ਅੱਜ ਜਨਮ ਦਿਨ ’ਤੇ ਵਿਸ਼ੇਸ਼: ਨਿਰੋਲ ਆਤਮਾ ਦਾ ਕਵੀ ਪ੍ਰੋਫ਼ੈਸਰ ਪੂਰਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪ੍ਰੋਫ਼ੈਸਰ ਪੂਰਨ ਸਿੰਘ ਦਾ ਜਨਮ 17 ਫ਼ਰਵਰੀ 1881 ਨੂੰ ਮਾਤਾ ਪਰਮਾ ਦੇਵੀ ਦੀ ਕੁਖੋਂ, ਪਿਤਾ ਕਰਤਾਰ ਸਿੰਘ ਦੇ ਘਰ, ਐਬਟਾਬਾਦ (ਪਾਕਿਸਤਾਨ) ਵਿਖੇ ਹੋਇਆ

Professor Puran Singh

ਕੁਦਰਤ ਵਲੋਂ ਵਰਸੋਏ ਲੇਖਕ ਦੀ ਲਿਖਤ ਮਹਾਨ ਹੁੰਦੀ ਹੈ ਜੋ ਸਦੀਵੀ ਰਹਿੰਦੀ ਹੈ। ਪਰ ਆਪੇ ਬਣੇ ਲੇਖਕ ਅੱਧ ਵਿਚ ਹੀ ਬੇੜੀ ਡੋਬ ਬੈਠਦੇ ਹਨ। ਕਲਾ ਕੁਦਰਤੀ ਚੀਜ਼ ਹੈ ਜੋ ਟਾਵੇਂ-ਟਾਵੇਂ ਮਨੁੱਖ ਦੇ ਹਿੱਸੇ ਆਉਂਦੀ ਹੈ, ਜਣੇ-ਖਣੇ ਦੇ ਨਹੀਂ। ਇਹ ਇਕ ਕੁਦਰਤੀ ਦਾਤ ਹੈ। ਇਕੋ ਪਾਸੇ ਲਿਖਣ ਵਾਲੇ ਦਾ ਜ਼ਰੂਰ ਇਕ ਦਿਨ ਮੁੱਲ ਪੈਂਦਾ ਹੈ ਪਰ ਬਹੁ ਪੱਖੀ ਕਈ ਵਾਰ ਧੋਖਾ ਵੀ ਖਾ ਜਾਂਦੇ ਹਨ।

ਉਹ ਨਾ ਇਧਰ ਦੇ ਤੇ ਨਾ ਉਧਰ ਦੇ ਰਹਿੰਦੇ ਹਨ, ਵਿਚਕਾਰ ਹੀ ਲਟਕੀ ਜਾਂਦੇ ਹਨ। ਅੱਜ ਮੈਂ ਉਸ ਸ਼ਖ਼ਸ ਦੀ ਗੱਲ ਕਰਨ ਲਗਿਆ ਹਾਂ ਜਿਨ੍ਹਾਂ ਨੇ ਨਿਰੋਲ ਆਤਮਾ ਤੇ ਕਲਮ ਚਲਾਈ, ਅਪਣਾ ਘਰ-ਬਾਰ ਛੱਡ ਕੇ ਸੰਨਿਆਸ ਲਿਆ ਤੇ ਮੁੜ ਭਾਈ ਵੀਰ ਸਿੰਘ ਜੀ ਦੀ ਮੁਲਾਕਾਤ ਨਾਲ ਸਿੱਖੀ ਕਬੂਲ ਕੀਤੀ। ਉਹ ਹਨ ਪ੍ਰੋਫ਼ੈਸਰ ਪੂਰਨ ਸਿੰਘ।

ਪ੍ਰੋਫ਼ੈਸਰ ਪੂਰਨ ਸਿੰਘ ਦਾ ਜਨਮ 17 ਫ਼ਰਵਰੀ 1881 ਨੂੰ ਮਾਤਾ ਪਰਮਾ ਦੇਵੀ ਦੀ ਕੁਖੋਂ, ਪਿਤਾ ਕਰਤਾਰ ਸਿੰਘ ਦੇ ਘਰ, ਐਬਟਾਬਾਦ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਨੇ 1889 ਵਿਚ ਰਾਵਲ ਪਿੰਡੀ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ 1899 ਵਿਚ ਡੀ.ਏ.ਵੀ. ਕਾਲਜ ਲਾਹੌਰ ਤੋਂ ਇੰਟਰਮੀਡੀਏਟ ਪਾਸ ਕੀਤੀ ਅਤੇ 28 ਸਤੰਬਰ 1900 ਨੂੰ ਟੋਕੀਉ ਯੂਨੀਵਰਸਿਟੀ ਵਿਖੇ ਪ੍ਰੋਫ਼ੈਸਰ ਦੀ ਨੌਕਰੀ ਕਰਨ ਲੱਗ ਪਏੇ।

ਪ੍ਰੋਫ਼ੈਸਰ ਸਾਹਿਬ ਜੀ ਜਰਮਨ ਤੇ ਜਪਾਨੀ ਭਾਸ਼ਾਵਾਂ ਸਿੱਖ ਕੇ ਅੰਗਰੇਜ਼ਾਂ ਖ਼ਿਲਾਫ਼ ਭਾਸ਼ਣ ਦਿੰਦੇ ਰਹੇ। ਉਨ੍ਹਾਂ ਨੇ ‘ਥੰਡਰਿੰਗ ਡਾਨ’ ਅੰਗਰੇਜ਼ੀ ਪੱਤ੍ਰਿਕਾ ਪ੍ਰਕਾਸ਼ਤ ਕਰ ਕੇ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ। ਫਿਰ ਜਪਾਨ ਵਿਚ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਸੰਨਿਆਸ ਲੈ ਲਿਆ ਤੇ ਘਰ-ਬਾਰ ਤਿਆਗ ਦਿਤਾ, ਇਥੋਂ ਤਕ ਕਿ ਉਨ੍ਹਾਂ ਨੂੰ ਅਪਣੀ ਬਿਮਾਰ ਭੈਣ ਦਾ ਪਤਾ ਲੈਣ ਲਈ ਵੀ ਬੜੀ ਮੁਸ਼ਕਲ ਨਾਲ ਬੁਲਾਇਆ ਗਿਆ।

ਸੰਨ 1912 ’ਚ ਭਾਈ ਵੀਰ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਨ੍ਹਾਂ ਨੂੰ ਮੁੜ ਸਿੱਖੀ ਕਬੂਲ ਕਰਵਾਈ ਤੇ ਫਿਰ ਪ੍ਰੋ. ਸਾਹਿਬ ਨੇ ਵਿਗਿਆਨ ਤੇ ਸਾਹਿਤ ਦੋਵਾਂ ਖੇਤਰਾਂ ’ਚ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀਆਂ ਪੁਸਤਕਾਂ ‘ਦਾ ਸਿਸਟਰਜ਼ ਆਫ਼ ਸਪਿਨਿੰਗ ਵ੍ਹੀਲ’, ‘ਆਸਟੰਗ ਬੀਡਜ਼’, ‘ਦਾ ਸਪਰਿੰਗ ਆਫ਼ ਓਰੀਐਂਟਲ ਪੋਇਟਰੀ’ ਅੰਗਰੇਜ਼ੀ ਵਿਚ ਅਤੇ ‘ਖੁਲ੍ਹੇ ਰੰਗ ਅਸਮਾਨੀ’, ‘ਖੁਲ੍ਹੇ ਮੈਦਾਨ’, ‘ਖੁਲ੍ਹੇ ਘੁੰਡ’, ‘ਖੁਲ੍ਹੇ ਲੇਖ’, ‘ਤ੍ਰਿੰਝਣ ਦੀਆਂ ਸਖੀਆਂ’ ਪੰਜਾਬੀ ਵਿਚ, ‘ਜੈ ਦੇਵ ਦੀ ਰਚਨਾ’, ‘ਗੀਤ ਗੋਬਿੰਦ ਦਾ ਕਾਵਿ’ (ਅਨੁਵਾਦ) ਅਤੇ ‘ਬੰਡਰਿੰਗ ਡਾਨ’ ਪਤ੍ਰਿਕਾ ਵੀ ਕਢਦੇ ਰਹੇ।

ਪ੍ਰੋਫ਼ੈਸਰ ਸਾਹਿਬ ਨੇ ਈਸ਼ਰ ਦਾਸ, ਰਾਇ ਬਹਾਦਰ ਤੇ ਸ਼ਿਵ ਨਾਥ ਦੇ ਸਹਿਯੋਗ ਨਾਲ ਲਾਹੌਰ ਵਿਖੇ ਥਾਈਮੇਲ ਫ਼ੈਨਲ ਅਤੇ ਲੈਮਨ ਤੇਲ ਪੈਦਾ ਕਰਨ ਦਾ ਕੰਮ ਚਲਾਇਆ ਪਰ ਹਿੱਸੇਦਾਰ ਦੀ ਬੇਈਮਾਨੀ ਕਾਰਨ ਕੰਮ ਬੰਦ ਕਰਨਾ ਪਿਆ। ਫਿਰ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਲਾਹੌਰ ਦੇ ਪ੍ਰਿੰਸੀਪਲ ਬਣੇ ਪਰ ਜਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਲਾਲਾ ਹਰਦਿਆਲ ਨਾਲ ਮੇਲ ਹੋਇਆ ਤਾਂ ਪ੍ਰਿੰਸੀਪਲ ਦਾ ਅਹੁਦਾ ਤਿਆਗ ਕੇ ਸਾਬਣ ਬਣਾਉਣ ਦਾ ਕਾਰਖਾਨਾ ਲਾ ਲਿਆ।

ਦੇਹਰਾਦੂਨ ਵਿਖੇ ਕੈਮਿਸਟ ਵਜੋਂ ਨੌਕਰੀ ਕਰਨ ਲੱਗ ਪਏ ਅਤੇ ਸੰਨ 1918 ਵਿਚ ਸੇਵਾ ਮੁਕਤੀ ਪਾਈ। ਪ੍ਰੋਫ਼ੈਸਰ ਸਾਹਿਬ ਜੀ ਨੇ ਕੁੱਝ ਸਮਾਂ ਪਟਿਆਲੇ ਅਤੇ ਗਵਾਲੀਅਰ ਦੀਆਂ ਰਿਆਸਤਾਂ ’ਚ ਵੀ ਨੌਕਰੀ ਕੀਤੀ ਅਤੇ ਉਨ੍ਹਾਂ ਨੂੰ 1930 ਵਿਚ ਤਪਦਿਕ ਦੀ ਬਿਮਾਰੀ ਨੇ ਅਪਣੀ ਲਪੇਟ ਵਿਚ ਲੈ ਲਿਆ। ਥੋੜੇ ਹੀ ਸਮੇਂ ’ਚ ਉਨ੍ਹਾਂ ਦੀ ਸਰੀਰਕ ਹਾਲਤ ਬਹੁਤ ਪਤਲੀ ਪੈ ਗਈ, ਸਰੀਰ ਬਹੁਤ ਕਮਜ਼ੋਰ ਹੋ ਗਿਆ। ਪ੍ਰੋ. ਸਾਹਿਬ ਦਾ ਤੁਰਨਾ ਫਿਰਨਾ ਤਾਂ ਦੂਰ ਬਸ ਮੰਜੇ ’ਤੇ ਹੀ ਪੈ ਗਏ।

ਅਖੀਰ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਪ੍ਰਲੋਕ ਸਿਧਾਰ ਗਏ। ਭਾਵੇਂ ਪ੍ਰੋਫ਼ੈਸਰ ਪੂਰਨ ਸਿੰਘ ਜੀ ਜਿਸਮਾਨੀ ਤੌਰ ’ਤੇ ਸਾਡੇ ਕੋਲੋਂ ਵਿਛੜ ਗਏ ਪਰ ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੀ ਯਾਦ ਨੂੰ ਸਦਾ ਤਰੋ ਤਾਜ਼ਾ ਰਖਣਗੀਆਂ। ਰਹਿੰਦੀ ਦੁਨੀਆਂ ਤਕ ਉਨ੍ਹਾਂ ਦਾ ਨਾਂ ਸਾਹਿਤ ਜਗਤ ਵਿਚ ਬੜੇ ਆਦਰ ਨਾਲ ਲਿਆ ਜਾਇਆ ਕਰੇਗਾ। ਉਹ ਵਿਗਿਆਨ ਤੇ ਸਾਹਿਤ ਦਾ ਸੁਮੇਲ ਸਨ, ਦੋਵਾਂ ਖੇਤਰਾਂ ਵਿਚ ਉਨ੍ਹਾਂ ਨੇ ਪੂਰਾ ਯੋਗਦਾਨ ਪਾਇਆ। ਉਹ ਵਿਸ਼ਾਲ ਤਜ਼ਰਬੇ ਦੇ ਮਾਲਕ ਸਨ।

ਪ੍ਰੋਫੈਸਰ ਸਾਹਿਬ ਜੀ ਨਿਰੋਲ ਆਤਮਾ ਦੇ ਕਵੀ ਸਨ। ਪੰਜਾਬ ਦੀ ਧਰਤੀ ਦਾ ਤੇ ਪੰਜਾਬੀ ਸੱਭਿਆਚਾਰ ਦਾ ਪਿਆਰ ਉਨ੍ਹਾਂ ਦੇ ਦਿਲ ਵਿਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਮਾਂ ਬੋਲੀ ਦੀ ਝੋਲੀ ਪਾਇਆ, ਉਨ੍ਹਾਂ ਦਾ ਅਨਮੁੱਲਾ ਸਾਹਿਤ ਸਦਾ ਮਹਿਕਾਂ ਖਿਲਾਰਦਾ ਰਹੇਗਾ। ਉਹ ਅਮਰ ਹੈ ਤੇ ਰਹਿੰਦੀ ਦੁਨੀਆਂ ਤਕ ਅਮਰ ਰਹੇਗਾ।

ਦਰਸ਼ਨ ਸਿੰਘ ਪ੍ਰੀਤੀਮਾਨ
-ਸੰਪਰਕ : 98786-06963
email:dspreetimaan0gmail.com