ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ (ਮਹਾਨਕੋਸ਼) ਦੇ ਕਰਤਾ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਅਸਮਾਨ ਵਿਚਲੇ ਤਾਰਿਆਂ ਵਿਚ ਚੰਦਰਮਾ ਦੀ ਤਰ੍ਹਾਂ ਸੱਭ ਤੋਂ ਉੱਪਰ ਆਉਂਦਾ ਹੈ

Bhai Kahn Singh Nabha

ਸਿੱਖ ਧਰਮ ਵਿਚਲੇ ਜੀਵਨ ਦੇ ਉਦੇਸ਼ ਅਤੇ ਗੁਰਬਾਣੀ ਦੇ ਡੂੰਘੇ ਰਹੱਸ ਦੀ ਵਿਆਖਿਆ ਲਈ ਅਨੇਕ ਵਿਦਵਾਨ ਅਤੇ ਵਿਆਖਿਆਕਾਰ ਹੋਏ ਹਨ, ਪਰ ਭਾਈ ਗੁਰਦਾਸ ਜੀ ਤੋਂ ਬਾਅਦ ਸਿੱਖ ਵਿਆਖਿਆਕਾਰਾਂ ਅਤੇ ਵਿਦਵਾਨਾਂ ਦੀ ਜੇਕਰ ਸੂਚੀ ਬਣਾ ਲਈ ਜਾਵੇ ਤਾਂ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ (ਮਹਾਨਕੋਸ਼) ਦੇ ਕਰਤਾ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਅਸਮਾਨ ਵਿਚਲੇ ਤਾਰਿਆਂ ਵਿਚ ਚੰਦਰਮਾ ਦੀ ਤਰ੍ਹਾਂ ਸੱਭ ਤੋਂ ਉੱਪਰ ਆਉਂਦਾ ਹੈ। ਉਹ ਅਪਣੇ ਸਮੇਂ (1861-1938) ਦੀਆਂ ਸ਼੍ਰੋਮਣੀ ਸ਼ਖ਼ਸੀਅਤਾਂ ਵਿਚੋਂ ਪ੍ਰਮੁੱਖ ਸਨ। ਉਨ੍ਹਾਂ ਦਾ ਜੱਦੀ ਪਿੰਡ ਪਿਥੋ (ਜ਼ਿਲ੍ਹਾ ਬਠਿੰਡਾ) ਦੇ ਸਨ।

30 ਅਗੱਸਤ 1861 ਨੂੰ ਪਿੰਡ ਬਨੇਰਾ ਖੁਰਦ ਰਿਆਸਤ ਪਟਿਆਲਾ ਮਾਤਾ ਹਰਿ ਕੌਰ ਅਤੇ ਪਿਤਾ ਨਾਰਾਇਣ ਸਿੰਘ ਜੀ ਦੇ ਗ੍ਰਹਿ ਵਿਖੇ ਪੈਦਾ ਹੋਏ, ਇਸ ਚਾਨਣ ਮੁਨਾਰੇ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ। ਆਪ ਦੇ ਪਿਤਾ ਬਾਬਾ ਨਾਰਾਇਣ ਸਿੰਘ ਨੂੰ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਸਾਰਾ ਪਾਠ ਕੰਠ ਸੀ। ਤਿੰਨ ਵਾਰ ਆਪ ਨੇ ਇਕੱਲਿਆਂ ਬੈਠ ਕੇ 'ਅਤਿ ਅਖੰਡ' ਪਾਠ ਕੀਤਾ। ਇਕ ਵਾਰ ਇਕ ਪਾਠ ਮਹਾਰਾਜਾ ਹੀਰਾ ਸਿੰਘ (ਨਾਭਾ ਰਿਆਸਤ) ਨੇ ਪ੍ਰੇਮ ਭਾਵ ਨਾਲ ਸੁਣਿਆ।

ਪਾਠ ਦੇ ਭੋਗ ਉਪਰੰਤ ਜਦੋਂ ਬਾਬਾ ਜੀ ਪਾਲਕੀ ਵਿਚ ਬੈਠ ਡੇਰੇ ਜਾਣ ਲੱਗੇ ਤਾਂ ਮਹਾਰਾਜਾ ਹੀਰਾ ਸਿੰਘ ਨੇ ਪਾਲਕੀ ਦੇ ਇਕ ਕਹਾਰ ਨੂੰ ਹਟਾ ਕੇ ਅਪਣੇ ਮੋਢੇ ਉੱਤੇ ਪਾਲਕੀ ਉਠਾਈ, ਜਿਸ ਤੇ ਮਹਾਰਾਜੇ ਦੇ ਦਿਲ ਵਿਚ ਬਾਬਾ ਜੀ ਲਈ ਅਥਾਹ ਸ਼ਰਧਾ ਦਾ ਪਤਾ ਲਗਦਾ ਹੈ। ਭਾਈ ਕਾਨ੍ਹ ਸਿੰਘ ਦਾ ਨਾਭਾ ਦਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਵਿਚ ਹਰਦਮ ਸਿੰਘ ਦੀ ਸਪੁੱਤਰੀ ਬੀਬੀ ਬਸੰਤ ਕੌਰ ਨਾਲ ਹੋਇਆ। ਇਨ੍ਹਾਂ ਦੀ ਕੁੱਖੋਂ ਆਪ ਦੇ ਇਕਲੌਤੇ ਸਪੁੱਤਰ ਸਵਰਗੀ ਭਾਈ ਭਗਵੰਤ ਸਿੰਘ (ਹਰੀ ਜੀ) ਦਾ ਜਨਮ 1892 ਵਿਚ ਹੋਇਆ।

ਸਾਹਿਤਕ ਦ੍ਰਿਸ਼ਟੀ ਤੋਂ ਉਹ ਇਕ ਦੇਸ਼ਭਗਤ ਸਨ। ਉਨ੍ਹਾਂ ਦੇ ਵਿਚਾਰਾਂ 'ਤੇ ਭਾਰਤੀ ਪਰੰਪਰਾ ਅਤੇ ਆਧੁਨਿਕਤਾ ਦਾ ਪ੍ਰਭਾਵ ਇਕ ਸਮਾਨ ਸੀ। ਆਪ ਨੇ ਵਿਅਕਤੀਗਤ ਪੱਧਰ ਉੱਤੇ ਐਨਾ ਕਾਰਜ ਕੀਤਾ ਹੈ ਜਿੰਨਾ ਕਿ ਕਿਸੇ ਸੰਸਥਾ ਵਲੋਂ ਕੀਤਾ ਗਿਆ ਹੁੰਦਾ ਹੈ। ਉਹ ਪੰਜਾਬੀ ਦੇ ਪ੍ਰਤਿਭਾਵਾਨ ਅਤੇ ਸ੍ਰੇਸ਼ਟ ਸਾਹਿਤਕਾਰ, ਗੁਰਮਤਿ ਖੋਜੀ, ਵਿਦਵਾਨ ਵਿਆਖਿਆਕਾਰ, ਵਿਗਿਆਨਕ ਕੋਸ਼ਕਾਰ, ਟੀਕਾਕਾਰ, ਭਾਸ਼ਾ ਵਿਗਿਆਨੀ, ਕਾਵਿ ਅਚਾਰੀਆ ਤੇ ਸੁਚੱਜੇ ਸੰਪਾਦਕ ਸਨ। ਭਾਈ ਭੂਪ ਸਿੰਘ, ਭਾਈ ਭਗਵਾਨ ਸਿੰਘ ਦੁੱਗ, ਜਵਾਹਰ ਸਿੰਘ ਤੇ ਬਾਵਾ ਕਲਿਆਣ ਦਾਸ ਵਰਗੇ ਪ੍ਰਸਿੱਧ ਵਿਦਵਾਨਾਂ ਪਾਸੋਂ ਸੰਸਕ੍ਰਿਤ, ਫਾਰਸੀ,

ਗੁਰਮਤ ਕਾਵਯ, ਇਤਿਹਾਸ, ਨਿਆਏ ਤੇ ਵੇਦਾਂਤ ਦੀ ਸਿਖਿਆ ਗ੍ਰਹਿਣ ਕੀਤੀ। ਉਹ ਸ਼ਿਕਾਰ ਦੇ ਸ਼ੌਕੀਨ ਤੇ ਸੰਗੀਤ ਪ੍ਰੇਮੀ ਵੀ ਸਨ। ਨਾਭੇ ਦੇ ਪ੍ਰਸਿੱਧ ਸੰਗੀਤਾਚਾਰਯ ਮਹੰਤ ਗੱਜਾ ਸਿੰਘ ਪਾਸੋਂ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ।ਭਾਈ ਸਾਹਿਬ ਨੇ ਨਾਭਾ ਰਿਆਸਤ ਦੀ 1886-1923 ਤਕ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕੀਤੀ, ਜਿਵੇਂ ਕਿ ਪ੍ਰਾਈਵੇਟ ਸਕੱਤਰ, ਸਿਟੀ ਮੈਜਿਸਟਰੇਟ, ਨਹਿਰ-ਨਾਜ਼ਮ, ਨਾਜ਼ਮ (ਡਿਪਟੀ ਕਮਿਸ਼ਨਰ), ਮੀਰ-ਮੁਨਸ਼ੀ, ਫ਼ਾਰਨ ਮਨਿਸਟਰ, ਹਾਈ ਕੋਰਟ ਦੇ ਜੱਜ ਅਤੇ ਜੁਡੀਸ਼ਲ ਕੌਂਸਲ ਦੇ ਮੈਂਬਰ ਆਦਿ। ਪਟਿਆਲਾ ਰਿਆਸਤ ਦੀ ਪੋਲੀਟੀਕਲ ਏਜੰਸੀ ਦੇ ਵਕਾਲਤ ਦੇ ਅਹੁਦੇ 'ਤੇ 1915-1917 ਤਕ ਕੰਮ ਕੀਤਾ। ਪ੍ਰਸਿੱਧ ਵਿਦਵਾਨ ਮਿਸਟਰ ਮੈਕਾਲਫ਼ (ਇੰਗਲੈਂਡ), ਮਹਾਰਾਜਾ ਰਿਪੁਦਮਨ ਸਿੰਘ (ਨਾਭਾ ਰਿਆਸਤ) ਅਤੇ ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਭਾਈ ਸਾਹਿਬ ਦੇ ਪ੍ਰਮੁੱਖ ਸ਼ਿਸ਼ ਸਨ।

ਭਾਈ ਸਾਹਿਬ ਪੁਰਾਤਨ ਵਿਸ਼ਿਆਂ ਦੇ ਪੁੰਜ ਹੁੰਦੇ ਹੋਏ ਵੀ ਆਧੁਨਿਕ ਯੁਗ ਦੇ ਵਸਨੀਕ ਸਨ ਅਤੇ ਵਿਦਿਆ ਦੇ ਆਧੁਨਿਕ ਮਾਪਾਂ ਤੇ ਮਿਆਰਾਂ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਦੀਆਂ ਪ੍ਰਕਾਸ਼ਤ/ਅਪ੍ਰਕਾਸ਼ਤ ਰਚਨਾਵਾਂ ਦੀ ਗਿਣਤੀ ਦੋ ਦਰਜਨ ਤੋਂ ਉਪਰ ਬਣਦੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਲੇਖਕ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕੋਈ ਵਿਸ਼ੇਸ਼ ਥਾਂ ਨਹੀਂ ਦਿਤੀ ਗਈ ਅਤੇ ਸਾਹਿਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪੂਰੀਆਂ ਲਿਖਤਾਂ ਦੇ ਨਾਂ ਤਕ ਵੀ ਪਤਾ ਨਹੀਂ। ਪੰਜਾਬ ਦੇ ਹੁਣ ਤਕ ਦੇ ਪ੍ਰਵਾਨਤ ਵਿਦਵਾਨ ਵੀ ਭਾਈ ਸਾਹਿਬ ਦੀ ਸਮੁੱਚੀ ਸਾਹਿਤਕ ਦੇਣ ਦੇ ਅਧਿਐਨ ਵਲ ਬਹੁਤਾ ਧਿਆਨ ਨਹੀਂ ਦੇ ਸਕੇ।

ਭਾਈ ਸਾਹਿਬ ਨੇ ਪਹਿਲਾਂ ਪਰੰਪਰਾਵਾਦੀ ਰਿਵਾਜ ਦੇ ਅਨੁਸਾਰ ਬ੍ਰਜੀ ਅਤੇ ਦੇਵਨਾਗਰੀ ਭਾਸ਼ਾ ਦੇ ਅਸਰ ਅਧੀਨ ਉੱਨ੍ਹੀਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿਚ 'ਰਾਜ ਧਰਮ', 'ਟੀਕਾ ਜੈਮਨੀ ਅਸ਼ਵੇਧ' ਤੇ 'ਨਾਟਕ ਭਾਵਾਰਥ ਦੀਪਕਾ' ਆਦਿ ਪੁਸਤਕਾਂ ਦੇ ਰੂਪ ਵਿਚ ਸਾਹਿਤਕ ਰਚਨਾ ਅਰੰਭੀ। ਗੁਰਮਤਿ ਪ੍ਰਚਾਰ ਹਿਤ ਸਿੰਘ ਸਭਾ ਲਹਿਰ ਦੇ ਅਸਰ ਅਧੀਨ 'ਹਮ ਹਿੰਦੂ ਨਹੀਂ', 'ਗੁਰੁਮਤ ਸੁਧਾਕਰ', 'ਗੁਰੁਮਤ ਪ੍ਰਭਾਕਰ', 'ਗੁਰੁ-ਗਿਰ੍ਹਾ ਕਸੌਟੀ' ਅਤੇ ਗੁਰਬਾਣੀ ਦਾ ਸਾਹਿਤਕ ਪੱਖ ਰੋਸ਼ਨ ਕਰਨ ਲਈ 'ਗੁਰੁਛੰਦ ਦਿਵਾਕਰ' ਤੇ 'ਗੁਰੁਸ਼ਬਦਾਲੰਕਾਰ' ਪੁਸਤਕਾਂ ਦੀ  ਰਚਨਾ ਕਰ ਕੇ ਛੰਦ-ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਗੌਰਵਮਈ ਸਬੂਤ ਦਿਤਾ।

'ਗੁਰੁਸ਼ਬਦ ਰਤਨਾਕਰ ਮਹਾਨ ਕੋਸ਼' ਸਿੱਖ ਸੰਸਾਰ ਦਾ ਇਕ ਪ੍ਰਕਾਰ ਦਾ ਵਿਸ਼ਵ ਕੋਸ਼ ਅਥਵਾ ਇਨਸਾਈਕਲੋਪੀਡੀਆ ਭਾਈ ਸਾਹਿਬ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਦਾ ਸਿੱਟਾ ਕਿਹਾ ਜਾ ਸਕਦਾ ਹੈ, ਜਿਸ ਨੂੰ ਹਿਜ਼ ਹਾਈਨੈਸ ਮਹਾਰਾਜਾ ਭੁਪਿੰਦਰ ਸਿੰਘ ਰਿਆਸਤ ਪਟਿਆਲਾ ਨੇ ਦਰਬਾਰ ਪਟਿਆਲਾ ਵਲੋਂ 1930 ਵਿਚ ਪ੍ਰਕਾਸ਼ਤ ਕਰਵਾਇਆ। ਇਹ ਸਿਰਫ਼ ਗੁਰਬਾਣੀ ਅਤੇ ਸਿਖ ਧਰਮ ਤਕ ਹੀ ਸੀਮਤ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਅਤੇ ਸਭਿਆਚਾਰ ਨੂੰ ਸਮਝਣ ਲਈ ਵੀ ਇਕ ਅਨੁਪਮ ਗ੍ਰੰਥ ਹੈ। ਕੋਸ਼ਕਾਰੀ ਦੇ ਖੇਤਰ ਵਿਚ ਭਾਈ ਸਾਹਿਬ ਨੂੰ ਪੱਥ-ਪ੍ਰਦਰਸ਼ਕ ਵੀ ਮੰਨਿਆ ਜਾ ਸਕਦਾ ਹੈ ਅਤੇ ਆਦਰਸ਼ ਵੀ।

ਜਿਵੇਂ ਜੌਹਨਸਨ ਨੇ ਅੰਗਰੇਜ਼ੀ ਡਿਕਸ਼ਨਰੀ ਨੂੰ ਸਥਾਪਤ ਕੀਤਾ, ਉਵੇਂ ਭਾਈ ਕਾਨ੍ਹ ਸਿੰਘ ਨੇ ਸਿੱਖ ਮਹਾਨ ਕੋਸ਼ ਨੂੰ ਸਥਾਪਤ ਕਰ ਕੇ ਸਿੱਖਾਂ ਅਤੇ ਪੰਜਾਬੀਆਂ ਨੂੰ, ਦੁਨੀਆਂ ਭਰ ਵਿਚ ਪਹਿਲੇ ਨੰਬਰ 'ਤੇ ਖੜਾ ਕਰ ਦਿਤਾ ਕਿਉਂ ਜੋ ਦੁਨੀਆਂ ਭਰ ਦੀਆਂ ਡਿਕਸ਼ਨਰੀਆਂ ਵਿਚ ਮਹਾਨਕੋਸ਼ ਦੀ ਗਿਣਤੀ ਬਾਰ੍ਹਵੇਂ ਨੰਬਰ 'ਤੇ ਆਉਂਦੀ ਹੈ।
ਪ੍ਰਸਿੱਧ ਵਿਦਵਾਨ ਮਿਸਟਰ ਮੈਕਾਲਫ਼ ਦੀ ਵਿਸ਼ਵ ਪ੍ਰਸਿੱਧ ਪੁਸਤਕ 'ਸਿੱਖ ਰਿਲੀਜਨ' ਨੂੰ ਸੰਪੂਰਨ ਕਰਨ ਲਈ ਭਾਈ ਸਾਹਿਬ ਨੇ ਨਿਰੰਤਰ ਪ੍ਰੇਰਨਾ ਅਤੇ ਨਿਸ਼ਕਾਮ ਸੇਵਾ ਪ੍ਰਦਾਨ ਕੀਤੀ। ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿਚ ਅਤੇ ਉਸ ਨੂੰ ਪੱਕੇ ਪੈਰੀਂ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ।

ਰਾਜਨੀਤੀ ਦੇ ਖੇਤਰ ਵਿਚ ਆਪ ਦੀ ਯੋਗਤਾ ਨੂੰ ਮੁੱਖ ਰਖਦੇ ਹੋਏ ਮਹਾਰਾਜਾ ਹੀਰਾ ਸਿੰਘ ਨੇ ਆਪ ਦਾ 'ਉਪਨਾਮ' ਨੀਤੀ ਜੀ ਰਖਿਆ ਹੋਇਆ ਸੀ। ਆਪ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖ਼ਸੀਅਤ ਕਰ ਕੇ ਸਿੱਖ ਕੌਮ ਵਿਚ 'ਭਾਈ ਸਾਹਿਬ', ਪੰਥ ਰਤਨ ਅਤੇ ਸਰਦਾਰ ਬਹਾਦਰ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਦੇ ਘਰਾਣੇ ਵਿਚੋਂ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ (ਹਰੀ ਜੀ), ਭਾਈ ਸਾਹਿਬ ਦੀ ਨੂੰਹ ਬੀਬੀ ਹਰਨਾਮ ਕੌਰ ਅਤੇ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਅਪਣੀਆਂ ਸੇਵਾਵਾਂ ਦੁਆਰਾ ਪੰਜਾਬੀ ਸਾਹਿਤ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ।

ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਹੀ ਹੁਣ ਅੱਗੇ ਭਾਈ ਸਾਹਿਬ ਦੇ ਪੜਪੋਤੇ ਮੇਜਰ ਆਦਰਸ਼ਪਾਲ ਸਿੰਘ ਅਤੇ ਮੇਜਰ ਸਾਹਿਬ ਦੀ ਹੋਣਹਾਰ ਸਪੁੱਤਰੀ ਬੀਬੀ ਰੁਪਿਕਾ ਵੀ ਸਾਹਿਤਕ ਰੁਚੀਆਂ ਦੇ ਧਾਰਨੀ ਹਨ। ਭਾਈ ਸਾਹਿਬ ਦੀ ਦ੍ਰਿਸ਼ਟੀ ਵਿਸ਼ਵਵਿਆਪੀ, ਆਦਰਸ਼ਵਾਦੀ ਅਤੇ ਵਿਗਿਆਨਕ ਹੈ। ਸੁਧਾਰਵਾਦੀ ਰੁਚੀ ਅਧੀਨ ਆਪ ਦਾ ਮੁੱਖ ਮੰਤਵ ਭਾਰਤੀ ਲੋਕਾਂ ਦਾ ਉਥਾਨ, ਸੁਧਾਰ ਅਤੇ ਕਲਿਆਣ ਕਰਨਾ ਸੀ। ਉਨ੍ਹਾਂ ਵਲੋਂ ਰਚਿਆ ਸਾਹਿਤ ਸਦੀਆਂ ਤਕ ਮਾਰਗ ਦਰਸ਼ਨ ਕਰਨ ਦੀ ਸਮਰਥਾ ਰਖਦਾ ਹੈ।

ਸੰਪਰਕ 98713-12541