ਜ਼ਿੰਦਗੀ ਦਾ ਹਾਸਲ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਦੇ ਤੀਜੇ ਪਹਿਰ 'ਚ ਪਹੁੰਚੀ ਸਵਿੰਦਰ ਕੌਰ ਉਰਫ਼ ਸ਼ਿੰਦੋ ਅੱਧ-ਪਚੱਧੇ ਚਿੱਟੇ ਹੋ ਚੁੱਕੇ ਵਾਲਾਂ ਨੂੰ ਕਾਲੀ ਮਹਿੰਦੀ ਲਾ ਕੇ ਮਾਰੋਮਾਰ ਕਰਦੇ ਆ ਰਹੇ ਬੁਢਾਪੇ ਨੂੰ...

Gain of life

ਜੀਵਨ ਦੇ ਤੀਜੇ ਪਹਿਰ 'ਚ ਪਹੁੰਚੀ ਸਵਿੰਦਰ ਕੌਰ ਉਰਫ਼ ਸ਼ਿੰਦੋ ਅੱਧ-ਪਚੱਧੇ ਚਿੱਟੇ ਹੋ ਚੁੱਕੇ ਵਾਲਾਂ ਨੂੰ ਕਾਲੀ ਮਹਿੰਦੀ ਲਾ ਕੇ ਮਾਰੋਮਾਰ ਕਰਦੇ ਆ ਰਹੇ ਬੁਢਾਪੇ ਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਦੀ ਹੈ ਪਰ ਪੋਟਵੀਂ ਮਿੱਟੀ ਪੁੱਟਣ ਵਾਲੀਆਂ ਸਹੇਲੀਆਂ ਦੀਆਂ ਅਠਖੇਲੀਆਂ ਅਤੇ ਭਲਵਾਨਾਂ ਦੀ ਮਿੰਦੋ ਤੇ ਜਨਕੋ ਡੋਗਰੀ ਦੀਆਂ ਅੱਲੜ੍ਹ ਉਮਰੇ ਗਿੱਧਿਆਂ ਦੇ ਪਿੜਾਂ 'ਚ ਪਾਈਆਂ ਬੋਲੀਆਂ ਉਸ ਦੀਆਂ ਯਾਦਾਂ ਦਾ ਅਨਮੋਲ ਸਰਮਾਇਆ ਹਨ ਜਿਨ੍ਹਾਂ ਨੂੰ ਯਾਦ ਕਰ ਕੇ ਉਹ ਫਿਰ ਜਵਾਨ ਹੋ ਜਾਂਦੀ ਹੈ।

ਹਾਣਨਾਂ ਨਾਲ ਸ਼ਿੰਦੋ ਪਿੰਡ ਦੇ ਸ਼ਾਮਲਾਟ ਟੋਇਆਂ ਵਿਚੋਂ ਮਿੱਟੀ ਪੁੱਟ ਕੇ ਲਿਆਉਣ ਤੋਂ ਬਾਅਦ ਗੋਅ ਕੇ ਕੱਚੀਆਂ ਕੰਧਾਂ ਉਤੇ ਸ਼ੇਰ, ਮੋਰ-ਮੋਰਨੀਆਂ ਸਲੀਕੇ ਨਾਲ ਬਣਾਉਂਦੀ, ਉਨ੍ਹਾਂ ਦੀਆਂ ਅੱਖਾਂ 'ਚ ਰੰਗ-ਬਿਰੰਗੇ ਬੰਟੇ ਲਾ ਕੇ ਇੰਜ ਸਜੀਵ ਕਰਦੀ ਜਿਵੇਂ ਉਹ ਘਰ ਦੇ ਰਾਖੇ ਹੋਣ। ਅਪਣੇ ਵਜੂਦੋਂ ਭਾਰੇ ਮਿੱਟੀ ਦੇ ਭਰੇ ਬਾਲਟੇ ਢੋਅ ਕੇ ਮਾਪਿਆਂ ਦਾ ਘਰ ਸੁਆਰਦੀ ਸ਼ਿੰਦੋ ਦੇ ਅੰਤਰੀਵ ਮਨ ਅੰਦਰ ਅਪਣਾ ਘਰ ਬਣਾਉਣ ਦੀ ਕੋਈ ਖ਼ਾਮੋਸ਼ ਰੀਝ ਪਲਸੇਟੇ ਮਾਰਦੀ। ਰੁਮਾਲ ਉੱਤੇ ਫੁੱਲ ਪੱਤੀਆਂ ਪਾਉਂਦੀ ਕੁਆਰੀ ਸੱਧਰ, ਜੋ ਹਰ ਅੱਲੜ੍ਹ ਦੇ ਅਰਮਾਨਾਂ ਦਾ ਹਿੱਸਾ ਹੁੰਦੀ ਹੈ, ਕਿਸੇ ਸ਼ੱਕੀ ਨਜ਼ਰ ਤੋਂ ਰੁਮਾਲ ਲੁਕੋ ਲੈਂਦੀ। ਦਿਲ 'ਚ ਮਚਲਦੇ ਅਰਮਾਨ, ਜਾਗਦਿਆਂ-ਸੁੱਤਿਆਂ ਲਏ ਸੁਪਨੇ ਕਦੋਂ ਸੱਚ ਹੋਣਗੇ, ਇਹ ਕਿਸੇ ਵੀ ਮੁਟਿਆਰ ਨੂੰ ਪਤਾ ਨਹੀਂ ਹੁੰਦਾ।

'ਕੱਤਣੀ 'ਚ ਰੱਖੇਂ ਰਿਉੜੀਆਂ, ਵੱਸਣ ਦੇ ਚੱਜ ਨਾ ਤੇਰੇ' ਦਾ ਖ਼ਿਆਲ ਰਖਦਿਆਂ ਕੱਤਣੀ ਹਮੇਸ਼ਾ ਦਿਲ ਦੀਆਂ ਬੁੱਝਣ ਵਾਲੀਆਂ ਨਿਗਾਹਾਂ ਤੋਂ ਛੁਪਾ ਕੇ ਰਖਦੀ। ਕਿਤੇ ਰਿਉੜੀਆਂ ਦੀ ਥਾਂ ਉਸ ਦੇ ਸੁਪਨਿਆਂ ਨੂੰ ਵੇਖ ਕੇ ਸਹੇਲੀਆਂ ਕੋਈ ਸੁਆਦ ਦੇਂਦੀ ਚੋਭ ਲਾ ਕੇ ਅਪਣੀਆਂ ਖ਼ਾਹਿਸ਼ਾਂ ਦਾ ਵਿਖਾਲਾ ਨਾ ਪਾ ਦੇਣ। ਅੱਲੜ੍ਹ ਉਮਰ ਦੀਆਂ ਖ਼ਾਮੋਸ਼ ਰੀਝਾਂ ਪਾਲਦਿਆਂ ਘਟਾ ਵਾਂਗ ਕਦੋਂ ਜਵਾਨੀ ਚੜ੍ਹ ਜਾਂਦੀ ਹੈ, ਕੋਈ ਪਤਾ ਹੀ ਨਹੀਂ ਲਗਦਾ। ਰੀਝਾਂ ਪ੍ਰਵਾਨ ਚਾੜ੍ਹਨ ਲਈ ਰੱਬ ਬਣ ਕੇ ਬਹੁੜੀ ਸੀ ਉਨ੍ਹਾਂ ਦੇ ਪਿੰਡ ਆਉਂਦੀ-ਜਾਂਦੀ ਪੜ੍ਹੀ-ਲਿਖੀ ਨੌਜੁਆਨ ਪ੍ਰਾਹੁਣੀ, ਜਿਸ ਨੂੰ ਉਸ ਦੇ ਰਿਸ਼ਤੇਦਾਰਾਂ ਦੇ ਘਰ ਆਉਂਦੇ-ਜਾਂਦੇ ਵਿਆਹ ਦੀ ਵੱਤ ਲੰਘਾ ਚੁੱਕੇ ਸ਼ਿੰਦੋ ਦੇ ਅਨਪੜ੍ਹ ਆਗੂ ਭਰਾ ਨੇ ਕਿਸੇ ਥੋਥੀ ਆਸ ਤੇ ਭੈਣ ਦਾ ਸਾਕ ਦੇਣ ਦੀ ਹਾਮੀ ਭਰ ਦਿਤੀ ਸੀ।

ਇਹ ਉਸ ਦੀ ਕਿਸਮਤ ਸੀ ਜਾਂ ਕੋਈ ਕ੍ਰਿਸ਼ਮਾ, ਉਹ ਵੀ ਉਸ ਪੜ੍ਹੀ-ਲਿਖੀ ਦੀਆਂ ਗੱਲਾਂ ਨੂੰ ਅਪਣਾ ਮੁਕੱਦਰ ਸਮਝ ਕੇ ਸੁਪਨੇ ਬੁਣਨ ਲੱਗ ਪਈ ਸੀ। ਜਦੋਂ ਭਰਾ ਵਲੋਂ ਇਸ ਸਬੰਧੀ ਘਰਦਿਆਂ ਨਾਲ ਗੱਲਾਂ ਕਰਦਿਆਂ ਕੰਧੀ-ਕੋਲੀਂ ਲਗਦੀ ਦੇ ਇਹ ਕੰਨੀਂ ਪਿਆ ਕਿ ਉਸ ਦਾ ਹੋਣ ਵਾਲਾ ਸਾਥੀ ਕੋਈ ਸਰਕਾਰੀ ਨੌਕਰ ਤੇ ਚੋਖੀ ਤਨਖ਼ਾਹ ਲੈਂਦਾ ਹੈ, ਉਸ ਦੇ ਜ਼ਿਹਨ 'ਚ ਉਸ ਦੀਆਂ ਸਹੇਲੀਆਂ ਜਨਕੋ ਤੇ ਮਿੰਦੋ ਵਲੋਂ ਸਾਵਿਆਂ ਵੇਲੇ ਪਾਈਆਂ ਬੋਲੀਆਂ 'ਨੌਕਰ ਨੂੰ ਨਾ ਦੇਈਂ ਬਾਬਲਾ ਵੇ ਹਾਲੀ ਪੁੱਤਰ ਬਥੇਰੇ' ਅਤੇ 'ਵੱਸਣਾ ਫ਼ੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਪੱਕੇ ਤੌਰ ਤੇ ਚੇਤੇ ਵਿਚ ਵੱਸ ਗਈਆਂ ਸਨ ਕਿ ਕਿਸ ਨੂੰ ਪਹਿਲ ਦੇਵੇ। ਪਰ ਉਦੋਂ ਕੁੜੀਆਂ ਦੇ ਮੁਕੱਦਰਾਂ ਦੇ ਫ਼ੈਸਲੇ ਮਾਪਿਆਂ ਦੇ ਹੱਥ ਹੁੰਦੇ ਸਨ। ਅਪਣੇ ਮੰਗੇਤਰ ਬਾਰੇ ਬਹੁਤੀ ਖੁੱਲ੍ਹ ਕੇ ਜਾਣਕਾਰੀ ਲੈਣੀ ਰਿਵਾਜ ਦਾ ਹਿੱਸਾ ਨਹੀਂ ਸੀ ਬਣੀ। (ਚਲਦਾ)