ਅਲੋਪ ਹੋ ਗਿਆ ਉਹ ਪੰਜਾਬੀ ਸਭਿਆਚਾਰ, ਹਮਦਰਦੀ, ਸਾਦਗੀ ਤੇ ਪਿਆਰ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਇਥੇ ਪੰਜਾਬੀ ਸਭਿਆਚਾਰ ਨੂੰ ਸਮਰਪਤ ਕੁੱਝ ਪੁਰਾਣੇ ਗਾਇਕਾਂ ਦਾ ਜ਼ਿਕਰ ਕਰਨਾ ਉਚਿਤ ਹੋਵੇਗਾ.........

Village Life

ਇਥੇ ਪੰਜਾਬੀ ਸਭਿਆਚਾਰ ਨੂੰ ਸਮਰਪਤ ਕੁੱਝ ਪੁਰਾਣੇ ਗਾਇਕਾਂ ਦਾ ਜ਼ਿਕਰ ਕਰਨਾ ਉਚਿਤ ਹੋਵੇਗਾ। ਲਾਲ ਚੰਦ, ਯਮਲਾ ਜੱਟ ਦੀ ਤੂੰਬੀ ਅਤੇ ਆਵਾਜ਼ ਦਾ ਜਾਦੂ ''ਦਸੋ ਮੈਂ ਕੀ ਪਿਆਰ ਵਿਚ ਖਟਿਆ'' ਨੂੰ ਕੌਣ ਭੁੱਲ ਸਕਦਾ ਹੈ? ਅਮਰ ਸਿੰਘ ਸ਼ੌਕੀ ਦੀ ਆਵਾਜ਼ ਅਤੇ ਢੱਡ ਸਾਰੰਗੀ ''ਸਾਹਿਬਾਂ ਵਾਜਾਂ ਮਾਰਦੀ'' ਨੂੰ ਅੱਜ ਵੀ ਪਸੰਦ ਕਰਨ ਵਾਲੇ ਮੌਜੂਦ ਹਨ। ਕਰਨੈਲ ਸਿੰਘ ਪਾਰਸ ਦੇ ਜਥੇ ਦੀ ਗਾਈ ਕਵੀਸ਼ਰੀ ''ਕਿਉਂ ਫੜੀ ਸਿਪਾਹੀਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ'' ਹੁਣ ਵੀ ਬਹੁਤ ਮਕਬੂਲ ਹੈ।

ਇਸੇ ਤਰ੍ਹਾਂ ਸੁਰਿੰਦਰ ਕੌਰ ਦੀ ਕੋਇਲ ਵਰਗੀ ਆਵਾਜ਼, ਨਰਿੰਦਰ ਬੀਬਾ ਅਤੇ ਗੁਰਮੀਤ ਬਾਵਾ ਦੀਆਂ ਉੱਚੀਆਂ ਅਤੇ ਲੰਮੀਆਂ ਹੇਕਾਂ ਨੇ ਅਪਣਾ ਲੋਹਾ ਮਨਵਾਇਆ ਹੈ। ਇਨ੍ਹਾਂ ਗਾਇਕਾਂ/ਗਾਇਕਾਵਾਂ ਪਾਸ ਬਹੁਤੇ ਸਾਜ਼ ਜਾਂ ਢੋਲ ਢਮੱਕੇ ਦਾ ਸ਼ੋਰ ਨਹੀਂ ਸੀ, ਅਪਣੀ ਆਵਾਜ਼ ਦਾ ਜਾਦੂ ਸੀ। ਅਖ਼ੀਰ ਵਿਚ ਇਹ ਕਹਿਣਾ ਵਾਜਬ ਹੋਵੇਗਾ ਕਿ ਅੱਜ ਪੰਜਾਬੀ ਵਿਰਸੇ ਜਾਂ ਸਭਿਆਚਾਰ ਦੇ ਸਰੋਤ ਕੁਕੜਾਂ ਦੀਆਂ ਬਾਂਗਾਂ, ਰਿੜਕਣੇ, ਮਧਾਣੀਆਂ, ਬਲਦ ਤੇ ਹਲ ਪੰਜਾਲੀ, ਖੂਹ ਦੀਆਂ ਰਿੰਡਾਂ, ਊਠ, ਘੋੜੀਆਂ ਅਤੇ ਰੱਥ ਗੱਡੀਆਂ, ਚੱਕੀਆਂ, ਚਰਖੇ, ਘੱਗਰੇ, ਫੁਲਕਾਰੀਆਂ, ਸੱਗੀ ਫੁੱਲ,

ਪਿਪਲ ਪੱਤੀਆਂ ਅਤੇ ਕੋਠੇ, ਜੰਨ ਬੰਨ੍ਹਣੀ ਅਤੇ ਛੁਡਾਉਣੀ, ਤੱਤਾ ਗੁੜ, ਛੋਲੀਆ ਅਤੇ ਹੋਲਾਂ, ਭੱਠੀਆਂ ਅਤੇ ਪੱਖੀਆਂ ਸਾਰੇ ਹੀ ਸਮੇਂ ਦੇ ਗੇੜ ਨਾਲ ਅਲੋਪ ਹੋ ਗਏ ਹਨ। ਇਨ੍ਹਾਂ ਸਰੋਤਾਂ ਦੀ ਪੂਰਨ ਤੌਰ 'ਤੇ ਹੋਂਦ ਨਾ ਹੋਣ ਕਾਰਨ ਸਾਡੇ ਪੰਜਾਬੀ ਸਭਿਆਚਾਰ ਜਾਂ ਵਿਰਸੇ ਨੂੰ ਹੁਣ ਸਿਰਫ਼ ਯਾਦ ਹੀ ਕਰ ਸਕਦੇ ਹਾਂ ਪਰ ਸਭਿਆਚਾਰ ਦੇ ਨਾਂ ਦੀ ਆੜ ਹੇਠ ਝੂਠੇ ਵਿਖਾਵੇ ਕਰਨ ਨਾਲੋਂ ਚੰਗਾ ਹੋਵੇਗਾ ਕਿ ਸਾਦਗੀ, ਹਮਦਰਦੀ ਅਤੇ ਪਿਆਰ ਨੂੰ ਪਹਿਲਾਂ ਵਾਂਗ ਬਰਕਰਾਰ ਰੱਖੀਏ।

ਜੁਝਾਰ ਸਿੰਘ (ਬਿੱਟੂ), ਹਰੀਗੜ੍ਹ, ਬਰਨਾਲਾ।