ਪੰਜਾਬ ਵਿਚ ਵਗਦੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣੀ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਅਪਣੇ-ਅਪਣੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਪੁਲਿਸ ਅਫ਼ਸਰ ਅਪਣੇ ਚਹੇਤਿਆਂ ਨੂੰ ਇਕੱਠੇ ਕਰ ਕੇ ਭਾਸ਼ਣ ਦਿੰਦੇ ਹਨ। ਅਖੇ ਜੁਰਮ ਵੱਧ ਰਹੇ ਹਨ, ਨੌਜੁਆਨੀ ਨਸ਼ਿਆਂ ਵਿਚ ਗ਼ਰਕ...

Punjab drug problem

ਅਪਣੇ-ਅਪਣੇ ਇਲਾਕੇ ਦੇ ਪਿੰਡਾਂ ਵਿਚ ਜਾ ਕੇ ਪੁਲਿਸ ਅਫ਼ਸਰ ਅਪਣੇ ਚਹੇਤਿਆਂ ਨੂੰ ਇਕੱਠੇ ਕਰ ਕੇ ਭਾਸ਼ਣ ਦਿੰਦੇ ਹਨ। ਅਖੇ ਜੁਰਮ ਵੱਧ ਰਹੇ ਹਨ, ਨੌਜੁਆਨੀ ਨਸ਼ਿਆਂ ਵਿਚ ਗ਼ਰਕ ਹੋ ਰਹੀ ਹੈ, ਲੁੱਟਾਂ ਖੋਹਾਂ ਵੱਧ ਗਈਆਂ, ਕਤਲੋ ਗ਼ਾਰਤ ਹੋ ਰਹੀ ਹੈ, ਅਮਨ ਕਾਨੂੰਨ ਦਾ ਸੰਕਟ ਪੈਦਾ ਹੋ ਗਿਆ ਹੈ ਤੇ ਕੁਰੱਪਸ਼ਨ ਦਾ ਬੋਲਬਾਲਾ ਹੈ। ਇਨ੍ਹਾਂ ਨੂੰ ਖ਼ਤਮ ਕਰਨ ਵਿਚ ਪੁਲਿਸ ਨੂੰ ਆਮ ਲੋਕਾਂ ਦੀ ਮਦਦ ਲੈਣੀ ਚਾਹੀਦੀ ਹੈ। ਅਸਲ ਵਿਚ ਉਪਰੋਕਤ ਬਿਮਾਰੀਆਂ ਦਾ ਆਪਸ ਵਿਚ ਗਹਿਰਾ ਸਬੰਧ ਹੈ ਅਤੇ ਆਮ ਲੋਕ ਇਨ੍ਹਾਂ ਸਾਹਮਣੇ ਬੇਵੱਸ ਹਨ।

ਨਸ਼ਿਆਂ ਦੀ ਬਿਮਾਰੀ ਨੂੰ ਪੈਦਾ ਕਰਨ ਤੇ ਫੈਲਾਉਣ ਵਿਚ ਕਥਿਤ ਤੌਰ ਉਤੇ ਭ੍ਰਿਸ਼ਟ ਰਾਜ ਨੇਤਾ, ਭ੍ਰਿਸ਼ਟ ਪੁਲਿਸ ਅਫ਼ਸਰ ਤੇ ਨਸ਼ਿਆਂ ਦੇ ਵਪਾਰੀਆਂ ਦੀ ਇਹ ਤਿਕੜੀ ਜ਼ਿੰਮੇਵਾਰ ਹੈ। ਨਸ਼ਿਆਂ ਦਾ ਕਰੋੜਾਂ ਦਾ ਧੰਦਾ ਹੈ। ਜਿੰਨਾ ਪੈਸਾ ਨਸ਼ਿਆਂ ਦੇ ਵਪਾਰ ਵਿਚ ਹੈ, ਉਨਾ ਹੋਰ ਕਿਸੇ ਵਿਚ ਨਹੀਂ। ਇਕ ਰੁਪਏ ਦਾ ਨਸ਼ਾ 15 ਰੁਪਏ ਵਿਚ ਵਿਕਦਾ ਹੈ। ਵਪਾਰੀ ਅਪਣਾ ਮਾਲ ਸਾਰੇ ਜ਼ਿਲ੍ਹਿਆਂ ਵਿਚ ਉਸ ਤੋਂ ਅੱਗੇ ਇਲਾਕਿਆਂ ਵਿਚ ਤੇ ਫਿਰ ਪ੍ਰਚੂਨ ਦੇ ਵਪਾਰੀਆਂ ਤਕ ਭੇਜਦੇ ਹਨ। ਉਪਰ ਤੋਂ ਹੇਠਾਂ ਤਕ ਦਾ ਸਾਰਾ ਪ੍ਰੋਸੈੱਸ ਇਸ ਤਿਕੜੀ ਦੇ ਬਲਬੂਤੇ ਉਤੇ ਚਲਦਾ ਹੈ।

ਇਸ ਦੇ ਮੁਨਾਫ਼ੇ ਦਾ ਵੱਡਾ ਹਿੱਸਾ ਇਹ ਤਿਕੜੀ ਵੰਡ ਲੈਂਦੀ ਹੈ। ਇਸ ਮੁਨਾਫ਼ੇ ਦੇ ਸਿਰ ਉਤੇ ਉਹ ਭ੍ਰਿਸ਼ਟ ਰਾਜਨੇਤਾ ਕਰੋੜਾਂ ਰੁਪਿਆ ਚੋਣਾਂ ਉਤੇ ਖ਼ਰਚ ਕਰਦੇ ਹਨ ਤੇ ਭ੍ਰਿਸ਼ਟ ਅਫ਼ਸਰ ਇਹ ਪੈਸਾ ਬਾਹਰਲੇ ਬੈਂਕਾਂ ਵਿਚ ਜਮ੍ਹਾਂ ਕਰਵਾ ਦਿੰਦੇ ਹਨ। ਚੋਣਾਂ ਸਮੇਂ ਲੋਕਾਂ ਖ਼ਾਸ ਕਰ ਕੇ ਨੌਜੁਆਨਾਂ ਲਈ ਮਹੀਨਾ ਭਰ ਪੂਰੇ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਹਾਅ ਦਿੰਦੇ ਹਨ। ਵਿਚਾਰੇ ਭੋਲੇ-ਭਾਲੇ ਲੋਕ ਮੁਫ਼ਤ ਦਾ ਨਸ਼ਾ ਕਰਦੇ ਰਹਿੰਦੇ ਹਨ ਤੇ ਫਿਰ ਇਸ ਦੇ ਆਦੀ ਹੋ ਜਾਂਦੇ ਹਨ। ਇਸ ਨਾਲ ਤਿੱਕੜੀ ਦੇ ਦੋ ਲਾਭ ਹੁੰਦੇ ਹਨ, ਇਕ ਨੇਤਾਵਾਂ ਨੂੰ ਵੋਟਾਂ ਮਿਲ ਜਾਂਦੀਆਂ ਹਨ, ਦੂਜੇ ਨਸ਼ੇੜੀਆਂ ਵਿਚ ਵਾਧਾ ਹੁੰਦਾ ਹੈ ਤੇ ਅੱਗੇ ਲਈ ਮਾਲ ਦੀ ਵਿਕਰੀ ਵਧਦੀ ਹੈ ਤੇ ਮੁਨਾਫ਼ਾ ਹੋਰ ਚੰਗਾ ਹੋ ਜਾਂਦਾ ਹੈ।

ਸਾਡੀਆਂ ਇਨ੍ਹਾਂ ਗੱਲਾਂ ਦੀ ਪੁਸ਼ਟੀ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ੍ਰੀ ਸ਼ਸ਼ੀਕਾਂਤ ਨੇ ਹੀ ਕਰ ਦਿਤੀ ਸੀ। ਉਨ੍ਹਾਂ ਅਪਣੇ ਇਕ ਬਿਆਨ ਵਿਚ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ 60 ਹਜ਼ਾਰ ਕਰੋੜ ਰੁਪਏ ਦੇ ਨਸ਼ਿਆਂ ਦੀ ਤਸਕਰੀ ਹੁੰਦੀ ਹੈ ਜਿਸ ਤੋਂ ਵੱਟਿਆ ਸਾਰਾ ਪੈਸਾ ਚੋਣਾਂ ਲਈ ਵੋਟ ਪਾਰਟੀਆਂ ਵਿਚ ਵੰਡਿਆ ਜਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਦੀਆਂ ਵੋਟਾਂ ਵਾਲੀਆਂ ਸਿਆਸੀ ਪਾਰਟੀਆਂ ਦੇ ਕਈ ਆਗੂਆਂ ਦੀ ਨਸ਼ਿਆਂ ਦੇ ਵਪਾਰੀਆਂ ਨਾਲ ਗੰਢ ਤੁੱਪ ਹੈ। ਜਿਉਂ-ਜਿਉਂ ਚੋਣ ਖ਼ਰਚ ਵੱਧ ਰਹੇ ਹਨ, ਤਿਉਂ-ਤਿਉਂ ਇਨ੍ਹਾਂ ਧਿਰਾਂ ਦੀ ਗੰਢ ਤੁੱਪ ਵਧਦੀ ਜਾਂਦੀ ਹੈ।

ਪਿਛਲੇ ਦਿਨੀਂ ਵਾਪਰੀਆਂ ਕੁੱਝ ਘਟਨਾਵਾਂ ਉਪਰੋਕਤ ਤਿੱਕੜੀ ਦਾ ਪੂਲ ਸਾਬਤ ਕਰਦੀਆਂ ਹਨ ਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਨੰਗਾ ਕਰਦੀਆਂ ਹਨ। ਡੀ.ਜੀ.ਪੀ. ਸ਼ਸ਼ੀਕਾਂਤ ਜੀ ਦੇ ਬਿਆਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹੇ ਹਨ ਕਿ 'ਇਕੱਲੇ ਪੰਜਾਬ ਵਿਚ 60 ਹਜ਼ਾਰ ਕਰੋੜ ਰੁਪਏ ਦੇ ਨਸ਼ਿਆਂ ਦਾ ਹਰ ਸਾਲ ਧੰਦਾ ਹੁੰਦਾ ਹੈ। ਇਸ ਵਿਚ ਸਾਰੀਆਂ ਮੁੱਖ ਪਾਰਟੀਆਂ ਦੇ ਵੱਡੇ ਤੇ ਭ੍ਰਿਸ਼ਟ ਨੇਤਾਵਾਂ ਤੇ ਭ੍ਰਿਸ਼ਟ ਉੱਚ ਪੁਲਿਸ ਅਫ਼ਸਰਾਂ ਤੋਂ ਲੈ ਕੇ ਸਿਪਾਹੀ ਤਕ ਇਸ ਵਿਪਾਰ ਵਿਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬਾਰਡਰ ਸੁਰੱਖਿਆ ਦੀਆਂ ਕਾਲੀਆਂ ਭੇਡਾਂ ਦੀ ਵੀ ਮਿਲੀਭੁਗਤ ਹੈ।' ਸ੍ਰੀ ਸ਼ਸ਼ੀਕਾਂਤ ਨੂੰ ਸਵਾਲ ਕੀਤਾ ਗਿਆ ਕਿ 'ਇਹ ਇੰਕਸ਼ਾਫ਼ ਤੁਸੀ ਡਿਊਟੀ ਸਮੇਂ ਕਿਉਂ ਨਹੀਂ ਕੀਤਾ?'

ਉਨ੍ਹਾਂ ਕਿਹਾ, 'ਇਸ ਬਾਰੇ ਮੈਂ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਰਿਹਾ ਹਾਂ, ਪਰ ਮੇਰੇ ਵਲੋਂ ਧਿਆਨ ਵਿਚ ਲਿਆਉਣ ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ। ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕਾਂ ਦੀ ਲਿਸਟ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਚੁਕਿਆ ਹਾਂ।' ਇਸ ਮਸਲੇ ਨੂੰ ਲੈ ਕੇ ਸ਼ਸ਼ੀਕਾਂਤ ਜੀ ਨੇ ਹਾਈਕੋਰਟ ਵਿਚ ਵੀ ਰਿੱਟ ਕੀਤੀ ਹੋਈ ਹੈ, ਜੋ ਸੁਣਵਾਈ ਅਧੀਨ ਹੈ।

ਦੂਜੀ ਘਟਨਾ ਪਿੰਡ ਨੱਥੂ ਵਾਲਾ ਗਰਬੀ ਦੀ ਹੈ ਜਿਥੋਂ ਦੀ ਪੁਲਿਸ ਚੌਕੀ ਵਿਚੋਂ ਇਕ ਕੁਇੰਟਲ ਤੋਂ ਵੱਧ ਭੁੱਕੀ ਤੇ ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਫੜਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ। ਜਿਥੋਂ ਇਕ ਏ.ਐਸ.ਆਈ. ਹੌਲਦਾਰ ਤੇ ਤਿੰਨ ਸਿਪਾਹੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਵੀ ਲਗੀਆਂ ਹਨ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਜਿਸ ਪੁਲਿਸ ਦੀ ਜ਼ਿੰਮੇਵਾਰੀ ਨਸ਼ਿਆਂ ਦੇ ਤਸਕਰਾਂ ਨੂੰ ਫੜ ਕੇ ਜੇਲਾਂ ਵਿਚ ਸੁੱਟਣ ਦੀ ਹੈ, ਉਹ ਪੁਲਿਸ ਆਪ ਤਸਕਰੀ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਦੀ ਮਿਸਾਲ ਦੁਨੀਆਂ ਵਿਚ ਕਿਤੇ ਵੀ ਨਹੀਂ ਮਿਲ ਸਕਦੀ। 'ਮੇਰਾ ਭਾਰਤ ਮਹਾਨ' ਇਥੇ ਸੱਭ ਕੁੱਝ ਹੋ ਸਕਦਾ ਹੈ ਨਾਮੁਮਕਿਨ ਦੀ ਗੁੰਜਾਇਸ਼ ਹੀ ਕੋਈ ਨਹੀਂ ਹੈ।

ਡੀ.ਐਸ.ਪੀ. ਜਗਦੀਸ਼ ਸਿੰਘ ਭੋਲੇ ਪਹਿਲਵਾਨ ਨੇ ਤਾਂ ਸਾਰੀ ਤਸਵੀਰ ਹੀ ਸਾਫ਼ ਕਰ ਦਿਤੀ ਹੈ। ਉਹ ਪੁਲਿਸ ਨੌਕਰੀ ਦੇ ਨਾਲ-ਨਾਲ ਪੰਜਾਬ ਤੇ ਕੌਮਾਤਰੀ ਤਸਕਰੀ ਕਰਨ ਵਾਲਿਆਂ ਦੇ ਚੋਟੀ ਦੇ ਬੰਦਿਆਂ ਵਿਚੋਂ ਕਥਿਤ ਤੌਰ ਉਤੇ ਇਕ ਸੀ। ਇਸ ਨਾਲ ਸਬੰਧਤ ਬੰਦਿਆਂ ਵਿਚੋਂ ਇਕ ਬਿੱਟੂ ਔਲਖ ਸੀਨੀਅਰ ਅਕਾਲੀ ਆਗੂਆਂ ਦਾ ਬਹੁਤ ਹੀ ਨਜ਼ਦੀਕੀ ਸੀ। ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਦੀ ਗ੍ਰਿਫ਼ਤਾਰੀ ਪਿਛੋਂ ਤਾਂ ਇਹ ਵੀ ਪਤਾ ਲੱਗ ਗਿਆ ਹੈ ਕਿ ਨਸ਼ੇ ਸਿਰਫ਼ ਪੰਜਾਬ ਤੋਂ ਬਾਹਰੋਂ ਹੀ ਨਹੀਂ ਲਿਆਦੇਂ ਜਾਂਦੇ ਬਲਕਿ ਇਥੇ ਪੰਜਾਬ ਵਿਚ ਹੀ ਰਸਾਇਣਾਂ ਨੂੰ ਮਿਲਾ ਕੇ ਸਿੰਥੈਟਿਕ ਨਸ਼ੇ ਬਣਾਏ ਤੇ ਵੇਚੇ ਜਾਂਦੇ ਹਨ। ਲੁੱਟਾਂ ਖੋਹਾਂ ਤੇ ਕਤਲਾਂ ਦਾ ਸਬੰਧ ਵੀ ਨਸ਼ਿਆਂ ਨਾਲ ਹੀ ਜੁੜਦਾ ਹੈ।

ਸਵਾਲ ਉਠਦਾ ਹੈ ਕਿ ਨਸ਼ੇ ਜੋ ਪੰਜਾਬ ਤੋਂ ਬਾਹਰੋਂ ਆਉਂਦੇ ਹਨ, ਉਹ ਸਰਹੱਦ ਤੋਂ ਕਿਸ ਤਰ੍ਹਾਂ ਲੰਘ ਜਾਂਦੇ ਹਨ? ਇਸ ਦਾ ਜਵਾਬ ਇਹ ਹੈ ਕਿ ਜਦੋਂ ਤਸਕਰ ਨੋਟਾਂ ਦਾ ਬੰਡਲ ਕਥਿਤ ਤੌਰ ਉਤੇ ਅਫ਼ਸਰ ਦੇ ਮੂੰਹ ਉਤੇ ਮਾਰ ਦਿੰਦਾ ਹੈ ਤਾਂ ਨਸ਼ੇ ਸਰਹੱਦ ਪਾਰ ਕਰ ਜਾਂਦੇ ਹਨ ਕਿਉਂਕਿ ਸਾਰਾ ਭਾਰਤ ਹੀ ਇਕ ਮੰਡੀ ਬਣ ਗਿਆ ਹੈ। ਇਸ ਵਿਚ ਹਰ ਚੀਜ਼ ਜਿਨਸ ਬਣ ਗਈ ਹੈ। ਜਦੋਂ ਜਿਨਸ ਦੀ ਅਸਲ ਕੀਮਤ ਤੋਂ ਵੱਧ ਮੁੱਲ ਲੱਗ ਜਾਂਦਾ ਹੈ ਤਾਂ ਨਾ ਵਿਕਣ ਵਾਲੀ ਚੀਜ਼ ਵੀ ਵਿਕ ਜਾਂਦੀ ਹੈ।

ਲੋਕ ਕਹਿੰਦੇ ਸੁਣੇ ਹਨ ਤੇ ਅਖ਼ਬਾਰਾਂ ਵਿਚ ਵੀ ਕਈ ਵਾਰੀ ਪੜ੍ਹਿਆ ਹੈ ਕਿ ਭ੍ਰਿਸ਼ਟ ਪੁਲਿਸ ਅਫ਼ਸਰ, ਸਰਹੱਦ ਤੇ ਸੁਰੱਖਿਆ ਫ਼ੋਰਸਾਂ ਦੇ ਕਰਮਚਾਰੀ ਤੇ ਭ੍ਰਿਸ਼ਟ ਆਗੂਆਂ ਨੂੰ ਤਸਕਰ ਪੈਸੇ ਦੇ ਜ਼ੋਰ ਨਾਲ ਖ਼ਰੀਦ ਲੈਂਦੇ ਹਨ ਤੇ ਅਪਣਾ ਧੰਦਾ ਜ਼ੋਰਾਂ ਨਾਲ ਚਲਾ ਲੈਂਦੇ ਹਨ। ਅਦਾਲਤਾਂ, ਕਾਨੂੰਨ ਸਮੇਤ ਜੱਜਾਂ ਨੂੰ ਅਪਣੇ ਹੱਕ ਵਿਚ ਫ਼ੈਸਲਾ ਕਰਾਉਣ ਲਈ, ਕੁੱਝ ਸੰਸਦ ਮੈਂਬਰ ਅਪਣੀ ਲੋੜ ਦੇ ਸਵਾਲ ਪੁੱਛਣ ਲਈ, ਭ੍ਰਿਸ਼ਟ ਮੁੱਖ ਮੰਤਰੀ ਜ਼ਮੀਨ ਐਕਵਾਇਰ ਕਰਾਉਣ ਲਈ ਵਿਕਾਊ ਹਨ, ਕੋਈ ਕੀਮਤ ਲਗਾਉਣ ਵਾਲਾ ਚਾਹੀਦਾ ਹੈ, ਖ਼ਰੀਦਣ ਦੀ ਸ਼ਕਤੀ ਚਾਹੀਦੀ ਹੈ। ਪੈਸੇ ਨਾਲ ਮੰਡੀ ਦੀ ਹਰ ਜਿਨਸ ਖ਼ਰੀਦੀ ਜਾ ਸਕਦੀ ਹੈ।

ਇਹ ਵੀ ਨਹੀਂ ਕਿ ਨਾ ਖ਼ਰੀਦੇ ਜਾ ਸਕਣ ਵਾਲੇ ਵਿਅਕਤੀ ਨਹੀਂ ਹਨ, ਪਰ ਬਹੁਤ ਘੱਟ। ਉਹ ਵੀ ਇਸ ਭ੍ਰਿਸ਼ਟ ਤੰਤਰ ਨੇ ਕਿਸੇ ਖੱਲ ਖੂੰਜੇ ਲਗਾ ਰੱਖੇ ਹਨ। ਜੋ ਕੁੱਝ ਅਜੇ ਵੀ ਚੰਗਾ ਹੋ ਰਿਹਾ ਹੈ, ਉਹ ਉਨ੍ਹਾਂ ਗੁੰਮਨਾਮ ਤੇ ਚੰਗੇ ਵਿਅਕਤੀਆਂ ਕਾਰਨ ਹੀ ਹੋ ਰਿਹਾ ਹੈ। ਸਿਰਫ਼ ਚੰਗੇ ਅਫ਼ਸਰਾਂ ਕਾਰਨ ਹੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਨੂੰ ਫੜਨ ਦੀਆਂ ਕਹਾਣੀਆਂ ਛਪਦੀਆਂ ਹਨ। ਉਹ ਵੀ ਇੱਕਾ-ਦੁੱਕਾ। ਇਹ ਕਾਰਗੁਜ਼ਾਰੀ ਸਿਰਫ਼ ਇਮਾਨਦਾਰ ਅਫ਼ਸਰਾਂ ਕਰ ਕੇ ਹੀ ਸੰਭਵ ਹੈ।

ਇਮਾਨਦਾਰ ਅਫ਼ਸਰ ਵੀ ਜਾਂ ਤਾਂ ਲਾਈਨ ਹਾਜ਼ਰ ਕਰ ਦਿਤੇ ਜਾਂਦੇ ਹਨ ਜਾਂ ਖੁੱਡੇ ਲਾਈਨ ਅਜਿਹੀ ਜਗ੍ਹਾ, ਜਿਥੇ ਉਹ ਇਸ ਮਾਮਲੇ ਵਿਚ ਕੋਈ ਦਖਲ ਨਾ ਦੇ ਸਕਦੇ ਹੋਣ, ਰਖਿਆ ਜਾਂਦਾ ਹੈ। ਅਜਿਹੇ ਅਫ਼ਸਰਾਂ ਅੱਗੇ ਸਲਾਮ ਕਰਨ ਨੂੰ ਜੀਅ ਕਰਦਾ ਹੈ। ਸੋ ਜਿੰਨੀ ਦੇਰ ਇਸ ਤਿੱਕੜੀ ਦਾ ਬਣਾਇਆ ਪੂਲ ਨਹੀਂ ਤੋੜਿਆ ਜਾਂਦਾ, ਉਨੀ ਦੇਰ ਹੋਰ ਕੋਈ ਵੀ ਉਪਰਾਲਾ ਕਾਰਗਰ ਸਾਬਤ ਨਹੀਂ ਹੋ ਸਕਦਾ। ਜਿੰਨੀ ਛੇਤੀ ਇਸ ਪੂਲ ਨੂੰ ਤੋੜਿਆ ਜਾਵੇਗਾ, ਉਨੀ ਛੇਤੀ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਈ ਜਾ ਸਕੇਗੀ ਪਰ ਜੇਕਰ ਇਮਾਨਦਾਰ ਰਾਜਨੀਤਕ ਆਗੂ ਚਾਹੁਣ ਤਾਂ ਇਹ ਕੋਈ ਮੁਸ਼ਕਿਲ ਨਹੀਂ।
 - ਸਰੂਪ ਸਿੰਘ ਸਹਾਰਨ ਮਾਜਰਾ, ਸੰਪਰਕ : 98558-63288

ਨੋਟ : ਲੇਖ ਵਿਚ ਦਿਤੇ ਤੱਥਾਂ ਦੀ ਜ਼ਿੰਮੇਵਾਰੀ ਮੇਰੀ ਅਪਣੀ ਹੈ, ਅਖ਼ਬਾਰ ਦੀ ਨਹੀਂ।