ਜਨਮਦਿਨ 'ਤੇ ਵਿਸ਼ੇਸ਼ : ਯੁੱਗ ਕਵੀ ਅਲਬੇਲਾ ਪ੍ਰੋ. ਮੋਹਨ ਸਿੰਘ ਨੂੰ ਯਾਦ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਈ ਉਹ ਇਨਸਾਨ ਹੁੰਦੇ ਹਨ ਕਿ ਕੋਈ ਮੁਸੀਬਤ ਆ ਪਈ ਤਾਂ ਹੌਂਸਲਾ ਢਾਹ ਕੇ ਬੈਠ ਜਾਂਦੇ ਹਨ

Prof. Mohan Singh

ਕਈ ਉਹ ਇਨਸਾਨ ਹੁੰਦੇ ਹਨ ਕਿ ਕੋਈ ਮੁਸੀਬਤ ਆ ਪਈ ਤਾਂ ਹੌਂਸਲਾ ਢਾਹ ਕੇ ਬੈਠ ਜਾਂਦੇ ਹਨ। ਅਪਣੀ ਸ਼ਕਤੀ ਗੁਆ ਬੈਠਦੇ ਹਨ ਪਰ ਕੁੱਝ ਉਹ ਇਨਸਾਨ ਵੀ ਹੁੰਦੇ ਹਨ ਕਿ ਭਾਵੇਂ ਰਾਹ ਵਿਚ ਡੂੰਘੇ ਟੋਏ, ਝੱਖੜ, ਤੂਫ਼ਾਨਾਂ ਸਮੇਤ ਕਿੰਨੀਆਂ ਤੇ ਕਿਹੋ ਜਿਹੀਆਂ ਵੀ ਮੁਸੀਬਤਾਂ ਆ ਪੈਣ ਉਹ ਹੌਂਸਲਾ ਨਹੀਂ ਛਡਦੇ, ਮਿਹਨਤ ਕਰਨੋਂ ਨਹੀਂ ਹਟਦੇ, ਡਰ ਕੇ ਲੁਕਦੇ ਨਹੀਂ ਸਗੋਂ ਡੱਟ ਕੇ ਹਰ ਆਫ਼ਤ ਦਾ ਮੁਕਾਬਲਾ ਕਰਦੇ ਹਨ।

ਅਖ਼ੀਰ ਉਹ ਮਨੁੱਖ ਜਿੱਤ ਪ੍ਰਾਪਤ ਕਰਦੇ ਹਨ। ਅਪਣੀਆਂ ਮੰਜ਼ਲਾਂ ਸਰ ਕਰ ਲੈਂਦੇ ਹਨ-ਲੋਕਾਂ ਕੋਲੋਂ ਸੂਰਮੇ, ਯੋਧੇ, ਹੀਰੇ ਅਖਵਾਉਂਦੇ ਹਨ। ਲੋਕ ਉਨ੍ਹਾਂ ਦਾ ਨਾਂ ਲੈਂਦੇ ਹਨ, ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕੰਮਾਂ ਦੀਆਂ ਉਦਾਹਰਣਾਂ ਦਿਤੀਆਂ ਜਾਂਦੀਆਂ ਹਨ। ਉਹ ਲੋਕਾਂ ਦੇ ਮਸੀਹੇ ਬਣਦੇ ਹਨ। ਇਸੇ ਹੀ ਲੜੀ ਵਿਚ ਪ੍ਰੋ. ਮੋਹਨ ਸਿੰਘ ਦਾ ਨਾਂ ਵੀ ਆਉਂਦਾ ਹੈ ਜਿਸ ਨੇ ਗੁਰਬਤ ਭਰੇ ਦਿਨ ਵੀ ਵੇਖੇ, ਔਖੇ ਪੈਂਡੇ ਤਹਿ ਕੀਤੇ ਪਰ ਡੋਲੇ ਨਹੀਂ ਤੇ ਹਰ ਔਕੜ ਦਾ ਮੁਕਾਬਲਾ ਕਰਦੇ ਅੱਗੇ ਹੀ ਅੱਗੇ ਲੰਘਦੇ ਗਏ। ਉਹ ਕਿਸੇ ਦੀ ਜਾਣ-ਪਛਾਣ ਦਾ ਮੁਥਾਜ ਨਹੀਂ, ਉਹ ਹੈ ਮਾਂ ਬੋਲੀ ਪੰਜਾਬੀ ਦਾ ਲਾਡਲਾ ਸਪੂਤ ਪ੍ਰੋ. ਮੋਹਨ ਸਿੰਘ।

ਪ੍ਰੋ. ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਨੂੰ ਪਿੰਡ ਧਮਿਆਲ, ਰਾਵਲਪਿੰਡੀ (ਪਾਕਿਸਤਾਨ) ਵਿਚ ਮਾਤਾ ਭਗਵੰਤੀ ਦੀ ਕੁੱਖੋਂ, ਪਿਤਾ ਜੋਧ ਸਿੰਘ (ਡਾ.ਡੰਗਰਾਂ ਦਾ) ਦੇ ਘਰ ਹੋਇਆ। ਉਨ੍ਹਾਂ ਅਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕੀਤੀ ਤੇ ਸੰਨ 1922 ਵਿਚ ਰਾਵਲਪਿੰਡੀ ਤੋਂ ਮੈਟ੍ਰਿਕ ਅਤੇ 1923 ਵਿਚ ਲਾਹੌਰ ਤੋਂ ਮੁਨਸ਼ੀ ਫ਼ਾਜ਼ਿਲ ਕੀਤੀ। 1933 ਵਿਚ ਲਾਹੌਰ ਤੋਂ ਫ਼ਾਰਸੀ ਦੀ ਐਮ.ਏ.ਵੀ ਪਹਿਲੇ ਨੰਬਰ 'ਤੇ ਕੀਤੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ 1933 ਵਿਚ ਨੌਕਰੀ ਤੇ ਲੱਗੇ ਤੇ 1946 ਤੋਂ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਰਹੇ ਅਤੇ 1967 ਤੋਂ ਖ਼ਾਲਸਾ ਕਾਲਜ ਪਟਿਆਲਾ ਅਤੇ ਪੰਜਾਬੀ ਯੂਨੀਵਰਸਟੀ ਪਟਿਆਲੇ 1971 ਤਕ ਪੜ੍ਹਾਉਂਦੇ ਰਹੇ ਅਤੇ ਉਸ ਤੋਂ ਪਿਛੋਂ 1978 ਤਕ ਖੇਤੀਬਾੜੀ ਯੂਨੀਵਰਸਟੀ ਲੁਧਿਆਣੇ ਪ੍ਰੋਫ਼ੈਸਰ ਤੇ ਪ੍ਰੋਫ਼ੈਸਰ ਐਮੇਰਿਟਸ ਦੇ ਅਹੁਦੇ ਤੇ ਰਹੇ।

ਪ੍ਰੋ. ਸਾਹਿਬ ਦੇ ਦੋ ਵਿਆਹ ਹੋਏ ਸਨ। ਪਹਿਲਾ ਵਿਆਹ ਪੋਠੋਹਾਰ ਦੇ ਪਿੰਡ ਨਕੜਾਲੀ ਦੀ ਧੀ ਬਸੰਤ ਕੌਰ ਨਾਲ ਹੋਇਆ ਪਰ ਕੁਦਰਤ ਨਿੱਤ ਨਵੇਂ ਦਿਨ ਲਿਆਉਂਦੀ ਐ, ਕਦੇ ਖ਼ੁਸ਼ੀਆਂ ਤੇ ਕਦੇ ਗਮੀਆਂ ਦੇ। ਪ੍ਰੋ. ਸਾਹਿਬ ਤੇ ਵੀ ਰੰਗੀਂ ਵਸਦਿਆਂ ਇਕਦਮ ਗਮਾਂ ਦੇ ਪਹਾੜ ਡਿੱਗ ਪਏ ਜਦੋਂ ਉਸ ਦੀ ਸਾਹਾਂ ਤੋਂ ਪਿਆਰੀ ਪਤਨੀ ਬਸੰਤ ਕੌਰ ਦਾ ਦੇਹਾਂਤ ਹੋ ਗਿਆ। ਉਹ ਭਰ ਜਵਾਨੀ ਵਿਚ ਚੁੱਪਚਾਪ, ਉਦਾਸ-ਉਦਾਸ ਰਹਿਣ ਲੱਗ ਪਿਆ। ਫਿਰ ਬਸੰਤ ਦੀ ਛੋਟੀ ਭੈਣ ਸੁਰਜੀਤ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੇ ਅਪਣਾ ਉਜੜਿਆ ਸੰਸਾਰ ਵਸਾਇਆ।

ਉਨ੍ਹਾਂ ਦੇ ਘਰ ਕੰਵਲ ਮੋਹਨ ਸਿੰਘ ਤੇ ਨੌਹਨ ਸਿੰਘ ਦੋ ਸਪੁੱਤਰ ਅਤੇ ਸਵੀਟੀ, ਬਿੱਲੋ, ਮਿੰਨੀ, ਬੇਬੀ ਤੇ ਰਾਣੀ ਪੰਜ ਧੀਆਂ ਨੇ ਜਨਮ ਲਿਆ। ਪਰ ਬਸੰਤ ਕੌਰ ਦੀ ਯਾਦ ਮੋਹਨ ਸਿੰਘ ਦੇ ਦਿਲ ਤੇ ਹਮੇਸ਼ਾ ਤਰੋਤਾਜ਼ੀ ਰਹਿੰਦੀ। ਉਥੋਂ ਹੀ ਪ੍ਰੋ. ਸਾਹਿਬ ਨੇ ਕਾਗ਼ਜ਼ਾਂ ਦੀ ਹਿੱਕ ਤੇ ਕਲਮ ਘੁਮਾਉਣੀ ਸ਼ੁਰੂ ਕੀਤੀ। ਪ੍ਰੋ. ਮੋਹਨ ਸਿੰਘ ਨੇ ਜ਼ਿਆਦਾ ਪ੍ਰਸਿੱਧੀ ਕਵੀ ਦੇ ਤੌਰ 'ਤੇ ਹੀ ਖੱਟੀ ਹੈ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ 'ਸਾਵੇ ਪੱਤਰ', 'ਕੁਸੰਭੜੇ', 'ਅੱਧਵਾਟੇ', 'ਕੱਚ-ਸੱਚ', 'ਵੱਡਾ-ਵੇਲਾ', 'ਜੰਦਰੇ', 'ਬੂਹੇ', 'ਚਾਰ ਹੰਝੂ','ਅਵਾਜ਼ਾਂ', 'ਨਾਨਕਾਇਣ' ਤੇ 'ਨਿੱਕੀ-ਨਿੱਕੀ ਵਾਸਨਾ' ਹਨ ਅਤੇ ਉਨ੍ਹਾਂ ਅਨੁਵਾਦ ਤੇ ਵੀ ਹੱਥ ਅਜ਼ਮਾਇਆ।

ਏਸੀਆ ਦਾ ਚਾਨਣ (ਮਹਾਂ-ਕਾਵਿ), ਧਰਤੀ ਪਾਸਾ ਪਰਤਿਆ, ਗੋਦਾਨ, ਪੀਂਘਾਂ, ਨਿਰਮਲਾ, ਸਤਰੰਗੀ (ਨਾਵਲ), ਪਿਤਾ ਵਲੋਂ ਧੀ ਨੂੰ ਚਿੱਠੀਆਂ (ਵਾਰਤਕ), ਰਾਜਾ ਈਡੀਪਸ (ਨਾਟਕ) ਆਦਿ ਅਨੁਵਾਦ ਕੀਤੀਆਂ ਪੁਸਤਕਾਂ ਹਨ। ਪ੍ਰੋ. ਸਾਹਿਬ ਜੀ ਨੇ ਸਾਹਿਤ ਵਿਚ ਵਿਲੱਖਣ ਪਿਰਤਾਂ ਪਾਈਆਂ। ਉਹ ਪ੍ਰਗਤੀਵਾਦੀ, ਰੁਮਾਂਸਵਾਦੀ, ਇਨਕਲਾਬੀ ਤੇ ਆਦਰਸ਼ਵਾਦੀ ਉਹ ਅਲਬੇਲਾ ਕਵੀ ਸੀ। ਉਨ੍ਹਾਂ ਕੋਲ ਸ਼ਬਦਾਂ ਦਾ ਭੰਡਾਰ, ਬਿੰਬ ਸਿਰਜਣ ਦੀ ਸ਼ਕਤੀ, ਸਮਾਜਕ ਸਮੱਸਿਆ ਦੀ ਸੂਝ ਸੀ। ਉਹ ਪੰਜਾਬੀ ਬੋਲੀ ਦਾ ਵੱਡਾ ਕਵੀ ਸੀ।

ਉਨ੍ਹਾਂ ਆਧੁਨਿਕ ਕਵਿਤਾ ਦੇ ਹਰ ਪੱਖ ਤੇ ਸਫ਼ਲਤਾ ਪੂਰਵਕ ਕਲਮ ਅਜ਼ਮਾਈ ਹੈ। ਉਹ ਇਕ ਕਵੀ ਹੀ ਨਹੀਂ ਸਗੋਂ ਇਕ ਸੰਸਥਾ ਸੀ। ਦਿਲ ਦਾ ਦੌਰਾ ਪੈਣ ਨਾਲ 3 ਮਈ 1978 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਉਨ੍ਹਾਂ ਦੀਆਂ ਸਦੀਵੀ ਰਚਨਾਵਾਂ ਸਦੀਆਂ ਤਕ ਅਪਣੀਆਂ ਮਹਿਕ ਵੰਡਦੀਆਂ ਰਹਿਣਗੀਆ ਤੇ ਪਾਠਕ ਉਨ੍ਹਾਂ ਦੀਆਂ ਰਚਨਾਵਾਂ ਦਾ ਹਮੇਸ਼ਾ ਨਿੱਘ ਮਾਣ ਦੇ ਰਹਿਣਗੇ। ਪੰਜਾਬੀ ਮਾਂ ਬੋਲੀ ਦੇ ਹੀਰੇ ਲਾਲ ਦੀਆਂ ਹਮੇਸ਼ਾ ਯਾਦਾਂ ਤਾਜ਼ੀਆਂ ਰਹਿਣਗੀਆਂ। ਉਹ ਅਮਰ ਹਨ ਤੇ ਅਮਰ ਹੀ ਰਹਿਣਗੇ।
-ਦਰਸ਼ਨ ਸਿੰਘ ਪ੍ਰੀਤੀਮਾਨ , ਪ੍ਰੋ. 98786-06963
email:dspreetimaan0gmail.com