ਮਸਤ, ਅਲਬੇਲਾ ਅਤੇ ਕ੍ਰਾਂਤੀਕਾਰੀ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਡਾ. ਦੀਵਾਨ ਸਿੰਘ ਕਾਲੇਪਾਣੀ (1894-1944) ਉੱਘੇ ਪੰਜਾਬੀ ਕਵੀ ਅਤੇ ਭਾਰਤੀ ਦੇਸ਼ਭਗਤ ਸਨ।

Diwan Singh Kalepani

ਡਾ. ਦੀਵਾਨ ਸਿੰਘ ਕਾਲੇਪਾਣੀ (1894-1944) ਉੱਘੇ ਪੰਜਾਬੀ ਕਵੀ ਅਤੇ ਭਾਰਤੀ ਦੇਸ਼ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿਚ ਨਾ-ਮਿਲਵਰਤਣ ਲਹਿਰ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦਾ ਜਨਮ ਪਿਤਾ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਇੰਦਰ ਕੌਰ ਦੇ ਘਰ 22 ਮਈ 1887 ਨੂੰ ਪਿੰਡ ਘਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਚ ਹੋਇਆ। ਬਚਪਨ ਵਿਚ ਹੀ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ-ਪੋਸਣ ਦਾਦੀ ਅਤੇ ਚਾਚੇ ਸੋਹਣ ਸਿੰਘ ਨੇ ਕੀਤਾ। ਮੁਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਮਗਰੋਂ ਉਹ ਡਸਕਾ ਦੇ ਮਿਸ਼ਨ ਸਕੂਲ ਵਿਚ ਦਾਖ਼ਲ ਹੋ ਗਏ। ਇਥੋਂ ਉਨ੍ਹਾਂ ਅਠਵੀਂ ਜਮਾਤ ਪਾਸ ਕੀਤੀ ਅਤੇ 1915 ਵਿਚ ਖ਼ਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿਚ ਉਹ ਆਗਰਾ ਦੇ ਮੈਡੀਕਲ ਕਾਲਜ ਵਿਚ ਦਾਖ਼ਲ ਹੋ ਗਏ ਅਤੇ 1921 ਨੂੰ ਮੈਡੀਕਲ ਸਰਵਿਸ ਵਿਚ ਡਿਪਲੋਮਾ ਲੈਣ ਉਪਰੰਤ ਰਾਵਲਪਿੰਡੀ ਛਾਉਣੀ ਵਿਚ ਫ਼ੌਜੀ ਡਾਕਟਰ ਵਜੋਂ ਨਿਯੁਕਤ ਹੋ ਗਏ।


ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਰੋਚਕ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਬਦਲੀ ਰੰਗੂਨ ਦੀ ਹੋ ਗਈ ਅਤੇ ਉਥੋਂ ਉਨ੍ਹਾਂ ਨੂੰ 1927 ਵਿਚ ਅੰਡੇਮਾਨ (ਕਾਲੇ ਪਾਣੀ) ਇਕ ਸਕੂਲ ਵਿਚ ਭੇਜ ਦਿਤਾ ਗਿਆ ਜਿਥੇ ਵਿਦਿਆਰਥੀਆਂ ਨੂੰ ਤਮਿਲ, ਤੇਲਗੂ ਅਤੇ ਪੰਜਾਬੀ ਪੜ੍ਹਾਈ ਜਾਂਦੀ ਸੀ। ਇਥੋਂ ਹੀ ਉਨ੍ਹਾਂ ਦੇ ਨਾਂ ਨਾਲ ਕਾਲੇਪਾਣੀ ਜੁੜ ਗਿਆ। ਇਥੇ ਉਨ੍ਹਾਂ ਪੰਜਾਬੀ ਸਭਾ ਨਾਂ ਦੀ ਇਕ ਜਥੇਬੰਦੀ ਬਣਾਈ। ਗੁਰਦਵਾਰਾ ਸਾਹਿਬ ਵਿਚ ਡਾ. ਕਾਲੇਪਾਣੀ ਅਕਸਰ ਕਵਿਤਾਵਾਂ ਪੜ੍ਹਦੇ ਜਿਨ੍ਹਾਂ ਵਿਚ ਭਾਰਤ ਦੀ ਗ਼ੁਲਾਮੀ ਅਤੇ ਅਜ਼ਾਦੀ ਦੀ ਤਾਂਘ ਦਾ ਜ਼ਿਕਰ ਹੁੰਦਾ।

ਦੂਜੀ ਵਿਸ਼ਵ ਜੰਗ ਸਮੇਂ ਜਪਾਨੀਆਂ ਨੇ 1942 ਵਿਚ ਅੰਡੇਮਾਨ ਉਪਰ ਕਬਜ਼ਾ ਕਰ ਲਿਆ। ਡਾ. ਦੀਵਾਨ ਸਿੰਘ ਨੇ ਇਹ ਨਵੀਂ ਗ਼ੁਲਾਮੀ ਕਬੂਲ ਨਾ ਕੀਤੀ। ਜਪਾਨੀ ਅਫ਼ਸਰਾਂ ਨੇ ਪਿਨਾਂਗ ਰੇਡੀਉ ਤੋਂ ਬਰਤਾਨਵੀ ਹਾਕਮਾਂ ਵਿਰੁਧ ਇਕ ਕਵਿਤਾ ਬੋਲਣ ਲਈ ਮਜਬੂਰ ਕੀਤਾ ਪਰ ਉਨ੍ਹਾਂ ਇਨਕਾਰ ਕਰ ਦਿਤਾ ਜਿਸ ਕਰ ਕੇ ਜਪਾਨੀਆਂ ਨੇ ਉਨ੍ਹਾਂ ਨੂੰ 1943 ਵਿਚ ਕੈਦ ਕਰ ਲਿਆ। ਪੰਜਾਬੀ ਸਭਾ ਦੇ ਬਾਕੀ 65 ਮੈਂਬਰ ਵੀ ਜੇਲ ਵਿਚ ਸੁੱਟ ਦਿਤੇ ਗਏ। ਕਰੀਬ ਛੇ ਮਹੀਨਿਆਂ ਦੇ ਅਕਹਿ, ਅਸਹਿ ਅਤੇ ਅਣਮਨੁੱਖੀ ਤਸੀਹੇ ਦੇ ਕੇ ਅੰਡੇਮਾਨ ਦੀ ਸੈਲੂਲਰ ਜੇਲ ਵਿਚ ਪੰਜਾਬੀ ਸਭਾ ਦੇ ਹੋਰ ਮੈਂਬਰਾਂ ਨਾਲ ਉਨ੍ਹਾਂ ਨੂੰ 14 ਜਨਵਰੀ 1944 ਨੂੰ ਸ਼ਹੀਦ ਕਰ ਦਿਤਾ। ਉਹ ਲੋਕ-ਭਲਾਈ ਕਰਨ ਵਾਲੇ ਅਤੇ ਅਪਣੇ ਵਿਚਾਰਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਇਨਸਾਨ ਸਨ।

ਉਹ ਪ੍ਰੋ. ਪੂਰਨ ਸਿੰਘ ਵਾਂਗ ਮਸਤ, ਅਲਬੇਲੇ ਅਤੇ ਕ੍ਰਾਂਤੀਕਾਰੀ ਕਵੀ ਸਨ। ਪ੍ਰੋ. ਪੂਰਨ ਸਿੰਘ ਦੇ ਨਕਸ਼ੇ ਕਦਮ 'ਤੇ ਚਲਦਿਆਂ, ਉਨ੍ਹਾਂ ਨੇ ਮੁਕਤ-ਛੰਦ ਕਵਿਤਾ ਲਿਖੀ। ਉਨ੍ਹਾਂ ਦੀ ਕਵਿਤਾ ਵਿਅੰਗ, ਸੰਜਮ ਅਤੇ ਤਿੱਖੇ ਵਲਵਲੇ ਨਾਲ ਭਰਪੂਰ ਹੈ। ਉਹ ਸਵੈਮਾਣ, ਅਣਖ ਅਤੇ ਗ਼ੈਰਤ ਦੀ ਮੂਰਤੀ ਸਨ। ਉਨ੍ਹਾਂ ਦੋ ਕਾਵਿ ਸੰਗ੍ਰਿਹ ਪੰਜਾਬੀ ਸਾਹਿਤ ਜਗਤ ਨੂੰ ਦਿਤੇ-'ਵਗਦੇ ਪਾਣੀ' (1938) ਅਤੇ 'ਅੰਤਿਮ ਲਹਿਰਾਂ'। ਉਨ੍ਹਾਂ ਦੇ ਚਲਾਣੇ ਪਿਛੋਂ ਇਕ ਹੋਰ ਕਾਵਿ ਸੰਗ੍ਰਿਹ 'ਮਲ੍ਹਿਆਂ ਦੇ ਬੇਰ' ਵੀ ਛਪਿਆ। ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਵਿਰੁਧ ਸੀ।

ਉਨ੍ਹਾਂ ਦੀ ਵਿਗਿਆਨਿਕ ਸੋਚ, ਮਨੁੱਖੀ ਮਨੋਵਿਗਿਆਨ ਦੀ ਸੂਝ, ਲੋਕਾਂ ਲਈ ਕੁੱਝ ਕਰਦੇ ਰਹਿਣ ਦੀ ਤਾਂਘ, ਆਜ਼ਾਦੀ ਲਈ ਤੜਪ ਅਤੇ ਕਥਨੀ ਤੇ ਕਰਨੀ ਵਿਚ ਫ਼ਰਕ ਨਾ ਹੋਣਾ ਉਨ੍ਹਾਂ ਦੀ ਕਵਿਤਾ ਨੂੰ ਖ਼ਾਸ ਬਣਾਉਂਦੇ ਹਨ। ਡਾ. ਕਾਲੇਪਾਣੀ ਦੇ ਜੀਵਨ ਬਾਰੇ ਐਨ. ਇਕਬਾਲ ਸਿੰਘ ਦੀ ਅੰਗਰੇਜ਼ੀ 'ਚ ਲਿਖੀ ਇਕ ਕਿਤਾਬ 'ਡਾ. ਦੀਵਾਨ ਸਿੰਘ ਕਾਲੇਪਾਣੀ-ਮੇਕਰਜ਼ ਆਫ਼ ਇੰਡੀਅਨ ਲਿਟਰੇਚਰ' ਸਾਹਿਤ ਅਕੈਡਮੀ-ਨਵੀਂ ਦਿੱਲੀ ਨੇ 1996 ਵਿਚ ਛਾਪੀ ਸੀ। 'ਸੀਸੁ ਦੀਆ ਪਰ ਸਿਰਰੁ ਨ ਦੀਆ' ਦੇ ਮਹਾਵਾਕ 'ਤੇ ਪਹਿਰਾ ਦਿੰਦਿਆਂ ਇਸ ਸ਼ਹੀਦ ਨੇ ਸ਼ਹੀਦੀ ਪਾਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ