ਪੁਰਾਣੀ ਬਨਾਮ ਅਜੋਕੀ ਪੰਜਾਬੀ ਗਾਇਕੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮਨੁੱਖ ਸ਼ੁਰੂ ਤੋਂ ਹੀ ਸੰਗੀਤ ਦਾ ਦੀਵਾਨਾ ਰਿਹਾ ਹੈ। ਧਰਮਾਂ-ਮਜ਼ਹਬਾਂ ਤੋਂ ਵੀ ਪਹਿਲਾਂ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ,

Old versus present day Punjabi singer

ਮਨੁੱਖ ਸ਼ੁਰੂ ਤੋਂ ਹੀ ਸੰਗੀਤ ਦਾ ਦੀਵਾਨਾ ਰਿਹਾ ਹੈ। ਧਰਮਾਂ-ਮਜ਼ਹਬਾਂ ਤੋਂ ਵੀ ਪਹਿਲਾਂ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ, ਉਦੋਂ ਵੀ ਉਹ ਕਿਸੇ ਖ਼ੁਸ਼ੀ ਮੌਕੇ ਗੁਣਗੁਣਾਉਂਦਾ ਸੀ। ਦੁਨੀਆਂ ਵਿਚ ਅੱਜ ਵੀ ਕਈ ਆਦਿਵਾਸੀ ਕਬੀਲੇ ਜੋ ਦੁਨੀਆਂ ਤੋਂ ਕੱਟੇ ਹੋਏ ਹਨ, ਉਨ੍ਹਾਂ ਨੂੰ ਤੁਸੀਂ ਡਿਸਕਵਰੀ ਚੈਨਲ 'ਤੇ ਖ਼ੁਸ਼ੀ ਵਿਚ ਝੂਮਦਿਆਂ ਵੇਖਿਆ ਹੋਵੇਗਾ। ਇਥੇ ਕਈ ਔਰੰਗਜ਼ੇਬ ਵਰਗੇ ਸੰਗੀਤ ਦੇ ਕੱਟੜ ਵਿਰੋਧੀ ਆਏ ਅਤੇ ਚਲੇ ਗਏ, ਜਿਨ੍ਹਾਂ ਨੇ ਸੰਗੀਤ ਉਤੇ ਪੂਰਨ ਪਾਬੰਦੀ ਲਾ ਦਿਤੀ ਸੀ।

ਉਨ੍ਹਾਂ ਰਾਜਿਆਂ ਦੇ ਰਾਜ ਅਤੇ ਵੰਸ਼ ਚਲੇ ਗਏ ਪਰ ਸੰਗੀਤ ਅਸੀਂ ਅੱਜ ਵੀ ਸੁਣਦੇ ਹਾਂ, ਮਾਣਦੇ ਹਾਂ। ਹੁਣ ਗੱਲ ਕਰੀਏ ਅਪਣੀ ਪੰਜਾਬੀ ਗਾਇਕੀ ਦੀ। ਵੈਸੇ ਤਾਂ ਪੰਜਾਬੀ ਗਾਇਕੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਪਰ ਮੈਂ ਗੱਲ ਉਥੋਂ ਸ਼ੁਰੂ ਕਰਾਂਗਾ ਜਿਥੇ ਅਸੀਂ ਛੋਟੇ ਹੁੰਦਿਆਂ ਜੋ ਗਾਇਕ ਸੁਣੇ ਅਤੇ ਮਾਣੇ ਹਨ। ਛੋਟੇ ਹੁੰਦਿਆਂ ਅਕਸਰ ਦੂਰਦਰਸ਼ਨ ਉਤੇ ਪੰਜਾਬੀ ਗਾਇਕੀ ਦੇ ਬਾਬੇ ਬੋਹੜਾਂ ਦੇ ਦਰਸ਼ਨ ਹੁੰਦੇ ਸਨ।

ਭਾਵੇਂ ਕਿ ਅਸ਼ਲੀਲਤਾ ਦਾ ਠੱਪਾ ਉਦੋਂ ਵੀ ਕਿਤੇ ਨਾ ਕਿਤੇ ਗਾਇਕੀ ਉਤੇ ਲਗਦਾ ਸੀ ਪਰ ਮੇਰੇ ਅਨੁਸਾਰ ਮੂਲ ਫ਼ਰਕ ਹੁਣ ਨਾਲੋਂ ਇਹ ਸੀ ਕਿ ਜੋ ਸਮਾਜ 'ਚੋਂ ਵੇਖਿਆ ਜਾਂਦਾ ਸੀ, ਉਹ ਪੇਸ਼ ਕੀਤਾ ਜਾਂਦਾ ਸੀ ਅਤੇ ਅੱਜ ਜੋ ਸਮਾਜ 'ਚ ਵਾਪਰਦਾ ਹੀ ਨਹੀਂ ਉਹ ਮੱਲੋ-ਮੱਲੀ ਠੋਸਿਆ ਜਾ ਰਿਹਾ ਹੈ। ਜ਼ਿਆਦਾਤਰ ਪੁਰਾਣੇ ਗੀਤ ਦਿਉਰ, ਜੇਠ, ਭਰਜਾਈ, ਸੌਕਣ, ਹੀਰ, ਸੋਹਣੀ, ਮਿਰਜ਼ਾ-ਸਾਹਿਬਾਂ ਆਦਿ ਦੇ ਦੁਆਲੇ ਹੀ ਘੁੰਮਦੇ ਸਨ।

ਅੱਜ ਵਾਂਗ ਸਕੂਲਾਂ-ਕਾਲਜਾਂ ਦੀ ਫਿਜ਼ਾ 'ਚ ਜ਼ਹਿਰ ਨਹੀਂ ਸੀ ਘੋਲਿਆ ਜਾਂਦਾ। ਕੁੱਝ ਕੁ ਗੀਤਾਂ ਨੂੰ ਛੱਡ ਕੇ 95% ਗੀਤ ਠੇਠ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੇ ਸਨ। ਸੁਣ ਕੇ ਲਗਦਾ ਸੀ ਕਿ ਸਾਡੇ ਪੰਜਾਬ ਦੀ, ਪੰਜਾਬੀਅਤ ਦੀ ਗੱਲ ਹੋ ਰਹੀ ਹੈ। ਪਰ ਅੱਜਕਲ੍ਹ ਦੇ ਗੀਤਾਂ ਵਿਚ ਪੰਜਾਬ ਅਤੇ ਪੰਜਾਬੀਅਤ ਦੋਵੇਂ ਹੀ ਖੰਭ ਲਾ ਕੇ ਉੱਡ ਗਏ ਹਨ। ਪੰਜਾਬੀ ਗੀਤਾਂ ਵਿਚ ਅੱਧੇ ਤੋਂ ਵੱਧ ਸ਼ਬਦ ਪੰਜਾਬੀ ਦੇ ਮਾਰ ਕੇ ਹਿੰਦੀ ਅਤੇ ਅੰਗਰੇਜ਼ੀ ਦੇ ਠੋਸ ਦਿਤੇ ਹਨ ਅਤੇ ਗੀਤ ਇਕ ਮਿਲਗੋਭਾ ਜਿਹਾ ਬਣ ਕੇ ਰਹਿ ਗਏ ਹਨ।

ਰੈਪ ਨੇ ਪੰਜਾਬੀ ਗਾਇਕੀ ਦੀ ਜਹੀ ਤਹੀ ਕਰ ਕੇ ਰੱਖ ਦਿਤੀ ਹੈ। ਪੁਰਾਣੇ ਸਮਿਆਂ ਵਿਚ ਪੰਜਾਬੀ ਗਾਇਕੀ ਦੇ ਖੁੰਢ ਯਮਲਾ ਜੱਟ, ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ, ਦੀਦਾਰ ਸੰਧੂ, ਨਛੱਤਰ ਛੱਤਾ, ਹਾਕਮ ਸੂਫ਼ੀ, ਸਰਦੂਲ ਸਿਕੰਦਰ, ਸੁਰਿੰਦਰ ਕੌਰ, ਨਰਿੰਦਰ ਬੀਬਾ, ਗੁਰਮੀਤ ਬਾਵਾ, ਦਿਲਰਾਜ ਕੌਰ, ਜਗਮੋਹਣ ਕੌਰ, ਗੁਲਸ਼ਨ ਕੋਮਲ, ਰਣਜੀਤ ਕੌਰ ਅਤੇ ਅਮਰ ਨੂਰੀ ਆਦਿ ਕਹੇ ਜਾ ਸਕਦੇ ਹਨ।

ਸਾਰੀਆਂ ਪੰਜਾਬੀ ਰੁੱਤਾਂ, ਦਰੱਖ਼ਤਾਂ, ਥਾਵਾਂ, ਖਾਣਿਆਂ, ਕਪੜਿਆਂ, ਰਿਸ਼ਤਿਆਂ-ਨਾਤਿਆਂ, ਪਸ਼ੂਆਂ, ਪੰਛੀਆਂ, ਘਰਾਂ, ਕੰਮਾਂ ਆਦਿ ਦੀਆਂ ਗੱਲਾਂ ਗੀਤਾਂ ਵਿਚੋਂ ਆਮ ਮਿਲਦੀਆਂ ਸਨ। ਲਗਦਾ ਹੁੰਦਾ ਸੀ ਕਿ ਗੀਤ ਸਾਡੇ ਵਾਸਤੇ, ਸਾਡੇ ਸਕੂਨ ਲਈ ਅਤੇ ਸਾਡੀਆਂ ਉਮੰਗਾਂ ਦੀ ਤਰਜਮਾਨੀ ਕਰਦਾ ਹੈ। ਪਰ ਅੱਜਕਲ੍ਹ ਇਨ੍ਹਾਂ ਸੱਭ ਚੀਜ਼ਾਂ ਦੀ ਅਣਹੋਂਦ ਨੇ ਪੰਜਾਬੀ ਗਾਇਕੀ ਨੂੰ ਕੰਜਰਖ਼ਾਨੇ ਰੂਪੀ ਕਹਿਰੀ ਮੋੜਾ ਦੇ ਦਿਤਾ ਹੈ।
(ਬਾਕੀ ਅਗਲੇ ਹਫ਼ਤੇ)
ਸੰਪਰਕ :94785-22228, 98775-58127