ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਲਾਕ ਦੇ ਹਥਿਆਰ ਨਾਲ ਕਤਲ ਨਾ ਕਰੋ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕੋਈ ਵੀ ਮਾਂ ਅਪਣੇ ਲੜਕੇ ਦੇ ਵਿਆਹ ਤੋਂ ਬਾਅਦ ਇਹੀ ਆਸ ਰਖਦੀ ਹੈ ਕਿ ਉਹ ਮਾਂ ਦੀ ਮਰਜ਼ੀ ਅਨੁਸਾਰ ਹੀ ਚਲਦਾ ਰਹੇ..........

Divorce

ਕੋਈ ਵੀ ਮਾਂ ਅਪਣੇ ਲੜਕੇ ਦੇ ਵਿਆਹ ਤੋਂ ਬਾਅਦ ਇਹੀ ਆਸ ਰਖਦੀ ਹੈ ਕਿ ਉਹ ਮਾਂ ਦੀ ਮਰਜ਼ੀ ਅਨੁਸਾਰ ਹੀ ਚਲਦਾ ਰਹੇ। ਉਹ ਇਹ ਵੀ ਚਾਹੁੰਦੀ ਹੈ ਕਿ ਨੂੰਹ ਰੀਮੋਟ ਵਾਂਗ ਉਹਦੇ ਇਸ਼ਾਰੇ 'ਤੇ ਦੌੜੀ ਫਿਰੇ। ਜਦੋਂ ਤਕ ਮੁੰਡਾ ਅਪਣੀ ਮਾਂ ਦਾ ਸਾਥ ਦਿੰਦਾ ਰਹਿੰਦਾ ਹੈ, ਉਦੋਂ ਤਕ ਤਾਂ ਸੱਭ ਕੁੱਝ ਠੀਕ ਚਲਦਾ ਹੈ ਪਰ ਜੇ ਕਦੀ ਕਿਸੇ ਗੱਲ ਬਾਰੇ ਲੜਕਾ ਮਾਂ ਨੂੰ ਅਣਗੌਲਿਆਂ ਕਰ ਕੇ ਅਪਣੀ ਪਤਨੀ ਦਾ ਸਾਥ ਦਿੰਦਾ ਹੈ ਤਾਂ ਘਰ ਵਿਚ ਤੂਫ਼ਾਨ ਖੜਾ ਹੋ ਜਾਂਦਾ ਹੈ। ਫਿਰ ਮਾਂ ਕਿਸੇ ਹਰਖ ਵਿਚ ਅਪਣੇ ਹੀ ਮੁੰਡੇ ਨੂੰ 'ਜੋਰੂ ਦਾ ਗ਼ੁਲਾਮ' ਕਹਿ ਕੇ ਮਨ ਹੌਲਾ ਕਰ ਲੈਂਦੀ ਹੈ। 

ਵਿਆਹ ਤੋਂ ਬਾਅਦ ਜੇ ਕੋਈ ਲੜਕੀ ਸਹੁਰੇ ਘਰ ਦੀਆਂ ਗ਼ਲਤ ਰਵਾਇਤਾਂ ਅਤੇ ਰੂੜੀਵਾਦੀ ਪ੍ਰੰਪਰਾਵਾਂ ਨੂੰ ਤੋੜਨ ਦੀ ਹਿੰਮਤ ਕਰਨ ਲੱਗ ਪਵੇ ਤਾਂ ਉਸ ਘਰ ਵਿਚ ਸਾਰੇ ਉਸ ਦਾ ਵਿਰੋਧ ਕਰਨ ਲੱਗ ਜਾਂਦੇ ਹਨ। ਫਿਰ ਉਹ ਇਕੱਲੀ ਰਹਿ ਜਾਂਦੀ ਹੈ ਅਤੇ ਸਹੁਰੇ ਪ੍ਰਵਾਰ ਦੇ ਕੁੱਝ ਮੈਂਬਰਾਂ ਵਲੋਂ ਨੂੰਹ 'ਤੇ ਕਈ ਊਜਾਂ ਲਾ ਕੇ ਉਸ ਨਾਲ ਲੜਾਈ ਝਗੜਾ ਕੀਤਾ ਜਾਂਦਾ ਹੈ। ਰਿਸ਼ਤਿਆਂ ਵਿਚ ਤਰੇੜਾਂ ਪੈ ਜਾਂਦੀਆਂ ਹਨ। ਸੱਸ ਅਪਣੇ ਲੜਕੇ 'ਤੇ ਜ਼ੋਰ ਪਾ ਕੇ ਤਲਾਕ ਕਰਨ ਲਈ ਕਹਿ ਦਿੰਦੀ ਹੈ। ਨੂੰਹ-ਸੱਸ ਦੇ ਅਣਸੁਖਾਵੇਂ ਸਬੰਧਾਂ ਕਰ ਕੇ ਅਕਸਰ ਘਰ ਵਿਚ ਕਲੇਸ਼ ਹੁੰਦਾ ਹੈ।

ਸੱਸ ਅਪਣੀ ਨੂੰਹ ਉਪਰ ਰੋਅਬ ਜਮਾਉਣਾ ਚਾਹੁੰਦੀ ਹੈ ਅਤੇ ਨੂੰਹ ਅਪਣੇ ਅਧਿਕਾਰ ਲੈਣਾ ਚਾਹੁੰਦੀ ਹੈ। ਇਸ ਮਾਹੌਲ ਵਿਚ ਜਾਂ ਤਾਂ ਸੱਸ ਅਪਣੇ ਮੁੰਡੇ ਨੂੰ ਵੱਖ ਕਰ ਦਿੰਦੀ ਹੈ ਜਾਂ ਉਹ ਤਲਾਕ ਕਰਨ 'ਤੇ ਅੜ ਜਾਂਦੀ ਹੈ ਅਤੇ ਹਊਮੈਂ ਨਾਲ ਮੁੰਡੇ ਨੂੰ ਇਹ ਵੀ ਕਹਿੰਦੀ ਹੈ ਕਿ, ''ਮੈਂ ਤਾਂ ਭਲਕੇ ਹੀ ਤੇਰਾ ਵਿਆਹ ਕਰ ਦਿਆਂਗੀ। ਤੂੰ ਇਸ ਕੁਲਿਹਣੀ ਤੋਂ ਪਿੱਛਾ ਤਾਂ ਛੁਡਾ...।''ਕਈ ਲੋਕ ਦਾਜ ਦੇ ਲੋਭੀ ਵੀ ਹੁੰਦੇ ਹਨ। ਜੇ ਆਸ ਮੁਤਾਬਕ ਉਨ੍ਹਾਂ ਨੂੰ ਦਾਜ ਨਹੀਂ ਮਿਲਦਾ ਤਾਂ ਉਨ੍ਹਾਂ ਵਲੋਂ ਨੂੰਹ ਕੋਲ ਹੋਰ ਦਾਜ ਦੀ ਮੰਗ ਰੱਖ ਦਿਤੀ ਜਾਂਦੀ ਹੈ।

ਲੜਕੀ ਦੇ ਮਾਪਿਆਂ ਵਲੋਂ ਉਹ ਮੰਗ ਪੂਰੀ ਨਾ ਕਰਨ 'ਤੇ ਸਹੁਰਿਆਂ ਵਲੋਂ ਲੜਕੀ ਨੂੰ ਛੱਡ ਦੇਣ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ ਅਤੇ ਤਲਾਕ ਲੈਣ 'ਤੇ ਜ਼ੋਰ ਪਾਇਆ ਜਾਂਦਾ ਹੈ ਤੇ ਕਈ ਵਾਰ ਦਾਜ ਹੀ ਤਲਾਕ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਸਹੁਰੇ ਘਰ ਵਿਚ ਨਵੀਂ ਆਈ ਨੂੰਹ ਅਤੇ ਬਾਕੀ ਪ੍ਰਵਾਰ ਦੇ ਸੁਭਾਅ ਅਤੇ ਆਦਤਾਂ ਵਿਚ ਵਖਰੇਵਾਂ ਹੁੰਦਾ ਹੈ। ਪੇਕੇ ਅਤੇ ਸਹੁਰੇ ਘਰ ਵਿਚ ਬਹੁਤ ਅੰਤਰ ਹੁੰਦਾ ਹੈ। ਸਹੁਰੇ ਪ੍ਰਵਾਰ ਦੇ ਸਾਰੇ ਮੈਂਬਰਾਂ ਦੇ ਸੁਭਾਅ ਨੂੰ ਸਮਝਣਾ ਇਕਦਮ ਉਹਦੇ ਲਈ ਮੁਸ਼ਕਲ ਹੁੰਦਾ ਹੈ। ਸਹੁਰੇ ਘਰ ਦੀ ਸਾਰੀ ਜਾਣਕਾਰੀ ਇਕੱਠੀ ਕਰਨ ਲਈ ਉਸ ਨੂੰ ਸਮਾਂ ਲੱਗ ਜਾਂਦਾ ਹੈ।

ਨਵੀਂ ਆਈ ਨੂੰਹ ਤੋਂ ਜੇ ਕੋਈ ਕੁਤਾਹੀ ਹੋ ਜਾਵੇ ਜਾਂ ਕਿਸੇ ਗੱਲ ਤੇ ਉਹ ਅਪਣੀ ਮਰਜ਼ੀ ਕਰਨ ਲੱਗ ਪਵੇ ਤਾਂ ਸਹੁਰੇ ਪ੍ਰਵਾਰ ਦੇ ਬਾਕੀ ਮੈਂਬਰਾਂ ਵਲੋਂ ਉਸ ਵਿਚ ਬਿਨਾਂ ਕਾਰਨ ਦੋਸ਼ ਕੱਢੇ ਜਾਂਦੇ ਹਨ। ਕਲੇਜਾ ਚੀਰਵੇਂ ਤਾਹਨੇ ਮਿਹਣੇ ਦਿਤੇ ਜਾਂਦੇ ਹਨ। ਉਸ ਦੇ ਨਾਜਾਇਜ਼ ਸਬੰਧ ਕਿਸੇ ਰਿਸ਼ਤੇਦਾਰ ਨਾਲ ਜੋੜ ਕੇ ਮਾਰ ਕੁਟਾਈ ਦਾ ਬਹਾਨਾ ਬਣਾਇਆ ਜਾਂਦਾ ਹੈ ਤੇ ਅਖ਼ੀਰ ਤਲਾਕ ਲੈ ਲਿਆ ਜਾਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਦੇ ਮਹਾਨ ਗ੍ਰ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਗਿਆ ਲੈ ਕੇ ਸਕੇ ਸਬੰਧੀਆਂ ਦੀ ਹਾਜ਼ਰੀ ਵਿਚ ਲਾਵਾਂ ਦਾ ਪਾਠ ਸਰਵਣ ਕੀਤਾ ਜਾਂਦਾ ਹੈ।

ਲਾਵਾਂ ਵਿਚਲੀ ਸਿਖਿਆ ਅਨੁਸਾਰ ਜੀਵਨ ਭਰ ਲਈ ਇਕੱਠੇ ਸਾਥ ਨਿਭਾਉਣ ਦੀ ਅਰਦਾਸ ਕੀਤੀ ਜਾਂਦੀ ਹੈ ਪਰ ਸਹੁਰੇ ਘਰ ਵਿਚ ਲੜਕੀ ਦੀ ਨਿੱਕੀ ਜਹੀ ਗ਼ਲਤੀ 'ਤੇ ਉਸ ਨਾਲੋਂ ਤੁਰਤ ਨਾਤਾ ਤੋੜ ਲਿਆ ਜਾਂਦਾ ਹੈ ਅਤੇ ਗੁਰੂ ਦੇ ਹੁਕਮਾਂ ਨੂੰ ਟਿਚ ਕਰ ਕੇ ਜਾਣਿਆ ਜਾਂਦਾ ਹੈ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਸਹੁਰੇ ਅਤੇ ਪੇਕੇ ਪ੍ਰਵਾਰ ਨੂੰ ਯਾਦ ਹੀ ਨਹੀਂ ਰਹਿੰਦੀਆਂ। ਕੀ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਆਂਚ ਨਹੀਂ ਆਉਂਦੀ? ਕੀ ਇਹ ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ?  (ਚੱਲਦਾ)

ਰਘਬੀਰ ਸਿੰਘ ਮਾਨਾਂਵਾਲੀ
ਪਿੰਡ : ਮਾਨਾਂਵਾਲੀ, ਡਾਕ : ਚਾਚੋਕੀ, ਫਗਵਾੜਾ।
ਮੋਬਾਈਲ : 88728-54500