ਕਵਿਤਾ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸੱਤੇ ਖੈਰਾਂ ਮੰਗਣ ਵਾਲਾ ਪ੍ਰੋ. ਗੁਰਭਜਨ ਗਿੱਲ
ਪ੍ਰੋ. ਗੁਰਭਜਨ ਗਿੱਲ ਦਾ ਪੰਜਾਬੀ ਸਾਹਿਤ ਦੇ ਵਿਸ਼ਾਲ ਵਿਹੜੇ ਅੰਦਰ ਬਹੁਤ ਹੀ ਸਤਿਕਾਰਤ ਅਤੇ ਉੱਚਾ ਸਥਾਨ ਹੈ
ਸ਼੍ਰੋਮਣੀ ਕਵੀ ਪ੍ਰੋ. ਗੁਰਭਜਨ ਗਿੱਲ ਦਾ ਪੰਜਾਬੀ ਸਾਹਿਤ ਦੇ ਵਿਸ਼ਾਲ ਵਿਹੜੇ ਅੰਦਰ ਬਹੁਤ ਹੀ ਸਤਿਕਾਰਤ ਅਤੇ ਉੱਚਾ ਸਥਾਨ ਹੈ। ਕਵਿਤਾ ਦੀਆਂ ਵੱਖ ਵੱਖ ਵਿਧਾਵਾਂ 'ਤੇ ਪਹਿਲਵਾਨੀ ਪਕੜ ਰੱਖਣ ਵਾਲੇ ਇਸ ਅਲਬੇਲੇ ਸ਼ਾਇਰ ਦੀ ਹਰ ਸਾਹਿਤਕ ਸਿਰਜਣਾ ਵਿਚ ਪੰਜਾਂ ਦਰਿਆਵਾਂ ਦੇ ਵਗਦੇ ਪਾਣੀਆਂ ਜਿਹੀ ਰਵਾਨਗੀ ਹੈ ਅਤੇ ਉਸ ਦੀ ਕਵਿਤਾ ਵਿਚੋਂ ਸਾਡੇ ਵਤਨ ਪੰਜਾਬ ਦੀ ਮਿੱਟੀ ਵਰਗੀ ਸੁੱਚੜੀ ਮਹਿਕ ਆਉਂਦੀ ਹੈ। ਪ੍ਰੋ. ਗੁਰਭਜਨ ਗਿੱਲ ਕਹਿੰਦਾ ਹੈ ਕਿ ਉਸ ਨੂੰ ਅਪਣੇ ਸਿਰਜੇ ਗੀਤ, ਕਵਿਤਾਵਾਂ, ਗ਼ਜ਼ਲਾਂ, ਰੁਬਾਈਆਂ, ਬੈਂਤ ਅਤਿ ਨੇੜਲੇ 'ਤੇ ਨਿੱਘੇ ਰਿਸ਼ਤਿਆਂ ਵਾਂਗਰ ਜਾਪਦੇ ਹਨ।
ਦਿਲਚਸਪ ਗੱਲ ਹੈ ਕਿ ਪੰਜਾਬੀ ਜ਼ੁਬਾਨ ਦੇ ਇਸ ਮਾਣਮੱਤੇ ਕਵੀ ਨੇ ਕਦੇ ਕਵੀ ਬਣਨਾ ਚਾਹਿਆ ਹੀ ਨਹੀਂ ਸੀ। ਉਹ ਤਾਂ ਖਿਡਾਰੀ ਬਣਨਾ ਲੋਚਦਾ ਸੀ। ਦਸਵੀਂ ਤਕ ਉਸ ਨੇ (ਉਸ ਸਮੇਂ ਦੇ ਰੁਝਾਨ ਅਨੁਸਾਰ) ਦੇਸੀ ਪੱਧਰ ਦੀ ਵੇਟ ਲਿਫ਼ਟਿੰਗ ਕੀਤੀ ਅਤੇ ਕਬੱਡੀ ਵੀ ਰੱਜ ਕੇ ਖੇਡੀ। ਪਰ ਕੁਦਰਤ ਨੇ ਉਸ ਦਾ ਦੁਨੀਆਂ ਦੇ ਨਕਸ਼ੇ 'ਤੇ ਲੋਕ-ਦੁਲਾਰੇ ਕਵੀ ਵਜੋਂ ਨਾਂ ਚਮਕਾਉਣਾ ਸੀ। ਸ਼ਾਇਦ ਇਸੇ ਕਰ ਕੇ ਹੀ ਉਹ ਖੇਡਾਂ ਦੀ ਦੁਨੀਆਂ ਛੱਡ, ਸਾਹਿਤਕ ਅਖਾੜੇ ਵਿਚ ਆ ਕੁਦਿਆ। ਅੱਜ ਪ੍ਰੋ. ਗੁਰਭਜਨ ਗਿੱਲ ਦਾ ਨਾਂ ਪੰਜਾਬੀ ਦੇ ਹਰਮਨ ਪਿਆਰੇ, ਸੁਚੱਜੇ ਅਤੇ ਮਹਾਨ ਕਵੀਆਂ ਦੀ ਸ਼੍ਰੇਣੀ ਵਿਚ ਸ਼ੁਮਾਰ ਹੈ।
ਅਪਣੀ ਕਵਿਤਾ ਰਾਹੀਂ ਹਰ ਵੇਲੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸੱਤੇ ਖੈਰਾਂ ਮੰਗਣ ਵਾਲੇ ਪ੍ਰੋ. ਗੁਰਭਜਨ ਗਿੱਲ ਦਾ ਜਨਮ ਪਿਤਾ ਹਰਨਾਮ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ 'ਚ ਪੈਂਦੇ ਨਿੱਕੇ ਜਿਹੇ ਪਿੰਡ ਬਸੰਤ ਕੋਟ ਵਿਖੇ 2 ਮਈ 1953 ਨੂੰ ਹੋਇਆ। ਉਸ ਨੂੰ ਸਾਹਿਤਕ ਗੁੜ੍ਹਤੀ ਅਪਣੇ ਘਰ ਤੋਂ ਹੀ ਮਿਲਣੀ ਸ਼ੁਰੂ ਹੋਈ। ਉਸ ਦੇ ਵੱਡੇ ਭੈਣ-ਭਰਾ ਪੜ੍ਹੇ-ਲਿਖੇ 'ਤੇ ਸਾਹਿਤਕ ਮੱਸ ਰੱਖਣ ਵਾਲੇ ਹੋਣ ਸਦਕਾ ਉਨ੍ਹਾਂ ਦੇ ਘਰ ਉਸਾਰੂ ਸਾਹਿਤਕ ਪੁਸਤਕਾਂ, ਰਸਾਲਿਆਂ ਅਤੇ ਅਖ਼ਬਾਰਾਂ ਦੀ ਅਮਦ ਅਕਸਰ ਹੁੰਦੀ ਰਹਿੰਦੀ ਸੀ।
ਸੰਗਾਊ ਜਿਹੇ ਗੁਰਭਜਨ ਨੇ ਘਰਦਿਆਂ ਤੋਂ ਚੋਰੀ-ਛਿਪੇ ਉਕਤ ਕਿਤਾਬਾਂ ਨੂੰ ਵਾਚਣ ਦੇ ਮੌਕੇ ਲੱਭ ਲੈਣੇ 'ਤੇ ਫਿਰ ਬੜੇ ਸ਼ੌਕ ਨਾਲ ਉਨ੍ਹਾਂ ਨੂੰ ਉਹ ਪੜ੍ਹਿਆ ਕਰਦਾ। ਸਭਿਅਕ ਕਿਤਾਬਾਂ ਰਾਹੀਂ ਚੰਗੇ ਲੇਖਕਾਂ ਦੀਆਂ ਕਥਾ-ਕਹਾਣੀਆਂ, ਜੀਵਨੀਆਂ, ਕਵਿਤਾਵਾਂ 'ਤੇ ਹੋਰ ਸਿੱਖਿਅਤ 'ਤੇ ਦਿਲਚਸਪ ਕਿਰਤਾਂ ਪੜ੍ਹਦਿਆਂ ਬਾਲ ਗੁਰਭਜਨ ਨੂੰ ਇਕ ਅਲੌਕਿਕ ਜਿਹਾ ਵਖਰੇ ਹੀ ਕਿਸਮ ਦਾ ਸੁਆਦ ਆਉਂਦਾ। ਜਿਸ ਦੇ ਸਦਕਾ ਉਸ ਦਾ ਅੱਖਰ ਸਭਿਆਚਾਰ ਨਾਲ ਲਗਾਅ ਗੂੜ੍ਹਾ ਹੁੰਦਾ ਗਿਆ।
ਪ੍ਰੋ. ਗੁਰਭਜਨ ਗਿੱਲ ਅਪਣੀ ਸਾਹਿਤਕ ਸੂਝ ਅਤੇ ਲਿਖਣ ਪ੍ਰਕਿਰਿਆ ਨੂੰ ਨਿਖਾਰਨ ਵਿਚ ਮਾਸਟਰ ਗੁਰਿੰਦਰ ਸਿੰਘ ਗਿੱਲ, ਡਾ. ਐਸ.ਪੀ. ਸਿੰਘ, ਗੁਲਜ਼ਾਰ ਸਿੰਘ ਸੰਧੂ, ਗੁਰਦੇਵ ਰੁਪਾਣਾ, ਨਵਤੇਜ ਪਵਾਧੀ 'ਤੇ ਗੁਰਬਚਨ ਸਿੰਘ ਭੁੱਲਰ ਵਰਗੀਆਂ ਦਾਨਸ਼ਵਰ ਸ਼ਖ਼ਸੀਅਤਾਂ ਦਾ ਵੱਡਾ ਯੋਗਦਾਨ ਮੰਨਦਾ ਹੈ। ਗੁਰਭਜਨ ਗਿੱਲ ਪੰਜਵੀਂ ਤਕ ਅਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਪੜ੍ਹਿਆ ਅਤੇ ਦਸਵੀਂ ਲਾਗਲੇ ਪਿੰਡ ਧਿਆਨਪੁਰ ਦੇ ਸਰਕਾਰੀ ਸਕੂਲ ਤੋਂ ਕਰਨ ਉਪਰੰਤ ਉਸ ਨੇ ਕਾਲਾ ਅਫ਼ਗਾਨਾ ਦੇ ਕਾਲਜ ਤੋਂ ਗਿਆਰਵੀਂ 'ਤੇ ਬਾਰ੍ਹਵੀਂ ਦੀ ਪੜ੍ਹਾਈ ਕੀਤੀ।
ਉਹ ਉਚੇਰੀ ਵਿੱਦਿਆ ਪ੍ਰਾਪਤੀ ਲਈ 1971 ਵਿਚ ਅਪਣੇ ਵੱਡੇ ਭਰਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਕੋਲ ਲੁਧਿਆਣਾ ਵਿਖੇ ਅਜਿਹਾ ਗਿਆ ਕਿ ਉਥੋਂ ਦਾ ਹੀ ਹੋ ਕੇ ਰਹਿ ਗਿਆ। ਇੱਥੇ ਜੀ.ਜੀ.ਐਨ. ਖ਼ਾਲਸਾ ਕਾਲਜ ਤੋਂ ਉਸ ਨੇ ਬੀ.ਏ. ਕੀਤੀ ਅਤੇ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ.ਏ. ਕਰ ਕੇ ਉਸ ਨੇ 1976 ਵਿਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਇਕ ਸਾਲ ਪੜ੍ਹਾਇਆ। ਇਸ ਤੋਂ ਬਾਅਦ ਪ੍ਰੋ. ਗੁਰਭਜਨ ਗਿੱਲ ਨੇ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿਖੇ 1977 ਤੋਂ 1983 ਦੇ ਸਮੇਂ ਲਗਭਗ ਸਾਢੇ ਛੇ ਸਾਲ ਤਕ ਅਧਿਆਪਨ ਕੀਤਾ।
ਅਪ੍ਰੈਲ 1983 'ਚ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਿਖੇ ਬਤੌਰ ਸੀਨੀਅਰ ਸੰਪਾਦਕ (ਪੰਜਾਬੀ) ਵਜੋਂ ਸੇਵਾਵਾਂ ਅਰੰਭ ਕੀਤੀਆਂ। ਇੱਥੇ ਲਗਾਤਾਰ ਤੀਹ ਸਾਲ ਬੇਦਾਗ ਨੌਕਰੀ ਕਰਦਿਆਂ ਮਈ 2013 'ਚ ਉਹ ਸੇਵਾਮੁਕਤ ਹੋਇਆ। ਇਸ ਤੋਂ ਬਾਅਦ ਗੁਰਭਜਨ ਗਿੱਲ ਨੇ ਜ਼ਿਲ੍ਹਾ ਬਠਿੰਡਾ ਦੇ ਜਗਤ ਪ੍ਰਸਿੱਧ ਕਸਬੇ ਸਾਬੋ ਕੀ ਤਲਵੰਡੀ ਦੀ ਗੁਰੂ ਕਾਸ਼ੀ ਯੂਨੀਵਰਸਟੀ ਵਿਚ ਡਾਇਰੈਕਟਰ (ਯੋਜਨਾ ਤੇ ਵਿਕਾਸ) ਵਜੋਂ ਇਕ ਸਾਲ ਜ਼ਿੰਮੇਵਾਰੀਆਂ ਸਾਂਭੀਆਂ।
ਪ੍ਰੋ. ਗੁਰਭਜਨ ਗਿੱਲ ਨੇ ਅਪਣੀ ਪਹਿਲੀ ਕਾਵਿ-ਪੁਸਤਕ 'ਸ਼ੀਸ਼ਾ ਝੂਠ ਬੋਲਦਾ ਹੈ' 1978 'ਚ ਸਾਹਿਤ ਪ੍ਰੇਮੀਆਂ ਦੇ ਸਨਮੁਖ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਉਹ 'ਹਰ੍ਹ ਧੁਖਦਾ ਪਿੰਡ ਮੇਰਾ ਹੈ' ਨਾਮਕ ਦੂਜਾ ਕਾਵਿ ਸੰਗ੍ਰਹਿ 1985 'ਚ ਲੈ ਕੇ ਹਾਜ਼ਰ ਹੋਇਆ।
ਉਪਰੋਕਤ ਸਮੇਤ ਪ੍ਰੋ. ਗੁਰਭਜਨ ਗਿੱਲ ਨੇ ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਗੁਲਨਾਰ, ਮਿਰਗਾਵਲੀ, ਰਾਵੀ, ਸੰਧੂਰਦਾਨੀ, ਧਰਤੀ ਨਾਦ ਅਤੇ ਮਨ ਪ੍ਰਦੇਸੀ ਆਦਿ 16 ਕਾਵਿ ਸੰਗ੍ਰਹਿ 'ਤੇ ਇਕ 'ਕੈਮਰੇ ਦੀ ਅੱਖ ਬੋਲਦੀ' ਵਾਰਤਕ (ਸ਼ਬਦ ਚਿੱਤਰ) ਦੀ ਪੁਸਤਕ ਲਿਖੀ ਹੈ। ਇਸ ਤੋਂ ਇਲਾਵਾ ਉਸ ਨੇ ਪਿੱਪਲ ਪੱਤੀਆਂ, ਮਨ ਦੇ ਬੂਹੇ ਬਾਰੀਆਂ, ਸੁਰਖ ਸਮੁੰਦਰ, ਤਾਰਿਆਂ ਨਾਲ ਗੱਲਾਂ ਕਰਦਿਆਂ ਅਤੇ 'ਦੋ ਹਰਫ਼ ਰਸੀਦੀ' ਨਾਂ ਦੀਆਂ ਪੰਜ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ।
ਪ੍ਰੋ. ਗੁਰਭਜਨ ਗਿੱਲ ਨੂੰ ਜਿੱਥੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ (2010 ਤੋਂ 2014 ਤਕ) ਲਗਾਤਾਰ ਚਾਰ ਸਾਲ ਪ੍ਰਧਾਨ ਬਣਦਿਆਂ ਅਕੈਡਮੀ ਦੀ ਯੋਗ 'ਤੇ ਸਫ਼ਲ ਅਗਵਾਈ ਕਰਦਿਆਂ ਉਸ ਨੂੰ ਬੁਲੰਦੀਆਂ 'ਤੇ ਲਿਜਾਣ ਦਾ ਮਾਣ ਹਾਸਲ ਹੈ ਉਥੇ ਪ੍ਰੋ.ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਅਤੇ ਹੋਰ ਸਭਿਆਚਾਰਕ ਸੰਸਥਾਵਾਂ ਨਾਲ ਜੁੜ ਕੇ ਸਭਿਆਚਾਰਕ ਗਤੀਵਿਧੀਆਂ ਦੀਆਂ ਉੱਚੀਆਂ ਸਿਖਰਾਂ ਛੋਹਣ ਦਾ ਅਦਬੀ ਕਾਰਜ ਵੀ ਉਸ ਦੇ ਹਿੱਸੇ ਆਇਆ ਹੈ। ਕਿਲ੍ਹਾ ਰਾਏਪੁਰ, ਕੋਟਲਾ ਸ਼ਾਹੀਆ 'ਤੇ ਗੁੱਜਰਵਾਲ ਸਮੇਤ ਪੰਜਾਬ ਦੇ ਅਨੇਕਾਂ ਵੱਡੇ-ਛੋਟੇ ਖੇਡ ਮੈਦਾਨਾਂ 'ਚ ਖੇਡਾਂ ਕਰਵਾਉਣ ਹਿਤ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਪ੍ਰੋ. ਗੁਰਭਜਨ ਗਿੱਲ ਦੇ ਲਿਖੇ ਗੀਤ ਵੀ ਪੰਜਾਬ ਦੇ ਨਾਮਵਰ ਗਾਇਕਾਂ ਨੇ ਗਾਏ ਹਨ
ਜਿਨ੍ਹਾਂ 'ਚ ਪ੍ਰਸਿੱਧ ਗਾਇਕ ਰਣਜੀਤ ਬਾਵਾ, ਸ਼ੀਰਾ ਜਸਵੀਰ, ਸਾਬਰਕੋਟੀ, ਸੁਰਿੰਦਰ ਛਿੰਦਾ, ਜਗਮੋਹਨ ਕੌਰ, ਹੰਸ ਰਾਜ ਹੰਸ, ਹਰਭਜਨ ਮਾਨ, ਲਾਭ ਜੰਜੂਆ ਅਤੇ ਹੋਰ ਅਨੇਕਾਂ ਫ਼ਨਕਾਰਾਂ ਦੇ ਨਾਂ ਸ਼ਾਮਲ ਹਨ। ਸਮਾਜ ਦੀ ਸੱਭ ਤੋਂ ਵੱਡੀ ਲਾਹਨਤ ਭਰੂਣ ਹਤਿਆ ਵਿਰੁਧ ਲਿਖੀ ਉਸ ਦੀ ਕਵਿਤਾ 'ਲੋਰੀ' (ਗਾਇਕ ਰਣਜੀਤ ਬਾਵਾ) ਨੇ ਤਾਂ ਗੁਰਭਜਨ ਗਿੱਲ ਦਾ ਸਮਾਜ ਵਿਚ ਹੋਰ ਵੀ ਕੱਦ ਉੱਚਾ ਕੀਤਾ ਹੈ। ਜੇਕਰ ਉਸ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀਏ ਤਾਂ 1975 'ਚ ਕਾਲਜ ਦੀ ਪੜ੍ਹਾਈ ਦੌਰਾਨ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਵਲੋਂ ਉਸ ਨੂੰ 'ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ' ਦਿਤਾ ਗਿਆ।
ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਸਨਮਾਨ ਸੀ। 1979 'ਚ ਉਸ ਨੂੰ ਭਾਈ ਵੀਰ ਸਿੰਘ ਐਵਾਰਡ, 1992 'ਚ ਸ਼ਿਵ ਕੁਮਾਰ ਬਟਾਲਵੀ ਐਵਾਰਡ, 1998 'ਚ ਬਾਵਾ ਬਲਵੰਤ ਐਵਾਰਡ, 2002 'ਚ ਐਸ. ਐਸ. ਮੀਸ਼ਾ ਐਵਾਰਡ, 2003 'ਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ ਅਤੇ ਸਫ਼ਦਰ ਹਾਸ਼ਮੀ ਲਿਟਰੇਰੀ ਐਵਾਰਡ ਦਿਤੇ ਗਏ। ਇਸ ਤੋਂ ਇਲਾਵਾ ਪ੍ਰੋ. ਗੁਰਭਜਨ ਗਿੱਲ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ 2013 ਵਿਚ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਮਿਲਿਆ। ਖ਼ਾਲਸਾ ਕਾਲਜ ਪਟਿਆਲਾ ਵਲੋਂ ਕਰਵਾਈ ਗਈ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਦੌਰਾਨ ਉਸ ਨੂੰ 'ਖਾਲਸਾ ਕਾਲਜ ਗਲੋਬਲ ਪੰਜਾਬੀ ਰਤਨ' ਅਦਬ ਨਾਲ ਨਿਵਾਜਿਆ ਗਿਆ।
ਪ੍ਰੋ. ਗਿੱਲ ਨੂੰ 2018 ਦੇ ਸ਼ੁਰੂ 'ਚ ਪੰਜਾਬੀ ਸਾਹਿਤ ਅਕਦਮੀ ਨੇ ਉਮਰ ਭਰ ਦੀਆਂ ਸੇਵਾਵਾਂ ਬਦਲੇ 'ਫੈਲੋ ਪੁਰਸਕਾਰ' ਨਾਲ ਸਨਮਾਨਿਆ ਗਿਆ ਹੈ ਅਤੇ ਇਸੇ ਵਰ੍ਹੇ ਉਸ ਨੂੰ ਹਰਭਜਨ ਹਲਵਾਰਵੀ ਕਵਿਤਾ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਪ੍ਰੋ. ਗੁਰਭਜਨ ਗਿੱਲ ਦੇ ਮੁਹੱਬਤੀ ਸਨਮਾਨਾਂ ਦੀ ਲੜੀ ਬੇਹੱਦ ਲੰਮੀ ਹੈ। ਪ੍ਰੋ. ਗੁਰਭਜਨ ਗਿੱਲ ਅੱਜ ਕੱਲ੍ਹ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਅਪਣੀ ਪਤਨੀ ਜਸਵਿੰਦਰ ਗਿੱਲ, ਬੇਟੇ ਪੁਨੀਤਪਾਲ, ਨੂੰਹ ਰਵਨੀਤ 'ਤੇ ਪੋਤਰੀ ਆਸ਼ੀਸ਼ ਨਾਲ ਸੁਖਦ ਜੀਵਨ ਬਸਰ ਕਰ ਰਿਹਾ ਹੈ।
-ਯਸ਼ ਪੱਤੋ, ਸੰਪਰਕ : 97000-55059