Google Bebe: ਗੂਗਲ ਬੇਬੇ ਨਾਮ ਨਾਲ ਮਸ਼ਹੂਰ 62 ਸਾਲਾ ਬੀਬੀ ਕੁਲਵੰਤ ਕੌਰ ਦਿਮਾਗ ’ਚ ਸਾਂਭੀ ਬੈਠੀ ਹੈ ਦੁਨੀਆਂ ਭਰ ਦੀ ਜਾਣਕਾਰੀ
ਕੇਵਲ 4 ਜਮਾਤਾਂ ਪੜ੍ਹੀ ਹੋਈ ਹੈ ਬੀਬੀ ਕੁਲਵੰਤ ਕੌਰ, ਸਿੱਖ ਧਰਮ ਤੋਂ ਇਲਾਵਾ ਹਿੰਦੂ ਧਰਮ ਬਾਰੇ ਕੀਤੇ ਕਈ ਪ੍ਰਗਟਾਵੇ
Google Bebe: ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮਨੈਲਾ ਦੀ 62 ਸਾਲਾ ਬੀਬੀ ਕੁਲਵੰਤ ਕੌਰ ਗੁਗਲ ਬੇਬੇ ਦੇ ਨਾਮ ਨਾਲ ਅੱਜ ਦੁਨੀਆਂ ਭਰ ’ਚ ਮਸ਼ਹੂਰ ਹੈ। ਕੇਵਲ 4 ਜਮਾਤਾਂ ਪੜ੍ਹੀ ਹੋਈ ਬੀਬੀ ਕੁਲਵੰਤ ਕੌਰ ਨੇ ਕਈ ਪ੍ਰੀਖਿਆਵਾਂ ਦੇ ਕੇ ਗੁਗਲ ਬੇਬੇ ਦਾ ਰੁਤਬਾ ਹਾਸਲ ਕੀਤਾ ਹੈ। ਸਪੋਕਸਮੈਨ ਦੇ ਪ੍ਰਤੀਨਿਧੀ ਨੇ ਵੀ ਪਿਛਲੇ ਦਿਨ ਚੰਡੀਗੜ੍ਹ ’ਚ ਇਕ ਸਾਹਤਿਕ ਪ੍ਰੋਗਰਾਮ ਵਿਚ ਬੀਬੀ ਨਾਲ ਗੱਲਬਾਤ ਕਰਦਿਆਂ ਕਈ ਮੁਸ਼ਕਲ ਸਵਾਲ ਪੁਛੇ ਅਤੇ ਉਸ ਨੇ ਕੋਈ ਮੌਕਾ ਨਹੀਂ ਦਿਤਾ ਕਿ ਉਸ ਦੀ ਇਸ ਅਨੋਖੀ ਪ੍ਰਤੀਭਾ ’ਤੇ ਸ਼ੱਕ ਕੀਤਾ ਜਾ ਸਕੇ।
ਬੀਬੀ ਨੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਬਲੀਕੇਸ਼ਨ 18 ਭਾਸ਼ਾਵਾਂ ’ਚ ਹੋਇਆ ਹੈ। ਬੀਬੀ ਨੂੰ 40 ਮੁਕਤਿਆਂ ਦੇ ਨਾਮ ਮੂੰਹਜ਼ੁਬਾਨੀ ਯਾਦ ਹਨ। ਬੀਬੀ ਨੂੰ 11 ਭੱਟਾਂ ਦੇ ਨਾਮ, ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਸਮੇਤ ਸਿੱਖ ਇਤਿਹਾਸ ਦੀ ਭਰਪੂਰ ਜਾਣਕਾਰੀ ਹੈ। ਉਸ ਨੇ ਦਸਿਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਵਾਰੀ ਅੰਮ੍ਰਿਤ ਛਕਣ ਵਾਲੇ 5 ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਣ ਵਾਲੇ 5 ਮੁਕਤੇ ਸਨ ਅਤੇ ਉਨ੍ਹਾਂ ਦੇ ਨਾਮ ਵੀ ਬੀਬੀ ਨੇ ਸਾਂਝੇ ਕੀਤੇ।
ਸਿੱਖ ਧਰਮ ਤੋਂ ਇਲਾਵਾ ਬੀਬੀ ਨੇ ਹਿੰਦੂ ਧਰਮ ਬਾਰੇ ਕਈ ਪ੍ਰਗਟਾਵੇ ਕੀਤੇ ਜਿਵੇਂ ਹਿੰਦੂ ਰੀਸ਼ੀਆਂ ਦੀ ਗਿਣਤੀ 70 ਅਤੇ 27 ਸਿਮਿ੍ਰਤੀਆਂ ਸਮੇਤ ਸ਼੍ਰੀ ਰਾਮ ਚੰਦਰ ਦੀਆਂ ਕਈ ਪੀੜ੍ਹੀਆਂ ਦੀ ਜਾਣਕਾਰੀ ਬੀਬੀ ਨੂੰ ਹੈ। ਇਸ ਤੋਂ ਇਲਾਵਾ ਬੁੱਧ ਧਰਮ, ਮੁਸਲਿਮ ਧਰਮ, ਈਸਾਈ ਧਰਮ ਸਮੇਤ ਹੋਰ ਧਰਮਾਂ ਬਾਰੇ ਵੀ ਬੀਬੀ ਦੀ ਜਾਣਕਾਰੀ ਉਸ ਨੂੰ ਮਿਲੇ ਨਵੇਂ ਨਾਮ ਦੇ ਹਾਣੀ ਬਣਾਉਂਦੀ ਹੈ। ਵੱਖ ਵੱਖ ਧਰਮਾਂ ਤੋ ਇਲਾਵਾ ਉਸ ਨੂੰ ਇਤਿਹਾਸ ਅਤੇ ਸਭਿਆਚਾਰ ਦੀ ਜਾਣਕਾਰੀ ਵੀ ਕਾਫੀ ਹੈ।
ਬੀਬੀ ਕੁਲਵੰਤ ਕੌਰ ਨੇ ਦਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੋਕ ਰਿਹਾ ਹੈ, ੳਹ ਅਖ਼ਬਾਰਾਂ ਤੋਂ ਇਲਾਵਾ ਕੁਲਦੀਪ ਨਈਅਰ, ਖ਼ੁਸ਼ਵੰਤ ਸਿੰਘ, ਰਾਜਨ ਕੋਠਾਰੀ, ਡਾ. ਮਹਿੰਦਰ ਕੌਰ ਤੋਂ ਇਲਾਵਾ ਬਚਪਨ ’ਚ ਸੋਡੀ ਚਮਤਕਾਰ ਪੜ੍ਹਦੀ ਰਹੀ ਹੈ। ਉਸ ਨੇ ਕੌਣ ਬਣੇਗਾ ਗੁਰੂ ਦਾ ਪਿਆਰਾ ਮੁਕਾਬਲੇ ਦਾ ਪਹਿਲਾ ਇਨਾਮ 36 ਲੱਖ ਰੁਪਏ ਦਾ ਜਿਤਿਆ ਸੀ ਪਰ ਪ੍ਰਬੰਧਕ ਪੈਸੇ ਦੇਣ ਤੋਂ ਭੱਜ ਗਏ। ਉਸ ਨੇ ਕੋਵਿਡ ਮਹਾਂਮਾਰੀ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸੀ ਟੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਚਰਚਾਵਾ ਕੀਤੀਆਂ ਹਨ। ਦੁਬਈ ਦੇ ਨਾਮਵਰ ਸ਼ਖਸੀਅਤ ਐਸ ਪੀ ਐਸ ਓਬਰਾਏ ਨੇ ਨਾਲ ਉਨ੍ਹਾਂ ਦੀ ਮੁਲਾਕਾਤ ਕਾਫੀ ਵਧੀਆ ਰਹੀ। ਉਨ੍ਹਾਂ ਨੇ ਬੀਬੀ ਨੂੰ ਵਿਦੇਸ਼ਾਂ ’ਚ ਇਸ ਅਦਭੁੱਤ ਕਲਾ ਦਾ ਪਰਦਰਸ਼ਨ ਕਰਨ ਲਈ ਲਿਜਾਣ ਦੀ ਗੱਲਬਾਤ ਕੀਤੀ ਸੀ ਪਰ ਕੋਵਿਡ ਕਾਰਨ ਇਹ ਸੰਭਵ ਨਹੀਂ ਹੋ ਸਕਿਆ।