ਮੌਤ ਜਾਂ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮਿਹਨਤ ਮਜ਼ਦੂਰੀ ਕਰਨ ਵਾਲੇ ਦੌਲੀ ਦੇ ਘਰ ਛਿੰਦੀ ਅਤੇ ਮਿੰਦੀ ਤੋਂ ਇਕ ਸਾਲ ਬਾਅਦ ਟੀਟੂ ਨੇ ਜਨਮ ਲਿਆ ਸੀ। ਛਿੰਦੀ ਦਸਵੀਂ ਦੇ ਪੇਪਰ ਦੇਣ ਮਗਰੋਂ ਨਤੀਜਾ ਆਉਣ ਤਕ ਵਿਹਲੀ ਸੀ...

dead

ਮਿਹਨਤ ਮਜ਼ਦੂਰੀ ਕਰਨ ਵਾਲੇ ਦੌਲੀ ਦੇ ਘਰ ਛਿੰਦੀ ਅਤੇ ਮਿੰਦੀ ਤੋਂ ਇਕ ਸਾਲ ਬਾਅਦ ਟੀਟੂ ਨੇ ਜਨਮ ਲਿਆ ਸੀ। ਛਿੰਦੀ ਦਸਵੀਂ ਦੇ ਪੇਪਰ ਦੇਣ ਮਗਰੋਂ ਨਤੀਜਾ ਆਉਣ ਤਕ ਵਿਹਲੀ ਸੀ। ਉਸ ਨੇ ਅਪਣੀ ਮਾਂ ਅੱਗੇ ਨਾਨਕੇ ਜਾਣ ਦੀ ਮੰਗ ਰੱਖੀ ਸੀ। ਉਸ ਤੋਂ ਦੂਜੇ ਦਿਨ ਹੀ ਤੇਜੋ, ਛਿੰਦੀ ਨਾਲ ਲੈ ਕੇ ਪਿੰਡ ਵਾਲੇ ਜੀ.ਟੀ. ਰੋਡ ਤੇ ਬਣੇ ਬੱਸ ਅੱਡੇ ਆ ਖੜੀ ਸੀ। ਦੋ-ਤਿੰਨ ਮਿੰਟ ਬਾਅਦ ਬੱਸ ਵੀ ਆ ਗਈ ਸੀ। ਛਿੰਦੀ ਨੂੰ ਨਵੀਂ ਨਕੋਰ ਅਤੇ ਵੱਡੀ ਬੱਸ ਉਤੇ ਚੜ੍ਹਨ ਦਾ ਵਿਆਹ ਜਿੰਨਾ ਚਾਅ ਸੀ, ਪਰ ਉਸ ਵਿਚਾਰੀ ਨੂੰ ਵੀ ਪਤਾ ਸੀ ਕਿ ਇਹ ਬੱਸ ਤਾਂ ਉਸ ਨੂੰ ਨਾਨਕੀਂ ਲਿਜਾਣ ਦੀ ਬਜਾਏ ਧਰਮਰਾਜ ਦੀ ਕਚਿਹਰੀ ਲਿਜਾਵੇਗੀ।

ਗੱਲ ਉਹੀ ਹੋਈ ਜੋ ਕੁਦਰਤ ਨੂੰ ਮਨਜ਼ੂਰ ਸੀ। ਬੱਸ ਵਿਚ ਕੁੱਝ ਗੁੰਡਿਆਂ ਨੇ ਛਿੰਦੀ ਨਾਲ ਛੇੜਛਾੜ ਸ਼ੁਰੂ ਕਰ ਦਿਤੀ। ਜਦ ਛਿੰਦੀ ਨੇ ਗੁੰਡਿਆਂ ਦਾ ਵਿਰੋਧ ਕੀਤਾ ਤਾਂ ਉਸ ਦੀ ਮਾਂ ਤੇਜੋ ਨੇ ਵੀ ਗੁੰਡਿਆਂ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿਤੀਆਂ। ਜਦੋਂ ਬੱਸ ਵਿਚ ਹਫੜਾ-ਦਫੜੀ ਮੱਚ ਗਈ ਤਾਂ ਗੁੰਡਿਆਂ ਨੇ ਤਾਕੀ ਵਿਚ ਖੜੀ ਛਿੰਦੀ ਨੂੰ ਚਲਦੀ ਬੱਸ ਵਿਚੋਂ ਧੱਕਾ ਦੇ ਦਿਤਾ। ਛਿੰਦੀ ਦੀ ਸੜਕ ਤੇ ਡਿੱਗਣ ਸਾਰ ਹੀ ਮੌਤ ਹੋ ਗਈ। ਗੁੰਡਾਗਰਦੀ ਕਰਨ ਵਾਲਿਆਂ ਤੇ ਪਰਚਾ ਦਰਜ ਹੋਇਆ। ਪਰ ਗ਼ਰੀਬ ਦੀ ਮੁੱਖ ਕਮਜ਼ੋਰੀ ਪੈਸਾ ਹੁੰਦਾ ਹੈ।

ਪੈਸਾ ਤਾਂ ਵੱਡੇ ਵੱਡੇ ਤਪੱਸਵੀਆਂ ਦੀ ਤਪੱਸਿਆ ਭੰਗ ਕਰ ਦਿੰਦਾ ਹੈ, ਗ਼ਰੀਬ ਤਾਂ ਇਸ ਅੱਗੇ ਕਿਹੜੇ ਬਾਗ਼ ਦੀ ਮੂਲੀ ਹਨ। ਬੱਸ ਦੇ ਮਾਲਕ ਉੱਚ ਘਰਾਣੇ ਵਾਲਿਆਂ ਨੇ ਅਪਣੇ ਸਿਆਸੀ ਅਕਸ ਨੂੰ ਖ਼ਰਾਬ ਹੋਣ ਤੋਂ ਡਰਦਿਆਂ ਤੀਹ ਲੱਖ ਰੁਪਏ ਦੇ ਕੇ ਕੇਸ ਵਿਚੋਂ ਬਿਆਨ ਮੁਕਰਨ ਲਈ ਦੌਲੀ ਦੇ ਪ੍ਰਵਾਰ ਨੂੰ ਮਨਾ ਲਿਆ ਸੀ। ਗ਼ਰੀਬ ਦੀਆਂ ਤਾਂ ਤੀਹ ਹਜ਼ਾਰ ਰੁਪਏ ਵੇਖ ਕੇ ਅੱਖਾਂ ਫੁੱਲ ਜਾਂਦੀਆਂ ਹਨ, ਇਹ ਤਾਂ ਫਿਰ ਤੀਹ ਲੱਖ ਸਨ। ਹੋਇਆ ਉਸੇ ਤਰ੍ਹਾਂ ਜਿਵੇਂ ਬੱਸ ਦੇ ਮਾਲਕ ਚਾਹੁੰਦੇ ਸਨ। ਕੇਸ ਵਿਚਲੇ ਸਾਰੇ ਮੁਲਜ਼ਮ ਬਰੀ ਹੋ ਗਏ।

ਉਧਰ ਦੌਲੀ ਦੇ ਪ੍ਰਵਾਰ ਨੇ ਚੰਗਾ ਘਰ ਪਾ ਕੇ 7-8 ਕਿੱਲੇ ਆਰਥਕ ਪੱਖੋਂ ਟੁੱਟੇ ਹੋਏ ਕਿਸਾਨਾਂ ਤੋਂ ਗਹਿਣੇ ਲੈ ਲਏ ਸਨ, ਜਿਸ ਨਾਲ ਦੌਲੀ ਦੇ ਪ੍ਰਵਾਰ ਨੂੰ ਚਾਰ ਕੁ ਲੱਖ ਠੇਕਾ ਆਉਣ ਲੱਗ ਪਿਆ ਸੀ। ਹੁਣ ਦੌਲੀ ਦੇ ਪ੍ਰਵਾਰ ਨੂੰ ਰੱਬ ਯਾਦ ਨਹੀਂ ਸੀ। ਅੱਜ ਕੋਲ ਬੈਠੇ ਦੌਲੀ ਦੇ ਲਾਡ ਬਾਡੀਆਂ ਕਰਦੇ ਉਸ ਦੇ ਪੁੱਤਰ ਟੀਟੂ ਨੇ ਕਿਹਾ, ''ਭਾਪਾ ਜੀ ਜੇ ਕਿਤੇ ਛਿੰਦੀ ਵਾਂਗ ਅਪਣੀ ਮਿੰਦੀ ਵੀ ਮਰਜੇ ਤਾਂ ਅਪਣੇ ਕੋਲ 15 ਕਿੱਲੋ ਹੋ ਜਾਣਗੇ।'' ਦੌਲੀ ਨੇ ਗਿੱਚੀ ਖੁਰਕਦਿਆਂ ਨੀਵੀਂ ਜਹੀ ਪਾ ਕੇ ਕਿਹਾ, ''ਸਹੁਰਿਆ ਏਨੇ ਅਪਣੇ ਕਰਮ ਕਿੱਥੇ ਤੇਜ ਨੇ। ਨਾਲੇ ਹਰ ਵਾਰੀ ਲਾਟਰੀ ਨਹੀਂ ਨਿਕਲਦੀ।''   ਪ੍ਰਗਟ ਢਿੱਲੋਂ ਸਮਾਧ ਭਾਈ, ਸੰਪਰਕ: 98553-63234