ਪੰਜਾਬ ਸਰਕਾਰ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਖੇਡ ਕੈਲੰਡਰ ਜਾਰੀ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

20 ਜੁਲਾਈ ਤੋਂ ਸਾਰੇ ਜ਼ਿਲ੍ਹਿਆਂ 'ਚ ਖੇਡ ਮੁਕਾਬਲੇ ਕਰਵਾਏ ਜਾਣਗੇ

Sports Minister Rana Gurmit Singh Sodhi unveils Sports Calendar

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਇਸ ਸਾਲ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹੋਰ ਯਾਦਗਾਰੀ ਬਣਾਉਣ ਅਤੇ ਸਿਹਤਮੰਦ ਪੰਜਾਬ ਸਿਰਜਣ ਦੇ ਉਦੇਸ਼ ਨਾਲ ਖੇਡ ਵਿਭਾਗ ਵੱਲੋਂ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਇਥੇ ਖੇਡ ਕੈਲੰਡਰ ਜਾਰੀ ਕੀਤਾ ਗਿਆ।

ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਲੀਕੇ ਖੇਡ ਪ੍ਰੋਗਰਾਮ ਵਿਚ ਹਰ ਖੇਡ ਦੀਆਂ ਜ਼ਿਲਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤਕ ਖੇਡਾਂ, ਸਾਈਕਲ ਰੈਲੀ ਅਤੇ ਕੌਮਾਂਤਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲ੍ਹਿਆਂ 'ਚ ਮੁੰਡਿਆਂ ਤੇ ਕੁੜੀਆਂ ਦੀਆਂ ਅੰਡਰ-14 ਜ਼ਿਲਾ ਖੇਡਾਂ ਤੋਂ ਹੋ ਜਾਵੇਗੀ ਜਿਹੜੀਆਂ 30 ਜੁਲਾਈ ਤਕ ਚਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਸਿਖਰ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਸਰਕਲ ਸਟਾਈਲ ਕਬੱਡੀ ਦੇ ਕੌਮਾਂਤਰੀ ਕਬੱਡੀ ਕੱਪ ਨਾਲ ਹੋਵੇਗਾ।

ਖੇਡ ਮੰਤਰੀ ਨੇ ਖੇਡ ਕੈਲੰਡਰ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ 1 ਤੋਂ 20 ਅਗਸਤ ਤਕ ਸਾਰੇ ਜ਼ਿਲ੍ਹਿਆਂ 'ਚ ਅੰਡਰ-18 ਜ਼ਿਲਾ ਖੇਡਾਂ, 11 ਤੋਂ 20 ਅਗਸਤ ਤਕ ਸਾਰੇ ਜ਼ਿਲ੍ਹਿਆਂ 'ਚ ਅੰਡਰ-25 ਜ਼ਿਲ੍ਹਾ ਖੇਡਾਂ, 21 ਤੋਂ 23 ਅਗਸਤ ਤਕ ਲੁਧਿਆਣਾ ਵਿਖੇ ਅੰਡਰ 14 ਪੰਜਾਬ ਰਾਜ ਖੇਡਾਂ (ਮੁੰਡੇ),  2 ਤੋਂ 4 ਸਤੰਬਰ ਤਕ ਰੂਪਨਗਰ ਵਿਖੇ ਅੰਡਰ-14 ਪੰਜਾਬ ਰਾਜ ਖੇਡਾਂ (ਕੁੜੀਆਂ), 11 ਤੋਂ 13 ਸਤੰਬਰ ਤਕ ਫ਼ਿਰੋਜ਼ਪੁਰ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਮੰਡੇ), 12 ਤੋਂ 16 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪਧਰੀ ਕਬੱਡੀ ਚੈਂਪੀਅਨਸ਼ਿਪ (ਮੁੰਡੇ) ਕਰਵਾਈ ਜਾਵੇਗੀ।

19 ਤੋਂ 23 ਅਕਤੂਬਰ ਤਕ ਤਰਨਤਾਰਨ ਵਿਖੇ ਅੰਡਰ 14, 17 ਤੇ 25 ਵਰਗ ਦੀ ਰਾਜ ਪਧਰੀ ਕਬੱਡੀ ਚੈਂਪੀਅਨਸ਼ਿਪ (ਕੁੜੀਆਂ), 6 ਤੋਂ 8 ਨਵੰਬਰ ਤਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਡਰ-18 ਪੰਜਾਬ ਰਾਜ ਖੇਡਾਂ (ਕੁੜੀਆਂ), 21 ਤੋਂ 23 ਨਵੰਬਰ ਤਕ ਪਟਿਆਲਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਮੰਡੇ), 28 ਤੋਂ 30 ਨਵੰਬਰ ਤਕ ਮਾਨਸਾ ਵਿਖੇ ਅੰਡਰ-25 ਪੰਜਾਬ ਰਾਜ ਖੇਡਾਂ (ਕੁੜੀਆਂ) ਕਰਵਾਈਆਂ ਜਾਣਗੀਆਂ। ਜਲਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਤ ਵਾਲੀਬਾਲ ਦਾ ਫ਼ੈਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤਕ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।