ਪਰਾਲੀ ਦੇ ਧੂੰਏਂ ਨਾਲ ਜੁੜੀ ਇਕ ਕੌੜੀ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਦੋਂ ਪੰਜਾਬ ਵਿਚ ਕਣਕ ਦੀ ਫ਼ਸਲ ਬੀਜਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੇਰੀ ਇਕ ਕੌੜੀ ਯਾਦ ਮੁੜ ਤਰੋ ਤਾਜ਼ਾ ਹੋ ਜਾਂਦੀ ਹੈ...

Straw burning

ਜਦੋਂ ਪੰਜਾਬ ਵਿਚ ਕਣਕ ਦੀ ਫ਼ਸਲ ਬੀਜਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਮੇਰੀ ਇਕ ਕੌੜੀ ਯਾਦ ਮੁੜ ਤਰੋ ਤਾਜ਼ਾ ਹੋ ਜਾਂਦੀ ਹੈ। ਇਹ ਗੱਲ ਸਾਲ 2009 ਦੀ ਹੈ, ਜਦੋਂ ਮੇਰੇ ਵਿਆਹ ਹੋਏ ਨੂੰ ਹਾਲੇ 5 ਮਹੀਨੇ ਦਾ ਸਮਾਂ ਹੀ ਹੋਇਆ ਸੀ। 8 ਨਵੰਬਰ 2009 ਨੂੰ ਮੈਂ ਅਪਣੇ ਸਹੁਰੇ ਪਿੰਡ ਸੁਖਾਨੰਦ (ਮੋਗਾ) ਵਿਖੇ ਰਾਤ ਰਹਿਣ ਲਈ ਗਿਆ ਹੋਇਆ ਸੀ। ਅਗਲੇ ਦਿਨ 9 ਨਵੰਬਰ ਦੀ ਸਵੇਰ ਹੋਣ ਸਾਰ ਹੀ ਨਾਲ ਦੇ ਪਿੰਡ ਭਗਤਾ ਭਾਈ ਤੋਂ ਮੇਰੀ ਭੂਆ ਜੀ ਦਾ ਮੈਨੂੰ ਫ਼ੋਨ ਆਇਆ ਕਿ ਰਾਜੇ ਸਾਡੀ ਬੇਬੇ (ਭੂਆ ਜੀ ਦੀ ਸੱਸ) ਦੀ ਅਚਨਚੇਤ ਤਬੀਅਤ ਖ਼ਰਾਬ ਹੋ ਗਈ ਹੈ। ਇਸ ਕਰ ਕੇ ਤੂੰ ਜਲਦੀ ਗੱਡੀ ਲੈ ਕੇ ਆ, ਆਪਾਂ ਉਸ ਨੂੰ ਮੋਗੇ ਲੈ ਕੇ ਜਾਣਾ ਹੈ। 

ਜਲਦੀ-ਜਲਦੀ ਥੋੜੇ ਸਮੇਂ ਵਿਚ ਹੀ ਮੈਂ ਭੂਆ ਜੀ ਦੇ ਘਰ ਪਹੁੰਚ ਗਿਆ। ਪਿੰਡ ਵਾਲੇ ਉਨ੍ਹਾਂ ਦੇ ਫ਼ੈਮਲੀ ਡਾਕਟਰ ਦੁਆਰਾ ਦਿਤੀ ਦਿਵਾਈ ਨਾਲ ਬੇਬੇ ਕੁੱਝ ਠੀਕ ਹੋ ਗਈ ਲਗਦੀ ਸੀ ਪਰ ਫੁੱਫੜ ਜੀ ਨੇ ਕਿਹਾ ਕਿ ਆਪਾਂ ਇਕ ਵਾਰ ਮੋਗਾ ਕਿਸੇ ਚੰਗੇ ਡਾਕਟਰ ਤੇ ਬੇਬੇ ਦਾ ਚੈਕਅਪ ਕਰਵਾ ਆਉਂਦਾ ਹਾਂ। ਬੇਬੇ ਨੂੰ ਅਸੀ ਕੁੱਝ ਸਹਾਰਾ ਦਿਤਾ ਤੇ ਉਹ ਖ਼ੁਦ ਤੁਰ ਕੇ ਗੱਡੀ ਦੀ ਪਿਛਲੀ ਸੀਟ ਉਪਰ ਬੈਠ ਗਈ। ਫੁੱਫੜ ਜੀ ਅਗਲੀ ਸੀਟ ਉਪਰ ਬੈਠ ਗਏ ਤੇ ਮੈਂ ਗੱਡੀ ਚਲਾਉਣੀ ਸ਼ੁਰੂ ਕਰ ਦਿਤੀ। ਰਾਹ ਵਿਚ ਸਫ਼ਰ ਦੌਰਾਨ ਜਦ ਅਸੀ ਪਿੰਡ ਕੋਟਲਾ ਰਾਏ ਕਾ ਕੋਲ ਪਹੁੰਚੇ ਤਾਂ ਸੜਕ ਦੇ ਸੱਜੇ ਪਾਸੇ ਤਕਰੀਬਨ ਇਕ ਕਿੱਲੇ ਵਿਚ ਇਕ ਕਿਸਾਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸ ਦਾ ਥੋੜਾ-ਬਹੁਤਾ ਧੂੰਆ ਸੜਕ ਵਲ ਅਤੇ ਜ਼ਿਆਦਾ ਧੂੰਆ ਅਸਮਾਨ ਵਲ ਜਾ ਰਿਹਾ ਸੀ। 

ਚਲਦੇ-ਚਲਦੇ ਜਦ ਅਸੀ ਇਸ ਪਰਾਲੀ ਦੀ ਅੱਗ ਵਾਲੇ ਖੇਤ ਕੋਲੋਂ ਦੀ ਲੰਘਣ ਲਗੇ ਤਾਂ ਅਚਾਨਕ ਹਵਾ ਦਾ ਅਜਿਹਾ ਬੁੱਲ੍ਹਾ ਆਇਆ ਕਿ ਸਾਰੀ ਸੜਕ ਉਤੇ ਧੂੰਆਂ ਹੀ ਧੂੰਆਂ ਹੋ ਗਿਆ ਤੇ ਸਾਨੂੰ ਅੱਗੇ ਕੁੱਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਧੂੰਏਂ ਤੋਂ ਬਚਣ ਲਈ ਅਸੀ ਅਪਣੀ ਗੱਡੀ ਦੇ ਸ਼ੀਸ਼ੇ ਉਪਰ ਕਰ ਕੇ ਲਾਈਟਾਂ ਜਗਾਈਆਂ ਤੇ ਲਗਾਤਾਰ ਹਾਰਨ ਵਜਾਉਂਦੇ ਹੋਏ ਹੌਲੀ-ਹੌਲੀ ਸੜਕ ਦੇ ਖੱਬੇ-ਖੱਬੇ ਗੱਡੀ ਤੋਰਨੀ ਸ਼ੁਰੂ ਕਰ ਦਿਤੀ। ਸਾਡੀ ਗੱਡੀ ਧੂੰਏਂ ਵਿਚ ਮਸਾਂ ਅਜੇ 40-50 ਫ਼ੁੱਟ ਹੀ ਲੰਘੀ ਕਿ ਅੱਗੋਂ ਇਕ ਭੱਠੇ ਵਾਲੀਆਂ ਕੱਚੀਆਂ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਆ ਰਹੀ ਸੀ। ਉਸ ਟਰੈਕਟਰ ਨੂੰ ਚਲਾਉਣ ਵਾਲੇ ਡਰਾਈਵਰ ਦੀਆਂ ਅੱਖਾਂ ਵਿਚ ਧੂੰਆਂ ਪੈਣ ਕਾਰਨ ਉਸ ਨੇ ਛੇਤੀ-ਛੇਤੀ ਧੂੰਏਂ ਵਾਲੀ ਥਾਂ ਤੋਂ ਨਿਕਲਣ ਲਈ ਟਰੈਕਟਰ ਦੀ ਰਫ਼ਤਾਰ ਵਧਾ ਦਿਤੀ।

ਧੂੰਏਂ ਵਿਚ ਉਸ ਦਾ ਟਰੈਕਟਰ ਖੱਬੇ ਦੀ ਬਜਾਏ ਸੱਜੇ ਪਾਸੇ ਹੁੰਦਾ ਹੋਇਆ, ਸਾਡੀ ਗੱਡੀ ਨਾਲ ਟਕਰਾ ਕੇ, ਸੜਕ ਨਾਲ ਬਣੇ ਡੂੰਘੇ ਥਾਂ ਵਿਚ ਚਲਾ ਗਿਆ। ਗੱਡੀ ਨਾਲ ਟਰੈਕਟਰ ਦੀ ਜ਼ਬਰਦਸਤ ਟੱਕਰ ਵੱਜਣ ਨਾਲ ਮੇਰਾ ਤੇ ਫੁੱਫੜ ਜੀ ਦਾ ਮੱਥਾ ਸ਼ੀਸ਼ੇ ਨਾਲ ਜਾ ਟਕਰਾਇਆ। ਅਸੀ ਦੋਵੇਂ ਲਹੂ ਲੁਹਾਨ ਹੋ ਗਏ। ਸਾਡੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾ ਚੂਰ ਹੋ ਗਿਆ। ਧੂੰਏਂ ਵਿਚ ਕੋਈ ਹੋਰ ਵਹੀਕਲ ਸਾਡੀ ਗੱਡੀ ਵਿਚ ਟੱਕਰ ਨਾ ਮਾਰ ਦੇਵੇ, ਇਸ ਲਈ ਅਸੀ ਹੌਲੀ-ਹੌਲੀ ਗੱਡੀ ਵਿਚੋਂ ਬੇਬੇ ਜੀ ਨੂੰ ਬਾਹਰ ਕੱਢ ਕੇ ਸੜਕ ਤੋਂ ਥੋੜੀ ਦੂਰ ਕੱਚੇ ਪਾਸੇ ਬੈਠ ਗਏ। ਘਬਰਾਏ ਹੋਇਆਂ ਤੋਂ ਸਾਥੋਂ ਕਿਸੇ ਕਰੀਬੀ ਨੂੰ ਫ਼ੋਨ ਵੀ ਨਹੀਂ ਲੱਗ ਰਿਹਾ ਸੀ।

ਧੂੰਏਂ ਨਾਲ ਸਾਡਾ ਤੇ ਬੇਬੇ ਦਾ ਬੁਰਾ ਹਾਲ ਹੋ ਰਿਹਾ ਸੀ। ਫਿਰ ਕੁੱਝ ਮਿੰਟਾਂ ਬਾਅਦ ਜਦ ਧੂਆਂ ਥੋੜਾ ਘਟਿਆ ਤਾਂ ਸਾਡੀ ਟੁੱਟੀ ਹੋਈ ਗੱਡੀ ਤੇ ਅਸੀ ਨਾਲ ਲਗਦੇ ਖੇਤਾਂ ਵਿਚ ਝੋਨਾ ਵੱਢ ਰਹੇ ਕਿਸਾਨਾਂ ਦੇ ਨਜ਼ਰੀਂ ਪਏ ਤਾਂ ਉਨ੍ਹਾਂ ਨੇ ਭੱਜ ਕੇ ਸਾਡੀ ਮਦਦ ਕੀਤੀ ਤੇ ਸਾਨੂੰ ਚੁੱਕ ਕੇ ਧੂੰਏ ਦੀ ਮਾਰ ਤੋਂ ਦੂਰ ਲੈ ਗਏ। ਫਿਰ ਕਿਤੇ ਜਾ ਕੇ ਅਸੀ ਉਥੋਂ ਨੇੜਲੇ ਪਿੰਡ ਸਮਾਧ ਭਾਈ, ਅਪਣੇ ਇਕ ਰਿਸ਼ਤੇਦਾਰ ਨੂੰ ਫ਼ੋਨ ਕਰ ਕੇ ਉਸ ਹਾਦਸੇ ਬਾਰੇ ਦਸਿਆ। ਉਹ ਰਿਸ਼ਤੇਦਾਰ ਸਾਨੂੰ ਕੁੱਝ ਸਮੇਂ ਵਿਚ ਹੀ ਅਪਣੀ ਗੱਡੀ ਵਿਚ ਬਿਠਾ ਕੇ ਮੋਗੇ ਲੈ ਗਿਆ ਜਿਥੇ ਸਾਨੂੰ ਬੇਬੇ ਨਾਲ ਖ਼ੁਦ ਵੀ ਦੋ ਦਿਨ ਹਸਪਤਾਲ ਵਿਚ ਦਾਖਲ ਰਹਿਣਾ ਪਿਆ।

ਇਸ ਵਾਪਰੀ ਦਿਲ ਕੰਬਾਊ ਘਟਨਾ ਵਿਚ ਭਾਵੇਂ ਸਾਡੀ ਜਾਨ ਤਾਂ ਬੱਚ ਗਈ ਪਰ ਇਸ ਘਟਨਾ ਨੂੰ ਯਾਦ ਕਰ ਕੇ ਅੱਜ ਵੀ ਮੇਰੇ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਸੋ ਮੈਂ ਅਪਣੇ ਇਸ ਲੇਖ ਰਾਹੀਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਜਿਨ੍ਹਾਂ ਦੇ ਖੇਤ ਸੜਕਾਂ ਦੇ ਬਿਲਕੁਲ ਨੇੜੇ ਲਗਦੇ ਹਨ ਕਿ ਉਹ ਅਪਣੇ ਖੇਤਾਂ ਵਿਚ ਪਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ, ਉਸ ਦਾ ਕੋਈ ਹੋਰ ਠੋਸ ਹੱਲ ਲਭਿਆ ਜਾਵੇ ਤਾਕਿ ਉਥੋਂ ਨਿਕਲਦੇ ਰਾਹਗੀਰ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ। 
- ਰਾਜਾ ਗਿੱਲ 'ਚੜਿੱਕ'   ਸੰਪਰਕ : 94654-11585