ਘੁਮਿਆਰ ਅਤੇ ਗਧਾ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਬਹੁਤ ਪੁਰਾਣੀ ਗੱਲ ਹੈ ਕਿ ਘੁਮਿਆਰ ਕੋਲ ਇਕ ਗਧਾ ਸੀ.........

Potter and Donkey

ਬਹੁਤ ਪੁਰਾਣੀ ਗੱਲ ਹੈ ਕਿ ਘੁਮਿਆਰ ਕੋਲ ਇਕ ਗਧਾ ਸੀ। ਗਧਾ ਬੁੱਢਾ ਹੋ ਗਿਆ ਸੀ। ਉਸ ਤੋਂ ਹੁਣ ਜ਼ਿਆਦਾ ਬੋਝ ਨਹੀਂ ਉਠਾਇਆ ਜਾਂਦਾ ਸੀ। ਘੁਮਿਆਰ ਨੇ ਕੋਰਾ ਅਤੇ ਸਪੱਸ਼ਟ ਸ਼ਬਦਾਂ 'ਚ ਕਿਹਾ, ''ਵੇਖ, ਤੇਰਾ ਅਤੇ ਮੇਰਾ ਸਾਥ ਇਥੋਂ ਤਕ ਹੀ ਸੀ, ਹੁਣ ਤੂੰ ਮੇਰੇ ਕਿਸੇ ਕੰਮ ਦਾ ਨਹੀਂ ਰਿਹਾ। ਹੁਣ ਤੂੰ ਜਿੱਥੇ ਮਰਜ਼ੀ ਜਾਹ, ਮੇਰੇ ਵਲੋਂ ਆਜ਼ਾਦ ਹੈਂ।'' ਗਧੇ ਨੇ ਕਿਹਾ, ''ਮਾਲਕ, ਇਹ ਤਾਂ ਸਰਾਸਰ ਜ਼ਿਆਦਤੀ ਅਤੇ ਨਾਇਨਸਾਫ਼ੀ ਹੈ। ਮੈਂ ਹੁਣ ਇਸ ਉਮਰ 'ਚ ਕਿੱਥੇ ਜਾਵਾਂਗਾ? ਮੈਂ ਸਾਰੀ ਜਵਾਨੀ ਤੁਹਾਡੀ ਸੇਵਾ ਕਰਦੇ ਲੰਘਾ ਦਿਤੀ ਹੈ। ਮੇਰੀ ਸੇਵਾ ਦਾ ਮੈਨੂੰ ਇਹ ਸਿਲਾ ਦੇ ਰਹੇ ਹੋ।''

ਗਧੇ ਦਾ ਮਾਲਕ ਬਹੁਤ ਖੜੂਸ ਅਤੇ ਨਿਕੰਮਾ ਸੀ। ਉਸ ਨੇ ਪੈਂਤੜਾ ਖੇਲਦਿਆਂ ਕਿਹਾ, ''ਤੂੰ ਇਸ ਸ਼ਰਤ ਤੇ ਮੇਰੇ ਨਾਲ ਰਹਿ ਸਕਦੈਂ ਜੇ ਕਿਸੇ ਸ਼ੇਰ ਨੂੰ ਮਾਰ ਕੇ ਮੇਰੇ ਕੋਲ ਲਿਆਵੇਂ ਤਾਕਿ ਮੈਂ ਉਸ ਦੀ ਖੱਲ 'ਚ ਘਾਹ ਭਰ ਕੇ ਰਾਜੇ ਨੂੰ ਭੇਟ ਕਰ ਸਕਾਂ ਅਤੇ ਉਸ ਤੋਂ ਇਨਾਮ ਹਾਸਲ ਕਰ ਸਕਾਂ।'' ਕੰਮ ਬਹੁਤ ਮੁਸ਼ਕਲ ਸੀ ਪਰ ਗਧੇ ਨੂੰ ਸ਼ਰਤ ਮਨਜ਼ੂਰ ਕਰਨੀ ਪਈ। ਗਧਾ ਬੜਾ ਮਾਯੂਸ ਜਿਹਾ ਹੋਇਆ ਜਾ ਰਿਹਾ ਸੀ ਕਿ ਰਸਤੇ 'ਚ ਇਕ ਖਰਗੋਸ਼ ਮਿਲ ਗਿਆ। ਖਰਗੋਸ਼ ਨੇ ਕਿਹਾ, ''ਗਧੇ ਚਾਚਾ ਜੀ ਕੀ ਗੱਲ ਹੈ? ਬੜਾ ਉਦਾਸ ਅਤੇ ਗੁਮਸੁਮ ਲੱਗ ਰਿਹੈਂ।'' ਗਧੇ ਨੇ ਕਿਹਾ, ''ਖਰਗੋਸ਼ ਪੁੱਤਰ ਮੇਰੇ ਮਾਲਕ ਨੇ ਮੈਨੂੰ ਘਰੋਂ ਕੱਢ ਦਿਤੈ, ਤੇ ਇਕ ਸ਼ਰਤ ਪੂਰੀ ਕਰਨ ਨੂੰ ਕਿਹਾ ਹੈ।''

ਗਧੇ ਨੇ ਰੋਂਦੇ-ਰੋਂਦੇ ਸੱਭ ਕੁੱਝ ਵਿਸਥਾਰ ਨਾਲ ਖ਼ਰਗੋਸ਼ ਨੂੰ ਦੱਸ ਦਿਤਾ। ''ਚਾਚਾ ਤੂੰ ਬਿਲਕੁਲ ਫ਼ਿਕਰ ਨਾ ਕਰ। ਤੁਹਾਨੂੰ ਪਤਾ ਹੀ ਹੈ ਕਿ ਮੇਰੇ ਵੱਡ-ਵਡੇਰਿਆਂ ਨੇ ਕਈ ਵਾਰ ਸ਼ੇਰ ਨੂੰ ਬੇਵਕੂਫ਼ ਬਣਾ ਕੇ ਉਸ ਦੀ ਜਾਨ ਖ਼ਤਰੇ 'ਚ ਪਾਈ ਹੈ।'' ਖਰਗੋਸ਼ ਨੇ ਕਿਹਾ, ''ਤੁਸੀ ਉਹ ਸਾਹਮਣੇ ਦਰੱਖ਼ਤ ਥੱਲੇ ਆਰਾਮ ਨਾਲ ਲੇਟ ਜਾਉ। ਇਸ ਤਰ੍ਹਾਂ ਲੱਗੇ ਕਿ ਮਰੇ ਪਏ ਹੋ। ਹਾਂ ਜਦੋਂ ਮੈਂ ਤੁਹਾਡੇ ਕੰਨ 'ਚ ਕੁੱਝ ਕਹਾਂ ਤਾਂ ਉੱਠ ਕੇ ਪੂਰੀ ਤੇਜ਼ੀ ਨਾਲ ਦੌੜਨਾ ਹੋਵੇਗਾ।'' ਗਧੇ ਨੂੰ ਸੱਭ ਸਮਝਾ ਕੇ ਖਰਗੋਸ਼ ਸ਼ੇਰ ਦੀ ਭਾਲ 'ਚ ਨਿਕਲ ਗਿਆ। ਛੇਤੀ ਹੀ ਇਕ ਖੂੰਖਾਰ ਸ਼ੇਰ ਦਾ ਸਾਹਮਣਾ ਖਰਗੋਸ਼ ਨਾਲ ਹੋ ਗਿਆ।

ਖਰਗੋਸ਼ ਨੇ ਨਿਮਰਤਾ ਨਾਲ ਪ੍ਰਣਾਮ ਕੀਤਾ ਅਤੇ ਕਿਹਾ, ''ਮਹਾਰਾਜ ਮੈਂ ਇਧਰੋਂ ਆ ਰਿਹਾ ਸੀ ਕਿ ਇਕ ਬਹੁਤ ਹੀ ਮੋਟਾ, ਤਾਜ਼ਾ ਗਧਾ ਇਕ ਪਿੱਪਲ ਦੇ ਦਰੱਖ਼ਤ ਥੱਲੇ ਮਰਿਆ ਪਿਆ ਹੈ। ਛੇਤੀ ਚੱਲੋ, ਇਸ ਤੋਂ ਪਹਿਲਾਂ ਕਿ ਕੋਈ ਹੋਰ ਉਸ ਦੇ ਮਜ਼ੇਦਾਰ ਮਾਸ ਦਾ ਆਨੰਦ ਲਵੇ।'' ਸ਼ੇਰ ਨੇ ਵੇਖਿਆ ਕਿ ਗਧਾ ਸੱਚਮੁਚ ਹੀ ਬਹੁਤ ਮੋਟਾ ਤਾਜ਼ਾ ਸੀ। ਸ਼ੇਰ ਦੇ ਮੂੰਹ 'ਚ ਪਾਣੀ ਆ ਗਿਆ। ਇਸ ਤੋਂ ਪਹਿਲਾਂ ਕਿ ਸ਼ੇਰ ਉਸ ਤੇ ਟੁੱਟ ਕੇ ਪੈਂਦਾ, ਖਰਗੋਸ਼ ਨੇ ਕਿਹਾ, ''ਮਹਾਰਾਜ, ਆਪਾਂ ਇਸ ਨੂੰ ਖਿੱਚ ਕੇ ਝਾੜੀਆਂ ਪਿੱਛੇ ਲੈ ਜਾਂਦੇ ਹਾਂ। ਇੱਥੇ ਐਵੇਂ ਸਾਰੇ ਨਜ਼ਰ ਲਾਉਣਗੇ।'' ''ਕਰ ਲੈ ਜੋ ਵੀ ਕਰਨੈ, ਪਰ ਛੇਤੀ ਕਰ, ਹੁਣ ਮੈਥੋਂ ਉਡੀਕ ਨਹੀਂ ਹੁੰਦੀ।'' ਸ਼ੇਰ ਨੇ ਕਿਹਾ। 

''ਮੈਂ ਤੁਹਾਡੀ ਪੂਛ ਇਸ ਦੀ ਪੂਛ ਨਾਲ ਬੰਨ੍ਹ ਦਿੰਦਾ ਹਾਂ। ਮੈਂ ਵੀ ਪਿੱਛੋਂ ਜ਼ੋਰ ਲਾਵਾਂਗਾ।'' ਖਰਗੋਸ਼ ਨੇ ਸੁਝਾਅ ਦਿਤਾ।  ''ਹਾਂ ਇਹ ਠੀਕ ਰਹੇਗਾ।'' ਸ਼ੇਰ ਨੇ ਕਿਹਾ। 
ਖਰਗੋਸ਼ ਬਹੁਤ ਚਲਾਕ ਸੀ। ਉਸ ਨੇ ਸ਼ੇਰ ਦੀ ਪੂਛ ਨੂੰ ਗਧੇ ਦੀ ਪੂਛ ਨਾਲ ਬੰਨ੍ਹਣ ਦੀ ਬਜਾਏ ਜਾਣਬੁੱਝ ਕੇ ਉਸ ਦੀ ਟੰਗ ਨਾਲ ਬੰਨ੍ਹ ਦਿਤਾ ਅਤੇ ਗਧੇ ਦੇ ਕੰਨ 'ਚ ਕਿਹਾ, ''ਗਧੇ ਚਾਚਾ, ਦੌੜ ਜਿੰਨਾ ਤੇਜ਼ ਦੌੜ ਸਕਦੈਂ।'' ਗਧਾ ਪੂਰੀ ਤੇਜ਼ੀ ਨਾਲ ਭੱਜ ਗਿਆ। ਸ਼ੇਰ ਨੂੰ ਤਾਂ ਸੰਭਲਣ ਦਾ ਮੌਕਾ ਵੀ ਨਾ ਮਿਲਿਆ। ਸ਼ੇਰ ਗਧੇ ਦੇ ਪਿੱਛੇ ਬੰਨ੍ਹਿਆ ਜ਼ਮੀਨ ਨਾਲ ਘਸੀਟ ਘਸੀਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਆਖ਼ਰ ਮਰ ਗਿਆ। ਗਧਾ ਮਰੇ ਸ਼ੇਰ ਨੂੰ ਲੈ ਕੇ ਅਪਣੇ ਮਾਲਕ ਦੇ ਘਰ ਆ ਗਿਆ।

ਮਾਲਕ ਇਹ ਸੱਭ ਵੇਖ ਕੇ ਬਹੁਤ ਖ਼ੁਸ਼ ਅਤੇ ਹੈਰਾਨ ਹੋਇਆ। ਉਸ ਨੂੰ ਤਾਂ ਗਧੇ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਸੀ। ਘੁਮਿਆਰ ਸ਼ੇਰ ਵਿਚ ਘਾਹ-ਫੂਸ ਭਰ ਕੇ ਉਸ ਨੂੰ ਰਾਜੇ ਦੇ ਦਰਬਾਰ ਲੈ ਗਿਆ। ਰਾਜਾ ਉਸ ਨੂੰ ਵੇਖ ਕੇ ਖ਼ੁਸ਼ ਹੋਣ ਦੀ ਬਜਾਏ ਭੱਜ ਕੇ ਪੈ ਗਿਆ, ''ਸ਼ੇਰ ਨੂੰ ਮਾਰਨ ਦੀ ਗ਼ੁਸਤਾਖ਼ੀ ਕਿਸ ਨੇ ਕੀਤੀ ਹੈ? ਪਤਾ ਨਹੀਂ ਰਿਆਸਤ 'ਚ ਪਹਿਲਾਂ ਹੀ ਸ਼ੇਰ ਬਹੁਤ ਘੱਟ ਰਹਿ ਗਏ ਹਨ।'' ਘੁਮਿਆਰ ਨੇ ਗਧੇ ਨੂੰ ਅੱਗੇ ਕਰ ਦਿਤਾ ਅਤੇ ਕਿਹਾ, ''ਮਹਾਰਾਜ ਇਸ ਗਧੇ ਨੇ ਸ਼ੇਰ ਨੂੰ ਮਾਰਿਆ ਹੈ।''
ਰਾਜੇ ਨੇ ਕਿਹਾ, ''ਇਕ ਗਧੇ ਨੇ ਸ਼ੇਰ ਨੂੰ ਮਾਰਿਆ ਹੈ, ਇਹ ਕਿਵੇਂ ਸੰਭਵ ਹੋ ਗਿਆ?''

ਗਧੇ ਨੇ ਸਾਰੀ ਗੱਲ ਰਾਜੇ ਨੂੰ ਸਪੱਸ਼ਟ ਦੱਸ ਦਿਤੀ। ਰਾਜੇ ਨੇ ਹੁਕਮ ਦਿਤਾ ਕਿ ਘੁਮਿਆਰ ਨੂੰ ਸੌ ਕੋਰੜੇ ਮਾਰੋ ਅਤੇ ਇਸ ਨੂੰ ਕਾਲ ਕੋਠੜੀ 'ਚ ਬੰਦ ਕਰ। ਪਰ ਗਧੇ ਨੇ ਕਿਹਾ, ''ਮਹਾਰਾਜ, ਇਸ ਨੂੰ ਮਾਫ਼ ਕਰ ਦੇਵੋ, ਇਹ ਮੇਰਾ ਮਾਲਕ ਹੈ।'' ਰਾਜੇ ਨੇ ਕਿਹਾ, ''ਬੇਵਕੂਫ਼, ਵੇਖ ਕੁੱਝ ਸ਼ਰਮ ਕਰ, ਜਿਸ ਨੂੰ ਤੂੰ ਘਰੋਂ ਕੱਢ ਦਿਤਾ ਸੀ ਉਹ ਤੇਰੀ ਜਾਨ ਦੀ ਭੀਖ ਮੰਗ ਰਿਹੈ।

ਮੈਂ ਸਿਰਫ਼ ਇਸ ਦੇ ਕਹਿਣ ਤੇ ਤੇਰੀ ਜਾਨ ਬਖ਼ਸ਼ ਰਿਹਾ ਹਾਂ। ਜੇ ਫਿਰ ਕਦੇ ਇਸ ਨੂੰ ਘਰ ਤੋਂ ਬਾਹਰ ਕੱਢਣ ਬਾਰੇ ਸੋਚਿਆ ਜਾਂ ਇਸ ਨੂੰ ਕੋਈ ਤਕਲੀਫ਼ ਦਿਤੀ ਤਾਂ ਤੇਰੀ ਖ਼ੈਰ ਨਹੀਂ।'' ਮਾਲਕ ਨੇ ਗਧੇ ਦਾ ਧਨਵਾਦ ਕੀਤਾ ਅਤੇ ਪਿਆਰ ਨਾਲ ਉਸ ਨੂੰ ਅਪਣੇ ਘਰ ਲੈ ਆਇਆ। ਗਧੇ ਦੀ ਬਾਕੀ ਜ਼ਿੰਦਗੀ ਸੁੱਖ ਭਰਪੂਰ ਲੰਘੀ।
ਸੰਪਰਕ : 99888-73637