ਅਲੋਪ ਹੋ ਗਿਆ ਉਹ ਪੰਜਾਬੀ ਸਭਿਆਚਾਰ, ਹਮਦਰਦੀ, ਸਾਦਗੀ ਤੇ ਪਿਆਰ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਹਾਲੀਆਂ ਅਤੇ ਖੇਤਾਂ ਵਿਚ ਸਵਖਤੇ ਆਏ ਹੋਰ ਕਾਮਿਆਂ ਨੂੰ ਭੱਤੇ ਦੀ ਉਡੀਕ ਹੁੰਦੀ ਸੀ

Village Life

ਹਾਲੀਆਂ ਅਤੇ ਖੇਤਾਂ ਵਿਚ ਸਵਖਤੇ ਆਏ ਹੋਰ ਕਾਮਿਆਂ ਨੂੰ ਭੱਤੇ ਦੀ ਉਡੀਕ ਹੁੰਦੀ ਸੀ। ਸੁਆਣੀਆਂ ਖੱਦਰ ਦੇ ਪੋਣਿਆਂ ਵਿਚ ਰੋਟੀਆਂ ਬੰਨ੍ਹ ਕੇ, ਲੱਸੀ ਦਾ ਕੁੱਜਾ ਭਰ ਕੇ, ਦਹੀ, ਮੱਖਣ, ਸਰ੍ਹੋਂ ਦਾ ਸਾਗ ਦੇ ਦੁਪਹਿਰ ਦੀ ਰਾਹ ਲਈ ਗੁੜ, ਮੋਟੀ ਟਲੀ ਦੀ ਚਾਹ ਪੱਤੀ ਅਤੇ ਬੋਤਲ ਵਿਚ ਦੁਧ ਆਦਿ ਸਾਰਾ ਸਮਾਨ ਟੋਕਰੇ ਵਿਚ ਧਰ ਕੇ ਖੇਤਾਂ ਵਲ ਚੱਲ ਪੈਂਦੀਆਂ ਸਨ। ਖੇਤ ਵਿਚ ਭੂੰਜੇ ਬੈਠ ਕੇ ਰੋਟੀ ਖਾਣ ਦਾ ਵਖਰਾ ਹੀ ਨਜ਼ਾਰਾ ਹੋਵੇਗਾ। ਰੋਟੀ ਖਵਾ ਕੇ ਔਰਤਾਂ ਘਰ ਨੂੰ ਮੁੜਨ ਲਗੀਆਂ ਰੁੱਤ ਅਨੁਸਾਰ ਗੁਆਰੇ ਦੀਆਂ ਫਲੀਆਂ, ਸਰ੍ਹੋਂ ਦਾ ਸਾਗ ਅਤੇ ਛੱਲੀਆਂ ਤੋੜ ਕੇ ਟੋਕਰੇ ਵਿਚ ਧਰ ਲਿਆਉਂਦੀਆਂ ਸਨ।

ਸਾਰਾ ਸਿਆਲ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਧੀ ਜਾਂਦੀ ਸੀ। ਕਦੇ ਕੋਈ ਪ੍ਰਾਹੁਣਾ ਆਏ ਤੋਂ ਹੀ ਕਣਕ ਦੀ ਰੋਟੀ ਲਾਹੀ ਜਾਂਦੀ ਸੀ ਪਰ ਹੁਣ ਇਸ ਦੇ ਉਲਟ ਮੱਕੀ ਦੀ ਰੋਟੀ ਹੀ ਨਿਹਮਤ ਬਣ ਗਈ ਹੈ। ਲੋਕ ਘਲਾੜੀਆ ਤੇ ਗੋਨੇ ਦਾ ਰਸ ਅਤੇ ਤੱਤਾ ਗੁੜ ਖਾ ਕੇ ਮੌਜ ਕਰਦੇ ਸਨ। ਹਾੜੀ ਦੀ ਫ਼ਸਲ ਵੇਲੇ ਸਬਜ਼ੀ ਲਈ ਹਰਾ ਛੋਲੀਆ ਅਤੇ ਹੋਲਾਂ ਭੁੰਨਣ ਲਈ ਪਕਿਆ ਛੋਲੀਆ ਪੁੱਟ ਲਿਆਉਂਦੇ ਸਨ। ਹੋਲਾਂ ਬੜੀਆਂ ਸਵਾਦ ਲਗਦੀਆਂ ਸਨ। ਅਜੋਕੀ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਹੋਲਾਂ ਕੀ ਹੁੰਦੀਆਂ ਹਨ?

ਉਸ ਸਮੇਂ ਖੇਤਾਂ ਦੀ ਵਹਾਈ ਤੇ ਬਿਜਾਈ ਦਾ ਕੰਮ ਬਲਦਾਂ ਅਤੇ ਊਠਾਂ ਰਾਹੀਂ ਲੱਕੜ ਦੇ ਹਲਾਂ ਨਾਲ ਕੀਤਾ ਜਾਂਦਾ ਸੀ। ਫ਼ਸਲਾਂ ਦੀ ਢੋਹ-ਢੁਆਈ ਗਡਿਆਂ ਰਾਹੀਂ ਕੀਤੀ ਜਾਂਦੀ ਸੀ। ਕਣਕ ਦੀ ਗਹਾਈ ਲਈ ਬਲਦਾਂ ਪਿੱਛੇ ਫਲੇ ਪਾ ਕੇ ਇਕ ਮਹੀਨੇ ਤੋਂ ਵੱਧ ਸਮਾਂ ਨਿਆਈਆਂ ਵਿਚ ਪਿੜ ਲੱਗੇ ਰਹਿੰਦੇ ਸਨ। ਸਾਰਾ ਕੰਮ ਬਲਦਾਂ ਰਾਹੀਂ ਹੋਣ ਕਰ ਕੇ ਬਲਦਾਂ ਦੀ ਬਹੁਤ ਸੇਵਾ ਕੀਤੀ ਜਾਂਦੀ ਸੀ। ਗਭਰੂ ਹਰੇ ਚਾਰੇ (ਹਰੀ, ਬਾਜਰਾ, ਗਵਾਰਾ ਆਦਿ) ਦੀਆਂ ਕਈ-ਕਈ ਭਰੀਆਂ ਹੱਥਾਂ ਨਾਲ ਫੇਰਨ ਵਾਲੀ ਮਸ਼ੀਨ ਨਾਲ ਟੋਕਾ ਕਰਦੇ ਅਤੇ ਤੰਦਰੁਸਤ ਰਹਿੰਦੇ ਸਨ। ਸ਼ਾਮ ਨੂੰ ਰੋਟੀ ਵੇਲੇ ਹਾਰੇ ਦਾ ਕੜ੍ਹਿਆ ਦੁਧ ਛੋਟੇ ਭਰ-ਭਰ ਪੀਂਦੇ ਸਨ। ਸੀਰੀ ਸਾਂਝੀ ਨੂੰ ਵੀ ਪੀਣ ਲਈ ਦੁਧ ਦਿਤਾ ਜਾਂਦਾ ਸੀ। ਉਦੋਂ ਕੋਈ ਭਈਆ ਨਹੀਂ ਸੀ ਹੁੰਦਾ। ਸਾਰਾ ਕੰਮ ਲੋਕ ਖ਼ੁਦ ਕਰਦੇ ਸਨ।

ਬਜ਼ੁਰਗ ਦਸਦੇ ਹਨ ਪਿੰਡਾਂ ਵਿਚ ਹਰ ਪੱਤੀ (ਅਗਵਾੜ) ਵਿਚ ਥਾਈ ਅਤੇ ਦਰਵਾਜ਼ਾ ਹੁੰਦਾ, ਜਿਥੇ ਬੈਠ ਕੇ ਲੋਕ ਅਪਣਾ ਵਿਹਲਾ ਸਮਾਂ ਗੱਲੀਂ-ਬਾਤੀਂ ਹੱਸ ਕੇ ਜਾਂ ਤਾਸ਼ ਅਤੇ ਬਾਰਾਂ-ਵੀਟੀ ਖੇਡ ਕੇ ਲੰਘਾਉਂਦੇ ਸਨ। ਇਨ੍ਹਾਂ ਥਾਈਆਂ ਵਿਚ ਹੀ ਬਰਾਤਾਂ ਠਹਿਰਾਈਆਂ ਜਾਂਦੀਆਂ ਸਨ। ਦਾਣੇ ਭੁਨਾਉਣ ਲਈ ਹਰ ਅਗਵਾੜ ਵਿਚ ਭੱਠੀਆਂ ਹੁੰਦੀਆਂ ਸਨ ਜਿਥੇ ਸ਼ਾਮ ਨੂੰ ਦਾਣੇ ਭੁਨਾਉਣ ਵਾਲੀਆਂ ਕੁੜੀਆਂ/ਸੁਆਣੀਆਂ ਦੀ ਭੀੜ ਲੱਗ ਜਾਂਦੀ ਸੀ। ਭੱਠੀਆਂ ਤੋਂ ਵੀ ਗੱਲੀਂ ਬਾਤੀਂ ਸਾਰੇ ਪਿੰਡ ਦੀ ਖ਼ਬਰ ਮਿਲ ਜਾਂਦੀ ਸੀ। ਬੱਚੇ ਅਪਣੇ ਝਗਿਆਂ ਦੇ ਖੀਸਿਆਂ ਵਿਚ ਦਾਣੇ ਪਾ ਕੇ ਚੱਬੀ ਜਾਂਦੇ, ਨਾਲੇ ਖੇਡੀ ਜਾਂਦੇ ਸਨ। ਇਸੇ ਕਰ ਕੇ ਹੀ ਭੱਠੀਆਂ ਦਾ ਜ਼ਿਕਰ ਬਹੁਤ ਪੰਜਾਬੀ ਗੀਤਾਂ ਵਿਚ ਸੁਣਨ ਨੂੰ ਮਿਲਦਾ ਹੈ। (ਚਲਦਾ)