ਅਲੋਪ ਹੋ ਗਿਆ ਉਹ ਪੰਜਾਬੀ ਸਭਿਆਚਾਰ, ਹਮਦਰਦੀ, ਸਾਦਗੀ ਤੇ ਪਿਆਰ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸਾਡੀ ਬੇਬੇ ਦਸਿਆ ਕਰਦੀ ਸੀ ਕਿ ਉਹਨੀਂ ਦਿਨੀਂ ਕੁੜੀਆਂ ਦੇ ਕੱਤਣ ਨੂੰ ਬੜਾ ਮਹੱਤਵ ਦਿਤਾ ਜਾਂਦਾ ਸੀ

Village Life

ਸਾਡੀ ਬੇਬੇ ਦਸਿਆ ਕਰਦੀ ਸੀ ਕਿ ਉਹਨੀਂ ਦਿਨੀਂ ਕੁੜੀਆਂ ਦੇ ਕੱਤਣ ਨੂੰ ਬੜਾ ਮਹੱਤਵ ਦਿਤਾ ਜਾਂਦਾ ਸੀ। ਸਰਦੀਆਂ ਵਿਚ ਆਂਢ-ਗੁਆਂਢ ਦੀਆਂ ਕੁੜੀਆਂ-ਕਤਰੀਆਂ ਰਾਤ ਨੂੰ ਰੋਟੀ ਟੁੱਕ ਖਾ ਮੁਕਾ ਕੇ ਕਿਸੇ ਇਕ ਦੇ ਘਰ ਛੋਪ (ਤ੍ਰਿੰਝਣ) ਪਾਉਂਦੀਆਂ ਜਿਥੇ ਅੱਧੀ ਰਾਤ ਤਕ ਚਰਖੇ ਕੱਤੀ ਜਾਂਦੀਆਂ। ਜਿਸ ਘਰ ਛੋਪ ਪਾਉਂਦੀਆਂ, ਉਥੇ ਹੀ ਰਾਤ ਨੂੰ ਸੋ ਜਾਂਦੀਆਂ ਸਨ। ਕਿੰਨਾ ਹੀ ਪਿਆਰ ਅਤੇ ਸੁਹਿਦਰਤਾ ਵਾਲਾ ਮਾਹੌਲ ਹੁੰਦਾ ਸੀ, ਉਨ੍ਹਾਂ ਕੁੜੀਆਂ-ਚਿੜੀਆਂ ਦਾ। ਘਰ ਦਾ ਸੂਤ ਕੱਤ ਕੇ ਕਈ ਕੁੜੀਆਂ ਰਲ ਕੇ ਤਾਣਾ ਤਣਦੀਆਂ, ਪਾਣ ਲਾਉਂਦੀਆਂ ਅਤੇ ਕੁੰਭਲਾਂ ਰਾਹੀਂ ਖੱਦਰ ਬੁਣ ਕੇ ਖੇਸ ਅਤੇ ਦੋੜੇ ਬਣਾ ਲੈਂਦੀਆਂ ਸਨ।

ਸੂਈ ਧਾਗੇ ਨਾਲ ਚਾਦਰਾਂ, ਸਰਹਾਣੇ ਅਤੇ ਫੁਲਕਾਰੀਆਂ ਕਢਦੀਆਂ ਅਤੇ ਦਰੀਆਂ ਪੱਖੀਆਂ ਅਤੇ ਨਾਲੇ ਬੁਣਦੀਆਂ ਸਨ। ਧੀ ਦੇ ਵਿਆਹ ਤੋਂ ਪਹਿਲਾਂ ਇਨ੍ਹਾਂ ਵਸਤਾਂ ਅਤੇ ਦਾਜ ਵਾਲੀ ਪੇਟੀ ਭਰ ਦਿਤੀ ਜਾਂਦੀ ਸੀ। ਲੜਕੀ ਦੇ ਵਿਆਹ ਮੌਕੇ ਉਸ ਵਲੋਂ ਪਹਿਨੇ ਜਾਂਦੇ ਗਹਿਣਿਆਂ ਵਿਚ ਸੱਗੀ ਫੁੱਲ ਅਤੇ ਪਿੱਪਲ ਪੱਤੀਆਂ ਪ੍ਰਮੁੱਖ ਸਨ ਜੋ ਅੱਜ ਵੀ ਯਾਦ ਕੀਤੇ ਜਾਂਦੇ ਹਨ। ਲੜਕੀ ਸਹੁਰੇ ਘਰ ਜਾ ਕੇ ਘਗਰਾ ਪਹਿਨਦੀ ਅਤੇ ਵੱਡੇ ਥਾਂ ਲਗਦੇ ਸਹੁਰੇ ਜਾਂ ਜੇਠ ਤੋਂ ਘੁੰਢ ਕਢਦੀ ਸੀ। ਸਹੁਰਾ ਅਤੇ ਜੇਠ ਵੀ ਬਾਹਰੋਂ ਘਰ ਅੰਦਰ ਆਉਣ ਵੇਲੇ ਖੰਗੂਰਾ ਮਾਰ ਕੇ ਅੰਦਰ ਵੜਦੇ ਤਾਕਿ ਅੰਦਰ ਬੈਠੀਆਂ ਔਰਤਾਂ ਸੁਚੇਤ ਹੋ ਜਾਣ।

ਅੱਖ ਦੀ ਸ਼ਰਮ ਮੰਨੀ ਜਾਂਦੀ ਅਤੇ ਵੱਡਿਆਂ ਦੀ ਇੱਜ਼ਤ ਕੀਤੀ ਜਾਂਦੀ ਸੀ। ਬਜ਼ੁਰਗਾਂ ਦੇ ਦੱਸਣ ਮੁਤਾਬਕ ਉਦੋਂ ਲੋਕਾਂ ਦਾ ਮਨੋਰੰਜਨ ਧਾਰਮਕ ਰੀਤੀ-ਰਿਵਾਜਾਂ ਜਾਂ ਰੁੱਤਾਂ ਅਨੁਸਾਰ ਲਗਦੇ ਮੇਲਿਆਂ ਰਾਹੀਂ ਹੁੰਦਾ ਸੀ ਜਿਥੇ ਲੋਕ ਸੁਖਣਾ ਸੁਖਦੇ, ਮਿੱਟੀ ਕਢਦੇ ਅਤੇ ਪ੍ਰਵਾਰਾਂ ਸਮੇਤ ਨਵੇਂ ਕਪੜੇ ਪਾ ਕੇ ਅਤੇ ਪੱਗਾਂ ਨੂੰ ਲਲਾਰੀ ਤੋਂ ਮਾਵਾ-ਵਰਕ ਲਗਵਾ ਕੇ, ਮੇਲਾ ਵੇਖਣ ਜਾਂਦੇ ਸਨ। ਮੱਲਾਂ ਦੇ ਘੋਲ, ਗਭਰੂਆਂ ਦੀ ਕਬੱਡੀ ਅਤੇ ਭੰਗੜਾ ਵੇਖ ਕੇ ਆਨੰਦ ਮਾਣਦੇ। ਕਿਸੇ ਪਾਸੇ ਕਵੀਸ਼ਰਾਂ ਅਤੇ ਢਾਡੀਆਂ ਪਾਸੋਂ ਪ੍ਰਸੰਗ ਸੁਣੇ ਜਾਂਦੇ। ਜਲੇਬੀਆਂ ਅਤੇ ਕਰਾਰੇ ਪਕੌੜੇ ਖਾਣ ਦਾ ਲੁਤਫ਼ ਲੈਂਦੇ। ਬੱਚੇ ਚੱਕਰ-ਝੂੰਢਿਆਂ ਤੇ ਝੂਟੇ ਲੈ ਕੇ ਖ਼ੁਸ਼ ਹੁੰਦੇ ਸਨ।

ਜਦ ਕਦੇ ਅੱਠ-ਦਸ ਮੀਲ ਦੇ ਫ਼ਾਸਲੇ ਅੰਦਰ ਕਿਸੇ ਗਾਉਣ ਵਾਲੇ ਨੇ ਲਗਣਾ ਹੁੰਦਾ ਤਾਂ ਤੜਕੇ ਹੀ ਪਸ਼ੂਆਂ ਲਈ ਕੱਖ-ਕੰਡਾ ਲਿਆਉਂਦੇ ਅਤੇ ਇਕੱਠੇ ਹੋ ਕੇ ਪੈਦਲ ਹੀ ਅਖਾੜਾ ਸੁਣਨ ਜਾਂਦੇ। ਫ਼ਲਾਣੇ ਪਿੰਡ ਸਲਿੰਦਰਾ ਲਗਣੀ ਐ। ਦਸਦੇ ਹਨ ਕਿ ਉਦੋਂ ਬਰਾਤਾਂ ਰੱਥ-ਗੱਡੀਆਂ ਅਤੇ ਊਠ ਘੋੜਿਆਂ 'ਤੇ ਆਉਂਦੀਆਂ ਅਤੇ ਕਈ-ਕਈ ਦਿਨ ਠਹਿਰਦੀਆਂ ਸਨ।

ਬਰਾਤ ਆਉਣ ਤੋਂ ਅਗਲੀ ਸਵੇਰ ਚੜ੍ਹਦੇ ਨੂੰ ਆਨੰਦ ਕਾਰਜ ਦੀ ਰਸਮ ਪੂਰੀ ਕਰ ਦਿਤੀ ਜਾਂਦੀ ਸੀ। ਰਾਤ ਨੂੰ ਜਦ ਬਰਾਤ ਰੋਟੀ ਖਾਣ ਆਉਂਦੀ, ਘਰ ਦੇ ਕੋਠਿਆਂ ਦੇ ਬਨੇਰਿਆਂ 'ਤੇ ਬੈਠੀਆਂ ਔਰਤਾਂ ਵਲੋਂ ਗੀਤ ਗਾ ਕੇ ਜੰਨ (ਜੰਞ) ਬੰਨ੍ਹ ਦਿਤੀ ਜਾਂਦੀ ਸੀ। ਜਦ ਤਕ ਕੋਈ ਜਨੇਤੀ ਬੰਨ੍ਹੀ ਹੋਈ ਜੰਨ ਨਹੀਂ ਸੀ ਛੁਡਾਉਂਦਾ, ਰੋਟੀ ਨਹੀਂ ਸੀ ਖਾਧੀ ਜਾਂਦੀ। (ਚਲਦਾ)