ਬਨਵਾਸ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਘਰ ਦਾ ਬਾਹਰਲਾ ਗੇਟ ਖੜਕਿਆ ਹੈ। ਜੀਅ ਤਾਂ ਕਰਦਾ ਹੈ, ਪਈ ਰਹਾਂ। ਕੀ ਵੇਖਣਾ ਹੈ ਉਠ ਕੇ? ਹੁਣ ਕਿਸ ਦੀ ਉਡੀਕ ਬਾਕੀ ਹੈ? ਪਰ ਪਿਆਂ ਕਿਹੜਾ ਅੱਖ ਲਗਦੀ ਹੈ। ਨੀਂਦ ਤਾਂ...

Mother love

ਘਰ ਦਾ ਬਾਹਰਲਾ ਗੇਟ ਖੜਕਿਆ ਹੈ। ਜੀਅ ਤਾਂ ਕਰਦਾ ਹੈ, ਪਈ ਰਹਾਂ। ਕੀ ਵੇਖਣਾ ਹੈ ਉਠ ਕੇ? ਹੁਣ ਕਿਸ ਦੀ ਉਡੀਕ ਬਾਕੀ ਹੈ? ਪਰ ਪਿਆਂ ਕਿਹੜਾ ਅੱਖ ਲਗਦੀ ਹੈ। ਨੀਂਦ ਤਾਂ ਪਿਛਲੇ ਚਾਰ ਵਰ੍ਹਿਆਂ ਤੋਂ ਆਈ ਨਹੀਂ। ਜੇ ਕਿਤੇ ਅੱਖਾਂ ਦੇ ਛੱਪਰ ਭਿੜ ਵੀ ਜਾਂਦੇ ਹਨ, ਫਿਰ ਵੀ ਬੁਰੇ ਸੁਪਨੇ ਦਿਸਦੇ ਹਨ। ਕਾਲਜ ਪੜ੍ਹਦੀ ਸੀ ਤਾਂ ਜੋਗਿੰਦਰ ਕੈਰੋਂ ਦਾ ਨਾਵਲ ਪੜ੍ਹਿਆ ਸੀ 'ਨਾਢ ਬਿੰਦ'। ਉਸ ਨਾਵਲ ਦੇ ਪਾਤਰ ਪੁਲਿਸ ਤੋਂ ਬਚਦੇ ਇਕ ਸਾਧ ਦੀ ਸ਼ਰਨ ਲੈਂਦੇ ਹਨ। ਸਾਧ ਉਨ੍ਹਾਂ ਨੂੰ ਲੁਕਾਉਣ ਲਈ ਇਕ ਗੁਫ਼ਾ 'ਚ ਧੱਕ ਕੇ ਗੁਫ਼ਾ ਦੇ ਅੱਗੇ ਵੱਡਾ ਪੱਥਰ ਲਾ ਦਿੰਦਾ ਹੈ।

ਉਹ ਪਾਤਰ ਦਿਨ-ਰਾਤ ਗੁਫ਼ਾ 'ਚ ਤੜਪਣ ਲਗਦੇ ਹਨ। ਉਨ੍ਹਾਂ ਦਾ ਮਨ ਲੋਚਦਾ ਹੈ ਇਕ ਵਾਰੀ ਪੱਥਰ ਹੱਟ ਜਾਵੇ ਤਾਕਿ ਉਹ ਖੁੱਲ੍ਹਾ ਆਕਾਸ਼ ਵੇਖ ਸਕਣ। ਮੇਰੀ ਵੀ ਉਨ੍ਹਾਂ ਪਾਤਰਾਂ ਵਾਲੀ ਹਾਲਤ ਹੈ। ਇਹ ਸਹੁਰਾ ਘਰ ਵੀ ਮੇਰੇ ਲਈ ਅੰਧਕਾਰ ਭਰੀ ਗੁਫ਼ਾ ਵਰਗਾ ਹੈ। ਕਾਲੀ ਰਾਤ ਹੈ, ਬਿਲਕੁਲ ਮੇਰੀ ਜ਼ਿੰਦਗੀ ਵਰਗੀ। ਬਾਹਰ ਹਵਾ ਸ਼ੂਕ ਰਹੀ ਹੈ। ਹਵਾ ਦੇ ਫ਼ਰਾਟਿਆਂ ਮਗਰੋਂ ਬਿਜਲੀ ਗੁੱਲ ਹੋ ਗਈ ਹੈ। ਟਾਂਡ ਉਤੇ ਪਿਆ ਦੀਵਾ ਬਾਲਦੀ ਹਾਂ। ਦੀਵੇ ਦੀ ਲੋਅ 'ਚ ਅਪਣੇ ਚਾਰ ਵਰ੍ਹਿਆਂ ਦੇ ਪੁੱਤਰ ਕਾਕੂ ਦੇ ਮਾਸੂਮ ਚਿਹਰੇ ਵਲ ਵੇਖਦੀ ਹਾਂ। ਕਾਕੂ ਬੇਖ਼ਬਰ ਸੁੱਤਾ ਪਿਆ ਹੈ।

ਇਕ ਮੈਂ ਹੀ ਹਾਂ ਜੋ ਤੂੰਬਾ-ਤੂੰਬਾ ਉੱਡ ਰਹੀ ਹਾਂ। ਬਰਫ਼ ਵਾਂਗ ਪਿਘਲ ਰਹੀ ਹਾਂ। ਕਾਲਜ ਵੇਲੇ ਦੀ ਪੜ੍ਹੀ ਅੰਗਰੇਜ਼ੀ ਦੀ ਇਕ ਕਵਿਤਾ ਮੈਨੂੰ ਹਾਲੇ ਵੀ ਯਾਦ ਹੈ, ਜਿਸ ਅੰਦਰ ਦੀਵਾ ਸੂਰਜ ਨੂੰ ਆਖਦਾ ਹੈ ਕਿ ਤੇਰੇ ਦੁਬਾਰਾ ਪਰਤਣ ਤਕ ਮੈਂ ਕਾਲੀ ਰਾਤ ਨਾਲ ਲੜਾਂਗਾ, ਲੋਅ ਬਿਖੇਰਨ ਲਈ ਤਾਣ ਲਾਵਾਂਗਾ। ਪਰ ਮੇਰੇ ਲਈ ਤਾਂ ਕਿਸੇ ਸੂਰਜ ਨੇ ਪਰਤ ਕੇ ਨਹੀਂ ਆਉਣਾ। ਮਨ ਘਾਟੀਏ ਉਤਰ ਜਾਂਦਾ ਹੈ। ਚਾਰ ਵਰ੍ਹੇ ਪਹਿਲਾਂ ਜੇ ਕਾਕੂ ਮੇਰੀ ਕੁੱਖ 'ਚ ਨਾ ਆਇਆ ਹੁੰਦਾ ਤਾਂ ਮੈਂ ਇਹ ਸਹੁਰਾ ਘਰ ਛੱਡ ਦੇਣਾ ਸੀ। ਕਾਕੂ ਮੇਰੀਆਂ ਲੱਤਾਂ ਨੂੰ ਜੱਫੜੀ ਪਾ ਕੇ ਬਹਿ ਗਿਆ।

ਉਸ ਦਿਨ ਮਗਰੋਂ ਇਹੀ ਤਣਾਅ ਭੋਗ ਰਹੀ ਹਾਂ ਕਿ ਜਿਹੜਾ ਫ਼ੈਸਲਾ ਮੈਂ ਅਧਮੰਨੇ ਜੀਅ ਨਾਲ ਸਵੀਕਾਰ ਕੀਤਾ ਹੈ, ਇਸ ਦਾ ਅੰਤ ਕਿੰਨਾ ਭਿਆਨਕ ਹੋਵੇਗਾ। ਦਿਨ-ਰਾਤ ਇਹੀ ਸੋਚਦਿਆਂ ਲੰਘਦੇ ਨੇ। ਹੁਣ ਤਾਂ ਕਈ ਵਾਰ ਅਪਣਾ-ਆਪ ਬੜਾ ਨਿਮਾਣਾ ਲਗਦਾ ਹੈ। ਤ੍ਰਿਆ ਜੋਬਨ ਨੂੰ ਗ੍ਰੰਥ ਤੀਹ ਵਰ੍ਹੇ ਮੰਨਦੇ ਹਨ। ਕਿਵੇਂ ਇਕ ਇਕ ਦਿਨ ਤੀਹ ਵਰ੍ਹਿਆਂ ਵਲ ਵਧਦਾ ਹੈ, ਇਹ ਤਾਂ ਮੈਂ ਹੀ ਜਾਣਦੀ ਹਾਂ। (ਸੁਖਦੇਵ ਸਿੰਘ ਮਾਨ)  ਸੰਪਰਕ : 94170-59142