ਪੰਜਾਬੀ ਕਵਿਤਾ ਨੂੰ ਲੋਕਜੀਵਨ ਨਾਲ ਇਕਸੁਰ ਕਰਨ ਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਸ਼ਾਹ ਹੁਸੈਨ ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਨ੍ਹਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿਚ ਰਚਨਾ ਕੀਤੀ ਹੈ।

File Photo

ਸ਼ਾਹ ਹੁਸੈਨ ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਨ੍ਹਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿਚ ਕਾਫ਼ੀਆਂ ਦਾ ਮੋਢੀ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ, ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ-ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।

ਸ਼ਾਹ ਹੁਸੈਨ ਨੇ ਪੰਜਾਬੀ ਸੂਫ਼ੀ ਕਵਿਤਾ ਨੂੰ ਇਸਲਾਮੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਕੇ ਪੰਜਾਬੀ ਲੋਕ ਜੀਵਨ ਨਾਲ ਇਕਸੁਰ ਕਰ ਦਿਤਾ। ਉਸ ਦੀ ਕਵਿਤਾ ਵਿਚ ਪੰਜਾਬ ਦੀ ਧਰਤੀ, ਇੱਥੋਂ ਦੀ ਪ੍ਰਕ੍ਰਿਤੀ ਅਤੇ ਸਭਿਆਚਾਰ ਪੂਰੀ ਤਰ੍ਹਾਂ ਉਜਾਗਰ ਹੋਇਆ ਵਿਖਾਈ ਦਿੰਦਾ ਹੈ। ਸ਼ਾਹ ਹੁਸੈਨ ਨੇ ਪਹਿਲੀ ਵਾਰ ਪੰਜਾਬੀ ਕਵਿਤਾ ਵਿਚ ਈਰਾਨੀ ਪਿੱਛੇ ਵਾਲੇ ਨਿੱਘੇ ਧੜਕਦੇ ਅਤੇ ਵੇਗਮਈ ਇਸ਼ਕ ਦੇ ਅਨੁਭਵ ਨੂੰ ਲਿਆਂਦਾ ਹੈ। ਪੰਜਾਬੀ ਵਿਚ ਸ਼ਾਹ ਹੁਸੈਨ ਦੀਆਂ 165 ਕਾਫ਼ੀਆਂ ਮਿਲਦੀਆਂ ਹਨ। ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ ਚਾਰ ਸੰਗ੍ਰਹਿ ਛਾਪੇ ਗਏ ਹਨ।

ਸੱਭ ਤੋਂ ਪਹਿਲਾ ਸੰਗ੍ਰਹਿ 'ਸ਼ਾਹ ਹੁਸੈਨ' ਡਾ. ਮੋਹਨ ਸਿੰਘ ਦੀਵਾਨਾ ਨੇ 1952 ਵਿਚ ਛਾਪਿਆ ਸੀ। ਦੂਜਾ ਸੰਗ੍ਰਹਿ 1968 ਵਿਚ ਪ੍ਰੋ. ਪਿਆਰਾ ਸਿੰਘ ਪਦਮ ਨੇ ਛਾਪਿਆ ਸੀ। ਪੰਜਾਬ ਦੇ ਸੂਫ਼ੀ ਕਵੀਆਂ ਵਿਚ ਸ਼ਾਹ ਹੁਸੈਨ ਦਾ ਨਾਂ ਪਹਿਲਾਂ ਆਉਂਦਾ ਹੈ, ਜਿਸ ਨੇ ਅਪਣੀ ਰਚਨਾ ਕਾਫ਼ੀਆਂ ਵਿਚ ਕੀਤੀ ਤੇ ਇਹ ਕਾਫ਼ੀਆਂ ਕਈ ਰਾਗਾਂ ਜਿਵੇਂ: ਰਾਗ ਆਸਾ, ਝੰਝੋਟੀ ਤੇ ਜੈਜਾਵੰਤੀ ਆਦਿ ਵਿਚ ਮਿਲਦੀਆਂ ਹਨ।

ਹੁਸੈਨ ਦੀ ਬੋਲੀ ਠੇਠ, ਉੱਤਮ, ਕੇਂਦਰੀ ਸਾਹਿਤਕ ਪੰਜਾਬੀ ਹੈ। ਕਿਤੇ-ਕਿਤੇ ਉਸ ਦੀਆਂ ਕਾਫ਼ੀਆਂ ਵਿਚ ਉਰਦੂ ਦੀ ਸ਼ਬਦਾਵਲੀ ਅਤੇ ਗੁਰਮਤਿ ਸ਼ਬਦਾਵਲੀ ਵੀ ਵਿਖਾਈ ਦਿੰਦੀ ਹੈ। ਸ਼ਾਹ ਹੁਸੈਨ ਦੀਆਂ ਰਚਨਾਵਾਂ ਦੇ ਤਿੰਨ ਪ੍ਰਮੁੱਖ ਸਿਧਾਂਤ ਹਨ:- 1. ਆਤਮਾ ਦਾ ਪਰਮਾਤਮਾ ਤੋਂ ਵਿਛੜੀ ਹੋਣਾ। 2. ਪਰਮਾਤਮਾ ਨੂੰ ਪ੍ਰੇਮ ਭਾਵ ਨਾਲ ਪ੍ਰਾਪਤ ਕਰਨਾ। 3. ਰੱਬ ਨਾਲ ਅਭੇਦ ਹੋਣ ਦੀ ਇੱਛਾ ਪ੍ਰਗਟਾਉਣ।

ਉਸ ਦੇ ਸ਼ਲੋਕ ਦੁਹਰੇ ਛੰਦ ਵਾਲੇ ਅਤੇ ਲੋਕ-ਜੀਵਨ ਨਾਲ ਸਬੰਧਤ ਹਨ। ਸ਼ਾਹ ਹੁਸੈਨ ਨੇ ਮੁੱਖ ਰੂਪ ਵਿਚ ਮੁਸਲਮ ਕਾਫ਼ੀ, ਮੁਸੱਬਾ ਕਾਫ਼ੀ, ਮੁਰੱਕਬ, ਸੁਖਮੱਸ, ਮੁਸਕਸ ਅਤੇ ਮੁਸੱਬਾ ਆਦਿ ਰੂਪਾਂ ਵਿਚ ਕਾਫ਼ੀਆਂ ਲਿਖੀਆਂ ਹਨ। ਮੁਸੱਬਾ ਕਾਫ਼ੀ ਦੀ ਉਦਾਹਰਣ ਲੈ ਸਕਦੇ ਹਾਂ:-
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ।1।ਰਹਾਉ।
ਅੰਦਰਿ ਤੂੰ ਹੈਂ ਬਾਹਰਿ ਤੂੰ ਹੈਂ ਰੋਮਿ ਰੋਮਿ ਵਿਚ ਤੂੰ।1।
ਤੂੰ ਹੈ ਤਾਣਾਂ ਤੂੰ ਹੈ ਬਾਣਾ ਸਭੁ ਕਿਛ ਮੇਰਾ ਤੂੰ।2।
ਕਹੇ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ।3।

(ਸਿਰੀਰਾਗ)
ਸੋ, ਸ਼ਾਹ ਹੁਸੈਨ ਦੀ ਕਵਿਤਾ ਦਾ ਵਿਸ਼ੇਸ਼ ਗੁਣ ਇਸ਼ਕ ਤੇ ਉਸ ਤੋਂ ਪੈਦਾ ਹੋਈ ਵਰਦਾਤੇ ਕਲਬੀ ਦਾ ਅਦੁਤੀ ਬਿਆਨ ਹੈ। ਵਲਵਲੇ ਤੇ ਜਜ਼ਬੇ ਦੀ ਡੂੰਘਾਈ ਤੇ ਸਚਿਆਈ ਅਤੇ ਫਿਰ ਇਸ ਮੂੰਹ ਜ਼ੋਰ ਵੇਗ ਨੂੰ ਸੰਭਾਲਣ ਵਾਲੀ ਗੁਟ, ਦੇਸੀ ਚੌਗਿਰਦੇ 'ਚੋਂ ਬਿੰਬਾਵਲੀ ਨਾਲ ਭਖਦੀ, ਤਰਲ ਤੇ ਵਹਿੰਦੀ, ਲਹਿੰਦੀ ਦੀ ਮਿਸਵਾਲੀ ਬੋਲੀ ਦੀ ਵਰਤੋਂ ਵਿਚ ਹੋਰ ਕੋਈ ਸੂਫ਼ੀ ਕਵੀ ਹੁਸੈਨ ਨਾਲ ਮੋਢਾ ਨਹੀਂ ਮੇਚ ਸਕਦਾ।