ਅਕਲ ਦਾ ਸੌਦਾਗਰ ( ਭਾਗ 1 )

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਕ ਵਾਰ ਦੀ ਗੱਲ ਹੈ, ਇਕ ਗ਼ਰੀਬ ਅਨਾਥ ਬ੍ਰਾਹਮਣ ਲੜਕਾ ਸੀ। ਉਸ ਕੋਲ ਰੋਜ਼ੀ-ਰੋਟੀ ਦਾ ਨਾ ਕੋਈ ਸਾਧਨ ਸੀ ਅਤੇ ਨਾ ਹੀ ਕੋਈ ਕੰਮ..........

Intellect Dealer

ਇਕ ਵਾਰ ਦੀ ਗੱਲ ਹੈ, ਇਕ ਗ਼ਰੀਬ ਅਨਾਥ ਬ੍ਰਾਹਮਣ ਲੜਕਾ ਸੀ। ਉਸ ਕੋਲ ਰੋਜ਼ੀ-ਰੋਟੀ ਦਾ ਨਾ ਕੋਈ ਸਾਧਨ ਸੀ ਅਤੇ ਨਾ ਹੀ ਕੋਈ ਕੰਮ। ਪਰ ਉਹ ਚਲਾਕ ਬਹੁਤ ਸੀ। ਬਚਪਨ ਵਿਚ ਪਿਤਾ ਨੂੰ ਵੇਖ ਕੇ ਉਹ ਕਈ ਗੱਲਾਂ ਸਿਖ ਗਿਆ ਸੀ। ਇਕ ਦਿਨ ਉਸ ਦੇ ਦਿਮਾਗ਼ ਵਿਚ ਇਕ ਅਨੋਖਾ ਵਿਚਾਰ ਆਇਆ। ਉਹ ਸ਼ਹਿਰ ਗਿਆ। ਉਥੇ ਉਸ ਨੇ ਇਕ ਸਸਤੀ ਜਿਹੀ ਦੁਕਾਨ ਕਿਰਾਏ ਤੇ ਲੈ ਲਈ। ਕੁੱਝ ਪੈਸੇ ਖ਼ਰਚ ਕੇ ਕਲਮ ਸਿਆਹੀ, ਕਾਗ਼ਜ਼ ਵਗੈਰਾ ਖ਼ਰੀਦੇ ਅਤੇ ਦੁਕਾਨ ਉਤੇ ਤਖ਼ਤੀ ਟੰਗ ਦਿਤੀ। ਤਖ਼ਤੀ ਤੇ ਲਿਖਿਆ ਸੀ- 'ਅਕਲ ਵਿਕਾਊ ਹੈ।'

ਉਸ ਦੁਕਾਨ ਦੇ ਆਲੇ-ਦੁਆਲੇ ਸੇਠਾਂ ਦੀਆਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਸਨ। ਉਹ ਕਪੜੇ, ਗਹਿਣੇ, ਫੱਲ, ਸਬਜ਼ੀਆਂ ਵਗ਼ੈਰਾ ਵਸਤਾਂ ਦਾ ਕਾਰੋਬਾਰ ਕਰਦੇ ਸਨ। ਇਕ ਦਿਨ ਕਿਸੇ ਅਮੀਰ ਸੇਠ ਦਾ ਮੂਰਖ ਲੜਕਾ ਉਧਰੋਂ ਲੰਘਿਆ। ਉਸ ਨੇ ਬ੍ਰਾਹਮਣ ਦੇ ਲੜਕੇ ਨੂੰ ਆਵਾਜ਼ ਲਗਾਉਂਦੇ ਸੁਣਿਆ 'ਅਕਲ ਲਵੋ ਅਕਲ। ਤਰ੍ਹਾਂ-ਤਰ੍ਹਾਂ ਦੀ ਅਕਲ ਹੋਰ ਕਿਤੇ ਨਹੀਂ ਵਿਕਦੀ।' ਸੇਠ ਦੇ ਪੁੱਤਰ ਨੇ ਸੋਚਿਆ ਕਿ  ਉਹ ਕੋਈ ਸਬਜ਼ੀ ਜਾਂ ਅਜਿਹੀ ਚੀਜ਼ ਹੈ ਜਿਸ ਨੂੰ ਚੁਕ ਕੇ ਲਿਆਂਦਾ ਜਾ ਸਕਦਾ ਹੈ। ਇਸ ਲਈ ਉਸ ਨੇ ਬ੍ਰਾਹਮਣ ਦੇ ਪੁੱਤਰ ਨੂੰ ਪੁਛਿਆ, ''ਇਕ ਸੇਰ ਦੀ ਕੀ ਕੀਮਤ ਲਵੋਗੇ?''

ਬ੍ਰਾਹਮਣ ਦੇ ਪੁੱਤਰ ਨੇ ਕਿਹਾ, ''ਮੈਂ ਅਕਲ ਨੂੰ ਤੋਲ ਕੇ ਨਹੀਂ, ਉਸ ਦੀ ਕਿਸਮ ਨਾਲ ਵੇਚਦਾ ਹਾਂ। ਸੇਠ ਦੇ ਪੁੱਤਰ ਨੇ ਇਕ ਪੈਸੇ ਦਾ ਸਿੱਕਾ ਕਢਿਆ ਅਤੇ ਬੋਲਿਆ ਕਿ ਇਕ ਪੈਸੇ ਦੀ ਜਿਹੜੀ ਅਤੇ ਜਿੰਨੀ ਅਕਲ ਆਉਂਦੀ ਹੈ, ਦੇ ਦੇ।'' ਬ੍ਰਾਹਮਣ ਦੇ ਪੁੱਤਰ ਨੇ ਇਕ ਕਾਗ਼ਜ਼ ਦੇ ਟੁਕੜਾ ਉਤੇ ਕੁੱਝ ਲਿਖਿਆ ਅਤੇ ਸੇਠ ਦੇ ਪੁੱਤਰ ਨੂੰ ਦਿੰਦੇ ਹੋਏ ਕਿਹਾ ਕਿ ਉਹ ਉਸ ਨੂੰ ਅਪਣੀ ਪੱਗ ਵਿਚ ਬੰਨ੍ਹ ਲਵੇ। ਸੇਠ ਦਾ ਪੁੱਤਰ ਘਰ ਗਿਆ ਅਤੇ ਕਾਗ਼ਜ਼ ਦਾ ਟੁਕੜਾ ਪਿਤਾ ਨੂੰ ਵਿਖਾਉਂਦੇ ਹੋਏ ਕਿਹਾ, ''ਇਹ ਵੇਖੋ, ਮੈਂ ਇਕ ਪੈਸੇ ਦੀ ਅਕਲ ਖ਼ਰੀਦੀ ਹੈ।'' ਸੇਠ ਨੇ ਕਾਗ਼ਜ਼ ਦਾ ਟੁਕੜਾ ਲਿਆ ਅਤੇ ਪੜ੍ਹਿਆ।

ਉਸ ਉਤੇ ਲਿਖਿਆ ਸੀ ਕਿ 'ਜਦੋਂ ਦੋ ਵਿਅਕਤੀ ਝਗੜ ਰਹੇ ਹੋਣ ਤਾਂ ਉਥੇ ਖੜੇ ਹੋ ਕੇ ਉਨ੍ਹਾਂ ਨੂੰ ਵੇਖਣਾ ਅਕਲਮੰਦੀ ਨਹੀਂ।' ਸੇਠ ਦਾ ਪਾਰਾ ਚੜ੍ਹ ਗਿਆ। ਉਸ ਨੇ ਪੁੱਤਰ ਤੇ ਵਰ੍ਹਦਿਆਂ ਕਿਹਾ, ''ਖੋਤਾ ਨਾ ਹੋਵੇ ਤਾਂ। ਇਸ ਬਕਵਾਸ ਦਾ ਇਕ ਪੈਸਾ? ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜਦੋਂ ਦੋ ਜਣੇ ਝਗੜ ਰਹੇ ਹੋਣ ਤਾਂ ਉਥੇ ਖੜੇ ਨਹੀਂ ਹੋਣਾ ਚਾਹੀਦਾ।'' ਫਿਰ ਸੇਠ ਬਾਜ਼ਾਰ ਗਿਆ ਅਤੇ ਬ੍ਰਾਹਮਣ ਦੇ ਪੁੱਤਰ ਦੀ ਦੁਕਾਨ ਤੇ ਜਾ ਕੇ ਉਸ ਨੂੰ ਬੁਰਾ-ਭਲਾ ਕਹਿਣ ਲੱਗਾ, ''ਤੂੰ ਮੇਰੇ ਪੁੱਤਰ ਨਾਲ ਠੱਗੀ ਕੀਤੀ ਹੈ। ਉਹ ਬੇਵਕੂਫ਼ ਹੈ ਅਤੇ ਤੂੰ ਠੱਗ। ਬੰਦੇ ਦਾ ਪੁੱਤ ਬਣ ਕੇ ਪੈਸੇ ਵਾਪਸ ਦੇ ਦੇ, ਨਹੀਂ ਤਾਂ ਮੈਂ ਦਰੋਗਾ ਨੂੰ ਬੁਲਾਉਂਦਾ ਹਾਂ।'' (ਚੱਲਦਾ)