ ਜਾਂਦੇ ਹਨ ਤੇ ਜਾਂ ਸੱਭ ਅੱਡੋ ਅੱਡ ਹੋ ਜਾਂਦੇ ਹਨ ਜਾਂ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਸਹੁਰੇ ਘਰ ਵਿਚ ਧੀਆਂ ਲਈ ਹੋਰ ਅਸੂਲ ਹਨ ਤੇ ਨੂੰਹਾਂ ਲਈ ਹੋਰ ਅਸੂਲ।

ਧੀਆਂ ਦੀਆਂ ਲਗਾਮਾਂ ਖੁਲ੍ਹੀਆਂ ਛੱਡੀਆਂ ਜਾਂਦੀਆ ਹਨ ਅਤੇ ਨੂੰਹ 'ਤੇ ਪਾਬੰਦੀਆਂ ਲਗਾਈਆਂ ਜਾਂਦੀਆ ਹਨ। ਨੂੰਹ ਨੂੰ ਪੈਰ ਪੈਰ ਤੇ ਤਾਹਨੇ ਮਿਹਣੇ ਮਾਰੇ ਜਾਂਦੇ ਹਨ ਅਤੇ ਨੌਕਰਾਣੀ ਸਮਝਿਆ ਜਾਂਦਾ ਹੈ। ਨੂੰਹ ਨੂੰ ਜਿਹੜੇ ਕੰਮ ਕਰਨ ਤੋਂ ਵਰਜਿਆ ਜਾਂਦਾ ਹੈ, ਧੀ ਨੂੰ ਉਹ ਸਾਰੇ ਕੰਮ ਕਰਨ ਦੀ ਪੂਰੀ ਖੁਲ੍ਹ ਹੁੰਦੀ ਹੈ। ਸੱਸ ਅਪਣੀ ਨੂੰਹ ਦੀ ਮਾਂ ਨਹੀਂ ਬਣਦੀ ਤੇ ਨੂੰਹ ਅਪਣੀ ਸੱਸ ਦੇ ਅੜ੍ਹਬ ਵਤੀਰੇ ਨੂੰ ਵੇਖਦੀ ਹੋਈ ਉਸ ਦੀ ਧੀ ਨਹੀਂ ਬਣਦੀ। ਇਕ ਪਾੜਾ ਦੋਹਾਂ ਧਿਰਾਂ ਵਿਚ ਬਣਿਆ ਰਹਿੰਦਾ ਹੈ ਜੋ ਅਖ਼ੀਰ ਤਲਾਕ ਦਾ ਕਾਰਨ ਬਣ ਜਾਂਦਾ ਹੈ।

ਕਈ ਵਾਰ ਕਿਸੇ ਲੜਕੀ ਦੇ ਕੁਆਰੇ ਹੁੰਦਿਆਂ ਕਿਸੇ ਸਾਥੀ ਨਾਲ ਸਬੰਧ ਬਣ ਜਾਂਦੇ ਹਨ ਪਰ ਉਸ ਸਾਥੀ ਨਾਲ ਉਸ ਦਾ ਵਿਆਹ ਨਹੀਂ ਹੁੰਦਾ। ਵਿਆਹ ਤੋਂ ਬਾਅਦ ਵੀ ਜੇ ਉਹ ਲੜਕੀ ਉਸ ਸਾਥੀ ਨਾਲ ਸਬੰਧ ਜਾਰੀ ਰਖਦੀ ਹੈ ਅਤੇ ਜਦੋਂ ਇਸ ਦੀ ਭਿਣਕ ਸਹੁਰਿਆਂ ਦੇ ਕੰਨੀਂ ਪੈਂਦੀ ਹੈ ਤਾਂ ਸਹੁਰੇ ਘਰ ਵਿਚ ਤੂਫ਼ਾਨ ਮੱਚ ਜਾਂਦਾ ਹੈ। ਉਹ ਤੁਰਤ ਤਲਾਕ ਕਰਨ 'ਤੇ ਉਤਾਰੂ ਹੋ ਜਾਂਦੇ ਹਨ। ਜ਼ਰੂਰੀ ਹੈ ਕਿ ਵਿਆਹ ਕਰਨ ਤੋਂ ਪਹਿਲਾ ਹੀ ਮਾਪਿਆਂ ਨੂੰ ਇਸ ਸਬੰਧੀ ਅਪਣੀ ਧੀ ਨਾਲ ਖੁਲ੍ਹ ਕੇ ਗੱਲ ਕਰ ਲੈਣੀ ਚਾਹੀਦੀ ਹੈ ਅਤੇ ਆਖ਼ਰੀ ਫ਼ੈਸਲਾ ਕਰ ਕੇ ਹੀ ਵਿਆਹ ਕਰਨਾ ਚਾਹੀਦਾ ਹੈ ਨਹੀਂ ਤਾਂ ਦੋਹਾਂ ਪ੍ਰਵਾਰਾਂ ਨੂੰ ਲੰਮਾ ਸਮਾਂ ਸੰਤਾਪ ਭੋਗਣਾ ਪੈ ਜਾਂਦਾ ਹੈ। 

ਬਹੁਤ ਸਾਰੇ ਤਲਾਕ ਪੁਰਸ਼ਾਂ ਵਿਚ ਮਰਦਾਨਗੀ ਕਮਜ਼ੋਰੀ ਦੇ ਕਾਰਨ ਵੀ ਹੁੰਦੇ ਹਨ। ਜੇ ਅਜਿਹੇ ਰੋਗਾਂ ਦੇ ਲੱਛਣ ਸ੍ਰੀਰ ਵਿਚ ਹੋਣ ਤਾਂ ਪੀੜਤ ਮਰਦਾਂ ਨੂੰ ਵਿਆਹ ਤੋਂ ਪਹਿਲਾਂ ਹੀ ਕਿਸੇ ਮਾਹਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਫਿਰ ਹੀ ਵਿਆਹ ਦਾ ਫ਼ੈਸਲਾ ਲੈਣਾ ਚਾਹੀਦਾ ਹੈ। ਜਦੋਂ ਕਿਸੇ ਲੜਕੀ ਦੇ ਤਲਾਕ ਤਕ ਗੱਲ ਅਪੜਦੀ ਹੈ ਤਾਂ ਮਾਪਿਆਂ ਦਾ ਮਰਨ ਹੋ ਜਾਂਦਾ ਹੈ। ਲੱਖਾਂ ਰੁਪਏ ਖ਼ਰਚ ਕੇ ਵੀ ਧੀ ਮੁੜ ਦਰ 'ਤੇ ਬੈਠ ਜਾਂਦੀ ਹੈ। ਪਹਿਲੇ ਵਿਆਹ ਕਾਰਨ ਕਰਜ਼ਾਈ ਹੋਏ ਮਾਪਿਆਂ ਲਈ ਧੀ ਦਾ ਦੂਜੀ ਵਾਰ ਕਾਰਜ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਧੀ ਦੇ ਮੱਥੇ 'ਤੇ 'ਤਲਾਕ' ਵਰਗਾ ਕਲੰਕ ਲਟਕਦਾ ਹੋਣ ਕਰ ਕੇ ਦੂਜੀ ਥਾਂ ਵਿਆਹ ਕਰਨ ਵਿਚ ਕਾਫ਼ੀ ਮੁਸ਼ਕਲ ਆਉੁਂਦੀ ਹੈ। ਜਦੋਂ ਉਸ ਲੜਕੀ ਦਾ ਦੂਜੀ ਥਾਂ ਵਿਆਹ ਕਰ ਦਿਤਾ ਜਾਂਦਾ ਹੈ ਤਾਂ ਦੂਜੇ ਘਰ ਵਿਚ ਉਸ ਨੂੰ ਓਨਾ ਸਤਿਕਾਰ ਨਹੀਂ ਮਿਲਦਾ, ਜਿੰਨਾ ਮਿਲਣਾ ਚਾਹੀਦਾ ਹੈ। ਉਸ ਨੂੰ ਦੂਜੇ ਵਿਆਹ ਦੀ, ਛੁੱਟੜ ਅਤੇ ਤਲਾਕਸ਼ੁਦਾ ਕਿਹਾ ਜਾਂਦਾ ਹੈ। ਜੇ ਕਦੀ ਉਹ ਉਸ ਘਰ ਵਿਚ ਉੱਚਾ ਬੋਲ ਬੋਲਦੀ ਹੈ ਜਾਂ ਅਪਣਾ ਹੱਕ ਮੰਗਣ ਦੀ ਗ਼ਲਤੀ ਕਰਦੀ ਹੈ ਤਾਂ ਉਸ ਨੂੰ ਅਕਸਰ ਇਹ ਸੁਣਨਾ ਪੈਂਦਾ ਹੈ ਕਿ ''ਜੇ ਤੂੰ ਅਕਲ, ਇੱਜ਼ਤ ਅਤੇ ਅਣਖ ਵਾਲੀ ਹੁੰਦੀ .... ਤਾਂ ਪਹਿਲੇ ਖਸਮ ਦੇ ਨਾ ਵੱਸ ਜਾਂਦੀ...?'' (ਚੱਲਦਾ)

ਰਘਬੀਰ ਸਿੰਘ ਮਾਨਾਂਵਾਲੀ
ਪਿੰਡ : ਮਾਨਾਂਵਾਲੀ, ਡਾਕ : ਚਾਚੋਕੀ, ਫਗਵਾੜਾ।
ਮੋਬਾਈਲ : 88728-54500