ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਲਾਕ ਦੇ ਹਥਿਆਰ ਨਾਲ ਕਤਲ ਨਾ ਕਰੋ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਤਲਾਕ ਵਾਲੀ ਔਰਤ ਦੂਜੀ ਥਾਂ ਵਿਆਹ ਕਰ ਕੇ ਜ਼ਿੰਦਗੀ ਦੀ ਇਕ ਰਸਮ ਹੀ ਪੂਰੀ ਕਰਦੀ ਹੈ.........

Divorce

ਤਲਾਕ ਵਾਲੀ ਔਰਤ ਦੂਜੀ ਥਾਂ ਵਿਆਹ ਕਰ ਕੇ ਜ਼ਿੰਦਗੀ ਦੀ ਇਕ ਰਸਮ ਹੀ ਪੂਰੀ ਕਰਦੀ ਹੈ। ਉਸ ਦੇ ਮਨ ਵਿਚ ਚਾਅ... ਉਮਾਹ... ਪਿਆਰ... ਹੁਲਾਸ ਜਾਂ ਕੋਈ ਉਤਸ਼ਾਹ ਨਹੀਂ ਰਹਿੰਦਾ। ਜ਼ਿੰਦਗੀ ਦੀਆਂ ਸਾਰੀਆਂ ਰੀਝਾਂ ਤਲਾਕ ਦੇ ਭਾਰ ਥੱਲੇ ਦਮ ਤੋੜ ਚੁੱਕੀਆਂ ਹੁੰਦੀਆਂ ਹਨ। ਦੂਜੀ ਥਾਂ ਉਹ ਡਰ ਡਰ ਕੇ ਕਦਮ ਚੁਕਦੀ ਹੈ। ਮਤਾਂ ਉਥੇ ਵੀ ਕੋਈ ਇਲਜ਼ਾਮ ਲਾ ਕੇ ਉਸ ਦੇ ਗਲੇ ਵਿਚ ਤਲਾਕ ਵਰਗਾ ਫ਼ੰਦਾ ਨਾ ਲਾ ਦਿਤਾ ਜਾਵੇ। ਧੀਆਂ ਦੇ ਹੁੰਦੇ ਤਲਾਕਾਂ ਨੂੰ ਰੋਕਣ ਲਈ ਧੀਆਂ ਦੇ ਮਾਪਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਲੜਕੀਆਂ ਨੂੰ ਵਧੀਆ ਤੇ ਉਚੇਰੀ ਵਿਦਿਆ ਦੇਣੀ ਚਾਹੀਦੀ ਹੈ।

ਅਜਿਹੇ ਕੋਰਸ ਕਰਵਾਏ ਜਾਣ ਜਿਨ੍ਹਾਂ ਨਾਲ ਵਧੀਆ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਨੂੰ ਸ੍ਵੈ ਨਿਰਭਰ ਹੋਣ ਵਿਚ ਮਦਦ ਕੀਤੀ ਜਾਵੇ। ਇਹ ਵੀ ਜ਼ਰੂਰੀ ਹੈ ਕਿ ਲੜਕੀ ਨੂੰ ਕਮਜ਼ੋਰ ਮਾਨਸਕ ਹਾਲਤ ਵਿਚੋਂ ਕੱਢ ਕੇ ਉਸ ਵਿਚ ਦਲੇਰੀ ਦਾ ਅਹਿਸਾਸ ਜਗਾਇਆ ਜਾਵੇ। ਸਮਾਜਕ ਹਾਲਤਾਂ ਦਾ ਡਰ ਉਸ ਦੇ ਮਨ ਵਿਚ ਨਾ ਪਾਇਆ ਜਾਵੇ। ਇਹ ਗੱਲ ਵੀ ਦ੍ਰਿੜ੍ਹ ਕਰਵਾਈ ਜਾਵੇ ਕਿ ਬੇਪਤ ਜੀਵਨ ਨਾਲੋਂ ਅਣਖ ਵਾਲਾ ਜੀਵਨ ਭਾਵੇਂ ਛੋਟਾ ਹੀ ਹੋਵੇ, ਕਿਤੇ ਬਿਹਤਰ ਹੈ। ਜ਼ੁਲਮ ਵਿਰੁਧ ਕਿਵੇਂ ਆਵਾਜ਼ ਬੁਲੰਦ ਕਰਨੀ ਹੈ? ਅਪਣੀ ਬੀਤਦੀ ਦੁਖਦਾਈ ਕਹਾਣੀ ਨੂੰ ਮੀਡੀਏ ਤਕ ਕਿਵੇਂ ਪਹੁੰਚਾਉਣਾ ਹੈ?

ਕਿਹੜੇ ਲੋਕ ਮੁਸੀਬਤ ਦੇ ਸਮੇਂ ਉਸ ਲਈ ਮਦਦਗਾਰ ਸਾਬਤ ਹੋ ਸਕਦੇ ਹਨ? ਅਜਿਹੇ ਪਹਿਲੂਆਂ ਤੇ ਲੜਕੀਆਂ ਨੂੰ ਲਗਾਤਾਰ ਸਿਖਿਆ ਦਿੰਦੇ ਰਹਿਣਾ ਚਾਹੀਦਾ ਹੈ। ਘਟੀਆਪਣ ਦਾ ਅਹਿਸਾਸ ਲੜਕੀਆਂ ਦੇ ਮਨਾਂ ਵਿਚ ਕਦੀ ਨਾ ਆਉਣ ਦਿਤਾ ਜਾਵੇ। ਲੜਕੀ ਦੀ ਮਾਂ ਅਤੇ ਪਿਉ ਨੂੰ ਲੜਕੀ ਦੇ ਸਹੁਰੇ ਘਰ ਵਿਚ ਬਹੁਤੀ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਲੜਕੀ ਨੂੰ ਸਹੁਰਿਆਂ ਵਿਰੁਧ ਭੜਕਾਉਣ ਦੀ ਬਜਾਏ ਸਿਆਣਪ ਨਾਲ ਸਮਝਾਉਣ ਦਾ ਯਤਨ ਕਰਨਾ ਚਾਹੀਦੀ ਹੈ। ਜੇ ਕਦੀ ਪਤੀ ਪਤਨੀ ਜਾਂ ਸੱਸ-ਸਹੁਰੇ ਨਾਲ ਲੜਕੀ ਦਾ ਮਨ-ਮੁਟਾਵ ਹੋ ਜਾਂਦਾ ਹੈ

ਤਾਂ ਪੇਕੇ ਅਤੇ ਸਹੁਰੇ ਘਰ ਦੇ ਸਿਆਣੇ ਲੋਕ ਇਕੱਠੇ ਬੈਠ ਕੇ ਕੁੜੱਤਣ ਰਹਿਤ ਵਿਚਾਰ ਵਟਾਂਦਰਾ ਕਰ ਕੇ ਮਸਲੇ ਨੂੰ ਸੁਲਝਾ ਲੈਣ ਨੂੰ ਪਹਿਲ ਦੇਣ ਤਾਕਿ ਤਰੇੜਾਂ ਵਧਣ ਨਾ ਸਗੋਂ ਮਿੱਟ ਜਾਣ। ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਲਾਲਸਾਵਾਂ ਜਾਂ ਮੂਰਖਤਾ ਵਰਗੀਆਂ ਗੱਲਾਂ ਕਰ ਕੇ ਘਰ ਨਾ ਉਜਾੜਿਆ ਜਾਵੇ। ਫੁਲਾਂ ਦੀ ਆਬ ਵਰਗੇ ਕੁੜਮਾਚਾਰੀ ਰਿਸ਼ਤਿਆਂ ਨੂੰ ਹਮੇਸ਼ਾ ਕਾਇਮ ਰਖਣਾ ਚਾਹੀਦਾ ਹੈ ਤਾਂ ਹੀ ਧੜਾ ਧੜ ਹੁੰਦੇ ਤਲਾਕਾਂ ਨੂੰ ਰੋਕਿਆ ਜਾ ਸਕਦਾ ਹੈ। ਤਲਾਕ ਨਾਲ ਸਮਾਜਕ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ। ਵਿਆਹ 'ਤੇ ਖ਼ਰਚੇ ਹੋਏ ਲੱਖਾਂ ਰੁਪਏ ਅਜਾਈਂ ਜਾਂਦੇ ਹਨ। ਲੋਕ ਕਰਜ਼ਾਈ ਹੋ ਜਾਂਦੇ ਹਨ।

ਜੇ ਲੜਕੀ ਕੋਲ ਕੋਈ ਬੱਚਾ ਹੋਵੇ ਤਾਂ ਹੋਰ ਵੀ ਮੁਸ਼ਕਲ ਹੁੰਦੀ ਹੈ। ਤਲਾਕਸ਼ੁਦਾ ਔਰਤ ਦੇ ਛੋਟੇ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲੱਗ ਜਾਂਦੀ ਹੈ। ਕਈ ਬੱਚੇ ਮਾਪਿਆਂ ਦੀ ਹੀ ਰਹਿਨੁਮਾਈ ਨਾ ਮਿਲਣ ਕਰ ਕੇ ਗੁਮਰਾਹ ਹੋ ਜਾਂਦੇ ਹਨ। ਲੜਕੀ ਲਈ ਗੁਜ਼ਾਰਾ ਕਰਨ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਲੜਕੀ ਤਲਾਕ ਦੀ ਹੀਣ ਭਾਵਨਾ ਵਿਚ ਰਹਿ ਕੇ ਖ਼ੁਦਕੁਸ਼ੀ ਕਰਨ ਤਕ ਚਲੀ ਜਾਂਦੀ ਹੈ। ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਵਿਚ ਪੈਣ ਵਾਲੀਆਂ ਤਰੇੜਾਂ ਨੂੰ ਆਪਸੀ ਸਹਿਮਤੀ ਨਾਲ ਤੁਰਤ ਦੂਰ ਕਰ ਲੈਣਾ ਚਾਹੀਦਾ ਹੈ ਤਾਕਿ ਇਹ ਪਵਿੱਤਰ ਰਿਸ਼ਤਾ ਟੁੱਟੇ ਨਾ...। ਇਸ ਨੂੰ ਸਦੀਵੀ ਬਣਾਈ ਰੱਖਣ ਵਿਚ ਪਤੀ ਤੇ ਪਤਨੀ ਦੋਹਾਂ ਦੀ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਪਤੀ ਅਤੇ ਪਤਨੀ ਦੋਹਾਂ ਵਿਚੋਂ ਨਾ ਕੋਈ ਉੱਚਾ ਹੈ ਤੇ ਨਾ ਕੋਈ ਨੀਵਾਂ, ਦੋਵੇਂ ਬਰਾਬਰ ਹਨ। ਦੋਹਾਂ ਨੂੰ ਬਰਾਬਰ ਹੱਕ ਮਿਲਣੇ ਚਾਹੀਦੇ ਹਨ। ਇਕ ਦੂਜੇ ਦਾ ਪੂਰਾ ਪੂਰਾ ਸਤਿਕਾਰ ਹੋਵੇ। ਇਕ ਦੂਜੇ ਦੀਆਂ ਇੱਛਾਵਾਂ ਅਤੇ ਲੋੜਾਂ ਦਾ ਧਿਆਨ ਰਖਿਆ ਜਾਣਾ ਜ਼ਰੂਰੀ ਹੈ। ਨਿੱਕੇ ਨਿੱਕੇ ਵਖਰੇਵਿਆਂ ਨੂੰ ਅੱਖੋ ਪਰੋਖੇ ਕਰ ਦੇਣਾ ਚਾਹੀਦਾ ਹੈ। ਇਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਸੱਸ ਨੂੰ ਨੂੰਹ ਦੀ ਮਾਂ ਬਣ ਕੇ ਵਿਚਰਨਾ ਚਾਹੀਦਾ ਹੈ। ਉਸ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਵੀ ਕਦੀ ਨੂੰਹ ਸੀ। ਜੇ ਨੂੰਹ ਕਿਸੇ ਗੱਲੋਂ ਅਣਜਾਣ ਹੈ ਤਾਂ ਸੱਸ, ਮਾਂ ਬਣ ਕੇ ਨੂੰਹ ਨੂੰ ਸਿਖਿਆ ਦੇ ਸਕਦੀ ਹੈ ਨਾ ਕਿ ਨੂੰਹ ਦੇ ਪੇਕਿਆਂ ਨੂੰ ਨੌਲਣਾ ਚਾਹੀਦਾ ਹੈ।

ਇਸੇ ਤਰ੍ਹਾਂ ਕਿਸੇ ਵੀ ਨੂੰਹ ਨੂੰ ਵੀ ਸਹੁਰਿਆਂ ਦੀ ਧੀ ਹੀ ਬਣ ਕੇ ਵਿਚਰਨਾ ਚਾਹੀਦਾ ਹੈ। ਉਸ ਨੂੰ ਪੇਕਿਆਂ ਵਰਗਾ ਮਾਹੌਲ ਸਹੁਰੇ ਘਰ ਵੀ ਸਥਾਪਤ ਕਰ ਲੈਣਾ ਚਾਹੀਦਾ ਹੈ। ਸੱਸ ਸਹੁਰੇ ਦਾ ਧਿਆਨ ਰਖਣਾ ਉਸ ਦਾ ਪਹਿਲਾ ਫ਼ਰ²ਜ ਹੈ ਜੋ ਨੂੰਹ ਤੋਂ ਆਸ ਵੀ ਰੱਖੀ ਜਾਂਦੀ ਹੈ। ਨੂੰਹ ਨੂੰ ਸਹੁਰੇ ਘਰ ਅਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ। ਪੁੱਛ ਪੁੱਛ ਕੇ ਅਤੇ ਫੂਕ ਫੂਕ ਕੇ ਪੈਰ ਧਰਨਾ ਚਾਹੀਦਾ ਹੈ।

ਨੂੰਹਾਂ ਨੂੰ ਨਰਮ ਅਤੇ ਹਲੀਮੀ ਵਾਲੇ ਸੁਭਾਅ ਨਾਲ ਸਹੁਰੀਂ ਵਿਚਰਨਾ ਚਾਹੀਦਾ ਹੈ। ਸਮਝਦਾਰੀ ਨਾਲ ਸਾਰਿਆਂ ਦੇ ਪਿਆਰ ਨੂੰ ਜਿੱਤ ਕੇ ਉਹ ਮਾਣ ਹਾਸਲ ਕਰ ਸਕਦੀ ਹੈ। ਸਹੁਰੇ ਘਰ ਸੁੱਖ, ਸ਼ਾਂਤੀ ਅਤੇ ਸੱਭ ਦਾ ਆਪਸ ਵਿਚ ਪਿਆਰ ਰਹੇ। ਫਿਰ ਹੀ ਤਲਾਕ ਵਰਗੇ ਫ਼ੰਦੇ ਤੋਂ ਬਚਿਆ ਜਾ ਸਕਦਾ ਹੈ ਅਤੇ ਖ਼ੁਸ਼ਹਾਲ ਜ਼ਿੰਦਗੀ ਬਿਤਾਈ ਜਾ ਸਕਦੀ ਹੈ। 

ਰਘਬੀਰ ਸਿੰਘ ਮਾਨਾਂਵਾਲੀ
ਪਿੰਡ : ਮਾਨਾਂਵਾਲੀ, ਡਾਕ : ਚਾਚੋਕੀ, ਫਗਵਾੜਾ।
ਮੋਬਾਈਲ : 88728-54500