ਸਭਿਆਚਾਰ ਤੇ ਵਿਰਸਾ: ਕਿਧਰ ਗਏ ਵਿਆਹ ਸਮੇਂ ਸੁਣਾਏ ਜਾਂਦੇ ਛੰਦ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਸ ਸਮੇਂ ਲਾੜੇ ਨਾਲ ਚੰਗਾ ਹਾਸਾ ਮਜ਼ਾਕ ਕੀਤਾ ਜਾਂਦਾ ਸੀ। 

Culture and Heritage:

ਵਿਆਹ ਵਿਚ ਨਿਭਾਈਆਂ ਜਾਣ ਵਾਲੀਆਂ ਰਸਮਾਂ ਵਿਚੋਂ ਇਕ ਮਹੱਤਵ ਪੂਰਨ ਰਸਮ ਛੰਦ ਸੁਨਾਉਣ ਦੀ ਹੁੰਦੀ ਸੀ। ਇਹ ਰਸਮ ਲਾਵਾਂ ਫੇਰਿਆਂ ਤੋਂ ਬਾਅਦ ਤੇ ਡੋਲੀ ਤੁਰਨ ਤੋਂ ਪਹਿਲਾ ਹੁੰਦੀ ਸੀ। ਲਾਂਵਾ ਫੇਰਿਆਂ ਤੋਂ ਬਾਅਦ ਬਾਕੀ ਬਰਾਤ ਵਾਪਸ ਉਥੇ ਚਲੀ ਜਾਂਦੀ ਸੀ ਜਿਥੇ ਉਨ੍ਹਾਂ ਦਾ ਠਹਿਰਾਅ ਕੀਤਾ ਜਾਂਦਾ ਸੀ ਪਰ ਵਿਆਹ ਵਾਲੇ ਮੁੰਡੇ ਅਤੇ ਸਰਬਾਲ੍ਹੇ ਨੂੰ ਲੜਕੀ ਵਾਲੇ ਦੇ ਘਰ ਫੇਰੀ ਪਵਾਈ ਜਾਂਦੀ ਸੀ, ਜਿਥੇ ਮੁੰਡੇ ਦੀ ਸੱਸ ਨੇ ਕੁੱਝ ਸ਼ਗਨ ਕਰਨੇ ਹੁੰਦੇ ਸਨ। ਸਭ ਤੋਂ ਪਹਿਲਾਂ ਸਾਲੀਆਂ ਵਲੋਂ ਛੰਦ ਸੁਣਾਉਣ ਦੀ ਰਸਮ ਹੁੰਦੀ ਸੀ। ਫਿਰ ਰਿਸ਼ਤੇਦਾਰ ਤੇ ਆਂਢ ਗੁਆਂਢ ਦੀਆਂ ਕੁੜੀਆਂ ਵੀ ਸ਼ਾਮਲ ਹੋਣ ਲਗ ਪਈਆਂ। ਉਸ ਸਮੇਂ ਲਾੜੇ ਨਾਲ ਚੰਗਾ ਹਾਸਾ ਮਜ਼ਾਕ ਕੀਤਾ ਜਾਂਦਾ ਸੀ। 

ਵਿਆਹ ਵਾਲੇ ਮੁੰਡੇ ਦਾ ਅਪਣੀਆਂ ਸਾਲੀਆਂ ਨਾਲ ਗੱਲਬਾਤ ਕਰਨ ਦਾ ਪਹਿਲਾ ਮੌਕਾ ਹੁੰਦਾ ਸੀ। ਇਹ ਉਸ ਦੇ ਦਿਮਾਗ਼ ਦੀ ਪਰਖ ਦੀ ਘੜੀ ਹੁੰਦੀ ਸੀ। ਅਜਿਹਾ ਕਰਨ ਜਾਂ ਕਰਵਾਉਣ ਪਿੱਛੇ ਕਈ ਗੱਲਾਂ ਲੁਕੀਆਂ ਹੁੰਦੀਆਂ ਸਨ। ਇਸ ਦਾ ਮਕਸਦ ਹੁੰਦਾ ਸੀ ਕਿ ਲਾੜਾ ਕਿਸੇ ਕਿਸਮ ਦੀ ਝਿਜਕ ਜਾ ਸ਼ਰਮ ਮਹਿਸੂਸ ਨਾ ਕਰੇ। ਲੜਕੇ ਦੇ ਬੋਲਣ ਦਾ ਤਰੀਕਾ ਅਪਣੇ ਵਿਰਸੇ ਨਾਲ ਸਾਂਝ ਅਤੇ ਸਮਝ ਨੂੰ ਪਰਖਣਾ ਹੁੰਦਾ ਸੀ। ਉਸ ਦੇ ਸਹੁਰੇ ਪਰਵਾਰ ਨੂੰ ਸਮਝਣ, ਉਨ੍ਹਾਂ ਨਾਲ ਜੁੜਨ ਜਾਂ ਖੁਲ੍ਹਣ ਦਾ ਮੌਕਾ ਪ੍ਰਦਾਨ ਕਰਨਾ ਹੁੰਦਾ ਸੀ। ਵਿਆਹ ਵਾਲੇ ਮੁੰਡੇ ਨੂੰ ਇਸ ਪ੍ਰਤੀ ਉਸ ਦੀਆਂ ਭੈਣਾਂ ਨੇ ਪਹਿਲਾ ਹੀ ਤਿਆਰ ਰਹਿਣ ਦੀ ਸਾਰੀ ਜੁਗਤ ਪੜ੍ਹਾ ਦਿਤੀ ਹੁੰਦੀ ਸੀ। ਮੁੰਡੇ ਦੇ ਯਾਰਾਂ ਦੋਸਤਾਂ ਤੇ ਪਿੰਡ ਦੇ ਜੋ ਖੁੰਢ ਹੁੰਦੇ ਸਨ ਲਾੜੇ ਨੂੰ ਪਹਿਲਾਂ ਹੀ ਚੁਕੰਨਾ ਕਰ ਦਿੰਦੇ ਸਨ।

ਪਹਿਲੀ ਤੁਕ ‘ਛੰਦ ਪਰਾਗੇ ਆਈਏ ਜਾਈਏ’ ਅਤੇ ਦੂਜੀ ਤੁਕ ਦੇ ਤੁਕਾਂਤ ਨੂੰ ਮਿਲਾਉਣ ਲਈ ਤੁਕਾਂਤ ਘੜਨ ਨਾਲ ਹੁੰਦਾ ਸੀ। ਕਈ ਚੁਸਤ ਲਾੜੇ ਮੌਕੇ ’ਤੇ ਹੀ ਛੰਦ ਘੜ ਲੈਂਦੇ ਸਨ। ਮੈਨੂੰ ਮੇਰੇ ਖੁੰਢ ਯਾਰਾਂ ਨੇ ਪਹਿਲੇ ਹੀ ਦਸਿਆ ਹੋਇਆ ਸੀ ਕੇ ਜੇ ਛੰਦ ਨਾ ਆਵੇ ਜਾਂ ਵਿਚੇ ਭੁੱਲ ਜਾਵੇ ਤਾਂ ਕੁੜੀਆਂ ਦੀਆਂ ਸਿੱਠਣੀਆਂ ਤੇ ਹਾਸਾ ਮਖ਼ੌਲ ਸੁਣਨਾ ਪੈਂਦਾ ਸੀ। ਇਸ ਕਰ ਕੇ ਮੈਨੂੰ ਯਾਦ ਹੈ ਮੈਂ ਅਪਣੇ ਵਿਆਹ ਸਮੇਂ ਮੌਕੇ ’ਤੇ ਹੀ ਕਈ ਛੰਦ ਆਪ ਹੀ ਘੜ ਲਏ ਸੀ ਜੋ ਕਿਸੇ ਵੀ ਲੇਖਕ ਵਲੋਂ ਨਹੀਂ ਲਿਖੇ ਗਏ ਸੀ। ਹੁਣ ਵੀ ਮੈਨੂੰ ਉਹ ਛੰਦ ਯਾਦ ਹਨ :

‘ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਪਾਣੀ,
ਭੈਣ ਤੁਹਾਡੀ ਨੂੰ ਰਖੂੰਗਾ ਬਣਾ ਕੇ ਅਪਣੀ ਮੈਂ ਰਾਣੀ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਦੀਵਾਰ,
ਸਾਲੀਆਂ ਨੂੰ ਪਹਿਲੀ ਵਾਰੀ ਵੇਖਿਆ ਚਿਹਰੇ ’ਤੇ ਆ ਗਈ ਬਹਾਰ।’

ਇਸ ਤੋਂ ਬਾਅਦ ਸੱਸ ਲੱਡੂਆਂ ਦੀ ਥਾਲੀ ਤੇ ਦੁੱਧ ਦਾ ਗਲਾਸ ਲੈ ਕੇ ਆਉਂਦੀ ਹੈ। ਆਉਂਦਿਆਂ ਹੀ ਉਹ ਕਹਿੰਦੀ ਹੈ ‘‘ਚਲੋ ਨੀ ਕੁੜੀਉ! ਕਿਥੇ ਮੇਰੇ ਸਾਊ ਪੁੱਤ ਨੂੰ ਘੇਰਿਐ। ਸੰਗਮਾਂ ਦੀ ਰਸਮ ਮੈਨੂੰ ਕਰ ਲੈਣ ਦਿਉ।’’ ਇਸ ਦੇ ਨਾਲ ਹੀ ਛੰਦ ਸੁਣਾਉਣ ਦੀ ਰਸਮ ਸਮਾਪਤ ਹੋ ਜਾਂਦੀ ਹੈ। ਕਿਥੇ ਪਹਿਲਾਂ ਪਿੰਡਾਂ ਵਿਚ ਤਿੰਨ ਚਾਰ ਦਿਨ ਬਰਾਤਾਂ ਰਹਿੰਦੀਆ ਸਨ, ਜੋ ਹੁਣ ਤਿੰਨ ਚਾਰ ਘੰਟਿਆਂ ਵਿਚ ਵਿਆਹ ਪੈਲਸਾਂ ਵਿਚ ਸਿਮਟ ਕੇ ਰਹਿ ਗਏ ਹਨ। ਵਿਆਹ ਵਿਚ ਹੋਣ ਵਾਲੀਆਂ ਰਸਮਾਂ ਨੂੰ ਪੈਲਸ ਕਲਚਰ ਨੇ ਨਿਗਲ ਲਿਆ ਹੈ। ਅੱਜ ਛੰਦ ਸੁਪਨਾ ਬਣ ਕੇ ਰਹਿ ਗਏ ਹਨ ਤੇ ਬਿਲਕੁਲ ਹੀ ਅਲੋਪ ਹੋ ਗਏ ਹਨ। ਨਵੀਂ ਪੀੜ੍ਹੀ ਇਸ ਤੋਂ ਬਿਲਕੁਲ ਅਣਜਾਣ ਹੈ।

(ਗੁਰਮੀਤ ਸਿੰਘ ਵੇਰਕਾ)
ਸਪੰਰਕ 9878600221