ਰੈਂਕਿੰਗ ਦੀ ਭੇਡ-ਚਾਲ ਵਿਚ ਪਛੜਦੇ ਜਾ ਰਹੇ ਵਿਦਿਅਕ ਅਦਾਰੇ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਅੱਜ ਕੋਈ ਵੀ ਖੇਤਰ ਵਪਾਰਕ ਦੌੜ ਤੋਂ ਵਾਂਝਾਂ ਨਹੀਂ ਹੈ। ਜਦ ਅਸੀ ਬਾਜ਼ਾਰ ਦੇ ਨਿਯਮ ਸਿਖਿਆ ਵਰਗੇ ਨੇਕ ਖੇਤਰ ਵਿਚ ਲਾਗੂ ਕਰਦੇ ਹਾਂ ਤਾਂ ਇਸ ਦੇ ਨਤੀਜੇ ਕਿੰਨੇ ਭਿਆਨਕ ਹੋ...

Education

ਅੱਜ ਕੋਈ ਵੀ ਖੇਤਰ ਵਪਾਰਕ ਦੌੜ ਤੋਂ ਵਾਂਝਾਂ ਨਹੀਂ ਹੈ। ਜਦ ਅਸੀ ਬਾਜ਼ਾਰ ਦੇ ਨਿਯਮ ਸਿਖਿਆ ਵਰਗੇ ਨੇਕ ਖੇਤਰ ਵਿਚ ਲਾਗੂ ਕਰਦੇ ਹਾਂ ਤਾਂ ਇਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ, ਇਸ ਦੀ ਤਸਵੀਰ ਹੁਣ ਸਾਡੇ ਸਾਹਮਣੇ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਗਈ ਹੈ। ਵਿਸ਼ਵ ਭਰ ਵਿਚ ਸਿਖਿਆ ਅਦਾਰਿਆਂ, ਖ਼ਾਸ ਕਰ ਕੇ ਉੱਚ ਸਿਖਿਆ ਅਦਾਰਿਆਂ, ਕਾਲਜਾਂ ਤੇ ਯੂਨੀਵਰਸਟੀਆਂ ਦੀ ਆਪਸੀ ਤੁਲਨਾ ਕਰ ਕੇ ਉਨ੍ਹਾਂ ਵਿਚੋਂ 'ਗ੍ਰਹਕਾਂ' ਅਰਥਾਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੱਭ ਤੋਂ ਵਧੀਆ ਅਦਾਰੇ ਦੀ ਚੋਣ ਕਰਨ ਵਿਚ ਮਦਦ ਕਰਨ ਲਈ ਅੱਜ ਸੈਂਕੜਿਆਂ ਦੀ ਗਿਣਤੀ ਵਿਚ ਰੈਂਕਿੰਗ ਅਦਾਰੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਅਦਾਰੇ ਨਿਜੀ ਹਨ। ਇਨ੍ਹਾਂ ਵਿਚੋਂ ਕੁੱਝ ਨਾਮੀ ਅਦਾਰੇ, ਜਿਨ੍ਹਾਂ ਵਲੋਂ ਕੀਤੀ ਰੈਂਕਿੰਗ ਵਿਸ਼ਵ ਪੱਧਰ ਉਤੇ ਕਾਫ਼ੀ ਪ੍ਰਭਾਵ ਰਖਦੀ ਹੈ।

ਸਾਡੇ ਦੇਸ਼ ਅੰਦਰ ਸਾਲ 2005 ਤੋਂ ਸਰਕਾਰ ਦੁਆਰਾ ਦੇਸ਼ ਭਰ ਦੀਆਂ ਉੱਚ ਸਿਖਿਆ ਸੰਸਥਾਵਾਂ ਦੀ ਰੈਂਕਿੰਗ ਲਈ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਅਧੀਨ 'ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫ਼ਰੇਮਵਰਕ' ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਹੇਠ ਇਕ ਖ਼ੁਦਮੁਖ਼ਤਿਆਰ ਸੰਸਥਾ ਦੇ ਰੂਪ ਵਿਚ 1994 ਵਿਚ ਹੋਂਦ ਵਿਚ ਆਈ 'ਨੈਸ਼ਨਲ ਅਸੈਸਮੇਂਟ ਐਂਡ ਐਕਰੇਡੇਸ਼ਨ ਕੌਂਸਲ (ਨੇਕ)' ਵੀ ਕਾਲਜਾਂ ਤੇ ਯੂਨੀਵਰਸਟੀਆਂ ਦਾ ਮੁਲਾਂਕਣ ਕਰਨ ਉਪਰੰਤ ਰੈਂਕ ਦਿੰਦੀ ਹੈ।

ਇਸ ਸੰਸਥਾ ਦਾ ਮੁੱਖ ਉਦੇਸ਼ ਸਿਖਿਆ ਦੀ ਗੁਣਵੱਤਾ ਵਿਚ ਆ ਰਹੀ ਗਿਰਾਵਟ ਨਾਲ ਜੁੜੇ ਮੁੱਦਿਆਂ ਨੂੰ ਪਛਾਣਨਾ ਤੇ ਭਵਿੱਖ ਵਿਚ ਇਨ੍ਹਾਂ ਅਦਾਰਿਆਂ ਨੂੰ ਮਿਲਣ ਵਾਲੀ ਸਰਕਾਰੀ ਸਹਾਇਤਾ ਦਾ ਅਦਾਰੇ ਦੀ ਰੈਂਕਿੰਗ ਨਾਲ ਜੋੜਣਾ ਸੀ ਅਤੇ ਨਾਲ ਹੀ ਵਿਦਿਅਕ ਅਦਾਰਿਆਂ ਵਿਚ ਆਪਸੀ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਤਾਕਿ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਹੋਣ ਅਤੇ ਅਪਣੀ ਰੈਂਕਿੰਗ ਵਧਾਉਣ ਦੀ ਕੋਸ਼ਿਸ਼ ਕਰਨ। ਸਾਰੀਆਂ ਰੈਂਕਿੰਗ ਏਜੰਸੀਆਂ ਲਗਭਗ ਇਕੋ ਜਹੇ ਪੈਮਾਨਿਆਂ ਦੀ ਵਰਤੋਂ ਕਰ ਕੇ ਸਾਲ ਦਰ ਸਾਲ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਪਰਖਦੀਆਂ ਹਨ। ਇਨ੍ਹਾਂ ਵਿਚ ਪ੍ਰਮੁੱਖ ਤੌਰ ਉਤੇ ਅਦਾਰੇ ਦੀ ਫ਼ੰਡਿੰਗ, ਕੈਂਪਸ ਵਿਚ ਉਪਲਬਧ ਸਹੂਲਤਾਂ, ਅਧਿਆਪਕਾਂ ਦੀ ਯੋਗਤਾ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਸਮਾਜ ਵਿਚ ਕਿਸੇ ਅਦਾਰੇ ਬਾਰੇ ਧਾਰਨਾ ਸਮੇਤ ਕਈ ਪੱਖਾਂ ਤੋਂ ਜਾਂਚ ਕੀਤੀ ਜਾਂਦੀ ਹੈ।

ਇਹ ਰੈਂਕਿੰਗ ਅਕਸਰ ਹੀ ਚਰਚਾ ਵਿਚ ਰਹਿੰਦੀ ਹੈ। ਜਿਵੇਂ ਕਿ ਪਿੱਛੇ ਜਹੇ ਸਾਡੇ ਦੇਸ਼ ਅੰਦਰ ਉਚੇਰੀ ਸਿਖਿਆ ਲਈ ਬਣੀ ਸਰਵੋਤਮ ਸੰਸਥਾ ਯੂ.ਜੀ.ਸੀ ਨੇ ਇਕ ਕਾਰਪੋਰੇਟ ਘਰਾਣੇ ਵਲੋਂ ਭਵਿੱਖ ਵਿਚ ਖੁੱਲ੍ਹਣ ਵਾਲੀ ਯੂਨੀਵਰਸਟੀ ਨੂੰ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ 'ਸ਼ਾਨ' ਦਾ ਰੁਤਬਾ ਦੇ ਦਿਤਾ ਗਿਆ ਸੀ। ਰੈਂਕਿੰਗ ਦੀ ਇਹ ਤਰਕੀਬ ਜ਼ਿਆਦਾਤਰ ਮਹਾਨਗਰਾਂ ਵਿਚ ਸਥਿਤ ਕਾਰਪੋਰੇਟ ਘਰਾਣਿਆਂ ਦੁਆਰਾ ਚਲਾਏ ਜਾ ਰਹੇ ਅਦਾਰਿਆਂ ਨੂੰ ਵਧੇਰੇ ਭਾਉਂਦੀ ਹੈ ਜਦੋਂ ਕਿ ਦੂਜੇ ਪਾਸੇ ਸਰਕਾਰੀ ਖੇਤਰ ਦੇ ਅਦਾਰੇ ਇਸ ਦੌੜ ਵਿਚ ਪਛੜਦੇ ਜਾ ਰਹੇ ਹਨ। ਰੈਂਕਿੰਗ ਦੀ ਇਸ ਖੇਡ ਨੇ ਵਿਦਿਅਕ ਅਦਾਰਿਆਂ ਨੂੰ ਇਕ ਨਾ ਮੁੱਕਣ ਵਾਲੀ ਚੂਹਾ-ਦੌੜ ਵਿਚ ਲੱਗਾ ਦਿਤਾ ਹੈ ਜਿਸ ਵਿਚ ਵਧੀਆ ਰੈਂਕਿੰਗ ਦੇ ਚੱਕਰ ਵਿਚ ਅਦਾਰਿਆਂ ਵਲੋਂ ਪੜ੍ਹਾਈ ਤੋਂ ਇਲਾਵਾ ਹਰ ਗ਼ੈਰ-ਵਿਦਿਅਕ ਗਤੀਵਿਧੀ ਵਿਚ ਵੀ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਣ ਲਗਾ ਹੈ।

ਅਸਲ ਵਿਚ ਕਿਸੇ ਅਦਾਰੇ ਦੀ ਕਾਰਗੁਜ਼ਾਰੀ ਜਾਂਚਣ ਲਈ ਸੱਭ ਤੋਂ ਵਧੀਆ ਤਰੀਕਾ ਤਾਂ ਵਿਦਿਆਰਥੀਆਂ ਦੇ ਆਰਥਕ ਤੇ ਸਮਾਜਕ ਪਿਛੋਕੜ ਨੂੰ ਧਿਆਨ ਵਿਚ ਰਖਦੇ ਹੋਏ ਉਨ੍ਹਾਂ ਵਲੋਂ ਕਿਸੇ ਸੰਸਥਾ ਅੰਦਰ ਪੜ੍ਹਾਈ ਕਰਨ ਤੋਂ ਬਾਅਦ ਜੋ ਗਿਆਨ ਤੇ ਹੁਨਰ ਵਿਚ ਵਾਧਾ ਵਿਖਾਈ ਦਿੰਦਾ ਹੈ, ਕੇਵਲ ਉਸ ਦੀ ਪੜਚੋਲ ਕਰਨੀ ਬਣਦੀ ਹੈ। ਅਸਲੀਅਤ ਇਹ ਹੈ ਕਿ ਕੋਈ ਵੀ ਅਦਾਰਾ ਉਦੋਂ ਤਕ ਰੈਂਕਿੰਗ ਲਾਇਕ ਨਹੀਂ ਸਮਝਿਆ ਜਾਣਾ ਚਾਹੀਦਾ, ਜਦੋਂ ਤਕ ਉਥੋਂ ਸਿਖਿਆ ਲੈਣ ਉਪਰੰਤ ਘਟੋ-ਘੱਟ ਦੋ ਬੈਂਚ ਦੇ ਵਿਦਿਆਰਥੀ ਅਪਣੇ ਹੁਨਰਾਂ ਸਦਕਾ ਕੋਈ ਭੋਰਸੇਯੋਗ ਸਥਾਨ ਹਾਸਲ ਨਾ ਕਰ ਲੈਣ। ਇਸੇ ਤਰ੍ਹਾਂ ਦਹਾਕਿਆਂ ਤੋਂ ਸਿਖਿਆ ਦੇ ਖੇਤਰ ਦੇ ਚਾਨਣ ਮੁਨਾਰੇ ਅਦਾਰਿਆਂ ਦੀ ਪੜਚੋਲ ਵੇਲੇ ਵੀ ਵਧੇਰੇ ਤਰਜੀਹ ਅਦਾਰੇ ਦੀ ਮੌਜੂਦਾ ਕਾਰਗੁਜ਼ਾਰੀ ਉਪਰ ਨਿਰਭਰ ਕਰਨੀ ਚਾਹੀਦੀ ਹੈ।

ਰੈਂਕਿੰਗ ਮੌਕੇ ਅਧਿਆਪਕਾਂ ਦੀ ਯੋਗਤਾ ਦਾ ਪੈਮਾਨਾ ਭਾਵੇਂ ਅਕਾਦਮਿਕ ਡਿਗਰੀਆਂ ਉਤੇ ਅਧਾਰਤ ਹੁੰਦਾ ਹੈ ਪਰ ਉਨ੍ਹਾਂ ਦੀ ਕਾਬਲੀਅਤ ਜਾਂਚਣ ਲਈ ਸਿਰਫ਼ ਉਨ੍ਹਾਂ ਵਲੋਂ ਵਿਦਿਆਰਥੀਆਂ ਨਾਲ ਜਮਾਤਾਂ ਵਿਚ ਬਿਤਾਇਆ ਸਮਾਂ ਹੀ ਹੋ ਸਕਦਾ ਹੈ। ਜ਼ਿਆਦਾਤਰ ਅਦਾਰਿਆਂ ਵਿਚ 'ਦਰਸ਼ਨੀ' ਅਧਿਆਪਕ ਤੇ ਕਲਾਸਾਂ ਪੜ੍ਹਾਉਣ ਵਾਲੇ ਅਧਿਆਪਕ ਵਖਰੇ-ਵਖਰੇ ਹੁੰਦੇ ਹਨ। ਹਾਲਾਂਕਿ ਇਹ ਦਰਸ਼ਨੀ ਅਧਿਆਪਕ ਅਪਣੀਆਂ ਅਕਾਦਮਕ ਪ੍ਰਾਪਤੀਆਂ ਸਦਕਾ ਅਦਾਰਿਆਂ ਨੂੰ ਵਧੀਆ ਰੈਂਕ ਦਿਵਾਉਣ ਵਿਚ ਸਹਾਈ ਹੁੰਦੇ ਹਨ ਪਰ ਇਹ ਅਪਣਾ ਜ਼ਿਆਦਾ ਸਮਾਂ ਬਾਹਰ ਕਾਨਫ਼ਰੰਸਾਂ ਵਿਚ ਹੀ ਲੰਘਾਉਂਦੇ ਹਨ। ਜ਼ਿਆਦਾਤਰ ਕਾਰਪੋਰੇਟੀ ਅਦਾਰੇ ਅਜਿਹੇ ਇਕ ਦੋ ਅੰਤਰਰਾਸ਼ਟਰੀ ਪੱਧਰ ਦੇ ਸਨਮਾਨਤ ਅਧਿਆਪਕਾਂ ਨੂੰ ਰੱਖ ਕੇ ਵਧੀਆ ਰੈਂਕ ਹਾਸਲ ਕਰਦੇ ਹਨ।

ਇਸ ਤੋਂ ਇਲਾਵਾ ਕਿਸੇ ਅਦਾਰੇ ਵਿਚ ਅਕਾਦਮਕ ਮਾਹੌਲ ਬਣਾਉਣ ਵਿਚ ਉੱਥੇ ਉਪਲੱਬਧ ਸਹੂਲਤਾਂ ਜਿਵੇਂ ਕਿ ਅਦਾਰੇ ਦੀ ਇਮਾਰਤ, ਕਲਾਸਾਂ, ਲਾਇਬ੍ਰੇਰੀ, ਪ੍ਰਯੋਗਸ਼ਾਲਾ, ਹੋਸਟਲ, ਕੰਟੀਨ ਤੇ ਖੇਡ-ਮੈਦਾਨਾਂ ਦੀ ਅਹਿਮ ਭੁਮਿਕਾ ਹੁੰਦੀ ਹੈ। ਪਰ ਇਸ ਪੱਖ ਉਤੇ ਲੋੜੋਂ ਵੱਧ ਜ਼ੋਰ ਵੀ ਸਰਕਾਰੀ ਅਦਾਰਿਆਂ ਨੂੰ ਨਿਜੀ ਖੇਤਰ ਦੇ ਅਦਾਰਿਆਂ ਦੇ ਮੁਕਾਬਲੇ ਹੇਠ ਲਿਜਾ ਰਿਹਾ ਹੈ।

ਅਧਿਆਪਕਾਂ ਦੀ ਯੋਗਤਾ ਤੇ ਕਾਬਲੀਅਤ ਤੋਂ ਬਾਅਦ ਵਿਦਿਆਰਥੀਆਂ ਲਈ ਇਕ ਅਹਿਮ ਪਹਿਲੂ ਲਾਇਬ੍ਰੇਰੀ ਵੀ ਹੈ। ਆਧੁਨਿਕ ਸੁਵਿਧਾਵਾਂ ਨਾਲ ਲੈਸ ਇਮਾਰਤ, ਉਸ ਵਿਚ ਮੌਜੂਦ ਪੁਸਤਕਾਂ, ਰਸਾਲੇ, ਖੋਜ-ਪ੍ਰਤਿਕਾਵਾਂ ਦੀ ਗਿਣਤੀ ਦੀ ਵੀ ਜਾਂਚ ਕੀਤੀ ਜਾਂਦੀ ਹੈ। ਪਰ ਇਸ ਤੋਂ ਵੀ ਵਧੇਰੇ ਮਹੱਤਵ ਉਨ੍ਹਾਂ ਦੀ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਕੀਤੀ ਵਰਤੋਂ ਹੋਣਾ ਚਾਹੀਦਾ ਹੈ। ਕਿਤਾਬਾਂ ਦੀ ਗੁਣਵੱਤਾ ਜਾਂਚਣ ਦਾ ਪੈਮਾਨਾ ਲੇਖਕ ਤੇ ਪ੍ਰਕਾਸ਼ਕ ਦਾ ਮਿਆਰ ਹੁੰਦਾ ਹੈ। ਗ਼ੈਰ-ਮਿਆਰੀ ਪੁਸਤਕਾਂ ਨਾਲ ਅਲਮਾਰੀਆਂ ਭਰੀਆਂ ਜਾਂਦੀਆਂ ਹਨ। ਇਹ ਸਾਰਾ ਕੁੱਝ ਵੀ ਰੈਂਕਿੰਗ ਏਜੰਸੀਆਂ ਦੀ ਪਕੜ ਤੋਂ ਬਾਹਰ ਹੁੰਦਾ ਹੈ।

ਕੋਈ ਅਦਾਰਾ ਅਪਣੇ ਵਿਦਿਆਰਥੀਆਂ ਦੇ ਗਿਆਨ ਦੇ ਵਾਧੇ ਲਈ ਯੋਗ ਅਧਿਆਪਕ ਦੀ ਚੋਣ ਤੋਂ ਇਲਾਵਾ ਹੋਰ ਵੀ ਕਈ ਯਤਨ ਕਰਦਾ ਹੈ। ਇਸੇ ਪੱਖ ਦਾ ਦੂਜਾ ਹਿੱਸਾ ਕਿਸੇ ਅਦਾਰੇ ਦੇ ਕੁੱਲ ਕਿੰਨੇ ਵਿਦਿਆਰਥੀ ਅਪਣੀ ਸੰਸਥਾ ਤੋਂ ਬਾਹਰ ਹੋਰ ਸੰਸਥਾਵਾਂ ਵਿਚ ਜਾ ਕੇ ਕਿਸੇ ਵਿਦਿਅਕ ਸਰਗਰਮੀ ਵਿਚ ਭਾਗ ਲੈਂਦੇ ਹਨ, ਇਸ ਤਰ੍ਹਾਂ ਦੇ ਅੰਕੜੇ ਵੀ ਉਨ੍ਹਾਂ ਦੀ ਕਾਬਲੀਅਤ ਜਾਂਚਣ ਦਾ ਇਕ ਤਰੀਕਾ ਹੋ ਸਕਦੇ ਹਨ। ਮੌਜੂਦਾ ਰੈਂਕਿੰਗ ਵਿਵਸਥਾ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਕੀਤੇ ਖੋਜ ਕਾਰਜਾਂ ਨੂੰ ਕਾਫ਼ੀ ਤਰਜੀਹ ਦਿੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਅੰਤਰਰਾਸ਼ਟਰੀ ਕਾਨਫ਼ਰੰਸਾਂ ਦਾ ਹਿੱਸਾ ਬਣਨ ਦੀ ਹੋੜ ਲੱਗੀ ਰਹਿੰਦੀ ਹੈ।

ਅਦਾਰਿਆਂ ਦੇ ਪ੍ਰਬੰਧਕ ਇਕ-ਦੋ ਵਿਦੇਸ਼ੀ ਮਹਿਮਾਨ ਬੁਲਾ ਕੇ ਕਾਨਫ਼ਰੰਸ ਨੂੰ ਅੰਤਰਰਾਸ਼ਟਰੀ ਬਣਾ ਦਿੰਦੇ ਹਨ। ਅਸਲੀਅਤ ਵਿਚ ਇਨ੍ਹਾਂ ਕਾਨਫ਼ਰੰਸਾਂ ਵਿਚ ਭਾਗ ਲੈਣ ਵਾਲੇ ਵਧੇਰੇ ਕਰ ਕੇ ਸਥਾਨਕ ਅਦਾਰੇ ਹੀ ਹੁੰਦੇ ਹਨ। ਕਿੰਨੇ ਹੀ ਅਤਿ-ਉਤਸ਼ਾਹਿਤ ਵਿਦਿਆਰਥੀਆਂ ਦਾ ਭਵਿੱਖ ਇਸ ਅੰਤਰਰਾਸ਼ਟਰੀ ਪੱਧਰ ਨੇ ਖ਼ਰਾਬ ਕਰ ਦਿਤਾ ਹੈ, ਜਿਨ੍ਹਾਂ ਨੂੰ ਖੋਜ ਦੇ ਅਰਥ ਜਾਣਨ ਤੋਂ ਪਹਿਲਾਂ ਅਪਣੇ ਨਾਂ ਦੇ ਪਰਚੇ ਛਪਾਉਣ ਦੀ ਕਾਹਲ ਹੁੰਦੀ ਹੈ। ਅਸਲ ਵਿਚ ਕਾਨਫ਼ਰੰਸ ਕੇਵਲ ਕਾਨਫ਼ਰੰਸ ਹੋਣੀ ਚਾਹੀਦੀ ਹੈ, ਇਸ ਦਾ ਰਾਸ਼ਟਰੀ ਅੰਤਰਰਾਸ਼ਟਰੀ ਹੋਣਾ, ਉਸ ਵਿਚ ਭਾਗ ਲੈਣ ਵਾਲੇ ਪ੍ਰਤੀਭਾਗੀ ਦੇ ਅਦਾਰੇ ਤੇ ਕਾਨਫ਼ਰੰਸ ਕਰਵਾਉਣ ਵਾਲੇ ਅਦਾਰੇ ਵਿਚਕਾਰ ਦੂਰੀ ਹੋਣੀ ਚਾਹੀਦੀ ਹੈ।

ਆਖ਼ਰ ਕਿਸੇ ਅਦਾਰੇ ਦਾ ਸਬੰਧ ਅਪਣੇ ਉਨ੍ਹਾਂ ਵਿਦਿਆਰਥੀਆਂ ਨਾਲ ਕਿਹੋ-ਜਿਹਾ ਹੈ, ਜਿਹੜੇ ਕਿਸੇ ਵੇਲੇ ਉਸ ਦਾ ਹਿੱਸਾ ਰਹੇ ਸਨ, ਅਰਥਾਤ ਪੁਰਾਣੇ ਵਿਦਿਆਰਥੀ। ਕੀ ਉਹ ਅਪਣੀ ਸਫ਼ਲਤਾ ਦਾ ਸਿਹਰਾ ਉਸ ਅਦਾਰੇ ਨੂੰ ਦਿੰਦੇ ਹਨ, ਜਿਥੇ ਉਨ੍ਹਾਂ ਅਪਣੇ ਵਿਦਿਆਰਥੀ ਜੀਵਨ ਗੁਜ਼ਾਰਿਆ? ਇਸ ਦਾ ਇਕ ਸਬੂਤ ਉਨ੍ਹਾਂ ਵਲੋਂ ਉਸ ਸੰਸਥਾ ਦੀ ਤਰੱਕੀ ਵਿਚ ਦਿਤਾ ਯੋਗਦਾਨ ਹੋ ਸਕਦਾ ਹੈ। ਪਰ ਅਫ਼ਸੋਸ ਇਸ ਤਰ੍ਹਾਂ ਦੇ ਆਂਕੜੇ ਵੀ ਇਨ੍ਹਾਂ ਰੈਂਕਿੰਗ ਪ੍ਰਣਾਲੀਆਂ ਦਾ ਹਿੱਸਾ ਨਹੀਂ ਬਣਦੇ।

ਇੰਜ ਜਾਪਦਾ ਹੈ ਕਿ ਮੌਜੂਦਾ ਰੈਂਕਿੰਗ ਵਿਵਸਥਾ ਦੇ ਮਾਪਦੰਡ ਕੇਵਲ ਵਿਕਸਿਤ ਦੇਸ਼ਾਂ ਦੇ ਮਹਾਨਗਰਾਂ ਵਿਚ ਸਥਿਤ ਵੱਡੇ ਅਦਾਰਿਆਂ ਨੂੰ ਹੀ ਧਿਆਨ ਵਿਚ ਰੱਖ ਕੇ ਬਣਾਏ ਜਾਂਦੇ ਹਨ। ਜੋ ਅਦਾਰੇ ਪਹਿਲਾਂ ਹੀ ਦੇਸ਼ ਭਰ ਵਿਚੋਂ ਚੁਣੇ ਵਿਦਿਆਰਥੀਆਂ ਨੂੰ ਦਾਖਲਾ ਦਿੰਦੇ ਹਨ। ਅਸਲ ਵਿਚ ਤਾਂ ਇਨ੍ਹਾਂ ਦੇ ਮੁਕਾਬਲੇ ਸੀਮਤ ਸਾਧਨਾਂ ਤੇ ਘੱਟ ਸਹੂਲਤਾਂ ਵਾਲੇ ਕਿਸੇ ਪਛੜੇ ਇਲਾਕੇ ਵਿਚ ਸਥਿਤ ਅਦਾਰੇ ਜੋ ਗ਼ਰੀਬ ਵਿਦਿਆਰਥੀਆਂ ਨੂੰ ਕਾਬਲ ਬਣਾਉਂਦੇ ਹਨ ਦਾ ਯੋਗਦਾਨ ਕਈ ਗੁਣਾਂ ਵੱਧ ਹੁੰਦਾ ਹੈ। ਸਿਖਿਆ ਅਦਾਰੇ ਕਿਸੇ ਫਲਾਂ ਦੇ ਦਰੱਖ਼ਤ ਵਰਗੇ ਹੁੰਦੇ ਹਨ ਜਿਨ੍ਹਾਂ ਦੇ ਫੱਲ ਬਾਰੇ ਸਮਾਂ ਪਾ ਕੇ ਹੀ ਪਤਾ ਲੱਗ ਸਕਦਾ ਹੈ। ਉਹ ਵੀ ਕੋਈ ਜ਼ਮਾਨਾ ਸੀ ਜਦੋਂ ਅਧਿਆਪਕਾਂ ਦੀ ਕਾਬਲੀਅਤ ਤੇ ਵਿਦਿਆਰਥੀਆਂ ਦਾ ਜਗਿਆਸੂ ਹੋਣਾ ਵਧੇਰੇ ਮੁੱਲਵਾਨ ਹੁੰਦਾ ਸੀ। ਪਰ ਅੱਜ ਦੇ ਨਵੇਂ ਜ਼ਮਾਨੇ ਵਿਚ ਵਿਦਿਅਕ ਅਦਾਰੇ ਦੀ ਇਮਾਰਤ ਦੀ ਉਚਾਈ ਵਧੇਰੇ ਮਹੱਤਵਪੂਰਨ ਹੋਣ ਲੱਗ ਪਈ ਹੈ।
- ਪ੍ਰੋ. ਨਵਜੋਤ ਸਿੰਘ   ਸੰਪਰਕ : 094178-21783